ਰੰਡੀਆਂ ਵਰਗਾ ਜੀਵਨ
ਨਿਰਾਸ਼ਾ ਦਾ ਬੁੱਤ ਬਣੀ ਉਹ ਮੇਰੇ ਸਾਹਮਣੇ ਖੜ੍ਹੀ ਸੀ। ਉਹਦੇ ਨਾਲ ਹੱਡੀਆਂ ਦੀ ਮੁੱਠ ਬਣਿਆ, ਡਿਗੂੰ ਡਿਗੂੰ ਕਰਦੀ ਇਮਾਰਤ ਵਰਗਾ ਉਸਦਾ ਪਤੀ ਵੀ ਖੜ੍ਹਾ ਸੀ। ਦੋਹਾਂ ਨੂੰ ਸਾਹਮਣੇ ਪਈਆਂ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਕੁੜੀ ਨੂੰ ਮੁਖਾਤਿਬ ਹੁੰਦਿਆਂ ਕਿਹਾ,...
ਨਿਰਾਸ਼ਾ ਦਾ ਬੁੱਤ ਬਣੀ ਉਹ ਮੇਰੇ ਸਾਹਮਣੇ ਖੜ੍ਹੀ ਸੀ। ਉਹਦੇ ਨਾਲ ਹੱਡੀਆਂ ਦੀ ਮੁੱਠ ਬਣਿਆ, ਡਿਗੂੰ ਡਿਗੂੰ ਕਰਦੀ ਇਮਾਰਤ ਵਰਗਾ ਉਸਦਾ ਪਤੀ ਵੀ ਖੜ੍ਹਾ ਸੀ। ਦੋਹਾਂ ਨੂੰ ਸਾਹਮਣੇ ਪਈਆਂ ਕੁਰਸੀਆਂ ’ਤੇ ਬੈਠਣ ਦਾ ਇਸ਼ਾਰਾ ਕਰਦਿਆਂ ਕੁੜੀ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਦੱਸੋ ਬੀਬੀ, ਕਿਵੇਂ ਆਉਣਾ ਹੋਇਆ? ਉਂਜ ਕੁੜੀ ਦੀ ਮਾਨਸਿਕ ਸਥਿਤੀ ਅਤੇ ਉਸ ਦੇ ਪਤੀ ਦੀ ਨਸ਼ਿਆਂ ਕਾਰਨ ਡਾਵਾਂਡੋਲ ਹਾਲਤ ਦਾ ਅੰਦਾਜ਼ਾ ਮੈਂ ਸਹਿਜੇ ਹੀ ਲਾ ਲਿਆ ਸੀ।
ਮੇਰੇ ਪੁੱਛਣ ’ਤੇ ਕੁੜੀ ਨੇ ਭਰੇ ਮਨ ਨਾਲ ਚੁੱਪ ਤੋੜੀ, ‘‘ਸਾਡੇ ਵਿਆਹ ਨੂੰ ਤਿੰਨ ਮਹੀਨੇ ਹੋ ਗਏ ਜੀ। ਇਹ ਵਿਆਹ ਤੋਂ ਪਹਿਲਾਂ ਹੀ ਚਿੱਟਾ ਪੀਂਦਾ ਸੀ। ਮਾਪਿਆਂ ਦਾ ਇਕੱਲਾ ਪੁੱਤ ਐ। ਸਾਡੇ ਘਰਦਿਆਂ ਨੂੰ ਓਹਲੇ ਵਿੱਚ ਰੱਖ ਕੇ ਮੈਨੂੰ ਇਹਦੇ ਨਾਲ ਨਰੜ ਦਿੱਤਾ ਗਿਆ।’’ ਕੁੜੀ ਦੇ ਨੈਣਾਂ ’ਚੋਂ ਪਰਲ ਪਰਲ ਹੰਝੂ ਵਹਿ ਰਹੇ ਸਨ। ਆਖਰ ਉਹਦੇ ਸਿਰਜੇ ਸਭ ਸੁਫ਼ਨੇ ਚੂਰ ਚੂਰ ਹੋ ਗਏ ਸਨ। ਮੁੰਡਾ ਗੁੰਮ-ਸੁੰਮ ਜਿਹਾ ਹੋ ਕੇ ਇਧਰ ਉਧਰ ਦੇਖ ਰਿਹਾ ਸੀ। ਉਸ ਦੀਆਂ ਲਾਲ ਚੜ੍ਹੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਚਿੱਟੇ ਦੀ ਵਰਤੋਂ ਕਰਕੇ ਆਇਆ ਹੈ।
‘‘ਜਦੋਂ ਜੀ, ਮੈਂ ਇਹਨਾਂ ਦੇ ਘਰਦਿਆਂ ਨੂੰ ਉਲਾਂਭਾ ਦਿੱਤਾ ਕਿ ਇਹਨੇ ਜੋ ਲੱਛਣ ਫੜੇ ਹੋਏ ਨੇ, ਉਹਨਾਂ ਦਾ ਥੋਨੂੰ ਤਾਂ ਪਤਾ ਸੀ। ਫਿਰ ਮੇਰੀ ਜ਼ਿੰਦਗੀ ਕਿਉਂ ਰੋਲੀ? ਪਹਿਲਾਂ ਇਹਦਾ ਇਲਾਜ ਕਰਵਾਉਂਦੇ, ਇਹਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ ਪਿੱਛੋਂ ਇਹਦਾ ਵਿਆਹ ਕਰਨਾ ਸੀ। ਭਲਾਂ ਤੁਸੀਂ ਮੇਰੇ ਨਾਲ ਕਿਹੜੇ ਜਨਮ ਦਾ ਬਦਲਾ ਲਿਐ? ਮੇਰੇ ਰੋਣ-ਧੋਣ ਦੇ ਜਵਾਬ ਵਿੱਚ ਮੇਰੇ ਸਹੁਰਾ ਸਾਹਿਬ ਦਾ ਜਵਾਬ ਸੀ, ‘ਅਸੀਂ ਭਾਈ ਬਥੇਰੇ ਓਹੜ ਪੋਹੜ ਕੀਤੇ ਨੇ। ਪਰ ਇਹ ਸੂਤ ਨਹੀਂ ਆਇਆ। ਫਿਰ ਸਾਨੂੰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਬਈ ਇਹਦਾ ਵਿਆਹ ਕਰ ਦਿਓ। ਬੇਗਾਨੀ ਕੁੜੀ ਆਪੇ ਇਹਨੂੰ ਲੋਟ ਕਰਦੂਗੀ। ਤਾਹੀਓਂ, ਅਸੀਂ.......।’’ ਕਮਰੇ ਵਿੱਚ ਖਾਮੋਸ਼ੀ ਛਾਈ ਹੋਈ ਸੀ। ਪੀੜਤ ਕੁੜੀ ਨੇ ਖਾਮੋਸ਼ੀ ਦੀ ਤੰਦ ਨੂੰ ਤੋੜਦਿਆਂ ਫਿਰ ਹਉਕਾ ਭਰ ਕੇ ਕਿਹਾ, ‘‘ ਮੈਂ ਜੀ, ਉਹਨਾਂ ਨੂੰ ਕਿਹਾ ਕਿ ਜੰਮਣ ਵਾਲੇ ਤਾਂ ਇਹਨੂੰ ਠੀਕ ਨਹੀਂ ਕਰ ਸਕੇ। ਭਲਾ ਸਿਵਿਆਂ ਦੇ ਰਾਹ ਪਏ ਥੋਡੇ ਮੁੰਡੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਮੈਂ ਦੋ-ਤਿੰਨ ਮਹੀਨਿਆਂ ਵਿੱਚ ਕਿਵੇਂ ਕੱਢਾਂ?’’ ਮੈਂ ਇਹਨੂੰ ਛੱਡ ਕੇ ਜਾਣ ਦੀ ਵੀ ਸੋਚੀ। ਪਰ ਵਿਆਹੀ ਵਰ੍ਹੀ ਕੁੜੀ ਦੇ ਪੇਕੀਂ ਬੈਠ ਜਾਣ ਨਾਲ ਮਾਪਿਆਂ ਨੂੰ ਮੈਂ ਦੁਖੀ ਨਹੀਂ ਸੀ ਕਰਨਾ ਚਾਹੁੰਦੀ। ਇੱਕ ਗੱਲ ਹੋਰ ਜੀ, ਇਹਨੇ ਮੈਨੂੰ ਵੀ ਚਿੱਟੇ ਦੀ ਚਾਟ ’ਤੇ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਜੋ ਟੋਕਾ-ਟਾਕੀ ਖਤਮ ਹੋ ਜਾਵੇ। ਪਰ ਮੈਂ ਇਹਦੀਆਂ ਗੱਲਾਂ ਨੂੰ ਗੌਲਿਆ ਨ੍ਹੀਂ।’’ ਆਪਣੇ ਪਤੀ ਵੱਲ ਕੁਰੱਖ਼ਤ ਨਜ਼ਰਾਂ ਨਾਲ ਵੇਂਹਦਿਆਂ ਉਸ ਨੇ ਕਿਹਾ, ‘‘ਇਹ ਮੈਨੂੰ ਜ਼ੋਰ ਦੇ ਕੇ ਕਹਿੰਦਾ ਸੀ ਕਿ ‘ਇੱਕ ਵਾਰ ਚਿੱਟੇ ਦਾ ਸੂਟਾ ਲਾ ਕੇ ਤਾਂ ਵੇਖ, ਤੈਨੂੰ ਸੁਰਗ ਦਾ ਝੂਟਾ ਮਿਲੂਗਾ।’ ਪਰ ਸਰ ਜੀ, ਮੈਨੂੰ ਪਤਾ ਹੈ ਕਿ ਚਿੱਟੇ ਦੀ ਲਪੇਟ ਵਿੱਚ ਆ ਕੇ ਕਈ ਥਾਵਾਂ ’ਤੇ ਪਤਨੀਆਂ ਨੇ ਆਪਣੇ ਪਤੀਆਂ ਨਾਲ ਮਿਲ ਕੇ ਚਿੱਟੇ ਦੀ ਪੂਰਤੀ ਲਈ ਆਪਣੀ ਔਲਾਦ ਨੂੰ ਬਿਗਾਨਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਹੈ। ਭਲਾ, ਅਜਿਹਾ ਮੈਂ ਕਿਵੇਂ ਕਰ ਸਕਦੀ ਹਾਂ?’’
ਮੈਂ ਉਸ ਦੇ ਨਸ਼ੱਈ ਪਤੀ ਦੇ ਚਿਹਰੇ ’ਤੇ ਨਜ਼ਰ ਮਾਰੀ। ਨਸ਼ੱਈ ਹੋਣ ਦੇ ਬਾਵਜੂਦ ਉਹਦੇ ਚਿਹਰੇ ’ਤੇ ਸ਼ਰਮਿੰਦਗੀ ਦੇ ਚਿੰਨ੍ਹ ਉੱਭਰ ਆਏ ਸਨ। ‘‘ਕਿਉਂ ਬਈ, ਕਿੰਨ੍ਹੇ ਚਿਰ ਦਾ ਚਿੱਟੇ ਦੀ ਵਰਤੋਂ ਕਰਦੈਂ?’’
‘‘ਤਿੰਨ ਸਾਲ ਹੋ ਗਏ ਜੀ।’’ ਉਸ ਦਾ ਸੰਖੇਪ ਜਵਾਬ ਸੀ।
‘‘ਹੁਣ ਇਲਾਜ ਕਰਵਾਉਣ ਲਈ ਤਿਆਰ ਐਂ?’’
‘‘ਆਹੋ ਜੀ, ਮੈਨੂੰ ਇਸ ਨਰਕ ਵਿੱਚੋਂ ਕੱਢੋ। ਇਹਨੂੰ ਰੋਜ਼ ਰੋਂਦਿਆਂ ਦੇਖਣਾ ਮੈਨੂੰ ਬਹੁਤ ਮੁਸ਼ਕਿਲ ਲੱਗਦੈ।’’
ਕੁੜੀ ਨੇ ਇਹ ਵੀ ਦੱਸਿਆ ਕਿ ਉਸ ਦਾ ਪਤੀ ਉਸਦੇ ਗਹਿਣੇ ਅਤੇ ਵਿਆਹ ਸਮੇਂ ਇਕੱਠੇ ਹੋਏ ਸ਼ਗਨ ਦੇ ਪੈਸੇ ਵੀ ਚਿੱਟੇ ਦੇ ਲੇਖੇ ਲਾ ਚੁੱਕਿਆ ਹੈ ਅਤੇ ਹੁਣ ਜ਼ਮੀਨ ਗਹਿਣੇ ਕਰਨ ਲਈ ਹਰ ਰੋਜ਼ ਕਲੇਸ਼ ਕਰਦੈ।
ਕਾਗਜ਼ੀ ਕਾਰਵਾਈ ਤੋਂ ਬਾਅਦ ਮੁੰਡੇ ਨੂੰ ਦਾਖਲ ਕਰ ਲਿਆ ਗਿਆ। ਜਾਣ ਲੱਗਿਆਂ ਕੁੜੀ ਨੇ ਹੱਥ ਜੋੜ ਕੇ ਤਰਲੇ ਨਾਲ ਕਿਹਾ, ‘‘ਹਾੜ੍ਹਾ ਜੀ, ਮੈਨੂੰ ਜਿਊਂਦਿਆਂ ’ਚ ਕਰ ਦਿਓ।’’
ਅਸੀਸ ਵੱਜੋਂ ਦੋਵੇਂ ਹੱਥ ਉਹਦੇ ਸਿਰ ’ਤੇ ਧਰਦਿਆਂ ਮੈਂ ਸੋਚ ਰਿਹਾ ਸੀ ਕਿ ਨਸ਼ਿਆਂ ਕਾਰਨ ਪਤਾ ਨਹੀਂ ਕਿੰਨ੍ਹੀਆਂ ਵਿਆਹੀਆਂ ਵਰ੍ਹੀਆਂ ਕੁੜੀਆਂ ਇਹਦੇ ਵਾਂਗ ਰੰਡੀਆਂ ਵਰਗਾ ਜੀਵਨ ਬਤੀਤ ਕਰ ਰਹੀਆਂ ਹਨ।
ਸੰਪਰਕ: +91 94171 48866

