ਜ਼ਿੰਦਗੀ ਤੇ ਸੰਘਰਸ਼
ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਬਹੁਤ ਛੋਟਾ ਜਿਹਾ ਸੀ। ਪਿੰਡ ਵਿੱਚੋਂ ਮੇਰੇ ਸਣੇ ਮਸਾਂ ਦਸ-ਬਾਰਾਂ ਬੱਚੇ ਹੀ ਪੜ੍ਹਦੇ ਸਨ। ਸਾਡੇ ਮਾਸਟਰ ਜੀ ਨੇ ਸਕੂਲ ਦੀ ਹੋਂਦ ਨੂੰ ਬਚਾਈ ਰੱਖਣ ਲਈ ਦੂਸਰੇ ਪਿੰਡਾਂ ਤੋਂ ਬੱਚੇ ਲਿਆ ਕੇ ਦਾਖਲ ਕੀਤੇ। ਅੱਜ ਦੇ...
ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਬਹੁਤ ਛੋਟਾ ਜਿਹਾ ਸੀ। ਪਿੰਡ ਵਿੱਚੋਂ ਮੇਰੇ ਸਣੇ ਮਸਾਂ ਦਸ-ਬਾਰਾਂ ਬੱਚੇ ਹੀ ਪੜ੍ਹਦੇ ਸਨ। ਸਾਡੇ ਮਾਸਟਰ ਜੀ ਨੇ ਸਕੂਲ ਦੀ ਹੋਂਦ ਨੂੰ ਬਚਾਈ ਰੱਖਣ ਲਈ ਦੂਸਰੇ ਪਿੰਡਾਂ ਤੋਂ ਬੱਚੇ ਲਿਆ ਕੇ ਦਾਖਲ ਕੀਤੇ। ਅੱਜ ਦੇ ਹਿਸਾਬ ਨਾਲ ਸਕੂਲਾਂ ਦਾ ਮਾਹੌਲ ਬਹੁਤ ਵੱਖਰਾ ਹੁੰਦਾ ਸੀ। ਡੰਡਾ ਪਰੇਡ ਆਮ ਹੁੰਦੀ ਸੀ, ਜਿਸ ਕਰਕੇ ਕਈ ਬੱਚੇ ਡੰਡਾ ਪਰੇਡ ਤੋਂ ਡਰਦੇ ਅਨਪੜ੍ਹ ਹੀ ਰਹਿ ਜਾਂਦੇ ਸਨ। ਸਾਡੇ ਪ੍ਰਾਇਮਰੀ ਦੇ ਅਧਿਆਪਕ ਬੜੇ ਮਿਹਨਤੀ ਹੁੰਦੇ ਸੀ। ਅੱਠਵੀਂ ਤੱਕ ਦੀ ਪੜ੍ਹਾਈ ਦੂਸਰੇ ਪਿੰਡ ਦੇ ਮਿਡਲ ਸਕੂਲ ਤੋਂ ਕਰਨੀ ਪੈਂਦੀ ਸੀ। ਉਨ੍ਹਾਂ ਸਮਿਆਂ ਵਿੱਚ ਪੀ ਟੀ ਮਾਸਟਰ ਦੇ ਡੰਡੇ ਤੋਂ ਡਰਦੇ ਰੱਬ-ਰੱਬ ਕਰਦੇ ਰਹਿੰਦੇ ਸੀ। ਇਸ ਦੌਰਾਨ ਕੁਝ ਅਜਿਹੇ ਅਧਿਆਪਕਾਂ ਨਾਲ ਵੀ ਵਾਹ ਪਿਆ, ਜਿਨ੍ਹਾਂ ਦਾ ਉਦੇਸ਼ ਸਿੱਖਿਆ ਦੇਣਾ ਨਹੀਂ, ਸਗੋਂ ਸਿਰਫ਼ ਤਨਖ਼ਾਹ ਲੈਣਾ ਹੀ ਸੀ। ਇਸ ਦੇ ਉਲਟ ਕਈ ਬਹੁਤ ਹੀ ਮਿਹਨਤੀ ਅਧਿਆਪਕ ਵੀ ਮਿਲੇ। ਅੱਠਵੀਂ ਤੇ ਦਸਵੀਂ ਵਿੱਚ ਮਿਹਨਤ ਦੇ ਅਸਲ ਅਰਥ ਪਤਾ ਲੱਗੇ। ਸਾਡੇ ਇੱਕ ਅਧਿਆਪਕ ਸਵੇਰੇ ਚਾਰ ਵਜੇ ਗਰੁੱਪਾਂ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੰਦੇ। ਸਵੇਰੇ ਦੋ ਕਿਲੋਮੀਟਰ ਸਾਈਕਲ ’ਤੇ ਜਾ ਕੇ ਉਨ੍ਹਾਂ ਕੋਲ ਪੜ੍ਹ ਕੇ ਵਾਪਸ ਪਿੰਡ ਆ ਕੇ ਮੁੜ ਸਕੂਲ ਜਾਣਾ ਪੈਂਦਾ। ਮੇਰੇ ਪਿੰਡ ਦੇ ਕਾਫ਼ੀ ਮੁੰਡੇ ਪੜ੍ਹਾਈ ਨੂੰ ਬੋਝ ਹੀ ਸਮਝਦੇ ਸਨ। ਉਨ੍ਹਾਂ ਨੂੰ ਸਵੇਰੇ ਉੱਠ ਕੇ ਪੜ੍ਹਨ ਜਾਣ ਨਾਲੋਂ ਸੌਣਾ ਵਧੇਰੇ ਚੰਗਾ ਲੱਗਦਾ ਸੀ। ਜ਼ਿਆਦਾਤਰ ਉਹ ਕਿਸੇ ਨਾ ਕਿਸੇ ਬਹਾਨੇ ਛੁੱਟੀ ਮਾਰ ਲੈਂਦੇ ਸਨ। ਬਸ ਘਰਦਿਆਂ ਦੇ ਡਰ ਕਰਕੇ ਜਾਂ ਅਣਸਰਦੇ ਨੂੰ ਹੀ ਸਕੂਲ ਜਾਂਦੇ।
ਉਸ ਵੇਲੇ ਪਿੰਡਾਂ ਵਿੱਚ ਲਗਪਗ ਸਾਰੇ ਹੀ ਘਰਾਂ ਵਿੱਚ ਸੀਮਿਤ ਸਾਧਨ ਹੁੰਦੇ ਸਨ। ਜਿਨ੍ਹਾਂ ਘਰਾਂ ਦੇ ਬੱਚੇ ਪੜ੍ਹ ਜਾਂਦੇ, ਉਨ੍ਹਾਂ ਘਰਾਂ ਦੀ ਤਕਦੀਰ ਬਦਲ ਜਾਂਦੀ ਤੇ ਜੋ ਨਾ ਪੜ੍ਹਦੇ, ਉਹ ਮਗਰੋਂ ਪਛਤਾਉਂਦੇ। ਮੇਰੇ ਲਗਪਗ ਸਾਰੇ ਹੀ ਦੋਸਤਾਂ ਨੂੰ ਜ਼ਿਆਦਾ ਟੀ ਵੀ ਦੇਖਣ ’ਤੇ ਝਿੜਕਾਂ ਪੈਂਦੀਆਂ ਸਨ। ਇੱਧਰ ਸਾਡੇ ਘਰੇ ਕੰਮ ਥੋੜ੍ਹਾ ਪੁੱਠਾ ਸੀ। ਸਾਂਝਾ ਪਰਿਵਾਰ ਹੋਣ ਕਰਕੇ ਸਾਰਾ ਦਿਨ ਰੌਲਾ-ਰੱਪਾ ਰਹਿੰਦਾ। ਜੇ ਮੈਂ ਪੜ੍ਹਾਈ ਵੇਲੇ ਟੀ ਵੀ ਬੰਦ ਕਰਨ ਲਈ ਆਖਦਾ ਵੀ ਤਾਂ ਕੋਈ ਮੇਰੀ ਗੱਲ ਨਾ ਸੁਣਦਾ। ਇਸ ਦਾ ਹੱਲ ਮੈਂ ਇਹ ਕੱਢਿਆ ਕਿ ਆਪਣਾ ਬਸਤਾ ਚੁੱਕ ਗੁਰਦੁਆਰੇ ਕੋਲ ਕਿੱਕਰ ਹੇਠ ਬੈਠ ਕੇ ਪੜ੍ਹਨ ਲੱਗ ਜਾਂਦਾ। ਮੇਰੇ ਸਹਿਪਾਠੀ ਅਕਸਰ ਮੈਨੂੰ ਟਿੱਚਰਾਂ ਕਰਦੇ ਸਨ ਕਿ ਮੈਂ ਆਉਣ-ਜਾਣ ਵਾਲਿਆਂ ਨੂੰ ਦਿਖਾਉਣ ਲਈ ਉੱਥੇ ਪੜ੍ਹਨ ਬੈਠਦਾ ਹਾਂ। ਅੱਠਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਹੋਣ ਦਾ 200 ਰੁਪਏ ਵਜ਼ੀਫ਼ਾ ਦਸਵੀਂ ਵਿੱਚ ਜਾ ਕੇ ਮਿਲਿਆ। ਲੱਗਦਾ ਸੀ ਦੁਨੀਆ ਜਿੱਤ ਲਈ। ਕਈ ਵਾਰ ਅਜਿਹੇ ਹਾਲਾਤ ਵੀ ਪੈਦਾ ਹੋਏ ਕਿ ਪੜ੍ਹਾਈ ਜਾਰੀ ਰੱਖਣੀ ਔਖੀ ਹੋਣ ਲੱਗੀ। ਬਹੁਤ ਸਖ਼ਤ ਮਿਹਨਤ ਕਰ ਕੇ ਬੀ ਏ ਕੀਤੀ। ਇਸ ਮਗਰੋਂ ਕਾਨੂੰਨ ਦੀ ਪੜ੍ਹਾਈ ਕੀਤੀ ਤੇ ਫੇਰ ਵਕਾਲਤ ਦਾ ਸਿਲਸਿਲਾ ਸ਼ੁਰੂ ਹੋਇਆ। ਤੁਰ ਕੇ ਦੂਸਰੇ ਪਿੰਡ ਤੋਂ ਬੱਸ ’ਤੇ ਪੰਜਾਹ ਕਿਲੋਮੀਟਰ ਜ਼ਿਲ੍ਹਾ ਅਦਾਲਤ ਜਾਣਾ। ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ, ਜਿਸ ਕਰਕੇ ਕਈ ਵਾਰ ਵਕਾਲਤ ਛੱਡਣ ਦੇ ਹਾਲਾਤ ਵੀ ਬਣੇ। ਕਹਿ ਸਕਦੇ ਹਾਂ ਕਿ ਮੇਰੇ ਲਈ ਵਕੀਲ ਤੋਂ ਵਕੀਲ ਸਾਹਬ ਹੋਣ ਦਾ ਸਫ਼ਰ ਬਹੁਤ ਕਠਿਨਾਈਆਂ ਭਰਿਆ ਸੀ, ਜਿਸ ਲਈ ਕਈ ਵਾਰ ਫਾਕੇ ਵੀ ਕੱਟਣੇ ਪਏ।
ਇੱਕ ਘਟਨਾ ਹਮੇਸ਼ਾ ਦਿਮਾਗ਼ ਵਿੱਚ ਘੁੰਮਦੀ ਹੈ। ਦੋਵੇਂ ਬੱਚੇ ਬਹੁਤ ਛੋਟੇ ਸਨ। ਉਦੋਂ ਤੱਕ ਇੱਕ ਕਮਰੇ ਨੂੰ ਮੈਂ ਦਫ਼ਤਰ ਵਜੋਂ ਵਰਤਣ ਲੱਗ ਪਿਆ ਸੀ। ਪੜ੍ਹਨ ਵੇਲੇ ਕਦੇ ਵੀ ਮੇਰੀ ਪਤਨੀ ਇਕਾਗਰਤਾ ਭੰਗ ਨਾ ਕਰਦੀ। ਰਾਤ ਦਾ ਖਾਣਾ ਤਿਆਰ ਹੋ ਗਿਆ ਸੀ, ਪਰ ਮੈਂ ਖਾਣਾ ਭੁੱਲ ਗਿਆ। ਰਾਤ ਦੇ ਗਿਆਰਾਂ ਕਦੋਂ ਵੱਜੇ ਪਤਾ ਹੀ ਨਾ ਲੱਗਾ। ਦੋਵੇਂ ਬੱਚੇ ਪੋਲੇ ਜਿਹੇ ਕਦਮਾਂ ਨਾਲ ਕਮਰੇ ’ਚ ਆ ਕੇ ਕਹਿਣ ਲੱਗੇ, ‘‘ਪਾਪਾ ਜੀ, ਅੱਜ ਹਾਲੇ ਤੱਕ ਅਸੀਂ ਵੀ ਰੋਟੀ ਨਹੀਂ ਖਾਧੀ।” ਮੈਨੂੰ ਉਨ੍ਹਾਂ ਮਾਸੂਮਾਂ ਦਾ ਉਤਰਿਆ ਮੂੰਹ ਵੇਖ ਕੇ ਬੇਹੱਦ ਦੁੱਖ ਹੋਇਆ। ਨਿੱਕੇ ਪੁੱਤਰ ਨੇ ਪੁੱਛਿਆ, ‘‘ਪਾਪਾ ਜੀ, ਕੱਲ੍ਹ ਕੋਈ ਔਖਾ ਪੇਪਰ ਏ?’’ ਮੈਂ ਉਸ ਦਾ ਸਿਰ ਪਲੋਸਦਿਆਂ ਆਖਿਆ, ‘‘ਬੇਟਾ ਜੀ, ਜਦੋਂ ਕਦੇ ਹਾਰ ਦੀ ਸੰਭਾਵਨਾ ਜ਼ਿਆਦਾ ਹੋਵੇ ਤਾਂ ਹੋਰ ਸਖ਼ਤ ਮਿਹਨਤ ਕਰਨ ਦੀ ਲੋੜ ਹੁੰਦੀ ਏ। ਇਸੇ ਲਈ ਅੱਜ ਮੈਂ ਥੋੜ੍ਹਾ ਜ਼ਿਆਦਾ ਪੜ੍ਹ ਰਿਹਾ ਸਾਂ।’’ ਉਨ੍ਹਾਂ ਅਣਭੋਲ ਦਿਲਾਂ ਨੇ ਮੇਰੀ ਉਹ ਗੱਲ ਅੱਜ ਵੀ ਪੱਲੇ ਬੰਨ੍ਹੀ ਹੋਈ ਹੈ।
ਮੇਰੀ ਤਰੱਕੀ ਵੇਖ ਕਈਆਂ ਨੂੰ ਤਕਲੀਫ਼ ਵੀ ਹੋਈ। ਮੇਰੀ ਆਦਤ ਸੀ ਕਿ ਮੈਂ ਸੰਦੇਹਾਂ ਉੱਠ ਕੇ ਉਸ ਦਿਨ ਲੱਗੇ ਹੋਏ ਸਾਰੇ ਕੇਸ ਪੜ੍ਹਦਾ ਤੇ ਪੂਰੀ ਤਿਆਰੀ ਨਾਲ ਹੀ ਘਰੋਂ ਨਿਕਲਦਾ ਸੀ। ਜਿਨ੍ਹਾਂ ਨੂੰ ਮੇਰੀ ਤਰੱਕੀ ਤੋਂ ਸਾੜਾ ਸੀ, ਉਨ੍ਹਾਂ ਸਵੇਰੇ ਗੁਰਦੁਆਰੇ ਦੇ ਸਪੀਕਰ ’ਤੇ ਕੀਰਤਨ ਲਾਉਣਾ ਸ਼ੁਰੂ ਕਰ ਦਿੱਤਾ। ਮੈਂ ਕੁਝ ਇਤਰਾਜ਼ ਕੀਤਾ ਤਾਂ ਉਨ੍ਹਾਂ ਅੱਗੋਂ ਰੋਸ ਜਤਾਇਆ, ‘‘ਵਿਆਹਾਂ ਸ਼ਾਦੀਆਂ ’ਤੇ ਵੀ ਉੱਚੀ ਆਵਾਜ਼ ਵਿੱਚ ਡੀ ਜੇ ਵੱਜਦੇ ਨੇ, ਉਨ੍ਹਾਂ ਨੂੰ ਕਿਉਂ ਨਹੀਂ ਰੋਕਦੇ?’’ ਇਸ ਰੋਜ਼ ਦੀ ਪ੍ਰੇਸ਼ਾਨੀ ਦਾ ਹੱਲ ਕੱਢਣ ਲਈ ਮੈਂ ਦਫ਼ਤਰ ਕਿਸੇ ਹੋਰ ਥਾਂ ਬਣਾ ਲਿਆ। ਖ਼ੈਰ! ਮੈਂ ਤਾਂ ਉਸ ਸ਼ੋਰ ਤੋਂ ਬਚ ਆਇਆ ਹਾਂ, ਪਰ ਅਕਸਰ ਸੋਚਦਾ ਹਾਂ ਕਿ ਇਸ ਈਰਖਾ ਨੇ ਕਿੰਨੇ ਹੀ ਮਿਹਨਤੀ ਲੋਕਾਂ ਅੱਗੇ ਅੜਿੱਕੇ ਡਾਹੇ ਹੋਣਗੇ। ਕਿੰਨਿਆਂ ਦੇ ਬਣਦੇ ਕੰਮ ਵਿਗਾੜੇ ਹੋਣਗੇ ਤੇ ਕਿੰਨਿਆਂ ਨੂੰ ਪੜ੍ਹਾਈ ਵਿਚਾਲੇ ਛੱਡਣ ਲਈ ਮਜਬੂਰ ਕੀਤਾ ਹੋਵੇਗਾ। ਖ਼ੈਰ! ਸਿਆਣੇ ਠੀਕ ਹੀ ਆਖਦੇ ਨੇ, ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈ। ਹਰ ਇਨਸਾਨ ਨੂੰ ਸੰਘਰਸ਼ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਰ ਮਿਹਨਤ ਆਪਣਾ ਰੰਗ ਜ਼ਰੂਰ ਦਿਖਾਉਂਦੀ ਹੈ।
ਸੰਪਰਕ: 98781-70771

