ਵਾਰੇ ਜਾਈਏ ਅਜਿਹੇ ਮਿੱਤਰਾਂ ਤੋਂ
ਸਾਲ 1996 ’ਚ ਮੇਰੀ ਨਿਯੁਕਤੀ ਸਟੇਟ ਇੰਸਟੀਟਿਊਟ ਔਫ ਸਾਇੰਸ ਐਜੂਕਸ਼ਨ ਪੰਜਾਬ, ਜੋ ਐੱਸ ਸੀ ਈ ਆਰ ਟੀ ਦਾ ਇੱਕ ਵਿੰਗ ਸੀ, ਵਿੱਚ ਬਤੌਰ ਗਣਿਤ ਵਿਸ਼ਾ ਮਾਹਿਰ ਵਜੋਂ ਹੋਈ ਸੀ। ਇੱਥੇ ਸਾਡਾ ਕੰਮ ਆਪਣੇ ਵਿਸ਼ੇ ਦੇ ਅਧਿਆਪਕਾਂ ਦੇ ਸੈਮੀਨਾਰ ਵਿੱਚ ਪੜ੍ਹਾਉਣਾ...
ਸਾਲ 1996 ’ਚ ਮੇਰੀ ਨਿਯੁਕਤੀ ਸਟੇਟ ਇੰਸਟੀਟਿਊਟ ਔਫ ਸਾਇੰਸ ਐਜੂਕਸ਼ਨ ਪੰਜਾਬ, ਜੋ ਐੱਸ ਸੀ ਈ ਆਰ ਟੀ ਦਾ ਇੱਕ ਵਿੰਗ ਸੀ, ਵਿੱਚ ਬਤੌਰ ਗਣਿਤ ਵਿਸ਼ਾ ਮਾਹਿਰ ਵਜੋਂ ਹੋਈ ਸੀ। ਇੱਥੇ ਸਾਡਾ ਕੰਮ ਆਪਣੇ ਵਿਸ਼ੇ ਦੇ ਅਧਿਆਪਕਾਂ ਦੇ ਸੈਮੀਨਾਰ ਵਿੱਚ ਪੜ੍ਹਾਉਣਾ ਅਤੇ ਸਾਇੰਸ ਪ੍ਰਦਰਸ਼ਨੀਆਂ ਕਰਵਾਉਣਾ ਸੀ। ਇਸ ਦੌਰਾਨ ਬਹੁਤ ਕੁਝ ਸਿੱਖਣ ਦਾ ਸਬੱਬ ਬਣਿਆ ਕਿਉਂਕਿ ਸਾਰਾ ਦਿਨ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ ਹੀ ਚੱਲਦਾ ਸੀ। ਇੱਕ ਦਿਨ ਮੈਂ ਇੱਥੇ ਆਪਣੇ ਦਫ਼ਤਰੀ ਕਮਰੇ ਵਿੱਚ ਬੈਠਾ ਸੀ ਤਾਂ ਕੋਈ ਵਿਅਕਤੀ ਮੇਰੇ ਕੋਲ ਕੁੱਝ ਪੇਪਰ ਲੈ ਕੇ ਆਇਆ ਜੋ ਦਲਜੀਤ ਸਿੰਘ ਪੀ ਸੀ ਐੱਸ ਵੱਲੋਂ ਭੇਜੇ ਗਏ ਸਨ। ਦਲਜੀਤ ਸਿੰਘ ਮੇਰੇ ਮਿੱਤਰ ਹਨ ਅਤੇ ਉਹ ਵੀ ਸਿੱਖਿਆ ਵਿਭਾਗ ਵਿੱਚੋਂ ਪੀ ਸੀ ਐੱਸ ਬਣੇ ਸਨ। ਉਨ੍ਹਾਂ ਨੇ ਮੇਰੇ ਤੋਂ ਇੱਕ ਸਾਲ ਪਹਿਲਾਂ ਬੀ ਐੱਡ ਕੀਤੀ ਸੀ। ਉਹ ਮੇਰੇ ਦੋਸਤ ਤੇ ਜਮਾਤੀ ਦਰਸ਼ਨ ਸਿੰਘ ਗਿੱਲ ਨੂੰ ਬੀ ਐੱਡ ਕਾਲਜ ਸੈਕਟਰ-20, ਚੰਡੀਗੜ੍ਹ ਵਿੱਚ ਮਿਲਣ ਆਉਂਦੇ ਸਨ, ਜਿਥੇ ਮੇਰੀ ਵੀ ਉਨ੍ਹਾਂ ਨਾਲ ਦੋਸਤੀ ਹੋ ਗਈ।
ਮੈਂ ਪੇਪਰ ਲਿਫਾਫੇ ਵਿੱਚੋਂ ਕੱਢ ਕੇ ਪੜ੍ਹਨ ਲੱਗਾ ਤਾਂ ਕੁੱਝ ਚੰਗੀ ਤਰ੍ਹਾਂ ਸਮਝ ਨਾ ਪਿਆ। ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸਨ। ਦਲਜੀਤ ਸਿੰਘ ਅਕਸਰ ਖਾਣਾ ਖਾਣ ਦੁਪਹਿਰ ਨੂੰ ਆਪਣੀ ਸਰਕਾਰੀ ਰਿਹਾਇਸ਼ੀ ਸੈਕਟਰ 7 ਚੰਡੀਗੜ੍ਹ ਵਿੱਚ ਆਉਂਦੇ ਸਨ। ਉਨ੍ਹਾਂ ਦੇ ਘਰ ਜਾ ਕੇ ਪੇਪਰਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਪੀ ਸੀ ਐੱਸ (ਗਰੁੱਪ ਸੀ) ਦੀਆਂ ਪੋਸਟਾਂ ਨਿਕਲੀਆਂ ਹਨ। ਮੈਂ ਯੋਗਤਾ ਪੂਰੀ ਕਰਦਾ ਸਾਂ, ਉਨ੍ਹਾਂ ਨੌਕਰੀ ਲਈ ਅਪਲਾਈ ਕਰਨ ਦੀ ਜ਼ੋਰਦਾਰ ਸਲਾਹ ਦਿੱਤੀ ਅਤੇ ਇਹ ਵੀ ਦੱਸਿਆ ਕਿ ਆਉਣ ਭਲਕ ਅਪਲਾਈ ਕਰਨ ਦੀ ਅੰਤਿਮ ਮਿਤੀ ਸੀ। ਅਪਲਾਈ ਕਰਨ ਦੀਆਂ ਕਾਫੀ ਸ਼ਰਤਾਂ ਸਨ। ਮਹਿਕਮੇ ਤੋਂ ਮਨਜ਼ੂਰੀ ਅਤੇ ਕੇਸ ਅੱਗੇ ਵੀ ਕਰਵਾਉਣਾ ਸੀ। ਸਮਾਂ ਸੀਮਤ ਹੋਣ ਕਰ ਕੇ ਕੰਮ ਔਖਾ ਜਾਪਦਾ ਸੀ। ਪਰ ਉਨ੍ਹਾਂ ਨੇ ਹੱਲਾਸ਼ੇਰੀ ਦੇ ਕੇ ਮੈਨੂੰ ਸਰਗਰਮ ਕਰ ਦਿੱਤਾ।
ਸਕੱਤਰ ਸਿੱਖਿਆ ਉਦੋਂ ਜੇ ਐੱਸ ਕੇਸਰ ਆਈ ਏ ਐੱਸ ਸਨ, ਮੈਂ ਸਿੱਧਾ ਉਨ੍ਹਾਂ ਕੋਲ ਗਿਆ। ਮੈਂ ਉਨ੍ਹਾਂ ਨੂੰ ਆਪਣੀ ਯੋਗਤਾ ਅਤੇ ਤਜਰਬੇ ਬਾਰੇ ਦੱਸਿਆ। ਉਨ੍ਹਾਂ ਮੇਰੀ ਸੁਣਵਾਈ ਉਪਰੰਤ ਉਦੋਂ ਦੇ ਡੀ ਪੀ ਆਈ ਸਚਦੇਵਾ ਨੂੰ ਫੋਨ ਕੀਤਾ। ਇਹ ਕੇਸ ਮੇਰੀ ਸੰਸਥਾ ਦੇ ਡਾਇਰੈਕਟਰ ਧਰਮਪਾਲ ਤੋਂ ਡੀ ਪੀ ਆਈ ਫਿਰ ਸਕੱਤਰ ਸਿੱਖਿਆ ਰਾਹੀਂ ਪ੍ਰਸੋਨਲ ਵਿਭਾਗ ਨੂੰ ਜਾਣਾ ਸੀ। ਡੀ ਪੀ ਆਈ ਉਦੋਂ ਮੇਰੇ ਨਿਯੁਕਤੀ ਅਧਿਕਾਰੀ ਸਨ, ਨਾਲ ਹੀ ਉਹ ਐੱਸ ਸੀ ਈ ਆਰ ਟੀ ਦੇ ਡਾਇਰੈਕਟਰ ਸਨ, ਜੋ ਮੇਰੇ ਕੰਮ ਤੋਂ ਜਾਣੂ ਸਨ। ਉਨ੍ਹਾਂ ਨੇ ਝੱਟ ਹੀ ਖੁਸ਼ੀ ਨਾਲ ਮਨਜ਼ੂਰੀ ਦੇ ਕੇ ਕੇਸ ਅੱਗੇ ਭੇਜ ਦਿੱਤਾ। ਆਖਰੀ ਤਰੀਕ ਨੂੰ ਪੌਣੇ ਪੰਜ ਵਜੇ ਤੱਕ ਮੈਂ ਖੁਦ ਆਪਣਾ ਕੇਸ ਲੈ ਕੇ ਸਕੱਤਰੇਤ ਪਹੁੰਚ ਗਿਆ ਤੇ ਕੇਸ ਦਾਖ਼ਲ ਕਰਵਾ ਦਿੱਤਾ। ਦਲਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੇਸ ਦੇਣ ਦੀ ਤਰੀਕ ਵਿੱਚ 15 ਦਿਨ ਦਾ ਵਾਧਾ ਹੋ ਗਿਆ। ਪਰੰਤੂ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ ਤਾਂ ਕਿ ਮੈਂ ਮੱਠਾ ਨਾ ਪੈ ਜਾਵਾਂ। ਉਹ ਮੇਰੇ ਕੇਸ ਦੀ ਐਂਟਰੀ ਲਈ ਉਤਸੁਕ ਸਨ ਅਤੇ ਲਗਾਤਾਰ ਦੇਖ ਰਹੇ ਸਨ। ਦੂਜਾ ਜੇਕਰ ਕਿਸੇ ਦਾ ਕੇਸ ਦਾਖ਼ਲ ਹੋ ਜਾਵੇ ਤਾਂ ਉਹੀ ਅਫਸਰ ਕਿਸੇ ਹੋਰ ਦਾ ਕੇਸ ਨਹੀਂ ਭੇਜ ਸਕਦਾ। ਜੇਕਰ ਤਰੀਕ ਵਧਣ ਨਾਲ ਸੰਬੰਧਤ ਅਫਸਰ ਹੋਰ ਦਾ ਕੇਸ ਭੇਜਦਾ ਉਹ ਸਵੀਕਾਰ ਨਹੀਂ ਹੋਣਾ ਸੀ, ਜਿਸ ਦਾ ਲਾਭ ਮੈਨੂੰ ਹੋਣਾ ਸੀ। ਇਨ੍ਹਾਂ ਨੁਕਤਿਆਂ ਦੀ ਦਲਜੀਤ ਸਿੰਘ ਨੂੰ ਪੂਰੀ ਜਾਣਕਾਰੀ ਸੀ। ਦਲਜੀਤ ਸਿੰਘ ਨੂੰ ਮੇਰੇ ਉੱਤੇ ਭਰੋਸਾ ਅਤੇ ਮੇਰੇ ਨਾਲ ਲਗਾਅ ਸੀ ਅਤੇ ਉਨ੍ਹਾਂ ਦੀ ਆਦਤ ਵਿੱਚ ਦੂਜਿਆਂ ਦੀ ਮਦਦ ਕਰਨ ਦਾ ਮਾਦਾ ਹੈ। ਗੱਲ ਮੁੱਕਦੀ ਸਾਡੀ ਕੈਟੇਗਰੀ ਵਿੱਚ 48 ਉਮੀਦਵਾਰ ਸਨ ਅਤੇ ਤਿੰਨਾਂ ਨੂੰ ਚੁਣਿਆ ਜਾਣਾ ਸੀ। ਪਰਮਾਤਮਾ ਦੀ ਕਿਰਪਾ, ਦਲਜੀਤ ਸਿੰਘ ਦੀ ਹੱਲਾਸ਼ੇਰੀ ਅਤੇ ਮਿਹਨਤ ਸਦਕਾ ਮੈਂ ਦੂਜੇ ਨੰਬਰ ’ਤੇ ਪੀ ਸੀ ਐੱਸ ਸਿਲੈਕਟ ਹੋ ਗਿਆ। ਜਦੋਂ ਕਦੇ ਵੀ ਮੈਂ ਦਲਜੀਤ ਸਿੰਘ ਦੀ ਪ੍ਰਸ਼ੰਸਾ ਜਾਂ ਧੰਨਵਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਆਪਣਾ ਵਡੱਪਣ, ਬਸ ਇੰਨਾ ਕਹਿ ਕੇ ਹੀ ਦਿਖਾ ਦਿੰਦੇ ਹਨ, ‘‘ਮੈਨੂੰ ਲੱਗਦਾ ਸੀ ਤੁਸੀਂ ਯੋਗ ਹੋ, ਇਸ ਲਈ ਮੈਂ ਚਾਹੁੰਦਾ ਸੀ ਕਿ ਤੁਸੀਂ ਜ਼ਰੂਰ ਅਪਲਾਈ ਕਰੋਂ।’’ ਜਦੋਂ ਵੀ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ, ‘‘ਵਾਰੇ ਜਾਈਏ ਅਜਿਹੇ ਮਿੱਤਰਾਂ ਤੋਂ।’
ਸੰਪਰਕ: 94171-53819

