ਆਓ ਜਵਾਬ ਲੱਭੀਏ...
ਜਨਮ ਭੂਮੀ ਅਤੇ ਰਿਜ਼ਕ ਭੂਮੀ ਹਰੇਕ ਲਈ ਅਹਿਮ ਹੁੰਦੀ ਹੈ। ਪਿੰਡ ਢਾਬੀ ਗੁੱਜਰਾਂ ਵਿੱਚ ਸਰਕਾਰੀ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਹੋਈ ਸੀ। ਹਰਿਆਣਾ ਹੱਦ ’ਤੇ ਇਹ ਪੰਜਾਬ ਦਾ ਆਖ਼ਰੀ ਪਿੰਡ ਹੈ। ਉਦੋਂ ਸਕੂਲ ਦੀ ਹਾਲਤ ਕਾਫ਼ੀ ਖ਼ਸਤਾ ਸੀ। ਪੜ੍ਹਾਉਣ ਵਾਲਾ...
ਜਨਮ ਭੂਮੀ ਅਤੇ ਰਿਜ਼ਕ ਭੂਮੀ ਹਰੇਕ ਲਈ ਅਹਿਮ ਹੁੰਦੀ ਹੈ। ਪਿੰਡ ਢਾਬੀ ਗੁੱਜਰਾਂ ਵਿੱਚ ਸਰਕਾਰੀ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਹੋਈ ਸੀ। ਹਰਿਆਣਾ ਹੱਦ ’ਤੇ ਇਹ ਪੰਜਾਬ ਦਾ ਆਖ਼ਰੀ ਪਿੰਡ ਹੈ। ਉਦੋਂ ਸਕੂਲ ਦੀ ਹਾਲਤ ਕਾਫ਼ੀ ਖ਼ਸਤਾ ਸੀ। ਪੜ੍ਹਾਉਣ ਵਾਲਾ ਇੱਕ ਅਧਿਆਪਕ ਤੇ ਇੱਕ ਸਕੂਲ ਮੁਖੀ ਸਨ। ਸਾਢੇ ਤਿੰਨ ਸੌ ਬੱਚਿਆਂ ਨੂੰ ਘੇਰ ਕੇ ਰੱਖਣ ਵਾਲਾ ਹੀ ਕੰਮ ਸੀ। ਸਕੂਲ ’ਚ ਪਿੰਡ ਦਾ ਬਲਵਾਨ ਨਾਮੀ ਨੌਜਵਾਨ ਪ੍ਰਾਈਵੇਟ ਤੌਰ ’ਤੇ ਮਦਦ ਲਈ ਰੱਖਿਆ ਹੋਇਆ ਸੀ। ਸਾਡੇ ਚਾਰ ਨਵੇਂ ਅਧਿਆਪਕਾਂ ਦੇ ਆ ਜਾਣ ’ਤੇ ਵੀ ਸਟਾਫ ਪੂਰਾ ਨਹੀਂ ਸੀ ਹੋਇਆ। ਇਸ ਲਈ ਬਲਵਾਨ ਦੀਆਂ ਸੇਵਾਵਾਂ ਜਾਰੀ ਰਹੀਆਂ। ਫਿਰ ਅਸੀਂ ਸਕੂਲ ਲਈ ਮਿਹਨਤ ਕਰਨੀ ਸ਼ੁਰੂ ਕੀਤੀ। ਉਹ ਮੁੰਡਾ ਹਰ ਕੰਮ ਵਿੱਚ ਸਾਡਾ ਸਾਥ ਦਿੰਦਾ। ਸਾਲ ਦੇ ਅੰਦਰ-ਅੰਦਰ ਵਿੱਦਿਅਕ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸਕੂਲ ਦਾ ਨਾਂ ਚਮਕਣ ਲੱਗਾ।
ਇਸੇ ਦੌਰਾਨ ਮੈਂ ਬਤੌਰ ਬੀ ਆਰ ਪੀ ਦਫ਼ਤਰ ਵਿੱਚ ਆ ਗਿਆ। ਮੇਰੇ ਕੋਲ਼ ਸਕੂਲਾਂ ਤੋਂ ਵਿਰਵੇ ਰਹੇ 6 ਤੋਂ 14 ਸਾਲ ਦੇ ਬੱਚਿਆਂ ਦਾ ਕੰਮ ਸੀ। ਇਸ ਤਹਿਤ ਬੱਚਿਆਂ ਨੂੰ ਕੇਂਦਰਾਂ ਵਿੱਚ ਇਕੱਠੇ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਨਾਲ ਜੋੜ ਕੇ ਸਕੂਲਾਂ ਦੀ ਮੁੱਖ ਧਾਰਾ ਵਿੱਚ ਲਿਆਉਣਾ ਸੀ। ਇਸ ਲਈ ਈ ਜੀ ਐੱਸ ਵਾਲੰਟੀਅਰ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਸੌ ਰੁਪਏ ਪ੍ਰਤੀ ਬੱਚਾ ਸੇਵਾ ਫ਼ਲ ਦਿੱਤਾ ਜਾਂਦਾ ਸੀ। ਬਲਵਾਨ ਦਾ ਕੰਮ ਅਤੇ ਉਸ ਦੀ ਸ਼ਰਾਫ਼ਤ ਦੇਖਦਿਆਂ ਵਾਲੰਟੀਅਰ ਭਰਤੀ ਕਰ ਲਿਆ ਗਿਆ। ਬਲਾਕ ਦੇ ਇਨ੍ਹਾਂ ਕੇਂਦਰਾਂ ਦਾ ਕੰਮ ਮੇਰੇ ਕੋਲ ਹੋਣ ਕਾਰਨ ਮੇਰਾ ਉਸ ਨਾਲ ਰਾਬਤਾ ਬਣਿਆ ਰਿਹਾ। ਵੀਹ ਬੱਚਿਆਂ ਦੇ ਹਿਸਾਬ ਨਾਲ ਉਸ ਨੂੰ ਦੋ ਹਜ਼ਾਰ ਰੁਪਏ ਮਾਣਭੱਤਾ ਬਣ ਜਾਂਦਾ ਸੀ, ਪਰ ਇੰਨੇ ਕੁ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਸੀ। ਇਸ ਲਈ ਉਹ ਸਕੂਲ ਤੋਂ ਬਾਅਦ ਕਦੇ ਮੋਬਾਈਲਾਂ ਦਾ ਕੰਮ ਕਰਦਾ, ਕਦੇ ਮਜ਼ਦੂਰੀ। ਉਹ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲ ਕੇ ਔਖਾ ਸੌਖਾ ਵਕਤ ਲੰਘਾਉਂਦਾ ਰਿਹਾ। ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਸਦਕਾ ਉਸ ਨੇ ਤੰਗੀਆਂ-ਤੁਰਸ਼ੀਆਂ ਦੇ ਬਾਵਜੂਦ ਈ ਟੀ ਟੀ ਦਾ ਕੋਰਸ ਕਰ ਲਿਆ। ਇਸ ਨਾਲ ਉਸ ਨੂੰ ਆਪਣੀ ਨੌਕਰੀ ਪੱਕੀ ਹੋਣ ਦੀ ਆਸ ਬੱਝ ਗਈ।
ਕੁਝ ਸਮਾਂ ਦਫ਼ਤਰ ਵਿੱਚ ਕੰਮ ਕਰਨ ਪਿੱਛੋਂ ਮੈਂ ਮੁੜ ਸਕੂਲ ਚਲਾ ਗਿਆ। ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਸਕੂਲ ਦਾ ਨਾਂ ਚਮਕ ਚੁੱਕਿਆ ਸੀ, ਪਰ ਇਮਾਰਤ ਅਤੇ ਦਿੱਖ ਪੱਖੋਂ ਸਕੂਲ ਵਿੱਚ ਕੁਝ ਕਮੀਆਂ ਸਨ। ਮੇਰੇ ਦਫ਼ਤਰ ਜਾਣ ਮਗਰੋਂ ਉਡੀਕ ਸੂਚੀ ਵਾਲੇ਼ੇ ਹੋਰ ਅਧਿਆਪਕ ਵੀ ਸਕੂਲ ਵਿੱਚ ਆ ਗਏ ਸਨ। ਮੈਂ ਸਾਰੇ ਸਾਥੀਆਂ ਨਾਲ ਸਲਾਹ ਕੀਤੀ ਕਿ ਸਕੂਲ ਨੂੰ ਹਰਿਆ-ਭਰਿਆ ਅਤੇ ਸੋਹਣਾ ਬਣਾਇਆ ਜਾਵੇ। ਮੁੱਖ ਅਧਿਆਪਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਕੰਮ ਉੱਤੇ ਖ਼ਰਚ ਬਹੁਤ ਹੋਵੇਗਾ। ਇੰਨੇ ਪੈਸਿਆਂ ਦਾ ਪ੍ਰਬੰਧ ਕਿਵੇਂ ਹੋਵੇਗਾ? ਚਿੰਤਾ ਵੀ ਸੱਚੀ ਸੀ ਕਿਉਂਕਿ ਉਦੋਂ ਸਾਲ ਵਿੱਚ ਪੰਜ ਹਜ਼ਾਰ ਰੁਪਏ ਸਕੂਲ ਗਰਾਂਟ ਅਤੇ ਦਸ ਹਜ਼ਾਰ ਰੁਪਏ ਮੁਰੰਮਤ ਗਰਾਂਟ ਆਉਂਦੀ ਸੀ। ਸਾਫ਼-ਸਫ਼ਾਈ ਦਾ ਪ੍ਰਬੰਧ ਵੀ ਇਸੇ ਰਕਮ ’ਚੋਂ ਕਰਨਾ ਹੁੰਦਾ ਸੀ। ਮੈਂ ਕਿਹਾ, ‘‘ਸਰ, ਤੁਸੀਂ ਹਰੀ ਝੰਡੀ ਦਿਓ, ਪੈਸਿਆਂ ਦੀ ਚਿੰਤਾ ਨਾ ਕਰੋ।’’ ਮੁੱਖ ਅਧਿਆਪਕ ਮੰਨ ਗਏ। ਬੱਸ ਫੇਰ ਕੀ ਸੀ। ਅਸੀਂ ਪੜ੍ਹਾਈ ਦੇ ਨਾਲ-ਨਾਲ ਸਕੂਲ ਨੂੰ ਸੁੰਦਰ ਬਣਾਉਣ ਦਾ ਬੀੜਾ ਚੁੱਕ ਲਿਆ। ਵਿਭਾਗ ਦੇ ਪ੍ਰੋਜੈਕਟ ਤਹਿਤ ਦਫ਼ਤਰ ਜਾਣ ਕਾਰਨ ਸਾਡੀ ਥਾਂ ਸਕੂਲ ਦੀ ਕਮੇਟੀ ਵੱਲੋਂ ਮਤਾ ਪਾ ਕੇ ਸਿੱਖਿਆ ਵਾਲੰਟੀਅਰ ਵੀ ਰੱਖ ਲਏ ਗਏ ਸਨ। ਇਤਫ਼ਾਕ ਨਾਲ ਉਨ੍ਹਾਂ ਦਿਨਾਂ ’ਚ ਸਰਦੀ ਵਧਣ ਕਾਰਨ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ, ਪਰ ਅਧਿਆਪਕਾਂ ਨੇ ਸਕੂਲ ਆਉਣਾ ਸੀ। ਅਸੀਂ ਇਸ ਸਮੇਂ ਦਾ ਫ਼ਾਇਦਾ ਉਠਾਇਆ। ਲੋਕਾਂ ਨਾਲ ਸੰਪਰਕ ਕਰ ਕੇ ਸਕੂਲ ਲਈ ਫੰਡ ਇਕੱਠਾ ਕੀਤਾ। ਹਿਸਾਬ-ਕਿਤਾਬ ਪਿੰਡ ਦੇ ਨੌਜਵਾਨ ਅਧਿਆਪਕ ਹੱਥ ਸੀ ਅਤੇ ਇਕੱਠੀ ਹੋਈ ਰਕਮ ਮੁੱਖ ਅਧਿਆਪਕ ਨੂੰ ਦੇ ਦਿੱਤੀ ਜਾਂਦੀ।
ਸਾਡਾ ਪਹਿਲਾ ਕੰਮ ਸਕੂਲ ਵਿੱਚ ਮਿੱਟੀ ਪਾ ਕੇ ਮੈਦਾਨ ਉੱਚਾ ਕਰਨ ਦਾ ਸੀ ਕਿਉਂਕਿ ਮੀਂਹ ਦੇ ਮੌਸਮ ਵਿੱਚ ਸਕੂਲ ਵਿੱਚ ਗੋਡੇ-ਗੋਡੇ ਪਾਣੀ ਭਰ ਜਾਂਦਾ ਸੀ। ਆਮ ਦਿਨਾਂ ਵਿੱਚ ਵੀ ਸਕੂਲ ਅੱਗਿਓਂ ਲੰਘਦੇ ਨਾਲੇ ਦਾ ਗੰਦਾ ਪਾਣੀ ਉੱਛਲ ਕੇ ਸਕੂਲ ਵਿੱਚ ਆ ਜਾਂਦਾ ਸੀ। ਮੈਦਾਨ ਉੱਚਾ ਹੋਣ ਨਾਲ ਇਹ ਸਮੱਸਿਆ ਹੱਲ ਹੋ ਗਈ। ਇਸ ਦੇ ਨਾਲ ਹੀ ਸਟੇਜ, ਦੁਪਹਿਰ ਦਾ ਖਾਣਾ ਬਣਾਉਣ ਲਈ ਖੁੱਲ੍ਹਾ ਸ਼ੈੱਡ ਤੇ ਹਰੇ ਘਾਹ ਵਾਲਾ ਮੈਦਾਨ ਤਿਆਰ ਕਰ ਲਿਆ ਗਿਆ। ਕਿਆਰੀਆਂ ਵਿੱਚ ਫੁੱਲ ਮਹਿਕਣ ਲੱਗ ਪਏ। ਮੈਂ ਅਤੇ ਮੇਰੇ ਸਾਥੀ ਨੇ ਸਾਰਾ ਕੰਮ ਹੱਥੀਂ ਕੀਤਾ। ਗੁੱਡ-ਗੁਡਾਈ, ਪਾਣੀ ਦੇਣਾ, ਘਾਹ ਦੀ ਕਟਾਈ ਵਗੈਰਾ ਆਦਿ। ਹਰ ਕੰਮ ਵਿੱਚ ਬਲਵਾਨ ਵੀ ਸਾਡਾ ਪੂਰਾ ਸਾਥ ਦਿੰਦਾ। ਸਮੇਂ ਨਾਲ ਸਾਡੀਆਂ ਸੇਵਾਵਾਂ ਤਾਂ ਰੈਗੂਲਰ ਹੋ ਗਈਆਂ, ਪਰ ਉਸ ਦੀ ਨੌਕਰੀ ਪੱਕੀ ਨਾ ਹੋਈ। ਸਿੱਖਿਅਤ ਅਧਿਆਪਕ ਬਣ ਜਾਣ ਨਾਲ ਉਸ ਨੂੰ ਨੌਕਰੀ ਪੱਕੀ ਹੋਣ ਦੀ ਪੂਰੀ ਉਮੀਦ ਸੀ। ਇਸੇ ਉਮੀਦ ਸਦਕਾ ਉਹ ਸਖ਼ਤ ਮਿਹਨਤ ਕਰ ਕੇ ਸੇਵਾ ਨਿਭਾਉਂਦਾ ਰਿਹਾ। ਭਾਵੇਂ ਤਨਖ਼ਾਹ ਵਿੱਚ ਥੋੜ੍ਹਾ ਵਾਧਾ ਹੋਇਆ, ਪਰ ਗੁਜ਼ਾਰੇ ਲਈ ਇਹ ਵੀ ਕਾਫ਼ੀ ਨਹੀਂ ਸੀ। ਨੌਕਰੀ ਪੱਕੀ ਹੋਣ ਦੀ ਮ੍ਰਿਗ-ਤ੍ਰਿਸ਼ਨਾ ਵਿੱਚ ਸਮਾਂ ਹੋਰ ਭਿਆਨਕ ਰੂਪ ਅਖ਼ਤਿਆਰ ਕਰਦਾ ਰਿਹਾ। ਉਹ ਲੈਣਦਾਰਾਂ ਅੱਗੇ ਨਿੱਤ ਕੱਚਾ ਹੁੰਦਾ। ਆਖ਼ਰ ਪਿਛਲੇ ਦਿਨੀਂ ਬਲਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ। ਉਹ ਪੱਕੀ ਨੌਕਰੀ ਦਾ ਸੁਪਨਾ ਆਪਣੇ ਨਾਲ ਹੀ ਲੈ ਗਿਆ, ਪਰ ਸਾਡੇ ਲਈ ਕਈ ਵੱਡੇ ਸਵਾਲ ਛੱਡ ਗਿਆ। ਸਿੱਖਿਆ ਕ੍ਰਾਂਤੀ ਲਿਆਉਣ ਵਾਲਿਆਂ ਨੂੰ ਨਾ ਜਿਊਂਦੇ ਜੀਅ ਕੁਝ ਮਿਲਿਆ ਅਤੇ ਨਾ ਮੌਤ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੂੰ ਨੌਕਰੀ ਦੇ ਲਾਭ ਮਿਲੇ। ਦੋ ਦਹਾਕੇ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਬਲਵਾਨ ਦਾ ਸੁਪਨਾ ਤਾਂ ਸੁਪਨਾ ਹੀ ਰਹਿ ਗਿਆ, ਉਸ ਵਰਗੇ ਸੈਂਕੜੇ ਨੌਜਵਾਨਾਂ ਦਾ ਸੁਪਨਾ ਕਦੋਂ ਪੂਰਾ ਹੋਵੇਗਾ? ਇਸ ਦਾ ਉੱਤਰ ਨਾ ਕਿਸੇ ਅਫ਼ਸਰ ਕੋਲ਼ ਹੈ, ਨਾ ਹੀ ਸਿਆਸੀ ਆਗੂ ਕੋਲ਼। ਆਓ, ਇਸ ਸਵਾਲ ਦਾ ਜਵਾਬ ਲੱਭੀਏ!
ਸੰਪਰਕ: 81463-44112
