ਦੇਰ ਆਇਦ ਦਰੁਸਤ ਆਇਦ
ਬੀ ਐੱਸਸੀ ਉਪਰੰਤ ਬੀ ਐੱਡ ਦੀ ਡਿਗਰੀ ਕਰਕੇ ਰੁਜ਼ਗਾਰ ਹਾਸਲ ਕਰਨ ਦੀ ਕਾਹਲ ਸੀ। ਸੋ ਮੈਂ ਵੀ ਡਿਗਰੀ ਕਰਕੇ ਅਧਿਆਪਕ ਲੱਗ ਗਿਆ, ਪਰ ਦਿਲ ਵਿੱਚ ਹੋਰ ਪੜ੍ਹਾਈ ਕਰਨ ਦਾ ਸ਼ੌਕ ਵੀ ਸੀ। ਦਿਨੇ ਡਿਊਟੀ ਅਤੇ ਸ਼ਾਮ ਦੀਆਂ ਕਲਾਸਾਂ ਪੰਜਾਬ ਯੂਨੀਵਰਸਿਟੀ...
ਬੀ ਐੱਸਸੀ ਉਪਰੰਤ ਬੀ ਐੱਡ ਦੀ ਡਿਗਰੀ ਕਰਕੇ ਰੁਜ਼ਗਾਰ ਹਾਸਲ ਕਰਨ ਦੀ ਕਾਹਲ ਸੀ। ਸੋ ਮੈਂ ਵੀ ਡਿਗਰੀ ਕਰਕੇ ਅਧਿਆਪਕ ਲੱਗ ਗਿਆ, ਪਰ ਦਿਲ ਵਿੱਚ ਹੋਰ ਪੜ੍ਹਾਈ ਕਰਨ ਦਾ ਸ਼ੌਕ ਵੀ ਸੀ। ਦਿਨੇ ਡਿਊਟੀ ਅਤੇ ਸ਼ਾਮ ਦੀਆਂ ਕਲਾਸਾਂ ਪੰਜਾਬ ਯੂਨੀਵਰਸਿਟੀ ਵਿੱਚ ਸ਼ੁਰੂ ਕਰ ਲਈਆਂ। ਐੱਮ ਐੱਸਸੀ ਗਣਿਤ, ਐੱਮ ਏ ਇਕਨੌਮਿਕਸ ਅਤੇ ਐੱਮ ਐੱਡ ਕਰ ਲਈ। ਮੇਰੇ ਸਾਥੀ ਮੈਨੂੰ ਪੀ ਸੀ ਐੱਸ ਦੀ ਤਿਆਰੀ ਕਰਨ ਦੀ ਨਸੀਹਤ ਦੇਣ ਲੱਗੇ।
ਮੈਂ ਲੈਕਚਰਾਰ ਪ੍ਰਮੋਟ ਹੋ ਕੇ ਸਟੇਟ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਸੈਕਟਰ 17 ਵਿੱਚ ਗਣਿਤ ਲੈਕਚਰਾਰ (ਵਿਸ਼ਾ ਮਾਹਿਰ) ਨਿਯੁਕਤ ਹੋ ਗਿਆ। ਸਾਡਾ ਕੰਮ ਅਧਿਆਪਕਾਂ ਨੂੰ ਸੈਮੀਨਾਰਾਂ ਵਿੱਚ ਪੜ੍ਹਾਉਣਾ ਅਤੇ ਸਾਇੰਸ ਪ੍ਰਦਰਸ਼ਨੀਆਂ ਲਗਵਾਉਣਾ ਸੀ। ਪੜ੍ਹਨ-ਪੜ੍ਹਾਉਣ ਅਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰੇ ਦੇ ਇਸ ਸਿਲਸਿਲੇ ਵਿੱਚੋਂ ਗਣਿਤ ਦੀਆਂ ਪਾਠ-ਪੁਸਤਕਾਂ ਲਿਖਣ ਦਾ ਸਬੱਬ ਵੀ ਬਣਿਆ। ਪੀ ਸੀ ਐੱਸ ਦੀ ਤਿਆਰੀ ਲਈ ਵੀ ਸਮਾਂ ਮਿਲਣ ਲੱਗ ਪਿਆ। ਉਦੋਂ ਹਰ ਸਾਲ ਜਾਂ ਦੋ ਸਾਲ ਬਾਅਦ ਨਹੀਂ ਪ੍ਰੰਤੂ ਕਈ ਕਈ ਸਾਲਾਂ ਬਾਅਦ ਪੀ ਸੀ ਐੱਸ ਦੀਆਂ ਪੋਸਟਾਂ ਨਿਕਲਦੀਆਂ ਸਨ। 1996 ਵਿੱਚ ਫਿਰ ਤੋਂ ਅਸਾਮੀਆਂ ਨਿਕਲੀਆਂ, ਮੈਂ ਵੀ ਅਪਲਾਈ ਕਰ ਦਿੱਤਾ।
ਇਸ ਵਾਰ ਇੰਟਰਵਿਊ ਤੋਂ ਪਹਿਲਾਂ ਮੇਰੇ ਭਰਾਵਾਂ ਨੇ ਮੇਰੇ ਨਾਲ ਸਲਾਹ ਕੀਤੀ ਕਿ ਮੈਂ ਸਿਰਫ਼ ਆਪਣੀ ਪੜ੍ਹਾਈ ਦੇ ਸਿਰ ’ਤੇ ਨਾ ਬੈਠਾ ਰਹਾਂ। ਉਨ੍ਹਾਂ ਆਪਣੇ ਪੱਧਰ ’ਤੇ ਮੇਰੀ ਸਿਲੈਕਸ਼ਨ ਲਈ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਇਸ ਗੱਲ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਭਰਾਵਾਂ ਦਾ ਫ਼ਿਕਰ ਤੇ ਪਿਆਰ ਮੈਂ ਜਾਣਦਾ ਸੀ ਪਰ ਦੁੱਖ ਇਸ ਗੱਲ ਦਾ ਸੀ ਕਿ ਇੰਨੀਆਂ ਪੜ੍ਹਾਈਆਂ ਕਰਕੇ ਫਿਰ ਰਿਸ਼ਵਤ ਦੇਣ ਦੀ ਲੋੜ ਕਿਉਂ ਪਏ। ਮੈਂ ਇਨਕਾਰ ਕਰ ਦਿੱਤਾ। ਸ਼ਾਇਦ ਵੱਡੇ ਭਰਾ ਨੇ ਕਿਸੇ ਨਾਲ ਗੱਲਬਾਤ ਵੀ ਕਰ ਲਈ ਸੀ। ਉਸ ਵੇਲੇ ਉਸ ਰਕਮ ਨਾਲ ਮੁਹਾਲੀ ਵਿਖੇ ਤਿੰਨ-ਮੰਜ਼ਿਲੀ ਨਵੀਂ ਕੋਠੀ ਮਿਲ ਜਾਂਦੀ ਸੀ। ਮੈਂ ਮੱਧਮ ਸੁਰ ਵਿੱਚ ਕਿਹਾ, ‘‘ਜੇ ਮੇਰੇ ’ਤੇ ਅਹਿਸਾਨ ਕਰਨਾ ਹੈ ਤਾਂ ਮੈਨੂੰ ਕੋਈ ਕੋਠੀ ਦਿਵਾ ਦਿਓ, ਮੈਂ ਪੈਸੇ ਵੀ ਮੋੜ ਦਿਆਂਗਾ।” ਇਸ ਗੱਲਬਾਤ ਮਗਰੋਂ ਮੈਂ ਆਪਣੇ ਘਰ ਚਲਾ ਗਿਆ। ਮੈਨੂੰ ਫ਼ਿਕਰ ਸੀ ਕਿ ਕਿਤੇ ਮੇਰੇ ਭਰਾ ਮੇਰੀ ਖ਼ਾਤਰ ਕੋਈ ਗ਼ਲਤ ਫ਼ੈਸਲਾ ਨਾ ਲੈ ਲੈਣ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਤੜਕਸਾਰ ਮੈਂ ਫਿਰ ਭਰਾ ਘਰ ਪਹੁੰਚ ਗਿਆ। ਭਰਜਾਈ ਮੈਨੂੰ ਵੇਖ ਕੇ ਘਬਰਾ ਗਈ ਕਿਉਂਕਿ ਇੰਨੀ ਸਵੇਰੇ ਆਉਣਾ ਕੋਈ ਸਧਾਰਨ ਗੱਲ ਨਹੀਂ ਸੀ। ਮੈਂ ਪੁੱਛਿਆ ਕਿ ਮੇਰੇ ਜਾਣ ਤੋਂ ਬਾਅਦ ਭਰਾਵਾਂ ਨੇ ਕੀ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੇ ਭਰਾ ਜੀ ਪਿੰਡ ਜਾਣ ਤੋਂ ਪਹਿਲਾਂ ਕਹਿ ਗਏ ਹਨ ਕਿ ਜਿਵੇਂ ਮੇਰੀ ਮਰਜ਼ੀ ਹੈ, ਉਸੇ ਤਰ੍ਹਾਂ ਕਰਨਾ ਹੈ। ਮੈਂ ਸੁੱਖ ਦਾ ਸਾਹ ਲਿਆ। ਇੰਟਰਵਿਊ ਹੋਈ ਪਰ ਮੇਰੀ ਸਿਲੈਕਸ਼ਨ ਨਾ ਹੋਈ। ਭਰਾਵਾਂ ਨੇ ਗ਼ਿਲਾ ਵੀ ਕੀਤਾ ਕਿ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। ਪਰ ਮੈਨੂੰ ਕੋਈ ਪਛਤਾਵਾ ਨਹੀਂ ਸੀ ਕਿਉਂਕਿ ਮੈਂ ਬੇਰੁਜ਼ਗਾਰ ਨਹੀਂ ਸੀ ਸਗੋਂ ਚੰਗੀ ਪੋਜ਼ੀਸ਼ਨ ’ਤੇ ਕੰਮ ਕਰ ਰਿਹਾ ਸੀ।
ਸਮਾਂ ਆਪਣੀ ਚਾਲ ਚਲਦਾ ਰਿਹਾ। ਪੀ ਪੀ ਐੱਸ ਸੀ ਦੇ ਚੇਅਰਮੈਨ ਉੱਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ। ਰੰਗੇ ਹੱਥੀਂ ਫੜੇ ਜਾਣ ਕਾਰਨ ਉਕਤ ਹੋਈਆਂ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਗ਼ਲਤ ਤਰੀਕੇ ਭਰਤੀ ਹੋ ਕੇ ਆਏ ਅਧਿਕਾਰੀਆਂ ਉੱਤੇ ਵੀ ਕੇਸ ਬਣੇ। ਮੈਂ ਰੱਬ ਦਾ ਸ਼ੁਕਰ ਕੀਤਾ। ਮੈਂ ਆਖਰੀ ਇੱਕ ਹੋਰ ਮੌਕੇ ਲਈ ਅਪਲਾਈ ਕਰ ਦਿੱਤਾ। ਸਮੇਂ ਨੇ ਇਕ ਜ਼ਬਰਦਸਤ ਮੋੜ ਲਿਆ। ਇਹ ਤੈਅ ਹੋ ਗਿਆ ਕਿ ਮੁੜ ਤੋਂ ਇੰਟਰਵਿਊਜ਼ ਲਈਆਂ ਜਾਣ। ਇਸ ਤਰ੍ਹਾਂ ਮੇਰੀਆਂ ਵੱਖ-ਵੱਖ ਗਰੁੱਪ/ਬੈਚ ਦੀਆਂ ਤਿੰਨ ਇੰਟਰਵਿਊਜ਼ ਆ ਗਈਆਂ।
ਇਹ ਇੰਟਰਵਿਊਜ਼ ਵੱਖਰੇ ਅੰਦਾਜ਼ ਵਿੱਚ ਹੋਈਆਂ। ਹਰੇਕ ਉਮੀਦਵਾਰ ਦਾ ਮੁਲਾਂਕਣ ਦਸ ਮੈਂਬਰਾਂ ਵੱਲੋਂ ਕੀਤਾ ਗਿਆ। 5-5 ਮੈਂਬਰਾਂ ਦੇ ਦੋ ਗਰੁੱਪ ਸਨ। ਮੌਕੇ ’ਤੇ ਹੀ ਮੇਜ ਉੱਤੇ ਪਏ ਬਰਤਨ ਵਿੱਚ ਪਈਆਂ ਪਰਚੀਆਂ ਵਿਚੋਂ ਇੱਕ ਚੁੱਕੀ ਜਾਂਦੀ ਸੀ। ਉਸ ਉੱਤੇ ਲਿਖੇ ਵਿਸ਼ੇ ਉੱਤੇ ਲੇਖ ਲਿਖਣਾ ਸੀ। ਇਸ ਲੇਖ ਦੇ ਇਕ ਗਰੁੱਪ ਮੈਂਬਰਾਂ ਵੱਲੋਂ ਅੰਕ ਲਗਾਏ ਜਾਂਦੇ ਸਨ। ਦੂਜੇ ਗਰੁੱਪ ਦੇ ਪੰਜ ਮੈਂਬਰਾਂ ਵੱਲੋਂ ਸਵਾਲ ਪੁੱਛੇ ਜਾਂਦੇ ਸਨ। ਇਸ ਤਰ੍ਹਾਂ 10 ਮੈਂਬਰਾਂ ਵਲੋਂ 30 ਅੰਕਾਂ ਵਿੱਚੋਂ ਅੰਕ ਦਿੱਤੇ ਜਾਂਦੇ ਸਨ। ਇਹ ਤਰੀਕਾ ਸਾਨੂੰ ਬਹੁਤ ਚੰਗਾ ਲੱਗਾ ਅਤੇ ਆਸ ਬੱਝ ਗਈ ਕਿ ਸਹੀ ਚੋਣ ਹੋਵੇਗੀ। ਆਖਰੀ ਦਿਨ ਪੰਜ ਵਜੇ ਦੇ ਕਰੀਬ ਸ਼ਾਮ ਤਕ ਇੰਟਰਵਿਊ ਚੱਲੀ ਤੇ ਉਸੇ ਦਿਨ ਦੇਰ ਤਕ ਰਿਜ਼ਲਟ ਕੱਢ ਕੇ ਨੋਟਿਸ ਬੋਰਡ ’ਤੇ ਚਿਪਕਾ ਦਿੱਤੇ ਗਏ। ਸਵੇਰੇ ਕਿਸੇ ਨੇ ਮੈਨੂੰ ਦੱਸਿਆ ਕਿ ਰਿਜ਼ਲਟ ਆ ਚੁੱਕਾ ਹੈ। ਉਦੋਂ ਅੱਜ ਵਾਂਗ ਮੋਬਾਈਲ ਨਹੀਂ ਸਨ ਕਿ ਸਾਨੂੰ ਘਰੋਂ-ਘਰੀਂ ਮੈਸੇਜ ਪਹੁੰਚ ਜਾਂਦੇ।
ਮੈਂ ਆਪਣੇ ਇਕ ਅਫ਼ਸਰ, ਜੋ ਪੀ ਪੀ ਐੱਸ ਸੀ ਦਫ਼ਤਰ ਪਟਿਆਲਾ ਦੇ ਨੇੜੇ ਰਹਿੰਦੇ ਸਨ, ਨੂੰ ਰਿਜ਼ਲਟ ਦੇਖ ਕੇ ਦੱਸਣ ਲਈ ਲੈਂਡਲਾਈਨ ’ਤੇ ਬੇਨਤੀ ਕੀਤੀ। ਕਾਫੀ ਚਿਰ ਉਨ੍ਹਾਂ ਦਾ ਫੋਨ ਨਾ ਆਇਆ ਮੇਰੀਆਂ ਧੜਕਣਾਂ ਤੇਜ਼ ਹੋ ਰਹੀਆਂ ਸਨ। ਕੁੱਝ ਸਮੇਂ ਬਾਅਦ ਉਹਨਾਂ ਦਾ ਫੋਨ ਆਇਆ ਮੁਬਾਰਕਾਂ ਦੇ ਕੇ ਕਹਿਣ ਲੱਗੇ ਮੇਰੀ ਸਿਲੈਕਸ਼ਨ ਹੋ ਗਈ ਹੈ ਅਤੇ ਲਿਸਟ ਵਿੱਚ ਦੂਜਾ ਨੰਬਰ ਹੈ। ਮੈਂ ਪ੍ਰਮਾਤਮਾ ਦਾ ਸ਼ੁਕਰ ਕੀਤਾ, ਸ਼ੁਕਰ ਇਸ ਗੱਲ ਦਾ ਵੀ ਕੀਤਾ ਕਿ ਭਾਵੇਂ ਲੰਬਾ ਇੰਤਜ਼ਾਰ ਕਰਨਾ ਪਿਆ ਪਰ ਗ਼ਲਤ ਤਰੀਕਿਆਂ ਤੋਂ ਵੀ ਬਚੇ। ਸਕੂਨ ਮਿਲਿਆ, ‘ਦੇਰ ਆਇਦ ਪਰ ਦਰੁਸਤ ਆਇਦ।’
ਸੰਪਰਕ: 94171-53819

