ਬੋਲੀ ਦੀ ਸਾਂਝ

ਬੋਲੀ ਦੀ ਸਾਂਝ

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

ਸਾਲ 1992 ਦਾ ਵਾਕਿਆ ਹੈ। ਉਨ੍ਹੀਂ ਦਿਨੀਂ ਪਤਨੀ ਰੋਪੜ ਦੇ ਸਰਕਾਰੀ ਕਾਲਜ ਪੜ੍ਹਾਉਂਦੀ ਸੀ ਤੇ ਨਿੱਤ ਸਵੇਰੇ ਮੁਹਾਲੀ ਆਪਣੇ ਘਰੋਂ ਸਕੂਟਰ ਉੱਤੇ ਬੈਰੀਅਰ ਪੁੱਜ ਕੇ ਬੱਸ ਫੜ ਕੇ ਕਾਲਜ ਜਾਂਦੀ ਸੀ। ਫਿਰ ਚੰਡੀਗੜ੍ਹ ਸੈਕਟਰ 39 ਵਿਚ ਸਰਕਾਰੀ ਰਿਹਾਇਸ਼ ਮਿਲਣ ਨਾਲ ਕਿਰਾਏ ਦੇ ਮਕਾਨਾਂ ਵਿਚ ਰਹਿਣ ਤੇ ਮਕਾਨ ਮਾਲਕਾਂ ਦੀ ਟੋਕਾ-ਟਾਕੀ ਤੋਂ ਤਾਂ ਛੁਟਕਾਰਾ ਮਿਲ ਗਿਆ ਪਰ ਪਤਨੀ ਦੇ ਸਫਰ ਦੀ ਦੂਰੀ ਵਧਣ ਕਾਰਨ ਉਸ ਦੀਆਂ ਪਰੇਸ਼ਾਨੀਆਂ ਵਿਚ ਹੋਰ ਇਜ਼ਾਫਾ ਹੋ ਗਿਆ। ਹੁਣ ਉਸ ਨੂੰ ਘਰੋਂ ਸਾਢੇ ਅੱਠ ਦੀ ਬਜਾਇ ਘੰਟਾ ਪਹਿਲਾਂ ਤੁਰਨਾ ਪੈਂਦਾ। ਅੱਕੀ ਹੋਈ ਇਕ ਦਿਨ ਕਹਿਣ ਲੱਗੀ- ਜੇ ਇੰਝ ਹੀ ਚਲਦਾ ਰਿਹਾ ਤਾਂ ਮੈਂ ਆਪਣੇ ਘਰ ਰੋਪੜ ਹੀ ਰਹਿ ਲਿਆ ਕਰਾਂਗੀ। ਉੱਥੇ ਸਾਡਾ ਪੁਸ਼ਤੈਨੀ ਮਕਾਨ ਸੀ ਜਿੱਥੇ ਪਿਤਾ ਜੀ ਰਿਟਾਇਰ ਹੋਣ ਮਗਰੋਂ ਦਾਦੀ ਜੀ ਅਤੇ ਮਾਤਾ ਜੀ ਨਾਲ ਰਹਿ ਰਹੇ ਸਨ।

ਚੰਡੀਗੜ੍ਹ ਸਾਡੇ ਘਰ ਦੇ ਸਾਹਮਣੇ ਇਕ-ਅੱਧ ਫਰਲਾਂਗ ਤੇ ਕੌਮੀ ਹਾਈਵੇਅ ਪੈਂਦਾ ਸੀ ਜਿਸ ਤੋਂ ਲਗਭਗ ਸਾਰੇ ਪਾਸੇ ਦੀਆਂ ਬੱਸਾਂ ਲੰਘਦੀਆਂ ਸਨ ਪਰ ਰੁਕਦੀ ਕੋਈ ਟਾਵੀਂ-ਟੱਲੀ ਹੀ ਸੀ। ਇਕ ਦਿਨ ਮੈਂ ਪਤਨੀ ਨੂੰ ਸਕੂਟਰ ਤੇ ਬਿਠਾ ਉੱਥੇ ਚੰਡੀਗੜ੍ਹੋਂ ਅੱਡੇ ਤੋਂ ਆਉਂਦੀ ਬੱਸ ਦਾ ਇੰਤਜ਼ਾਰ ਕਰਨ ਲੱਗਾ। ਇੰਨੇ ਨੂੰ ਹਿਮਾਚਲ ਰੋਡਵੇਜ਼ ਦੀ ਹਮੀਰਪੁਰ ਲਈ ਆਉਂਦੀ ਬੱਸ ਦੇਖ ਕੇ ਹੱਥ ਮਾਰਦਿਆਂ ਰੁਕਣ ਲਈ ਇਸ਼ਾਰਾ ਕੀਤਾ। ਦੂਰੋਂ ਤੇਜ਼ ਰਫਤਾਰ ਆਉਂਦਿਆਂ ਡਰਾਈਵਰ ਨੇ ਹੌਲੀ ਹੌਲੀ ਬਰੇਕ ਮਾਰਦਿਆਂ ਐਨ ਸਾਡੇ ਲਾਗੇ ਆ ਕੇ ਬੱਸ ਤਾਂ ਰੋਕ ਲਈ ਪਰ ਲੋਹੇ ਲਾਖੇ ਹੋਏ ਨੇ ਖਿੜਕੀ ਤੋਂ ਛਾਲ ਮਾਰਦਿਆਂ ਬਾਹਰ ਆਣ ਕੇ ਪਹਾੜੀ ਲਹਿਜ਼ੇ ਵਿਚ ਕਿਹਾ, “ਤੈਨੂੰ ਨੀ ਪਤਾ ਕਿਧਰੇ ਨੂੰ ਮੂੰਹ ਚਕਿਆ, ਐਂਵਿਊਂ ਇਛਾਰੇ ਕਰੀ ਜਾਨਾ। ਤੇਰੇ ਪਿਊ ਦੀ ਗੱਡੀ ਐ।” ਮੈਂ ਜ਼ਾਬਤੇ ਵਿਚ ਰਹਿੰਦਿਆਂ ਕਿਹਾ, “ਬਾਈ ਤੂੰ ਊਨਿਆਂ ਤੋਂ ਆਂ?”

“ਬਾਈ ਦਸ ਤੈਂ ਜੋਤਸ਼ੀ ਐ, ਤੇਨੂੰ ਕਿਵੇਂ ਪਤਾ, ਮੈਂ ਊਨੇ ਦਾ?”

ਮੈਂ ਵੀ ਮਾੜੀ ਮੋਟੀ ਉਸ ਇਲਾਕੇ ਦੀ ਬੋਲੀ ਸਿਆਣਦਿਆਂ ਉਸ ਨੂੰ ਕਿਹਾ, “ਭਾਈ, ਮੈਂ ਤੇਰੀ ਬੋਲੀ ਤੋਂ ਸਾਬ ਲਾ ਲਿਆ, ਮੈਂ ਵੀ ਉਧਰੇ ਦਾ, ਬਸ ਰੋਟੀਆਂ ਖਾਤਰੇ ਢਿੱਡ ਨੂੰ ਝੁਲਕਾ ਦੇਣ ਇਧਰੀਂ ਆ ਗਿਆ।” ਉਹਦੀ ਤਸੱਲੀ ਖ਼ਾਤਿਰ ਦੱਸਿਆ ਕਿ ਮੇਰੇ ਪਿਤਾ ਜੀ ਨੇ ਲਗਭਗ ਤਿੰਨ ਦਹਾਕੇ ਨੰਗਲ ਹੀ ਨੌਕਰੀ ਕੀਤੀ ਤੇ ਮੈਂ ਵੀ ਨਯਾਂ ਨੰਗਲ ਦੇ ਸਕੂਲ ਵਿਚ ਦਸਵੀਂ ਤੱਕ ਪੜ੍ਹਿਆ ਹਾਂ। ਸਾਡੇ ਨਾਲ ਬਹੁਤ ਸਾਰੇ ਸੰਗੀ-ਸਾਥੀ ਵੀ ਊਨਾ, ਦੇਹਲਾਂ, ਬਡਾਲਾ, ਰਾਏਪੁਰ, ਮਹਿਤਪੁਰ, ਟਾਹਲੀਵਾਲ, ਭਟੋਲੀ, ਸੰਤੋਖਗੜ੍ਹ, ਭਲਾਣ, ਮੋਜੋਵਾਲ, ਮਹਿਤਪੁਰ, ਨਿੱਕੂ ਨੰਗਲ ਆਦਿ ਨੀਮ ਪਹਾੜੀ ਇਲਾਕੇ ਦੇ ਪਿੰਡਾਂ ਤੋਂ ਪੜ੍ਹਾਈ ਕਰਨ ਆਉਂਦੇ ਸਨ। ਲੰਮਾ ਅਰਸਾ ਉਨ੍ਹਾਂ ਦੇ ਸੰਪਰਕ ਵਿਚ ਰਹਿਣ ਸਦਕਾ ਅਸੀਂ ਵੀ ਉਨ੍ਹਾਂ ਦੀ ਬੋਲੀ ਬੋਲਣ ਲੱਗ ਪਏ।

ਡਰਾਈਵਰ ਨੇ ਇਹ ਸੁਣ ਕੇ ਮੈਨੂੰ ਗਲਵੱਕੜੀ ਵਿਚ ਲੈ ਲਿਆ, “ਬਾਈ ਪਰਵਾਹ ਨਾ ਕਰੀਂ ਅੱਜ ਤੇ, ਮੈਂ ਰੋਜ਼ ਇਧਰਿਓਂ ਹੀ ਲੰਘਦਾ, ਕੱਲ੍ਹ ਤੋਂ ਭੈਣੇ ਪੌਣੇ ਨੌਂ ਵਜੇ ਇੱਤੇ ਈ ਖੜ੍ਹੋ ਜਾਇਆ ਕਰੀਂ, ਬਾਕੀ ਮੈਂ ਜਾਣਾ ਮੇਰਾ ਕੰਮ ਜਾਣੈ। ਤੈਨੂੰ ਭੈਣੇ ਸਮੇਂ ਸਿਰ ਰੋਪੜ ਨਵੇਂ ਅੱਡੇ ਵੀ ਤਾਰ ਦਊਂ, ਉਥੋਂ ਤਾਂ ਕਾਲਜ ਵੀ ਜਮਿਓਂ ਨੇੜੇ ਆ।” ਕਈ ਵਾਰ ਕਾਲਜ ਤੋਂ ਛੁੱਟੀ ਮਗਰੋਂ ਪਤਨੀ ਵਾਪਸ ਵੀ ਉਹਦੀ ਬੱਸ ਵਿਚ ਹੀ ਆ ਜਾਂਦੀ ਤੇ ਉਹ ਬਿਲਕੁਲ ਘਰ ਦੇ ਮੋੜ ਤੇ ਲਾਹ ਦਿੰਦਾ। ਜਿੰਨੀ ਦੇਰ ਉਹ ਇਸ ਰੂਟ ਤੇ ਚਲਦਾ ਰਿਹਾ, ਬਿਨਾਂ ਕਿਸੇ ਦਿੱਕਤ ਤੋਂ ਪਤਨੀ ਦੀ ਨੌਕਰੀ ਤੀਆਂ ਵਾਂਗ ਲੰਘੀ।

ਉਸ ਦੀ ਫਰਾਖ਼ਦਿਲੀ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਜੇ ਕਦੇ ਕਦਾਈਂ ਪਤਨੀ ਪੰਜ ਸੱਤ ਮਿੰਟ ਸਵੇਰੇ ਲੇਟ ਵੀ ਹੋ ਜਾਂਦੀ ਤਾਂ ਉਹ ਲੋਹੇ ਦੀ ਰਾਡ ਹੱਥ ਵਿਚ ਫੜੀ ਟਾਇਰਾਂ ਦੀ ਹਵਾ ਚੈੱਕ ਕਰਨ ਜਾਂ ਬੱਸ ਵਿਚ ਮਾੜੇ ਮੋਟੇ ਨੁਕਸ ਦਾ ਬਹਾਨਾ ਬਣਾ ਕੇ ਉਦੋਂ ਤੱਕ ਬਸ ਦੀ ਪਰਿਕਰਮਾ ਕਰੀ ਜਾਂਦਾ ਜਦੋਂ ਤੱਕ ਉਹ ਬੱਸੇ ਨਾ ਬੈਠ ਜਾਂਦੀ।
ਸੰਪਰਕ: 97800-36136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All