ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਸਮਾਂ ਬਹੁਤ ਬਲਵਾਨ ਹੁੰਦਾ ਹੈ। ਇਹ ਸਦਾ ਇਕੋ ਜਿਹਾ ਨਹੀਂ ਰਹਿੰਦਾ। ਸਮਾਂ ਬਦਲਣ ਨਾਲ ਮਨੁੱਖ ਦੇ ਹਾਲਾਤ ਵੀ ਬਦਲਦੇ ਰਹਿੰਦੇ ਹਨ| ਇਨਸਾਨ ਦੀਆਂ ਲੱਖ ਕੋਸ਼ਿਸ਼ਾਂ ਵਕਤ ਤੇ ਹਾਲਾਤ ਨੂੰ ਇਕੋ ਜਿਹਾ ਨਹੀਂ ਰੱਖ ਸਕਦੀਆਂ| ਕਈ ਇਨਸਾਨ ਚੰਗੇ ਹਾਲਾਤ ਵਿਚ ਥੋੜ੍ਹੀ ਜਿਹੀ ਮੁਸ਼ਕਿਲ ਆਉਣ ਤੇ ਹੌਂਸਲਾ ਛੱਡ ਦਿੰਦੇ ਹਨ; ਕਈ ਵੱਡੀ ਤੋਂ ਵੱਡੀ ਮੁਸੀਬਤ ਵਿਚ ਵੀ ਆਮ ਵਾਂਗ ਹੀ ਲਗਦੇ ਹਨ। ਜਿਹੜੇ ਇਹ ਸਮਝ ਲੈਂਦੇ ਹਨ ਕਿ ਮੁਸੀਬਤਾਂ ਜ਼ਿੰਦਗੀ ਦਾ ਹਿੱਸਾ ਹਨ ਤਾਂ ਉਨ੍ਹਾਂ ਨੂੰ ਮੁਸੀਬਤਾਂ ਵੀ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ। ਮੁਸੀਬਤ ਨੂੰ ਖਿੜੇ ਮੱਥੇ ਟੱਕਰਨ ਦੀ ਆਪਣੀ ਹੱਡ ਬੀਤੀ ਮੈਨੂੰ ਕਦੇ ਨਹੀਂ ਭੁੱਲਦੀ|
ਤਕਰੀਬਨ ਤਿੰਨ ਦਹਾਕੇ ਪੁਰਾਣੀ ਘਟਨਾ ਹੈ| ਮੈਨੂੰ ਨਿਊਜ਼ੀਲੈਂਡ ਆਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਅਜੇ ਤਾਂ ਮੈਨੂੰ ਇਸ ਮੁਲਕ ਦੇ ਲੋਕਾਂ ਅਤੇ ਇੱਥੋਂ ਦੇ ਕੰਮਾਂ ਕਾਰਾਂ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਸੀ। ਚੜ੍ਹਦੀ ਜਵਾਨੀ ਵਿਚ ਜਦੋਂ ਬਹੁਤੇ ਨੌਜਵਾਨ ਆਪਣੇ ਮਾਂ ਪਿਓ ਦੀ ਕਮਾਈ ਤੇ ਹੀ ਐਸ਼ ਕਰਦੇ ਹੁੰਦੇ ਹਨ, ਉਸ ਵਕਤ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ ਆ ਗਿਆ ਸੀ| ਇੱਥੇ ਨਾ ਆਪਣਾ ਘਰ ਪਰਿਵਾਰ ਸੀ ਤੇ ਨਾ ਕੋਈ ਰਿਸ਼ਤੇਦਾਰ| ਇਸ ਮੁਲਕ ਦੀ ਬੋਲੀ ਤੋਂ ਵੀ ਅਣਜਾਣ ਸਾਂ| ਨਾ ਕੋਲ ਪੈਸਾ ਸੀ, ਨਾ ਵਰਕ ਪਰਮਿਟ| ਰੈਣ ਬਸੇਰੇ ਲਈ ਕਿਰਾਇਆ ਦੇਣ ਜੋਗੇ ਪੈਸੇ ਵੀ ਕੋਲ ਨਹੀਂ ਸਨ| ਵੀਜ਼ਾ ਨਾ ਹੋਣ ਕਰ ਕੇ ਅਜਿਹੇ ਹਾਲਾਤ ਵਿਚ ਰੋਟੀ ਪਾਣੀ ਦਾ ਵਸੀਲਾ ਕਰਨਾ ਅਤੇ ਇਮੀਗ੍ਰੇਸ਼ਨ ਤੋਂ ਬਚ ਕੇ ਰਹਿਣਾ ਕੋਈ ਸੌਖਾ ਕੰਮ ਨਹੀਂ ਸੀ। ਹਰ ਰਾਤ ਦੂਜੇ ਦਿਨ ਬਾਰੇ ਸੋਚਣਾ ਪੈਂਦਾ ਕਿ ਕੱਲ੍ਹ ਨੂੰ ਮੁਸੀਬਤ ਆਉਣ ਤੇ ਕਿਵੇਂ ਨਜਿੱਠਗਾ? ਫੋਨ ਨਹੀਂ ਹੁੰਦੇ ਸਨ, ਇਸ ਲਈ ਦਿਲ ਦਾ ਦਰਦ ਫਰੋਲਣ ਦਾ ਵੀ ਕੋਈ ਹੀਲਾ-ਵਸੀਲਾ ਨਹੀਂ ਸੀ|
ਉਨ੍ਹਾਂ ਦਿਨਾਂ ਵਿਚ ਕਈ ਕਈ ਮੁੰਡੇ ਗਰੁੱਪਾਂ ਵਿਚ ਇਕੱਠਾ ਕੰਮ ਕਰਦੇ ਹੁੰਦੇ ਸਨ। ਇੱਕ ਦਿਨ ਸਾਨੂੰ ਨਿਊਜ਼ੀਲੈਂਡ ਵਸਦੇ ਇੱਕ ਪੰਜਾਬੀ ਕਿਸਾਨ ਦੇ ਗੰਢਿਆਂ ਦੇ ਖੇਤ ਵਿਚ ਕੰਮ ਮਿਲਿਆ। ਸਾਡਾ ਬਾਰਾਂ ਕੁ ਜਣਿਆਂ ਦਾ ਗਰੁੱਪ ਸੀ। ਪੰਜਾਬੀ ਮਾਲਕ ਸਭ ਨੂੰ 6 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੇਣਾ ਮੰਨਿਆ| ਮੈਨੂੰ ਖੇਤ ਵਿਚ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਸੀ| ਸਾਰਾ ਦਿਨ ਕੰਮ ਕਰ ਕੇ ਸ਼ਾਮ ਨੂੰ ਘਰ ਪਰਤ ਆਏ। ਘਰ ਆ ਕੇ ਮੋਹਰੀ ਮੁੰਡੇ ਨੇ ਮੈਨੂੰ ਦੱਸਿਆ ਕਿ ਪੰਜਾਬੀ ਮਾਲਕ ਨੇ ਹੌਲੀ ਕੰਮ ਕਰਨ ਕਰ ਕੇ ਮੈਨੂੰ ਕੰਮ ਤੋਂ ਜੁਆਬ ਦੇ ਦਿੱਤਾ ਸੀ| ਕੰਮ ਖੁੱਸਣ ਕਰ ਕੇ ਉਸ ਦਿਨ ਤੋਂ ਮੈਂ ਫਿਰ ਬੇਰੁਜ਼ਗਾਰ ਹੋ ਗਿਆ। ਖੈਰ, ਇਧਰ ਉਧਰ ਭਟਕਦਿਆਂ ਮੈਨੂੰ ਕੀਵੀ ਫਰੂਟ ਦਾ ਕੰਮ ਮਿਲ ਗਿਆ| ਮਿਹਨਤ ਅਤੇ ਲਗਨ ਨਾਲ ਕਾਫ਼ੀ ਸਮਾਂ ਇਹੋ ਕੰਮ ਕਰਦਾ ਰਿਹਾ| ਸਿਖਦਾ, ਤਜਰਬੇ ਕਰਦਾ ਕੰਪਨੀ ਨੂੰ ਵੀ ਅੱਗੇ ਤੋਰਦਾ ਰਿਹਾ| ਔਕਲੈਂਡ ਦੀ ਉਹ ਕੰਪਨੀ ਇੱਕ ਦਿਨ ਸ਼ਹਿਰ ਦੀ ਕੀਵੀ ਫਰੂਟ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ| ਕੰਪਨੀ ਲਈ ਮੇਰੀ ਮਿਹਨਤ ਅਤੇ ਦੇਣ ਸਦਕਾ ਮੈਨੂੰ ਉਸ ਕੰਪਨੀ ਦਾ ਮੈਨੇਜਰ ਬਣਨ ਦਾ ਮੌਕਾ ਪ੍ਰਾਪਤ ਹੋਇਆ।
ਇਤਫ਼ਾਕ ਦੇਖੋ, ਮੈਨੂੰ ਆਪਣੇ ਗੰਢਿਆਂ ਵਾਲੇ ਖੇਤ ਵਿਚੋਂ ਕੰਮ ਤੋਂ ਜੁਆਬ ਦੇਣ ਵਾਲੇ ਪੰਜਾਬੀ ਕਿਸਾਨ ਨੇ ਕੀਵੀ ਫਰੂਟ ਦਾ ਬਾਗ ਲਗਾਉਣ ਦਾ ਮਨ ਬਣਾਇਆ। ਬਾਗ ਲਗਾਉਣ ਲਈ ਸਲਾਹ ਮਸ਼ਵਰੇ ਲਈ ਉਸ ਨੇ ਸਾਡੀ ਕੰਪਨੀ ਨਾਲ ਸੰਪਰਕ ਕੀਤਾ| ਅਗਾਂਹ ਕੰਪਨੀ ਦਾ ਮੈਨੇਜਰ ਮੈਂ ਸਾਂ। ਉਸ ਨੇ ਸਾਡੇ ਦਫ਼ਤਰ ਫੋਨ ਕਰ ਕੇ ਦਫ਼ਤਰ ਤੋਂ ਸਲਾਹ-ਮਸ਼ਵਰੇ ਲਈ ਬੁਕਿੰਗ ਕਰਵਾ ਲਈ। ਦਫ਼ਤਰ ਵਿਚ ਡਿਊਟੀ ਵਾਲੀ ਔਰਤ ਨੇ ਉਸ ਨੂੰ ਦੱਸ ਦਿੱਤਾ ਕਿ ਮੈਨੇਜਰ ਸਮੇਤ ਸਾਡੀ ਕੰਪਨੀ ਦੇ ਸਾਡੇ ਚਾਰ ਮਾਹਿਰ ਸ਼ਖ਼ਸ ਉਹਨੂੰ ਸਲਾਹ ਦੇਣ ਆਉਣਗੇ| ਤੈਨੂੰ ਸਲਾਹ-ਮਸ਼ਵਰੇ ਲਈ ਪ੍ਰਤੀ ਘੰਟਾ ਫੀਸ ਅਦਾ ਕਰਨੀ ਪਵੇਗੀ| ਉਹ ਪੰਜਾਬੀ ਕਿਸਾਨ ਸਹਿਮਤ ਹੋ ਗਿਆ।
ਮਿਥੇ ਦਿਨ ਉਤੇ ਅਸੀਂ ਚਾਰ ਜਣੇ ਕੰਪਨੀ ਦੀਆਂ ਗੱਡੀਆਂ ਵਿਚ ਉਸ ਪੰਜਾਬੀ ਕਿਸਾਨ ਦੇ ਖੇਤ ਚਲੇ ਗਏ| ਮੇਰੇ ਨਾਲ ਦੇ ਤਿੰਨ ਸਾਥੀ ਸਥਾਨਕ ਗੋਰੇ ਸਨ| ਕਿਸਾਨ ਨੇ ਪਹਿਲੀ ਨਜ਼ਰੇ ਹੀ ਮੈਨੂੰ ਪਛਾਣ ਲਿਆ| ਉਹ ਇਹ ਜਾਣ ਕਿ ਬੜਾ ਹੈਰਾਨ ਹੋਇਆ ਕਿ ਮੈਂ ਏਡੀ ਵੱਡੀ ਫਰੂਟ ਕੰਪਨੀ ਦਾ ਮੈਨੇਜਰ ਕਿੱਦਾਂ ਬਣ ਗਿਆ? ਮੈਨੂੰ ਕਹਿਣ ਲੱਗਾ, “ਬਈ ਬੜੀ ਤਰੱਕੀ ਕਰ ਗਿਐਂ?” ਮੇਰਾ ਜੁਆਬ ਸੀ, “ਅੰਕਲ ਜੀ, ਸਭ ਤੁਹਾਡੀ ਮਿਹਰਬਾਨੀ ਸਦਕਾ ਹੈ। ਜੇ ਤੁਸੀਂ ਮੈਨੂੰ ਕੰਮ ਤੋਂ ਜੁਆਬ ਨਾ ਦਿੰਦੇ ਤਾਂ ਮੈਨੂੰ ਮਿਹਨਤ, ਲਗਨ ਅਤੇ ਅੱਗੇ ਵਧਣ ਦੀ ਜਾਗ ਨਹੀਂ ਸੀ ਲੱਗਣੀ।” ਸ਼ਾਇਦ ਹੁਣ ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ| ਅਸੀਂ ਆਪਣਾ ਕੰਮ ਸ਼ੁਰੂ ਕੀਤਾ| ਹਰ ਦੋ ਘੰਟੇ ਬਾਅਦ ਅਸੀਂ ਕੌਫੀ ਵਾਸਤੇ ਰੁਕਦੇ| ਬਾਅਦ ਦੁਪਿਹਰ ਰੋਟੀ ਵਾਸਤੇ ਵੀ ਰੁਕੇ। ਉਸ ਦਿਨ ਦਾ ਸਾਰਾ ਖਰਚਾ ਵੀ ਪੰਜਾਬੀ ਕਿਸਾਨ ਸਿਰ ਹੀ ਸੀ| ਦਿਨ ਭਰ ਅਸੀਂ ਉਸ ਨੂੰ ਸਲਾਹ-ਮਸ਼ਵਰਾ ਹੀ ਦੇਣਾ ਸੀ| ਮਿੱਟੀ ਚੈੱਕ ਕਰ ਕੇ ਸਾਰੀ ਰਿਪੋਰਟ ਤਿਆਰ ਕਰਨੀ ਸੀ| ਇਸ ਕੰਮ ਲਈ ਮੈਨੇਜਰ ਵਜੋਂ ਮੇਰੀ ਫੀਸ 100 ਡਾਲਰ ਪ੍ਰਤੀ ਘੰਟਾ ਸੀ| ਗੱਡੀ ਦਾ ਅਤੇ ਖਾਣੇ ਦਾ ਖਰਚਾ ਵੱਖਰਾ ਜਿਹੜਾ ਪੰਜਾਬੀ ਮਾਲਕ ਨੂੰ ਹੀ ਅਦਾ ਕਰਨਾ ਪਿਆ|
ਮੈਨੂੰ ਕਈ ਸਾਲ ਪਹਿਲਾਂ ਗੁਜ਼ਰਿਆ ਉਹ ਦਿਨ ਯਾਦ ਆ ਰਿਹਾ ਸੀ, ਜਦ ਉਹ ਮੈਨੂੰ ਖੇਤ ਵਿਚ ਕੰਮ ਬਦਲੇ 6 ਡਾਲਰ ਪ੍ਰਤੀ ਘੰਟਾ ਦੇਣ ਤੋਂ ਵੀ ਜੁਆਬ ਦੇ ਗਿਆ ਸੀ ਪਰ ਅੱਜ 100 ਡਾਲਰ ਪ੍ਰਤੀ ਘੰਟਾ ਦੇਣ ਲਈ ਬੁਲਾ ਕੇ ਲਿਆਇਆ ਸੀ| ਸੋਚ ਰਿਹਾ ਸਾਂ, ਇਹ ਮਿਹਨਤ ਰੂਪੀ ਕਲਾ ਕਰ ਕੇ ਹੀ ਸੰਭਵ ਹੋਇਆ ਹੈ| ਸ਼ਾਮ ਨੂੰ ਤੁਰਨ ਲੱਗੇ ਤਾਂ ਪੰਜਾਬੀ ਕਿਸਾਨ ਕਹਿਣ ਲੱਗਾ, “ਆਪਾਂ ਇੱਕੋ ਮਿੱਟੀ ਦੇ ਜਾਏ ਹਾਂ| ਕਿਸੇ ਦਿਨ ਪਰਿਵਾਰ ਨੂੰ ਲੈ ਕੇ ਆਵੀਂ। ਆਪਾਂ ਮਿਲ ਬੈਠਾਂਗੇ|”
“ਕੰਪਨੀ ਦੇ ਬਹੁਤ ਰੁਝੇਵੇਂ ਨੇ ਅੰਕਲ ਜੀ, ਫਿਰ ਵੀ ਕੋਸ਼ਿਸ਼ ਕਰਾਂਗਾ|” ਇਹ ਆਖ ਮੈਂ ਆਪਣੇ ਸਾਥੀਆਂ ਨਾਲ ਵਾਪਸ ਮੁੜ ਆਇਆ| ਕੰਪਨੀ ਦੀ ਗੱਡੀ ਵਿਚ ਬੈਠਿਆਂ ਮਿਹਨਤ ਦੀ ਪੌੜੀ ਨਾਲ ਜ਼ਿੰਦਗੀ ਵਿਚ ਹਾਸਲ ਸਥਾਨ ਮਨ ਮਸਤਕ ਨੂੰ ਸ਼ਰਸਾਰ ਕਰ ਰਿਹਾ ਸੀ|
ਸੰਪਰਕ: avtar31@hotmail.com