DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਹ ’ਚ ਹੀ ਵਿਸਰਿਆ ਗਿਆਨ

ਕਈ ਸਾਲ ਪੁਰਾਣੀ ਗੱਲ ਹੈ। ਗਰਮੀਆਂ ਦੇ ਦਿਨ ਸਨ, ਹਵਾ ਵਿੱਚ ਹਲਕੀ ਗਰਮੀ ਅਤੇ ਪਿੰਡੇ ’ਤੇ ਥਕਾਵਟ ਦਾ ਅਹਿਸਾਸ ਸੀ। ਮੈਂ ਹੁਸ਼ਿਆਰਪੁਰ ਦੇ ਆਪਣੇ ਕੁਝ ਸਾਥੀਆਂ ਨਾਲ ਲੁਧਿਆਣਾ ਵਿੱਚ ਇੱਕ ਸੈਮੀਨਾਰ ’ਚ ਸ਼ਾਮਿਲ ਹੋ ਕੇ ਪਰਤ ਰਿਹਾ ਸੀ। ਇਹ ਸੈਮੀਨਾਰ...

  • fb
  • twitter
  • whatsapp
  • whatsapp
Advertisement

ਕਈ ਸਾਲ ਪੁਰਾਣੀ ਗੱਲ ਹੈ। ਗਰਮੀਆਂ ਦੇ ਦਿਨ ਸਨ, ਹਵਾ ਵਿੱਚ ਹਲਕੀ ਗਰਮੀ ਅਤੇ ਪਿੰਡੇ ’ਤੇ ਥਕਾਵਟ ਦਾ ਅਹਿਸਾਸ ਸੀ। ਮੈਂ ਹੁਸ਼ਿਆਰਪੁਰ ਦੇ ਆਪਣੇ ਕੁਝ ਸਾਥੀਆਂ ਨਾਲ ਲੁਧਿਆਣਾ ਵਿੱਚ ਇੱਕ ਸੈਮੀਨਾਰ ’ਚ ਸ਼ਾਮਿਲ ਹੋ ਕੇ ਪਰਤ ਰਿਹਾ ਸੀ। ਇਹ ਸੈਮੀਨਾਰ ਪੰਜਾਬੀ ਭਵਨ ਵਿਖੇ ਹੋਇਆ ਸੀ, ਜਿਸ ਦਾ ਮੁੱਖ ਵਿਸ਼ਾ ‘ਫਾਸ਼ੀਵਾਦ’ ਸੀ। ਦਿੱਲੀ ਤੋਂ ਆਏ ਵਿਦਵਾਨ ਪ੍ਰੋਫੈਸਰਾਂ ਨੇ ਲੋਕਤੰਤਰ, ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਬਹੁਤ ਹੀ ਗੰਭੀਰ ਤੇ ਡੂੰਘੇ ਵਿਚਾਰ ਸਾਂਝੇ ਕੀਤੇ। ਉਸ ਵੇਲੇ ਸਾਰੇ ਸਾਥੀ ਇਨ੍ਹਾਂ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਨਜ਼ਰ ਆ ਰਹੇ ਸਨ। ਮੈਂ ਤਾਂ ਮੋਟਰਸਾਈਕਲ ’ਤੇ ਗਿਆ ਸੀ, ਪਰ ਵਾਪਸੀ ਦੇ ਸਫ਼ਰ ਦੌਰਾਨ ਗੱਡੀ ਦਾ ਮਾਹੌਲ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਗਿਆ। ਸਾਥੀਆਂ ਨੇ ਆਪਣੀ ਪਹਿਲਾਂ ਤੋਂ ਮਿਥੀ ਯੋਜਨਾ ਮੁਤਾਬਿਕ ਸੜਕ ਕਿਨਾਰੇ ਇੱਕ ਥਾਂ ਗੱਡੀ ਰੁਕਵਾ ਲਈ। ਉਹ ਇੱਕ ਸਾਧਾਰਨ ਜਿਹਾ ਪੇਂਡੂ ਢਾਬਾ ਸੀ, ਮਿੱਟੀ ਦੀ ਮਹਿਕ, ਮੇਜ਼ਾਂ ’ਤੇ ਜੰਮੀ ਧੂੜ ਅਤੇ ਆਲੇ-ਦੁਆਲੇ ਚੱਲਦੀ ਲੂ ਦੇ ਪੱਛੇ। ਗੱਡੀ ਰੁਕਦਿਆਂ ਹੀ ਸਾਥੀਆਂ ਨੇ ਆਪਣੀਆਂ ਕਿੱਟਾਂ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਕੱਢ ਲਈਆਂ ਅਤੇ ਮੇਜ਼ ਦੁਆਲੇ ਜੁੜ ਕੇ ਬੈਠ ਗਏ। ਮੈਂ ਹਮੇਸ਼ਾ ਵਾਂਗ ਸਾਦੇ ਪਾਣੀ ਦਾ ਗਲਾਸ ਲਿਆ ਅਤੇ ਇੱਕ ਪਾਸੇ ਕੁਰਸੀ ’ਤੇ ਬੈਠ ਗਿਆ। ਉਨ੍ਹਾਂ ਨੇ ਇੱਕ ਗਲਾਸ ਮੇਰੇ ਮੂਹਰੇ ਵੀ ਸਰਕਾਇਆ ਪਰ ਮੈਂ ਨਿਮਰਤਾ ਨਾਲ ਨਾਂਹ ਕਰਦਿਆਂ ਕਰ ਦਿੱਤੀ।

ਸ਼ੁਰੂਆਤ ਹਾਸੇ-ਮਜ਼ਾਕ ਅਤੇ ਹਲਕੀਆਂ-ਫੁਲਕੀਆਂ ਗੱਲਾਂ ਨਾਲ ਹੋਈ, ਪਰ ਜਿਉਂ-ਜਿਉਂ ਪੈੱਗ ਅੰਦਰ ਲੰਘਦੇ ਗਏ, ਗੱਲਾਂ ਦਾ ਰੁਖ਼ ਅਤੇ ਲਹਿਜਾ ਬਦਲਦਾ ਗਿਆ। ਕੁਝ ਹੀ ਦੇਰ ਵਿੱਚ ਹਰ ਕੋਈ ਖ਼ੁਦ ਨੂੰ ਵੱਡਾ ਫਿਲਾਸਫ਼ਰ ਸਮਝਣ ਲੱਗ ਪਿਆ। ਸਮਾਜ, ਸਿਸਟਮ ਅਤੇ ਇਨਸਾਫ਼ ਵਰਗੇ ਵੱਡੇ-ਵੱਡੀਆਂ ਦਾਅਵਿਆਂ ਦੇ ਓਹਲੇ ਅੰਦਰਲਾ ਗ਼ੁਬਾਰ ਕਾਬੂ ਤੋਂ ਬਾਹਰ ਹੋ ਰਿਹਾ ਸੀ। ਇਸੇ ਦੌਰਾਨ ਸਾਡੀ ਗੱਡੀ ਦਾ ਡਰਾਈਵਰ ਉੱਥੇ ਆ ਗਿਆ। ਉਹ ਇੱਕ ਸਾਧਾਰਨ ਜਿਹਾ ਇਨਸਾਨ ਸੀ, ਜਿਸ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਸਨ। ਉਸ ਨੇ ਬੇਨਤੀ ਨਾਲ ਕਿਹਾ, “ਸਰ ਜੀ, ਕਿਰਪਾ ਕਰਕੇ ਥੋੜ੍ਹਾ ਜਲਦੀ ਕਰ ਲਓ, ਮੈਂ ਅੱਗੇ ਇੱਕ ਹੋਰ ਸਵਾਰੀ ਚੁੱਕਣੀ ਹੈ।”

Advertisement

ਉਨ੍ਹਾਂ ਨੇ ਉਸ ਦੀ ਮਜਬੂਰੀ ਸਮਝਣ ਦੀ ਬਜਾਏ ਉਸ ’ਤੇ ਰੋਹਬ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਬੋਲ ਤਿੱਖੇ ਤੇ ਹੰਕਾਰੀ ਹੋ ਗਏ, “ਓਏ, ਅਸੀਂ ਤੈਨੂੰ ਪੈਸੇ ਦਿੱਤੇ ਨੇ, ਜਿੱਥੇ ਅਸੀਂ ਕਹਾਂਗੇ, ਉੱਥੇ ਹੀ ਖੜ੍ਹਨਾ ਪਵੇਗਾ, ਹਿੱਲ ਕੇ ਤਾਂ ਵਿਖਾ!” ਗੱਲ ਮਾਮੂਲੀ ਬਹਿਸ ਤੋਂ ਵਧਦੀ ਹੋਈ ਤਲਖ਼ਕਲਾਮੀ ਤੱਕ ਜਾ ਪਹੁੰਚੀ। ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਸੀ। ਇਹ ਦੇਖ ਕੇ ਮੇਰੇ ਮਨ ਨੂੰ ਜ਼ੋਰਦਾਰ ਝਟਕਾ ਲੱਗਿਆ, ਇਹ ਉਹੀ ਲੋਕ ਸਨ ਜੋ ਕੁਝ ਘੰਟੇ ਪਹਿਲਾਂ ਫ਼ਾਸ਼ੀਵਾਦ ਖ਼ਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਹੁੰਗਾਰਾ ਭਰ ਰਹੇ ਸਨ, ਪਰ ਹੁਣ ਖ਼ੁਦ ਇੱਕ ਨਿਮਾਣੇ ਕਿਰਤੀ ਨੂੰ ਆਪਣੀ ਤਾਕਤ ਦਿਖਾ ਰਹੇ ਸਨ। ਮੈਂ ਹੋਰ ਚੁੱਪ ਨਾ ਰਹਿ ਸਕਿਆ ਅਤੇ ਤੁਰੰਤ ਦੋਵਾਂ ਦੇ ਵਿਚਾਲੇ ਆ ਕੇ ਖੜ੍ਹ ਗਿਆ। ਮੈਂ ਧੀਮੇ, ਪਰ ਠੋਸ ਲਹਿਜੇ ਵਿੱਚ ਪੁੱਛਿਆ, “ਇੱਕ ਗੱਲ ਦੱਸੋ, ਅਸੀਂ ਹੁਣੇ ਕਿੱਥੋਂ ਆ ਰਹੇ ਹਾਂ?” ਉਨ੍ਹਾਂ ਖਿਝ ਕੇ ਜਵਾਬ ਦਿੱਤਾ, “ਲੁਧਿਆਣੇ ਤੋਂ, ਸੈਮੀਨਾਰ ਵਿੱਚੋਂ।” ਮੈਂ ਬੜੀ ਸੰਜੀਦਗੀ ਨਾਲ ਆਖਿਆ, “ਸੈਮੀਨਾਰ ਫ਼ਾਸ਼ੀਵਾਦ ’ਤੇ ਸੀ, ਪਰ ਅਫ਼ਸੋਸ ਕਿ ਅਸੀਂ ਉੱਥੋਂ ਕੁਝ ਵੀ ਨਹੀਂ ਸਿੱਖਿਆ। ਅੱਜ ਅਸੀਂ ਖ਼ੁਦ ਉਹੀ ਕੁਝ ਕਰ ਰਹੇ ਹਾਂ, ਜਿਸ ਮਾਨਸਿਕਤਾ ਦਾ ਵਿਰੋਧ ਕਰਨ ਅਸੀਂ ਉੱਥੇ ਗਏ ਸੀ।”

Advertisement

ਮੇਰੀ ਗੱਲ ਸੁਣਦਿਆਂ ਹੀ ਉੱਥੇ ਕੁਝ ਪਲਾਂ ਲਈ ਗੂੜ੍ਹੀ ਚੁੱਪ ਪੱਸਰ ਗਈ। ਹਵਾ ਵਿੱਚ ਇੱਕ ਅਜੀਬ ਜਿਹਾ ਸੰਕੋਚ ਅਤੇ ਨਮੋਸ਼ੀ ਘੁਲ ਗਈ। ਸੱਚੀ ਗੱਲ ਸਿੱਧੀ ਕਾਲਜੇ ਵੱਜ ਗਈ ਸੀ। ਹੌਲੀ-ਹੌਲੀ ਮਹਿਫ਼ਿਲ ਦਾ ਰੌਂਅ ਬਦਲਣ ਲੱਗਾ ਅਤੇ ਹੰਕਾਰ ਦੀ ਜਗ੍ਹਾ ਸ਼ਰਮ ਨੇ ਲੈ ਲਈ। ਉਨ੍ਹਾਂ ਨੇ ਤੁਰੰਤ ਡਰਾਈਵਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਭਰਾਵਾ, ਸਾਨੂੰ ਮੁਆਫ਼ ਕਰ ਦੇ, ਸਾਡੇ ਤੋਂ ਸੱਚਮੁੱਚ ਵੱਡੀ ਭੁੱਲ ਹੋ ਗਈ।” ਇਸੇ ਦੌਰਾਨ ਕੁਝ ਸਾਥੀ ਮੇਰੇ ਵੱਲ ਵਧੇ ਅਤੇ ਹੱਥ ਜੋੜ ਕੇ ਕਹਿਣ ਲੱਗੇ, “ਯਾਰ ਇਸ ਘਟਨਾ ਨੂੰ ਅਗਾਂਹ ਕਿਤੇ ਕਹਾਣੀ ਨਾ ਬਣਾ ਦੇਵੀਂ, ਅਸੀਂ ਅੰਦਰੋਂ ਬਹੁਤ ਸ਼ਰਮਿੰਦੇ ਹਾਂ।” ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਰਾ ਸਾਮਾਨ ਸਮੇਟਿਆ ਅਤੇ ਗੱਡੀ ਵਿੱਚ ਜਾ ਬੈਠੇ। ਮੈਂ ਆਪਣੇ ਮੋਟਰਸਾਈਕਲ ਕੋਲ ਖੜ੍ਹਾ ਉਨ੍ਹਾਂ ਨੂੰ ਰਵਾਨਾ ਹੁੰਦਿਆਂ ਦੇਖ ਰਿਹਾ ਸੀ। ਗੱਡੀ ਦੀਆਂ ਖਿੜਕੀਆਂ ਵਿੱਚੋਂ ਹੱਥ ਬਾਹਰ ਕੱਢ ਕੇ ਉਹ ਅਜੇ ਵੀ ਉੱਚੀ ਆਵਾਜ਼ ਵਿੱਚ ਕਹਿ ਰਹੇ ਸਨ, “ਸਾਨੂੰ ਮਾਫ਼ ਕਰ ਦੇਵੀਂ।” ਉਸ ਦਿਨ ਮੈਂ ਇੱਕ ਗੱਲ ਜ਼ਰੂਰ ਸਿੱਖੀ ਕਿ ਗਿਆਨ ਸਿਰਫ਼ ਸੁਣਨ ਨਾਲ ਸਾਰਥਿਕ ਨਹੀਂ ਹੁੰਦਾ, ਉਸ ਨੂੰ ਅਮਲ ਵਿੱਚ ਲਿਆਉਣਾ ਹੀ ਅਸਲ ਸਿੱਖਿਆ ਹੈ।

ਸੰਪਰਕ: 95015-75511

Advertisement
×