ਜੂਨੀਅਰ ਹਾਕੀ ਸੰਸਾਰ ਕੱਪ ਅਤੇ ਬਾਗੜੀਆਂ ਦਾ ਮਨਿੰਦਰ ਸਿੰਘ

ਜੂਨੀਅਰ ਹਾਕੀ ਸੰਸਾਰ ਕੱਪ ਅਤੇ ਬਾਗੜੀਆਂ ਦਾ ਮਨਿੰਦਰ ਸਿੰਘ

ਬਰਿੰਦਰ ਸਿੰਘ

ਬਰਿੰਦਰ ਸਿੰਘ

ਟੋਕਿਓ ਓਲੰਪਿਕ 2021 ਵਿਚ ਕਾਂਸੀ ਤਗਮਾ ਜਿੱਤਣ ਮਗਰੋਂ ਭਾਰਤੀ ਹਾਕੀ ਟੀਮ ਤੋਂ ਲੋਕਾਂ ਨੂੰ ਨਵੀਆਂ ਉਮੀਦਾਂ ਜਾਗੀਆਂ ਹਨ। ਤਗਮੇ ਮਗਰੋਂ ਜਿੱਥੇ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ, ਉੱਥੇ ਹੀ ਟੀਮ ਦੇ ਦਰਜੇ ਨੂੰ ਉੱਪਰ ਚੁੱਕਣ ਲਈ ਵੱਡੀਆਂ ਜਿ਼ੰਮੇਵਾਰੀਆਂ ਵੀ ਮੋਢਿਆਂ ਤੇ ਆ ਗਈਆਂ ਹਨ। ਓਲੰਪਿਕ ਮਗਰੋਂ ਕੌਮਾਂਤਰੀ ਸਮਸਾਰ ਜੂਨੀਅਰ ਹਾਕੀ ਕੱਪ ਲਈ ਹੁਣ ਭਾਰਤੀ ਟੀਮ ਦਾ ਛੋਟਾ ਵਰਗ ਵੱਡਿਆਂ ਦੀ ਜਿੱਤ ਦੀ ਤੋਰੀ ਰੀਤ ਨੂੰ ਬਰਕਰਾਰ ਰੱਖਣ ਲਈ ਚੁਣੌਤੀਆਂ ਭਰੇ ਇਮਤਿਹਾਨ ਵਿਚ ਖਰਾ ਉਤਰਨ ਲਈ ਤਿਆਰ ਹੈ। ਭਾਰਤੀ ਟੀਮ ਤੇ ਇਸ ਵਾਰ ਦੁੱਗਣਾ ਦਬਾਅ ਹੋਵੇਗਾ; ਜਿੱਥੇ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਕੇ ਫਾਈਨਲ ਵਿਚ ਜਗ੍ਹਾ ਬਣਾਉਣੀ ਪਵੇਗੀ, ਉੱਥੇ ਘਰ ਵਿਚ ਪਏ ਸੰਸਾਰ ਜੂਨੀਅਰ ਕੱਪ ਦੇ ਖਿਤਾਬ ਨੂੰ ਵੀ ਬਚਾਉਣਾ ਪਵੇਗਾ। ਇੱਥੇ ਦੱਸ ਦੇਈਏ ਕਿ ਪਿਛਲੇ ਜੂਨੀਅਰ ਸੰਸਾਰ ਕੱਪ ਦਾ ਖਿਤਾਬ ਭਾਰਤੀ ਟੀਮ ਦੇ ਨਾਮ ਹੈ, ਇਸ ਚੈਂਪੀਅਨ ਟੀਮ ਦੀ ਕਪਤਾਨੀ ਹਰਜੀਤ ਸਿੰਘ ਨੇ ਕੀਤੀ ਸੀ।

ਇਸ ਵਾਰ ਜੂਨੀਅਰ ਹਾਕੀ ਸੰਸਾਰ ਕੱਪ ਦਾ ਅਖਾੜਾ ਭੁਵਨੇਸ਼ਵਰ ਵਿਚ 24 ਨਵੰਬਰ ਤੋਂ ਮਘ ਰਿਹਾ ਹੈ। ਮੁਲਕ ਦੇ ਵੱਖ ਵੱਖ ਖੇਤਰਾਂ ਵਿਚੋਂ ਚੋਟੀ ਦੇ ਖਿਡਾਰੀ ਪੁਣ ਲਏ ਗਏ ਹਨ। 2017 ਤੋਂ ਚੱਲ ਰਹੇ ਇੰਡੀਆ ਕੈਂਪ ਵਿਚ ਦਾਖਲ ਮੁਲਕ ਭਰ ਦੇ ਚੋਣਵੇਂ ਖਿਡਾਰੀਆਂ ਵਿਚੋਂ ਭਾਰਤੀ ਜੂਨੀਅਰ ਹਾਕੀ ਟੀਮ ਦੇ 18 ਮੈਂਬਰਾਂ ਦੀ ਛਾਂਟੀ ਹੋ ਚੁੱਕੀ ਹੈ। ਬੰਗਲੁਰੂ ਵਿਚ ਲੱਗੇ ਕੌਮੀ ਕੈਂਪ ਵਿਚ ਖਿਡਾਰੀਆਂ ਦੀ ਅਗਨੀ ਪ੍ਰੀਖਿਆ ਮਗਰੋਂ ਟੀਮ ਭੁਵਨੇਸ਼ਵਰ ਪੁੱਜ ਚੁੱਕੀ ਹੈ। ਜੂਨੀਅਰ ਟੀਮ ਦੀ ਕਮਾਨ ਟੋਕੀਓ ਓਲੰਪਿਕ ਵਿਚ ਕਾਂਸੀ ਤਗਮਾ ਜੇਤੂ ਟੀਮ ਦਾ ਹਿੱਸਾ ਰਹੇ ਵਿਵੇਕ ਸਾਗਰ ਪ੍ਰਸਾਦ ਦੇ ਹੱਥ ਹੈ। ਜੇ ਪੰਜਾਬ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਪਿਛਲੀ ਟੀਮ ਵਿਚ 10 ਖਿਡਾਰੀ ਪੰਜਾਬੀ ਸਨ ਅਤੇ ਐਤਕੀਂ ਦੇ ਮੁਕਾਬਲੇ ਸਿਰਫ਼ ਦੋ ਪੰਜਾਬੀ ਖਿਡਾਰੀ ਹੀ ਕੌਮੀ ਟੀਮ ਵਿਚ ਥਾਂ ਬਣਾ ਸਕੇ ਹਨ ਜਿਨ੍ਹਾਂ ਵਿਚ ਮਨਿੰਦਰ ਸਿੰਘ ਤੇ ਰਾਏਜੀਤ ਸਿੰਘ ਸ਼ਾਮਲ ਹਨ।

ਇਸ ਟੀਮ ਵਿਚ ਮਨਿੰਦਰ ਸਿੰਘ ਦਾ ਚੁਣਿਆ ਜਾਣਾ ਜਿੱਥੇ ਉਸ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ, ਇਸ ਦੇ ਨਾਲ ਹੀ ਮਾਲਵੇ ਖੇਤਰ ਤੇ ਛੋਟੇ ਪਿੰਡਾਂ-ਕਸਬਿਆਂ ਦੇ ਖਿਡਾਰੀਆਂ ਲਈ ਵੀ ਬਹੁਤ ਅਹਿਮ ਹੈ। ਮਨਿੰਦਰ ਪਿੰਡ ਬਾਗੜੀਆਂ ਦਾ ਰਹਿਣ ਵਾਲਾ ਹੈ। ਇਹ ਪਿੰਡ ਪਹਿਲਾਂ ਜਿ਼ਲ੍ਹਾ ਸੰਗਰੂਰ ਤੇ ਹੁਣ ਨਵੇਂ ਬਣੇ ਜਿ਼ਲ੍ਹੇ ਮਾਲੇਰਕੋਟਲਾ ਚ ਪੈਂਦਾ ਹੈ। ਇਸ ਇਲਾਕੇ ਦਾ ਨਾਮ ਸੰਸਾਰ ਪੱਧਰ ਤੇ ਚਮਕਾਉਣ ਵਾਲਾ ਮਨਿੰਦਰ ਪਹਿਲਾ ਕੌਮਾਂਤਰੀ ਹਾਕੀ ਖਿਡਾਰੀ ਹੈ ਅਤੇ ਭਾਰਤੀ ਹਾਕੀ ਟੀਮ ਵਿਚ ਮਾਲਵੇ ਦਾ ਇਕਲੌਤਾ ਖਿਡਾਰੀ ਹੈ ਜਿਸ ਨੂੰ ਆਪਣੀ ਸਖ਼ਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ। ਮਨਿੰਦਰ ਦਾ ਜਨਮ 4 ਫਰਵਰੀ 2001 ਨੂੰ ਹਰਕੀਰਤ ਸਿੰਘ ਅਤੇ ਜਸਮੀਤ ਕੌਰ ਦੇ ਘਰ ਹੋਇਆ। ਉਨ੍ਹਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮਨਿੰਦਰ ਦੇ ਹੱਥਾਂ ਵਿਚ ਪੜ੍ਹਾਈ ਵਾਲੇ ਕੈਦਿਆਂ ਦੀ ਥਾਂ ਕਦੇ ਹਾਕੀ ਹੋਵੇਗੀ। ਦਰਅਸਲ, ਹਾਕੀ ਦੀ ਚੇਟਕ ਉਸ ਨੂੰ ਆਪਣੇ ਵੱਡੇ ਭਰਾ ਰਵਿੰਦਰ ਰਵੀ ਤੋਂ ਲੱਗੀ ਜੋ ਖ਼ੁਦ ਹਾਕੀ ਖਿਡਾਰੀ ਰਿਹਾ ਹੈ। ਰਵਿੰਦਰ ਮੁਹਾਲੀ ਹਾਕੀ ਅਕੈਡਮੀ ਦਾ ਹਿੱਸਾ ਰਹਿ ਚੁੱਕਾ ਹੈ। ਮਨਿੰਦਰ ਮੁਤਾਬਿਕ ਜਦੋਂ ਰਵੀ ਹੋਸਟਲ ਤੋਂ ਘਰ ਆਉਂਦਾ ਸੀ ਤਾਂ ਉਸ ਨੂੰ ਹਾਕੀ ਫੜਨੀ ਸਿਖਾਉਂਦਾ ਤੇ ਖੇਡ ਦੇ ਗੁਰ ਦੱਸਦਾ ਹੁੰਦਾ ਸੀ। ਮਨਿੰਦਰ ਅੱਜ ਉਸ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਆਪਣੇ ਵੱਡੇ ਭਰਾ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਜਿਸ ਨੇ ਉਸ ਨੂੰ ਸਹੀ ਰਾਹ ਪਾਇਆ। 2011 ਵਿਚ ਮਨਿੰਦਰ ਨੇ ਹਾਕੀ ਅਕੈਡਮੀ ਸੈਕਟਰ-42 ਚੰਡੀਗੜ੍ਹ ਦੇ ਟਰਾਇਲ ਦਿੱਤੇ ਜਿੱਥੇ ਉਸ ਨੇ ਖੇਡ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਟਰਾਇਲਾਂ ਦੌਰਾਨ ਉੱਥੋਂ ਦੇ ਕੋਚ ਗੁਰਵਿੰਦਰ ਸਿੰਘ ਦੀ ਸਵੱਲੀ ਨਜ਼ਰ ਮਨਿੰਦਰ ਸਿੰਘ ਤੇ ਪਈ ਜਿਨ੍ਹਾਂ ਨੇ ਤੁਰੰਤ ਉਸ ਦੀ ਚੋਣ ਕਰ ਲਈ।

ਅਕੈਡਮੀ ਵਿਚ ਜਿੱਥੇ ਕੋਚ ਗੁਰਵਿੰਦਰ ਸਿੰਘ ਨੇ ਇਸ ਖਿਡਾਰੀ ਨੂੰ ਆਪਣੀ ਮਿਹਨਤ ਲਾ ਕੇ ਚਮਕਾਇਆ, ਉੱਥੇ ਹੀ ਕੋਚਿੰਗ ਦੇ ਸਖ਼ਤ ਇਮਤਿਹਾਨਾਂ ਵਿਚੋਂ ਨਿਕਲਦਿਆਂ ਮਨਿੰਦਰ ਨੇ ਆਪਣੀ ਖੇਡ ਦੀ ਧਾਰ ਤਿੱਖੀ ਕੀਤੀ। ਕੋਚ ਗੁਰਵਿੰਦਰ ਸਿੰਘ ਮੁਤਾਬਿਕ 10 ਸਾਲ ਦੀ ਉਮਰ ਤੋਂ ਮਨਿੰਦਰ ਉਨ੍ਹਾਂ ਕੋਲੋਂ ਕੋਚਿੰਗ ਲੈ ਰਿਹਾ ਹੈ ਜੋ ਹੁਣ ਤੱਕ ਕੌਮੀ ਪੱਧਰ ਦੇ ਤਕਰੀਬਨ 20 ਸਬ-ਜੂਨੀਅਰ, ਜੂਨੀਅਰ ਮੁਕਾਬਲੇ ਖੇਡ ਚੁੱਕਾ ਹੈ ਅਤੇ ਕਰੀਬ 10-12 ਤਗਮੇ ਟੀਮ ਦੀ ਝੋਲੀ ਵਿਚ ਪਾ ਚੁੱਕਾ ਹੈ। ਇਨ੍ਹਾਂ ਟੂਰਨਾਮੈਂਟਾਂ ਵਿਚ ਮਨਿੰਦਰ ਕਈ ਵਾਰ ਬੈਸਟ ਸਕੋਰਰ ਚੁਣਿਆ ਗਿਆ। ਉਸ ਦਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਸਕੂਲਜ਼ ਏਸ਼ੀਅਨ ਗੇਮਜ਼-2017 ਸੀ। ਇਸ ਟੂਰਨਾਮੈਂਟ ਵਿਚ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਮਨਿੰਦਰ ਨੂੰ ਸਰਵੋਤਮ ਫਾਰਵਰਡ ਦਾ ਖਿ਼ਤਾਬ ਦਿੱਤਾ ਗਿਆ। ਇਸ ਪ੍ਰਾਪਤੀ ਮਗਰੋਂ ਇਸ ਖਿਡਾਰੀ ਨੇ ਵਾਹਾਵਾਹੀ ਖੱਟੀ ਤੇ ਇਸ ਦੀ ਚਰਚਾ ਵੱਡੇ ਪੱਧਰ ਤੇ ਹੋਈ। ਇਸ ਤੋਂ ਬਾਅਦ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਹਾਕੀ ਨੂੰ ਹੀ ਆਪਣੀ ਜਿ਼ੰਦਗੀ ਦਾ ਮਕਸਦ ਬਣਾ ਲਿਆ। ਯੂਥ ਓਲੰਪਿਕਸ ਖੇਡਾਂ ਦਾ ਹਿੱਸਾ ਬਣਨਾ ਹਰ ਖਿਡਾਰੀ ਦਾ ਸੁਫ਼ਨਾ ਹੁੰਦਾ ਤੇ ਮਨਿੰਦਰ ਨੇ ਵੀ ਆਪਣਾ ਇਹ ਸੁਫ਼ਨਾ 2018 ਵਿਚ ਯੂਥ ਓਲੰਪਿਕਸ ਖੇਡ ਕੇ ਪੂਰਾ ਕੀਤਾ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਵਿਚ ਮਨਿੰਦਰ ਪੰਜਾਬ ਦਾ ਇਕਲੌਤਾ ਖਿਡਾਰੀ ਸੀ ਜਿਸ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ ਤੇ ਹੋਰ ਪੱਕੇ ਪੈਰੀਂ ਹੋ ਕੇ ਹਾਕੀ ਦੇ ਮੈਦਾਨ ਵਿਚ ਧਾਕ ਜਮਾਉਂਦਾ ਗਿਆ। 2019 ਵਿਚ ਮਲੇਸ਼ੀਆ ਵਿਚ ਹੋਏ ਸੁਲਤਾਨ ਜੋਹਰ ਕੱਪ ਵਿਚ ਵੀ ਮਨਿੰਦਰ ਵਧੀਆ ਸਟਰਾਈਕਰ ਵਜੋਂ ਉਭਰ ਕੇ ਸਾਹਮਣੇ ਆਇਆ ਜਿਸ ਨੇ ਭਾਰਤੀ ਟੀਮ ਨੂੰ ਚਾਂਦੀ ਦਾ ਤਗਮਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਸੰਸਾਰ ਕੱਪ ਸਭ ਤੋਂ ਵੱਡਾ ਟੂਰਨਾਮੈਂਟ ਹੈ ਜਿੱਥੇ 16 ਮੁਲਕਾਂ ਦੀਆਂ ਟੀਮਾਂ ਆਪਣੀ ਪੂਰੀ ਤਿਆਰੀ ਨਾਲ ਆਈਆਂ ਹਨ। ਭਾਰਤੀ ਟੀਮ ਪੂਰੀ ਰਣਨੀਤੀ ਨਾਲ ਮੈਦਾਨ ਵਿਚ ਉਤਰਨ ਲਈ ਤਿਆਰ ਹੈ। ਭਾਰਤੀ ਟੀਮ ਮੁੱਖ ਕੋਚ ਗ੍ਰਾਹਮ ਰੀਡ ਤੇ ਸਹਾਇਕ ਕੋਚ ਬੀਜੇ ਕਰਿਅੱਪਾ ਦੀ ਅਗਵਾਈ ਵਿਚ ਖੇਡੇਗੀ। ਇਹ ਟੀਮ 2017 ਤੋਂ ਕਰਿਅੱਪਾ ਦੀ ਨਿਗਰਾਨੀ ਹੇਠ ਅਭਿਆਸ ਕਰ ਰਹੀ ਹੈ। ਜੂਨੀਅਰ ਸੰਸਾਰ ਕੱਪ ਮਗਰੋਂ ਮਨਿੰਦਰ ਸਿੰਘ ਦਾ ਅਗਲਾ ਟੀਚਾ ਸੀਨੀਅਰ ਟੀਮ ਵਿਚ ਸ਼ਾਮਲ ਹੋਣਾ ਅਤੇ ਓਲੰਪਿਕ ਵਿਚ ਸੋਨ ਤਗਮਾ ਜਿੱਤਣਾ ਹੈ।
ਸੰਪਰਕ: 97797-37347

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All