ਉਦੋਂ ਮੈਂ ਪੰਜਵੀਂ ਛੇਵੀਂ ਵਿਚ ਪੜ੍ਹਦਾ ਹੋਵਾਂਗਾ, ਮੈਨੂੰ ਚੰਗੀ ਤਰ੍ਹਾਂ ਚੇਤੇ ਹੈ, ਮੇਰੇ ਪਿੰਡ ਹਰ ਸਾਲ ਨਾਟਕ ਮੰਡਲੀਆਂ ਨਾਟਕ ਖੇਡਣ ਆਉਂਦੀਆਂ ਸਨ। ਕਦੇ ਗੁਰਸ਼ਰਨ ਭਾਅ ਜੀ ਦੀ ਟੀਮ, ਕਦੇ ਲੋਹੀਆਂ ਨਾਟਕ ਕਲਾ ਕੇਂਦਰ ਵਾਲੇ ਅਤੇ ਕਦੇ ਕੋਈ ਹੋਰ ਸਾਡੇ ਪਿੰਡ ਚੱਕਰ ਲਾ ਜਾਂਦੇ। ਮੇਰੇ ਪਿੰਡ ਵਾਲਿਆਂ ਨੂੰ ਨਾਟਕ ਦੇਖਣ ਦੀ ਚੇਟਕ ਸੀ, ਲਾਗਲੇ ਪਿੰਡਾਂ ਦੇ ਲੋਕ ਵੀ ਕਨਸੋਅ ਰੱਖਦੇ ਅਤੇ ਨਾਟਕ ਦੇਖਣ ਹੁੰਮ-ਹੁਮਾ ਕੇ ਪਹੁੰਚਦੇ।
ਇਕ ਵਾਰ ਪਿੰਡ ਦੇ ਉੱਤਰ ਵਾਲੇ ਪਾਸੇ ਢਾਬ ਦੇ ਕੰਢੇ ਖੁੱਲ੍ਹੀ ਹਵੇਲੀ ਵਿਚ ਨਾਟਕ ਖੇਡੇ ਗਏ। ਮੇਰੇ ਪਿੰਡ ਦਾ ਨੌਜਵਾਨ ਜੈਮਲ ਪੱਡਾ ਉਨ੍ਹੀਂ ਦਿਨੀਂ ਨਾਟਕਾਂ ਅਤੇ ਕਾਨਫਰੰਸਾਂ ਦਾ ਨਾਇਕ ਗਿਣਿਆ ਜਾਂਦਾ ਸੀ। ਜੈਮਲ ਜਦੋਂ ਕੰਨ ਉੱਤੇ ਹੱਥ ਰੱਖ ਕੇ ਲੰਮੀ ਹੇਕ ਵਿਚ ਆਪ ਮੰਚ ਤੇ ਗਾਉਂਦਾ ਤਾਂ ਸਰੋਤਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਸਨ। ਜੈਮਲ ਆਪਣੇ ਲਿਖੇ ਗਾਣੇ ਹੀ ਗਾਉਂਦਾ ਹੁੰਦਾ ਸੀ। ਕਦੇ ਕਦੇ ਤਾਂ ਇਵੇਂ ਲੱਗਦਾ ਜਿਵੇਂ ਰਾਤ ਦਾ ਹਨੇਰਾ ਅਤੇ ਚਮਕਦੇ ਤਾਰੇ ਵੀ ਉਸ ਦੇ ਗੀਤਾਂ ਦਾ ਹੁੰਗਾਰਾ ਭਰਦੇ ਹੋਣ!
ਜੈਮਲ ਪੱਡਾ ਆਪਣੀ ਪਾਰਟੀ ਦਾ ਮਹਬਿੂਬ ਆਗੂ, ਨਿਧੜਕ, ਦਲੇਰ, ਸਿਆਣਾ ਤੇ ਵਫ਼ਾਦਾਰ ਸਿਪਾਹੀ ਸੀ। ਲੋਕ ਬੜੇ ਚਾਅ ਨਾਲ ਉਸ ਦੇ ਨਾਮ ਤੋਂ ਪਹਿਲਾਂ ‘ਕਾਮਰੇਡ’ ਸ਼ਬਦ ਲਾਇਆ ਕਰਦੇ। ਇਕ ਵਾਰ ਮੈਨੂੰ ਪੰਜਾਬੀ ਦੇ ਨਾਮਵਰ ਸ਼ਾਇਰ ਹਰਭਜਨ ਸਿੰਘ ਹੁੰਦਲ ਨੇ ਦੱਸਿਆ ਕਿ ਮੇਰੇ ਪਿੰਡ ਨੇ ਸਾਬਤ-ਸਬੂਤਾ ਆਦਮੀ ਪੈਦਾ ਕੀਤਾ ਹੈ, ਤੇ ਜਦੋਂ ਉਹਨਾਂ ਦੇ ਬੁੱਲ੍ਹਾਂ ਉੱਪਰ ਜੈਮਲ ਪੱਡਾ ਦਾ ਨਾਮ ਆਇਆ, ਉਦੋਂ ਮੈਨੂੰ ਮੇਰੇ ਪਿੰਡ ਦੇ ਬਨੇਰੇ ਹੋਰ ਉੱਚੇ ਹੋ ਗਏ ਲੱਗੇ। ਉਸ ਤੋਂ ਬਾਅਦ ਜੈਮਲ ਰੂਪੋਸ਼ ਹੋ ਗਿਆ ਸੀ। ਕਈ ਦੇਰ ਪਿੰਡ ਨਾ ਆਇਆ।…
…ਤੇ ਅੱਜ ਖੁੱਲ੍ਹੀ ਹਵੇਲੀ ਫਿਰ ਦਰਸ਼ਕਾਂ ਨਾਲ ਭਰ ਗਈ ਸੀ। ਮੈਂ ਵੀ ਆਪਣੇ ਸਾਥੀਆਂ ਨਾਲ ਮੰਚ ਲਾਗੇ ਨਿੱਠ ਕੇ ਬਹਿ ਗਿਆ। ਨਾਟਕਾਂ ਦਾ ਸਿਲਸਿਲਾ ਚੱਲ ਪਿਆ; ਗੀਤਾਂ, ਗਜ਼ਲਾਂ ਅਤੇ ਧੂੰਆਂਧਾਰ ਤਕਰੀਰਾਂ। ਕਾਮਰੇਡ ਮਹਿੰਦਰ ਸਿੰਘ ਨੇ ਸਟੇਜ ਤੇ ਆਣ ਕੇ ਦੱਸਿਆ ਕੇ ਜੈਮਲ ਪੱਡਾ ਅੱਜ ਆਪਣੇ ਵਿਚਕਾਰ ਹਾਜ਼ਰ ਹੈ। ਲੋਕਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਜਿਵੇਂ ਉਨ੍ਹਾਂ ਨੂੰ ਕੋਈ ਗੁਆਚੀ ਕੀਮਤੀ ਸ਼ੈਅ ਲੱਭ ਗਈ ਹੋਵੇ। ਜੈਮਲ ਮੰਚ ਤੇ ਆਇਆ। ਲਿੱਸਾ ਜਿਹਾ ਮੂੰਹ, ਦਾੜ੍ਹੀ ਦੇ ਕੇਸ ਕੱਟੇ ਹੋਏ। ਏਦਾਂ ਲੱਗਦਾ ਸੀ, ਜਿਵੇਂ ਦੁੱਖਾਂ ਦਾ ਭੰਨਿਆ ਬਚਦਾ-ਬਚਾਉਂਦਾ ਪਿੰਡ ਦੇਖਣ ਆਇਆ ਹੋਵੇ। ਮੰਚ ਤੇ ਖੜ੍ਹਾ ਬੇਪਛਾਣ ਜਿਹਾ ਲੱਗੇ। ਪਿੰਡ ਪਿਆਰ ਨਾਲ ਨੱਕੋ-ਨੱਕ ਭਰਿਆ ਹੋਇਆ ਕਿਸੇ ਜੇਤੂ ਜਰਨੈਲ ਵਾਂਗ ਲੱਗਦਾ ਸੀ। ਉਸ ਨੇ ਸਟੇਜ ਤੇ ਇੰਜ ਭਾਸ਼ਣ ਦਿੱਤਾ, ਜਿਵੇਂ ਕੋਈ ਸਿਆਣੀ ਨਰਸ ਜ਼ਖ਼ਮਾਂ ਤੇ ਮਰਹਮ ਲਾ ਰਹੀ ਹੋਵੇ! ਲੋਕ ਬੜੇ ਗਹੁ ਨਾਲ ਉਸ ਨੂੰ ਸੁਣਦੇ ਰਹੇ।
ਮੈਂ ਉਦੋਂ ਨਿਆਣਾ ਸਾਂ ਤੇ ਮੈਨੂੰ ਉਦੋਂ ਨਾਟਕਾਂ ਦੀ ਕਹਾਣੀ ਅਤੇ ਭਾਸ਼ਣ ਸਮਝ ਨਹੀਂ ਸਨ ਆਉਂਦੇ, ਫਿਰ ਵੀ ਚੰਗੇ ਲਗਦੇ ਸਨ। ਜੈਮਲ ਦੇ ਗੀਤ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦੇ। ਗਰੀਬੀ ਨਾਲ ਝੰਬੇ ਹੋਏ ਮੌਰਾਂ ਤੇ ਟਕੋਰ ਕਰਦੇ, ਜਾਂ ਹਨੇਰੇ ਵਿਚ ਘਿਰੇ ਲੋਕਾਂ ਲਈ ਚਾਨਣ ਦੀ ਲਿਸ਼ਕੋਰ ਬਣਦੇ। ਉਸ ਨੇ ਗੀਤ ਗਾਇਆ:
ਕਾਮਿਆ ਤੂੰ ਹੋ ਜਾ ਤਕੜਾ,
ਤੇਰਾ ਲੁੱਟ ਲਿਆ ਚਮਨ ਗ਼ਦਾਰਾਂ।
ਗਿੱਦੜਾਂ ਦੇ ਟੋਲੇ ਰਲ ਕੇ,
ਲੁੱਟੀ ਜਾਂਦੇ ਨੇ ਰੰਗੀਨ ਬਹਾਰਾਂ।
ਕਾਮਿਆ ਤੂੰ ਹੋ ਜਾ ਤਕੜਾ…
ਮੈਨੂੰ ਉਦੋਂ ਇਸ ਗੀਤ ਦੇ ਅਰਥ ਉੱਕਾ ਹੀ ਸਮਝ ਨਹੀਂ ਸਨ ਆਏ। ਮੇਰੇ ਭਾਣੇ ਗਿੱਦੜ ਜੰਗਲੀ ਜੀਵ ਹੀ ਸਨ ਤੇ ਜੰਗਲਾਂ ਵਿਚ ਹੀ ਰਹਿੰਦੇ ਸਨ। ਗਿੱਦੜ ਭਲਾ ਮਨੁੱਖ ਦੀਆਂ ਰੰਗੀਨ ਬਹਾਰਾਂ ਕਿਵੇਂ ਲੁੱਟ ਸਕਦੇ ਹਨ? ਇਹ ਮੇਰੀ ਸਮਝ ਤੋਂ ਪਰ੍ਹੇ ਦੀਆਂ ਗੱਲਾਂ ਸਨ। ਕਿਹੜੇ ਗਿੱਦੜ? ਕਿਹੜੇ ਗ਼ਦਾਰ? ਚਮਨ ਅਤੇ ਬਹਾਰਾਂ ਬਾਰੇ ਸਮਝ ਨਹੀਂ ਸੀ।
ਫਿਰ ਜਦੋਂ ਪੜ੍ਹ ਲਿਖ ਗਿਆ, ਟੀਵੀ ਤੇ ਆਉਂਦੀਆਂ ਖ਼ਬਰਾਂ ਬਦੋ-ਬਦੀ ਧਿਆਨ ਖਿੱਚ ਲੈਂਦੀਆਂ ਅਤੇ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਕਿਸਾਨਾਂ ਦੇ ਗਲ਼ ਖੁਦਕੁਸ਼ੀ ਦੇ ਰੱਸੇ ਦੀ ਗੰਢ ਢਿੱਲੀ ਨਹੀਂ ਹੋ ਰਹੀ! ਪੈਲ਼ੀਆਂ ਦੇ ਸਿਆੜਾਂ ਵਿਚੋਂ ਫਸਲਾਂ ਦੀ ਥਾਂ ਨਿੱਤ ਨਵੇਂ ਫ਼ਿਕਰ ਉੱਗ ਰਹੇ ਹਨ। ਮਾਂ ਵਰਗੀ ਜ਼ਮੀਨ ਨੂੰ ਬਚਾਉਣ ਲਈ ਰੇਲਵੇ ਪਟੜੀਆਂ ਸਿਰਾਹਣਾ ਬਣ ਰਹੀਆਂ ਸਨ। ਥਾਂ ਥਾਂ ਕੀਰਨੇ ਪਾਉਂਦੇ ਆਲ਼ੇ-ਭੋਲ਼ੇ ਅੰਨਦਾਤਾ ਦਾ ਸੰਘ ਬਹਿ ਗਿਆ ਹੈ ਪਰ ਹਾਕਮਾਂ ਦੇ ਕੰਨੀਂ ਜੂੰ ਤੱਕ ਨਹੀਂ ਸਰਕਦੀ। ਠੰਢੇ ਪਾਣੀ ਦੀਆਂ ਬੁਛਾੜਾਂ ਨਾਲ ਭਖਦੇ ਜਜ਼ਬਾਤ ਨੂੰ ਠੰਢਿਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲਾਠੀਆਂ ਨਾਲ ਮੌਰ ਭੰਨੇ ਜਾ ਰਹੇ ਸਨ ਅਤੇ ਹੰਝੂ ਗੈਸ ਦੇ ਧੂੰਏਂ ਨਾਲ ਅੱਖਾਂ ਅੰਨ੍ਹੀਆਂ ਕੀਤੀਆਂ ਜਾ ਰਹੀਆਂ ਹਨ।
ਇਵੇਂ ਲੱਗਦਾ ਹੈ ਜਿਵੇਂ ਹਵਾਂਕਦੇ ਗਿੱਦੜ ਖੇਤਾਂ ਦੀ ਹਰਿਆਵਲ ਨੂੰ ਚਰ ਜਾਣ ਲਈ ਲਾਲ਼ਾਂ ਸੁੱਟ ਰਹੇ ਹੋਣ। ਕਿਸਾਨ ਸੜਕਾਂ ਤੇ ਇਵੇਂ ਹਾਲ ਪਾਹਰਿਆ ਕਰ ਰਿਹਾ ਹੈ, ਜਿਵੇਂ ਸੱਚਮੁੱਚ ਉਸ ਦਾ ਖੁਸ਼ੀਆਂ ਦਾ ਚਮਨ ਕਿਸੇ ਨੇ ਲੁੱਟ ਲਿਆ ਹੋਵੇ ਤੇ ਖੁਸ਼ਹਾਲੀ ਦੀਆਂ ਰੰਗੀਨ ਬਹਾਰਾਂ ਨੇ ਉਸ ਕੋਲੋਂ ਰੁੱਸੇ ਸਾਥੀ ਵਾਂਗ ਪਾਸਾ ਵੱਟ ਕੇ ਲੰਘ ਜਾਣਾ ਹੋਵੇ। … ਗ਼ਦਾਰ, ਗਿੱਦੜ ਅਤੇ ਚਮਨ, ਹੁਣ ਮੇਰੀ ਸਮਝ ਵਿਚ ਆਏ ਹਨ। ਜੈਮਲ ਪੱਡਾ ਦੇ ਗੀਤਾਂ ਨੂੰ ਹੁਣ ਮੈਂ ਸਮਝ ਸਕਦਾ ਹਾਂ।
ਸੰਪਰਕ: 98159-67462