ਕਮਲਜੀਤ ਸਿੰਘ ਬਨਵੈਤ
ਜਗਤੇ-ਭਗਤੇ ਨੂੰ ਸਰਦਾਰ ਜਗਤ ਸਿੰਘ ਅਤੇ ਸਰਦਾਰ ਭਗਤ ਸਿੰਘ ਕਹਿ ਕੇ ਸਲਾਮਾਂ ਹੋਣ ਲੱਗੀਆਂ। ਜਗਤਾ-ਭਗਤਾ ਤਾਂ ਉਨ੍ਹਾਂ ਨੂੰ ਉਦੋਂ ਕਹਿੰਦੇ ਸਨ, ਜਦੋਂ ਉਨ੍ਹਾਂ ਨੇ ਬੇਟ ਦਾ ਬੰਜਰ ਦੋ ਹਲਾਂ ਨਾਲ ਪੁੱਟਿਆ ਸੀ। ਹੁਣ ਤਾਂ ਉਹ ਕਈ ਕਈ ਟਰੈਕਟਰ ਤੇ ਕੰਬਾਈਨਾਂ ਦੇ ਮਾਲਕ ਹਨ। ਪਿੰਡ ਦੇ ਬਾਹਰਵਾਰ ਪਾਈ ਮਹਿਲ ਵਰਗੀ ਕੋਠੀ ਦੇ ਪਿਛਵਾੜੇ ਦਸ-ਬਾਰਾਂ ਕੋਠੇ ਪਰਵਾਸੀ ਮਜ਼ਦੂਰਾਂ ਲਈ ਹਨ। ਉਨ੍ਹਾਂ ਦੀਆਂ ਘਰਵਾਲੀਆਂ ਨਵੇਂ ਪੂਰ ਦੀਆਂ ਬਹੂਆਂ ਵਾਂਗ ਵੱਡੇ ਤੜਕੇ ਉੱਠ ਕੇ ਧਾਰ ਨਹੀਂ ਕੱਢਦੀਆਂ, ਨਾ ਭੱਠੀ ਵਿਚ ਅੱਗ ਬਾਲਣ ਲਈ ਫੂਕਾਂ ਮਾਰਨੀਆਂ ਪੈਂਦੀਆਂ ਹਨ। ਸਾਰਾ ਕੰਮ ਪਰਵਾਸੀ ਮਜ਼ਦੂਰਾਂ ਦੀਆਂ ਤੀਵੀਆਂ ਦੇ ਸਿਰ ਤੇ ਚਲਦਾ ਹੈ।
ਜਦੋਂ ਕਦੇ ਗੱਲ ਤੁਰਦੀ ਹੈ ਕਿ ਪੰਜਾਬੀਆਂ ਨੇ ਯੂਪੀ ਦੇ ਬੰਜਰ ਪੁੱਟ ਕੇ ਆਬਾਦ ਕੀਤੇ ਹਨ ਅਤੇ ਅੱਜ ਉੱਥੇ ਪੰਜਾਬੀਆਂ ਦੀ ਸਰਦਾਰੀ ਹੈ ਤਾਂ ਮੇਰੀਆਂ ਅੱਖਾਂ ਮੂਹਰੇ ਜਗਤਾ-ਭਗਤਾ ਘੁੰਮ ਜਾਂਦੇ ਹਨ; ਨਹੀਂ ਸੱਚ ਜਗਤ ਸਿੰਘ-ਭਗਤ ਸਿੰਘ। ਬੇਟ ਦੀ ਬੰਜਰ ਜ਼ਮੀਨ ਉਨ੍ਹਾਂ ਨੂੰ ਹਜ਼ਾਰਾਂ ਨਹੀਂ, ਸੈਂਕੜਿਆਂ ਵਿਚ ਮਿਲ ਜਾਂਦੀ ਸੀ। ਜਿਹੜਾ ਖੇਤ ਅੱਜ ਪੰਜਾਹ ਲੱਖ ਨੂੰ ਮਿਲਦਾ ਹੋਣਾ, ਉਹਦਾ ਭਾਅ 70ਵਿਆਂ ਵਿਚ ਸੈਂਕੜਿਆਂ ਵਿਚ ਸੀ। ਖੇਤ ਦਾ ਮੁੱਲ ਹਜ਼ਾਰਾਂ ਨੂੰ ਤਾਂ 80ਵਾਂ ਟੱਪ ਕੇ ਹੋਇਆ। ਤਦ ਤੱਕ ਦੋਵੇਂ ਭਰਾ ਸੌ-ਸੌ ਖੇਤਾਂ ਦੇ ਮਾਲਕ ਬਣ ਚੁੱਕੇ ਸਨ। ਪਹਿਲਾ ਟਰੈਕਟਰ ਵੀ ਸ਼ਾਇਦ ਉਨ੍ਹਾਂ ਨੇ ਭਲੇ ਵੇਲਿਆਂ ਵਿਚ ਹਜ਼ਾਰਾਂ ਨੂੰ ਲਿਆ ਸੀ। ਟਿਊਬਵੈੱਲ ਲਈ ਇੰਜਣ ਵੀ ਸੈਂਕੜਿਆਂ ਵਿਚ ਸੀ। ਗੱਡਾ ਵੇਚ ਕੇ ਰੇੜ੍ਹੀ ਵੀ ਸਾਡੇ ਪਿੰਡ ਵਿਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਲਈ ਸੀ। ਜਗਤ ਸਿੰਘ-ਭਗਤ ਸਿੰਘ ਹੁਣ 70ਵਿਆਂ ਨੂੰ ਢੁੱਕੇ ਹੋਣਗੇ ਪਰ ਦਸ ਸਾਲ ਪਹਿਲਾਂ ਤੱਕ ਉਨ੍ਹਾਂ ਨੇ ਹੱਥ ਵਿਚੋਂ ਕਹੀ ਨਹੀਂ ਸੀ ਛੱਡੀ। ਦੋਵੇਂ ਪੁੱਤਰਾਂ ਦੇ ਬਰਾਬਰ ਡਹਿ ਕੇ ਕੰਮ ਕਰਦੇ। ਖੇਤੀਂ ਪਹਿਲਾਂ ਵਾਂਗ ਰੋਜ਼ ਦਾ ਗੇੜਾ, ਮੰਡੀਆਂ ਦੇ ਚੱਕਰ। ਬੱਸ ਉਹ ਕਾਰ ਹੀ ਨਹੀਂ ਸੀ ਚਲਾ ਸਕਦੇ।
ਪੰਜ ਕੁ ਸਾਲ ਪਹਿਲਾਂ ਚੰਡੀਗੜ੍ਹ ਤੋਂ ਮੁਹਾਲੀ ਉਨ੍ਹਾਂ ਦੇ ਘਰ ਮਿਲਣ ਗਿਆ ਤਾਂ ਪਹਿਲੀ ਵਾਰ ਦੋਵੇਂ ਭਰਾ ਘਰ ਦੇ ਵਿਹੜੇ ਵਿਚ ਮੰਜੇ ਤੇ ਵਿਹਲੇ ਬੈਠੇ ਨਜ਼ਰੀਂ ਪਏ। ਚੰਗਾ ਲੱਗਾ। ਪੁਰਾਣੇ ਵੇਲੇ ਦੀਆਂ ਗੱਲਾਂ ਦਿਲ ਭਰ ਕੇ ਕੀਤੀਆਂ। ਜਦੋਂ ਅਸੀਂ ਵੀ ਪਿੰਡ ਰਹਿ ਕੇ ਕਾਲਜ ਪੜ੍ਹਦੇ ਸੀ ਤਾਂ ਆਪਣੇ ਚਾਰ ਸਿਆੜਾਂ ਵਿਚ ਖੇਤੀ ਖ਼ੁਦ ਹੀ ਕਰਦੇ। ਜਗਤੇ-ਭਗਤੇ ਹੁਰਾਂ ਤੋਂ ਟਰੈਕਟਰ ਨਾਲ ਜ਼ਮੀਨ ਵਹਾ ਲੈਣੀ ਅਤੇ ਉਹ ਫ਼ਸਲ ਪੱਕਣ ਤੇ ਦਾਣਿਆਂ ਨਾਲ ਭਰੀ ਆਪਣੀ ਟਰਾਲੀ ਦੇ ਉੱਪਰ ਸਾਡੀਆਂ ਵੀ ਦੋ-ਚਾਰ ਬੋਰੀਆਂ ਰੱਖ ਕੇ ਮੰਡੀ ਲੈ ਜਾਂਦੇ। ਸਾਨੂੰ ਪਿੰਡ ਵਾਲੇ ਕਹਿੰਦੇ ਤਾਂ ਪਾੜ੍ਹੇ ਸਨ ਪਰ ਖੇਤਾਂ ਵਿਚ ਅਸੀਂ ਵੀ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ।
ਚੰਡੀਗੜ੍ਹ ਰਹਿਣ ਲੱਗਾ ਤਾਂ ਵੀ ਪਿੰਡ ਨਾਲੋਂ ਟੁੱਟ ਨਹੀਂ ਸਕਿਆ। ਦਸੀਂ-ਪੰਦਰੀਂ ਦਿਨੀਂ ਗੇੜਾ ਵੱਜਦਾ ਰਿਹਾ। ਆਹ ਜਦੋਂ ਦੇ ਬੇਬੇ-ਭਾਈਆ ਜੀ ਸਦਾ ਲਈ ਗਏ ਹਨ, ਬੱਸ ਆਪਣਾ ਪਿੰਡ ਵੀ ਇੱਕ ਤਰ੍ਹਾਂ ਨਾਲ ਪਰਾਇਆ ਜਿਹਾ ਹੋ ਗਿਆ। ਜਗਤ ਸਿੰਘ-ਭਗਤ ਸਿੰਘ ਨਾਲ ਦੂਹਰੀ ਰਿਸ਼ਤੇਦਾਰੀ ਪੈਂਦੀ ਹੈ। ਇਸ ਲਈ ਸਾਲ-ਛਿਮਾਹੀ ਗੇੜਾ ਵੱਜਦਾ ਰਿਹਾ।
ਪਿਛਲੀ ਵਾਰ ਪਿੰਡ ਗਿਆ ਤਾਂ ਜਗਤ ਸਿੰਘ ਤੇ ਭਗਤ ਸਿੰਘ ਦੀ ਕੋਠੀ ਵਿਚਾਲੇ ਛੇ ਫੁੱਟ ਦੀ ਕੰਧ ਖੜ੍ਹੀ ਸੀ। ਸਮਝ ਨਾ ਲੱਗੇ ਕਿ ਪਹਿਲਾਂ ਕਿਹੜੇ ਵਿਹੜੇ ਵੜਾਂ। ਜੱਕੋ-ਤੱਕੀ ਵਿਚ ਪਿਆ ਅਤੇ ਸਿਆਣਿਆਂ ਦੇ ਕਹਿਣ ਮੁਤਾਬਕ ਵੱਡੇ ਭਗਤ ਸਿੰਘ ਦੇ ਘਰ ਵੜ ਗਿਆ। ਥੋੜ੍ਹੇ ਚਿਰ ਬਾਅਦ ਜਗਤ ਸਿੰਘ ਵੀ ਉੱਥੇ ਆ ਗਿਆ। ਉਹਦੇ ਬਾਕੀ ਦੇ ਟੱਬਰ ਦੀਆਂ ਆਵਾਜ਼ਾਂ ਤਾਂ ਘਰੋਂ ਆ ਰਹੀਆਂ ਸਨ ਪਰ ਪਹਿਲਾਂ ਵਾਂਗ ਮਿਲਣ ਕੋਈ ਨਾ ਆਇਆ। ਹੌਲੀ ਹੌਲੀ ਭਾਫ ਨਿਕਲੀ ਕਿ ਜਗਤ ਸਿੰਘ ਤੇ ਭਗਤ ਸਿੰਘ ਦਾ ਵਰਤ-ਵਿਹਾਰ ਹੀ ਰਹਿ ਗਿਆ ਹੈ, ਦੋਹਾਂ ਦੇ ਮੁੰਡਿਆਂ ਅਤੇ ਤੀਵੀਆਂ ਦੇ ਮੂੰਹ ਵਿੰਗੇ ਹਨ। ਭਗਤ ਸਿੰਘ ਥੋੜ੍ਹਾ ਭਾਵੁਕ ਹੈ ਅਤੇ ਸੱਚਾ-ਸੁੱਚਾ ਵੀ ਪਰ ਜਗਤ ਸਿੰਘ ਨੂੰ ਬੁੱਲ੍ਹ ਮੀਚ ਕੇ ਗੱਲ ਕਰਨ ਦੀ ਆਦਤ ਹੈ। ਪਰਵਾਸੀ ਮਜ਼ਦੂਰ ਸਾਡੇ ਲਈ ਚਾਹ ਲੈ ਆਇਆ ਪਰ ਹੋਰ ਕੋਈ ਜੀਅ ਆਪਣੇ ਕਮਰਿਆਂ ਵਿਚੋਂ ਬਾਹਰ ਨਾ ਨਿਕਲਿਆ। ਭਗਤ ਸਿੰਘ ਫਿਸ ਪਿਆ ਕਿ ਦੋਹਾਂ ਦੇ ਘਰ ਵਿਚ ਕਲੇਸ਼ ਰਹਿਣ ਲੱਗਾ ਹੈ। ਗੱਲ ਇੱਥੋਂ ਤੱਕ ਵਧ ਗਈ ਕਿ ਦੋ ਡੰਗ ਦੀ ਰੋਟੀ ਮਿਲਣੀ ਵੀ ਔਖੀ ਹੋ ਗਈ ਹੈ। ਦੋਵਾਂ ਭਰਾਵਾਂ ਦੀ ਆਵਾਜ਼ ਵਿਚ ਤਰਲਾ ਸੀ, ਬਈ ਆਹ ਦਿਨ ਦੇਖਣ ਲਈ ਬੰਜਰ ਪੁੱਟਿਆ, ਰਾਤਾਂ ਦੀ ਨੀਂਦ ਖ਼ਰਾਬ ਕੀਤੀ! ਕਹਿੰਦੇ ਪੋਤੇ-ਪੋਤੀਆਂ ਨੂੰ ਹੁਣ ਦਾਦਿਆਂ ਨਾਲ ਤੁਰਦਿਆਂ ਵੀ ਸ਼ਰਮ ਆਉਂਦੀ ਹੈ।
ਮੈਂ ਭਰਿਆ ਮਨ ਲੈ ਕੇ ਵਾਪਸ ਆ ਗਿਆ। ਬੇਬੇ ਕਹਿੰਦੀ ਹੁੰਦੀ ਸੀ ਕਿ ਸ਼ਹਿਰਾਂ ਨਾਲੋਂ ਪਿੰਡਾਂ ਦਾ ਹਾਲ ਜ਼ਿਆਦਾ ਮਾੜਾ ਹੋਣ ਲੱਗਾ ਹੈ। ਕਿਸੇ ਨੂੰ ਕੁਝ ਵੀ ਕਹਿਣ ਦਾ ਜ਼ਮਾਨਾ ਨਹੀਂ ਰਹਿ ਗਿਆ, ਨਾ ਕੋਈ ਵੱਡਿਆਂ ਦੀ ਸੁਣੇ। ਉਸ ਤੋਂ ਬਾਅਦ ਮੇਰਾ ਪਿੰਡ ਜਾਣਾ ਬਿਲਕੁਲ ਘੱਟ ਗਿਆ। ਕਈ ਸਾਲਾਂ ਬਾਅਦ ਪਿਛਲੇ ਹਫ਼ਤੇ ਉਦੋਂ ਪਿੰਡ ਗਿਆ, ਜਦੋਂ ਵੱਡੇ ਤਾਏ ਦਾ ਮੁੰਡਾ ਜ਼ਿਆਦਾ ਹੀ ਢਿੱਲਾ ਹੋ ਗਿਆ ਸੀ। ਕਹਿੰਦੇ ਉਹਦੇ ਗੁਰਦੇ ਫੇਲ੍ਹ ਹੋ ਗਏ, ਜਿਗਰ ਵਿਚ ਵੀ ਖ਼ਰਾਬੀ ਹੈ। ਉਹ ਪਿੰਡ ਦੇ ਚੈਰੀਟੇਬਲ ਹਸਪਤਾਲ ਵਿਚ ਦਾਖ਼ਲ ਸੀ। ਮੈਂ ਸਿੱਧਾ ਹਸਪਤਾਲ ਹੀ ਖ਼ਬਰ ਲੈਣ ਜਾ ਪੁੱਜਾ। ਗੇਟ ਤੋਂ ਅੰਦਰ ਵੜਨ ਹੀ ਲੱਗਾ ਸੀ ਕਿ ਕੰਧ ਦੀ ਛਾਵੇਂ ਬੈਂਚ ਤੇ ਬੈਠੇ ਜਗਤ ਸਿੰਘ ਤੇ ਭਗਤ ਸਿੰਘ ਦਿਸ ਪਏ। ਦੋਵੇਂ ਆਉਣ ਜਾਣ ਵਾਲਿਆਂ ਨੂੰ ਹੱਥ ਜੋੜ ਕੇ ਫਤਹਿ ਬੁਲਾ ਰਹੇ ਸਨ। ਉਹ ਮੇਰੇ ਵੱਲੋਂ ਗੱਲ ਤੋਰਨ ਤੋਂ ਪਹਿਲਾਂ ਹੀ ਬੋਲ ਪਏ, “ਬਾਈ ਸਿਆਂ, ਅਸੀਂ ਇੱਥੇ ਸੇਵਾ ਸੰਭਾਲ ਲਈ ਆ। ਨਾ ਘਰਦਿਆਂ ਦੀ ਟੈਂ-ਟੈਂ, ਨਾ ਪੈਂ-ਪੈਂ। ਨਾ ਨਿਆਣਿਆਂ ਦੀ ਲੜਾਈ, ਨਾ ਬਹੂਆਂ ਦੇ ਪਿੱਟ-ਸਿਆਪੇ। ਕੌਣ ਝਾਕਦਾ ਰਹੇ ਦੋ ਡੰਗ ਦੀ ਰੋਟੀ ਲਈ ਬਹੂਆਂ ਦੇ ਹੱਥਾਂ ਵੱਲ। ਇੱਥੇ ਵਧੀਆ ਖਾਣ-ਪੀਣ, ਫਰੂਟ ਵਾਧੂ, ਰਾਤ ਨੂੰ ਦੁੱਧ। ਬਿਮਾਰ ਹੋ ਜਾਓ ਤਾਂ ਡਾਕਟਰ ਹਾਜ਼ਰ। ਮਰੀਜ਼ ਨੂੰ ਇੱਕ ਵਾਰ ਜੀ ਕਹਿੰਦੇ ਆਂ, ਮੂਹਰਿਓਂ ਦਸ ਵਾਰ ਕਹਾਉਂਨੇ ਆਂ। ਅਸੀਂ ਛੱਡ ਦਿੱਤੀ ਦੁਨੀਆਦਾਰੀ। ਸਵੇਰੇ ਸ਼ਾਮ ਰੱਬ ਰੱਬ ਕਰੀਦਾ। ਹੁਣ ਤੂੰ ਦੁਬਾਰਾ ਘਰ ਰਹਿਣ ਲਈ ਮਜਬੂਰ ਨਾ ਕਰੀਂ। ਅਸੀਂ ਤਾਂ ਸਭ ਨੂੰ ਇਹੋ ਸਿੱਖਿਆ ਦਿੰਦੇ ਹਾਂ, ਛੱਡੋ ਵਾਧੂ ਦੀ ਦੁਨੀਆਦਾਰੀ। ਅਸਲ ਕਮਾਈ ਇਹੋ ਆ। ਪਹਿਲਾਂ ਤਾਂ ਸਾਰੀ ਉਮਰ ਪਹਾੜਾਂ ਨਾਲ ਸਿਰ ਮਾਰਿਆ, ਫਿਰ ਨਿਆਣਿਆਂ ਦੀ ਤਮਾ ਵਿਚ ਫਸੇ ਰਹੇ।” ਮੈਨੂੰ ਲੱਗਾ, ਜਿਵੇਂ ਦਹਾਕਿਆਂ ਬਾਅਦ ਜਗਤੇ-ਭਗਤੇ ਨੂੰ ਮੁੜ ਮਿਲ ਰਿਹਾ ਹੋਵਾਂ।
ਸੰਪਰਕ: 98147-34035