ਵੱਸ ਗਿਆ ਇਹ ਕੇਹਾ ਗਰਾਂ

ਵੱਸ ਗਿਆ ਇਹ ਕੇਹਾ ਗਰਾਂ

ਸ਼ਵਿੰਦਰ ਕੌਰ

ਨਗਰ ਖੇੜੇ ਵਸਾਉਣ ’ਤੇ ਅਣਗਿਣਤ ਸਾਲ ਲੱਗ ਜਾਂਦੇ ਹਨ। ਪਹਿਲਾਂ ਕੋਈ ਭਲਾ ਪੁਰਸ਼ ਆਪਣੇ ਧਰਤੀ ਦੀ ਮਾਲਕੀ ਵਾਲੇ ਹਿੱਸੇ ’ਤੇ ਮੋੜ੍ਹੀ ਗੱਡ ਕੇ ਇੱਕ ਦੋ ਘਰ ਵਸਾਉਂਦਾ ਹੈ। ਹੌਲੀ ਹੌਲੀ ਉੱਥੇ ਹੋਰ ਘਰ ਪੈਣੇ ਸ਼ੁਰੂ ਹੁੰਦੇ ਹਨ। ਕਈ ਵਾਰ ਤਾਂ ਉਨ੍ਹਾਂ ਘਰਾਂ ਤੋਂ ਪਿੰਡ ਬਣਨ ਤੱਕ ਸੈਂਕੜੇ ਸਾਲ ਲੱਗ ਜਾਂਦੇ ਹਨ।

ਇੱਕ ਗਰਾਂ ਜੋ ਰਾਤੋ-ਰਾਤ ਹੋਂਦ ਵਿੱਚ ਆਇਆ, ਆਪਣੇ ਆਪ ਵਿਚ ਅਨੂਠਾ ਹੈ। ਇਸ ਦੀ ਮੋੜ੍ਹੀ ਗੱਡਣ ਦੀਆਂ ਵਿਚਾਰਾਂ ਪਹਿਲਾਂ ਪੰਜਾਬ ਦੇ ਸ਼ਹਿਰਾਂ, ਪਿੰਡਾਂ, ਟੋਲ ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਰੇਲਵੇ ਲਾਈਨਾਂ ’ਤੇ ਹੁੰਦੀਆਂ ਰਹੀਆਂ। ਬਜ਼ੁਰਗਾਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਬੜੀ ਸੰਜੀਦਗੀ ਨਾਲ ਇਸ ’ਤੇ ਚਰਚਾ ਕੀਤੀ ਜਾਂਦੀ ਰਹੀ। ਉਨ੍ਹਾਂ ਦੀਆਂ ਅਰਜ਼ੋਈਆਂ ਜਦੋਂ ਹਕੂਮਤਾਂ ਨੇ ਨਾ ਸੁਣੀਆਂ ਤਾਂ ਹਕੂਮਤੀ ਧੌਂਸ ਦੇ ਮਹਿਲਾਂ ਅੱਗੇ ਨਿਆਂ ਅਤੇ ਹੱਕ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਵਾਸਤੇ ਹਕੂਮਤੀ ਸ਼ਹਿਰ ਵੱਲ ਚਾਲੇ ਪਾਏ ਗਏ। ਉਨ੍ਹਾਂ ਨੂੰ ਡੱਕਣ ਲਈ ਹਕੂਮਤਾਂ ਵਲੋਂ ਹਰ ਤਰ੍ਹਾਂ ਦੇ ਅੜਿੱਕੇ ਖੜ੍ਹੇ ਕੀਤੇ ਗਏ, ਪਰ ਉਹ ਸਭ ਅੜਿੱਕੇ ਪਾਰ ਕਰ ਰੋਟੀ ਰੋਜ਼ੀ ਦਿੰਦੀ ਧਰਤੀ ਮਾਂ ਨੂੰ ਬਚਾਉਣ ਲਈ ਅੱਗੇ ਵਧਦੇ ਗਏ। ਕਿਸਾਨਾਂ ਨੇ ਖੇਤੀ ਨੂੰ ਖਤਮ ਕਰਨ ਵਾਲੇ ਕਾਲੇ ਕਾਨੂੰਨ ਬਣਾਉਣ ਵਾਲਿਆਂ ਦੇ ਦਰਾਂ ਸਾਹਮਣੇ ਰਾਤੋ-ਰਾਤ ਇੱਕ ਨਗਰ ਵਸਾ ਦਿੱਤਾ।

ਹਾਕਮਾਂ ਨੂੰ ਭੁਲੇਖਾ ਸੀ ਕਿ ਚਾਰ ਦਿਨਾਂ ਵਿੱਚ ਠੰਢ ਵਿੱਚ ਠਰਦੇ, ਭੁੱਖੇ ਮਰਦੇ ਇਹ ਧਰਤੀ ਦੇ ਪੁੱਤ ਘਰੀਂ ਪਰਤ ਜਾਣਗੇ। ਉਹ ਸ਼ਾਇਦ ਇਨ੍ਹਾਂ ਦੇ ਇਤਿਹਾਸ ਤੋਂ ਜਾਣੂ ਨਹੀਂ ਸਨ, ਕਿ ਇਹ ਮਹੀਨਾ ਤਾਂ ਪੰਜਾਬੀਆਂ ਦੀ ਜ਼ਿੰਦਗੀ ਜੀਣ ਦਾ ਆਦਰਸ਼ ਹੈ। ਜਿਸ ਮਹੀਨੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੇ ਜ਼ੁਲਮ ਖਿਲਾਫ਼ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ। ਆਪਣੇ ਵਿਰਸੇ ’ਤੇ ਮਾਣ ਕਰਦਿਆਂ, ਪੰਜਾਬੀਆਂ ਨੇ ਇਸ ਨਗਰ ਖੇੜੇ ਨੂੰ ਵਸਾਉਣ ਲਈ ਅਤੇ ਹੱਕਾਂ ਖਾਤਰ ਸੰਘਰਸ਼ ਕਰਨ ਵਾਲਿਆਂ ਦਾ ਨਾਮ ਦੁਨੀਆ ਭਰ ਦੇ ਲੋਕਾਂ ਵਿੱਚ ਲਿਆਉਣ ਲਈ ਤਨ ਮਨ ਧਨ ਨਾਲ ਅਜਿਹਾ ਯੋਗਦਾਨ ਪਾਇਆ ਕਿ ਹਕੂਮਤ ਤੱਕਦੀ ਰਹਿ ਗਈ।

ਇਹ ਵੱਡਾ ਨਗਰ ਕਈ ਮੀਲਾਂ ਵਿੱਚ ਫੈਲਿਆ ਹੈ, ਜਿਸ ਵਿੱਚ ਬੈਠੇ ਲੱਖਾਂ ਇਨਸਾਫ਼ਪਸੰਦ ਸ਼ਹਿਰੀ ਪੂਰੇ ਜ਼ਾਬਤੇ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰ ਰਹੇ ਹਨ। ਇਸ ਨਗਰ ਨੂੰ ਦੇਖਦਿਆਂ ਇੰਝ ਲੱਗਦਾ ਹੈ ਜਿਵੇਂ ਮਨੁੱਖ ਜਾਤੀ ਸਰਬੱਤ ਦੇ ਭਲੇ ਨੂੰ ਪ੍ਰਣਾਈ ਗਈ ਹੋਵੇ। ਜਦੋਂ ਤੁਸੀਂ ਇਸ ਵਿੱਚ ਦਾਖ਼ਲ ਹੁੰਦੇ ਹੋ ਤਾਂ ਤੁਹਾਨੂੰ ਹਰ ਕੋਈ ਹੱਥ ਜੋੜ ਕੇ ਨਿਮਰਤਾ ਨਾਲ ਚਾਹ ਪੀਣ ਜਾਂ ਪ੍ਰਸ਼ਾਦਾ ਛਕਣ ਲਈ ਬੇਨਤੀ ਕਰਦਾ ਹੈ। ਥਾਂ ਥਾਂ ਰੋਟੀ, ਚਾਹ, ਸਬਜ਼ੀ ਦਾ ਲੰਗਰ ਤਿਆਰ ਹੋ ਰਿਹਾ ਹੈ। ਕਿਤੇ ਪਿੰਨੀਆਂ ਦਾ ਲੰਗਰ, ਕਿਤੇ ਬਿਸਕੁਟਾਂ ਦਾ, ਕਿਤੇ ਬਾਦਾਮ-ਅਖਰੋਟ ਵਰਤਾਏ ਜਾ ਰਹੇ ਹਨ। ਕਿਤੇ ਗਰਮ ਪਕੌੜੇ ਕੱਢੇ ਜਾ ਰਹੇ ਹਨ, ਕਿਤੇ ਜਲੇਬੀਆਂ। ਫਲ ਵਰਤਾਏ ਜਾ ਰਹੇ ਹਨ। ਖਾਣ ਪੀਣ ਦੀ ਕਿਹੜੀ ਸ਼ੈਅ ਹੈ ਜਿਹੜੀ ਇਸ ਨਗਰ ਵਿੱਚ ਨਾ ਹੋਵੇ। ਗਰਮ ਕੱਪੜੇ, ਜੈਕਟਾਂ, ਜੁਰਾਬਾਂ, ਕੰਬਲ, ਦਰੀਆਂ ਸਭ ਉਪਲਬਧ ਹੈ।

ਸਰਦੀ ਤੋਂ ਬਚਾਅ ਲਈ ਟੈਂਟ ਲੱਗੇ ਹਨ। ਉਨ੍ਹਾਂ ਵਿੱਚ ਗੱਦੇ, ਸਰ੍ਹਾਣੇ ਅਤੇ ਕੰਬਲਾਂ ਦਾ ਪ੍ਰਬੰਧ ਹੋ ਰਿਹਾ ਹੈ। ਨਹਾਉਣ ਲਈ ਦੇਸੀ ਗੀਜ਼ਰਾਂ ਦੇ ਟਰੱਕ ਭਰੇ ਲਹਿ ਰਹੇ ਹਨ। ਉਨ੍ਹਾਂ ਨੂੰ ਬਾਲਣ ਲਈ, ਰੋਟੀ ਟੁੱਕ, ਚਾਹ ਪਾਣੀ ਬਣਾਉਣ ਲਈ ਲੱਕੜਾਂ ਦੇ ਢੇਰ ਲੱਗੇ ਹਨ। ਬਜ਼ੁਰਗਾਂ ਵੱਲੋਂ ਇਸ ਠੰਢ ਵਿੱਚ ਉੱਥੇ ਜਾ ਕੇ ਸੰਘਰਸ਼ ਦਾ ਹਿੱਸਾ ਬਣਨ ਕਰਕੇ ਉਨ੍ਹਾਂ ਲਈ ਮਸਾਜ਼ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦਵਾਈਆਂ ਟਰਾਲੀਆਂ ਵਿੱਚ ਬੈਠਿਆਂ ਨੂੰ ਲੋੜ ਮੁਤਾਬਕ ਪਹੁੰਚ ਰਹੀਆਂ ਹਨ। ਡਾਕਟਰ ਕੈਂਪ ਲਾ ਰਹੇ ਹਨ। ਸਫਾਈ ਪੱਖੋਂ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਜਿੱਥੇ ਆਰਜ਼ੀ ਲੈਟਰੀਨਾਂ ਵੱਡੀ ਪੱਧਰ ’ਤੇ ਬਣਾਈਆਂ ਜਾ ਰਹੀਆਂ ਹਨ ਉੱਥੇ ਨੌਜਵਾਨ ਹੱਥਾਂ ਵਿੱਚ ਝਾੜੂ ਫੜ ਕੇ ਸਫ਼ਾਈ ਕਰ ਰਹੇ ਹਨ।

ਇਹ ਸਹੂਲਤਾਂ ਸਿਰਫ ਸਿੰਘੂ ਜਾਂ ਟਿਕਰੀ ਬਾਰਡਰਾਂ ’ਤੇ ਹੀ ਨਹੀਂ ਹਨ, ਸਗੋਂ ਦੂਜੇ ਰਾਜਾਂ ਤੋਂ ਆ ਰਹੇ ਕਿਸਾਨਾਂ ਨੇ ਜਿੱਥੇ ਵੀ ਧਰਨਾ ਲਾਇਆ ਹੈ, ਪਹੁੰਚਾਈਆਂ ਜਾਂਦੀਆਂ ਹਨ। ਖਾਲਸਾ ਏਡ ਵਲੋਂ ਲਾਏ ਟੈਂਟ ਵਿੱਚ ਹਰ ਤਰ੍ਹਾਂ ਦਾ ਲੋੜੀਂਦਾ ਸਮਾਨ ਰੱਖਿਆ ਹੋਇਆ ਹੈ। ਹਰ ਲੋੜਵੰਦ ਉਥੋਂ ਜਿਹੜੀ ਵਸਤੂ ਦੀ ਲੋੜ ਹੈ ਲੈ ਸਕਦਾ ਹੈ।

ਲੱਖਾਂ ਦੀ ਗਿਣਤੀ ਦੇ ਇਸ ਇਕੱਠ ਵਿੱਚ ਸਹਿਜ, ਸੰਜੀਦਗੀ, ਸਹਿਯੋਗ, ਸਵੈਜ਼ਾਬਤਾ, ਸਵੈ ਵਿਸ਼ਵਾਸ ਅਤੇ ਸੇਵਾ ਭਾਵਨਾ ਤੱਕ ਕੇ ਇਨ੍ਹਾਂ ਅੱਗੇ ਅਤੇ ਇਨ੍ਹਾਂ ਨੂੰ ਇਥੋਂ ਤੱਕ ਲੈਜਾਣ ਵਾਲੇ ਇਨ੍ਹਾਂ ਦੇ ਨੇਤਾਵਾਂ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਵਲੋਂ ਇਸ ਅੰਦੋਲਨ ਨੂੰ ਚਲਾਉਣ ਲਈ ਜਿਸ ਤਰ੍ਹਾਂ ਇਕੱਠੇ ਹੋ ਕੇ ਸਭ ਦੀ ਸਹਿਮਤੀ ਨਾਲ ਫੈਸਲੇ ਲਏ ਜਾ ਰਹੇ ਹਨ ਇਹ ਵੀ ਸਲਾਹੁਣਯੋਗ ਹੈ। ਸਮਾਜ ਸੇਵੀ ਸੰਸਥਾਵਾਂ ਵੱਲੋਂ, ਬਾਹਰਲੇ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਲੋਂ ਅਤੇ ਪੰਜਾਬ ਹਰਿਆਣੇ ਦੇ ਲੋਕਾਂ ਵਲੋਂ ਜਿਸ ਤਰ੍ਹਾਂ ਇਸ ਕਿਸਾਨੀ ਸੰਘਰਸ਼ ਦੇ ਮੱਕੇ ਰੂਪੀ ਨਗਰ ਵਿੱਚ ਗਏ ਸੰਘਰਸ਼ੀ ਯੋਧਿਆਂ ਨੂੰ ਆਪਣੀ ਜਿੱਤ ਤੱਕ ਲੈ ਜਾਣ ਲਈ ਯੋਗਦਾਨ ਪਾਇਆ ਜਾ ਰਿਹਾ ਹੈ, ਉਸ ਨੂੰ ਤੱਕ ਕੇ ਧਰਤੀ ਮਾਂ ਆਪਣੇ ਇਨ੍ਹਾਂ ਜਾਇਆ ’ਤੇ ਸਦਾ ਮਾਣ ਕਰਦੀ ਰਹੇਗੀ। ਇਨ੍ਹਾਂ ਦੀ ਹਿੰਮਤ ਨੇ ਇਸ ਸੰਘਰਸ਼ ਨੂੰ ਇਸ ਟਰਾਲੀਆਂ ’ਤੇ ਵੱਸੇ ਨਗਰ ਨੂੰ ਅਜਿਹੇ ਪੜਾਅ ’ਤੇ ਲੈਆਂਦਾ ਹੈ ਕਿ ਸਾਰੀ ਦੁਨੀਆਂ ਦੀਆਂ ਅੱਖਾਂ ਇਸ ਵੱਲ ਲੱਗੀਆਂ ਹੋਈਆਂ ਹਨ। ਜਿਸ ਤਰ੍ਹਾਂ ਇਸ ਸੰਘਰਸ਼ ਨੂੰ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਵਲੋਂ ਹੁੰਗਾਰਾ ਮਿਲ ਰਿਹਾ ਹੈ ਇਸ ਦੀ ਜਿੱਤ ਯਕੀਨੀ ਹੈ।
ਸੰਪਰਕ: 76260-63596

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All