DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧੂਰੀ ਵਰਦੀ, ਪੂਰਾ ਸੱਚ!

ਕਿਹਾ ਜਾਂਦਾ ਹੈ ਕਿ ਜਦੋਂ ਇੱਕ ਧੀ ਦੇ ਮੋਢਿਆਂ ’ਤੇ ਖ਼ਾਕੀ ਵਰਦੀ ਸਜਦੀ ਹੈ ਤਾਂ ਉਹ ਸਿਰਫ਼ ਇੱਕ ਪੁਲੀਸ ਅਫ਼ਸਰ ਹੀ ਨਹੀਂ ਬਣਦੀ, ਸਗੋਂ ਹੋਰ ਹਜ਼ਾਰਾਂ ਕੁੜੀਆਂ ਲਈ ਵੀ ਹਿੰਮਤ ਬਣਦੀ ਹੈ। ਉਹ ਉਨ੍ਹਾਂ ਬੇੜੀਆਂ ਨੂੰ ਤੋੜਦੀ ਹੈ, ਜੋ ਸਦੀਆਂ...

  • fb
  • twitter
  • whatsapp
  • whatsapp
Advertisement

ਕਿਹਾ ਜਾਂਦਾ ਹੈ ਕਿ ਜਦੋਂ ਇੱਕ ਧੀ ਦੇ ਮੋਢਿਆਂ ’ਤੇ ਖ਼ਾਕੀ ਵਰਦੀ ਸਜਦੀ ਹੈ ਤਾਂ ਉਹ ਸਿਰਫ਼ ਇੱਕ ਪੁਲੀਸ ਅਫ਼ਸਰ ਹੀ ਨਹੀਂ ਬਣਦੀ, ਸਗੋਂ ਹੋਰ ਹਜ਼ਾਰਾਂ ਕੁੜੀਆਂ ਲਈ ਵੀ ਹਿੰਮਤ ਬਣਦੀ ਹੈ। ਉਹ ਉਨ੍ਹਾਂ ਬੇੜੀਆਂ ਨੂੰ ਤੋੜਦੀ ਹੈ, ਜੋ ਸਦੀਆਂ ਤੋਂ ਔਰਤ ਦੇ ਪੈਰਾਂ ਵਿੱਚ ਸੱਭਿਆਚਾਰ ਅਤੇ ਰਿਵਾਜਾਂ ਦੇ ਨਾਂ ’ਤੇ ਪਾਈਆਂ ਹੋਈਆਂ ਹਨ। ਦਿੱਲੀ ਪੁਲੀਸ ਦੀ ਜਾਂਬਾਜ਼ ਸਵੈਟ (SWAT) ਕਮਾਂਡੋ ਕਾਜਲ ਚੌਧਰੀ ਦੀ ਮੌਤ ਮਗਰੋਂ ਇੱਕ ਅਜਿਹਾ ਸਵਾਲ ਸਾਡੇ ਅੱਗੇ ਮੂੰਹ ਅੱਡੀ ਖੜ੍ਹਾ ਹੈ, ਜਿਸ ਦਾ ਜਵਾਬ ਸ਼ਾਇਦ ਸਾਡੀ ਅਖੌਤੀ ਆਧੁਨਿਕ ਸੱਭਿਅਤਾ ਕੋਲ ਹੈ ਹੀ ਨਹੀਂ।

ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਦੇਸ਼ ਦੀ ਰੱਖਿਆ ਲਈ ‘ਬੁਲੇਟ-ਪਰੂਫ’ ਜੈਕੇਟ ਪਾਉਣ ਵਾਲੀ ਇੱਕ ਅਜਿਹੀ ਯੋਧਾ, ਜੋ ਦੁਸ਼ਮਣਾਂ ਦੇ ਦੰਦ ਖੱਟੇ ਕਰਨ ਦੀ ਸਿਖਲਾਈ ਰੱਖਦੀ ਸੀ, ਆਪਣੇ ਹੀ ਘਰ ਦੀ ਚਾਰਦੀਵਾਰੀ ਵਿੱਚ ਦਾਜ ਦੇ ਲੋਭੀਆਂ ਸਾਹਮਣੇ ਬੇਵੱਸ ਹੋ ਜਾਵੇਗੀ? ਕਾਜਲ ਦੀ ਮੌਤ ਸਿਰਫ਼ ਇੱਕ ਕਤਲ ਨਹੀਂ, ਸਗੋਂ ਸਾਡੀ ਸਮਾਜਿਕ ਮਾਨਸਿਕਤਾ ਦੇ ਦੀਵਾਲੀਏਪਨ ਦੀ ਉਹ ਗਵਾਹੀ ਹੈ, ਜੋ ਚੀਕ-ਚੀਕ ਕੇ ਕਹਿ ਰਹੀ ਹੈ ਕਿ ਨਾਰੀ ਸ਼ਕਤੀਕਰਨ ਦੇ ਨਾਅਰੇ ਉਦੋਂ ਤੱਕ ਖੋਖਲੇ ਹਨ, ਜਦੋਂ ਤੱਕ ਮਰਦ ਦੀ ਸੋਚ ਵਿੱਚ ਔਰਤ ਉਸ ਦੀ ਨਿੱਜੀ ਜਾਇਦਾਦ ਬਣੀ ਰਹੇਗੀ।

Advertisement

22 ਜਨਵਰੀ ਦੀ ਰਾਤ ਇੱਕ ਕਾਲੇ ਸੱਚ ਵਾਂਗ ਆਈ। ਕਾਜਲ ਆਪਣੇ ਭਰਾ ਨਾਲ ਫੋਨ ’ਤੇ ਗੱਲ ਕਰ ਰਹੀ ਸੀ, ਜਦੋਂ ਅੰਕੁਰ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਭਰਾ ਨੂੰ ਫੋਨ ’ਤੇ ਭੈਣ ਦੀਆਂ ਚੀਕਾਂ ਸੁਣਾਈ ਦਿੱਤੀਆਂ। ਇਸ ਤੋਂ ਮਹਿਜ਼ ਪੰਜ ਮਿੰਟਾਂ ਬਾਅਦ ਜਦੋਂ ਦੁਬਾਰਾ ਘੰਟੀ ਵੱਜੀ ਤਾਂ ਉਹ ਆਵਾਜ਼ ਉਸ ਇਨਸਾਨ ਦੀ ਸੀ, ਜਿਸ ਨੂੰ ਕਾਜਲ ਨੇ ਆਪਣਾ ਜੀਵਨ ਸਾਥੀ ਚੁਣਿਆ ਸੀ। ਬੇਹੱਦ ਬੇਸ਼ਰਮੀ ਅਤੇ ਰੂਹ ਕੰਬਾਉਣ ਵਾਲੇ ਲਹਿਜੇ ਵਿੱਚ ਅੰਕੁਰ ਨੇ ਕਿਹਾ, ‘ਮੇਰੇ ਹੱਥੋਂ ਇਹ ਮਰ ਗਈ ਹੈ, ਆ ਕੇ ਲੈ ਜਾਓ।’ ਇਨ੍ਹਾਂ ਸ਼ਬਦਾਂ ਵਿੱਚ ਕੋਈ ਪਛਤਾਵਾ ਨਹੀਂ, ਸਗੋਂ ਇੱਕ ਹੈਵਾਨੀਅਤ ਭਰੀ ਹਉਮੈ ਸੀ। ਕਾਜਲ ਨੇ ਅੰਕੁਰ ਨਾਲ ਵਿਆਹ ਕਰਵਾਉਣ ਮਗਰੋਂ ਆਪਣਾ ਹਰ ਸੁਖ ਦੁਖ ਉਸ ਨਾਲ ਸਾਂਝਾ ਕਰ ਲਿਆ ਸੀ, ਪਰ ਜਿਨ੍ਹਾਂ ਹੱਥਾਂ ਨੇ ਕਾਜਲ ਦੇ ਹੱਥ ਫੜ ਕੇ ਇਕੱਠਿਆਂ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਸਨ, ਉਨ੍ਹਾਂ ਹੀ ਹੱਥਾਂ ਨੇ ਕਾਜਲ ਦੀ ਜਾਨ ਲੈ ਲਈ। ਇਸ ਵਹਿਸ਼ੀਆਨਾ ਹਮਲੇ ਵਿੱਚ ਅੰਕੁਰ ਨੇ ਲੋਹੇ ਦੇ ਡੰਬਲ ਨਾਲ ਕਾਜਲ ਦੇ ਸਿਰ ’ਤੇ ਉਦੋਂ ਤੱਕ ਵਾਰ ਕੀਤੇ, ਜਦੋਂ ਤੱਕ ਉਸ ਦੇ ਸਾਹਾਂ ਦੀ ਡੋਰ ਟੁੱਟ ਨਹੀਂ ਗਈ।

Advertisement

ਤ੍ਰਾਸਦੀ ਦੀ ਹੱਦ ਇਹ ਹੈ ਕਿ ਕਾਜਲ ਚਾਰ ਮਹੀਨੇ ਦੀ ਗਰਭਵਤੀ ਸੀ। ਉਸ ਦੇ ਅੰਦਰ ਇੱਕ ਨਵੀਂ ਜ਼ਿੰਦਗੀ ਪਲ ਰਹੀ ਸੀ, ਜੋ ਸ਼ਾਇਦ ਆਪਣੀ ਮਾਂ ਵਾਂਗ ਹੀ ਦੇਸ਼ ਦੀ ਸੇਵਾ ਦੇ ਸੁਫ਼ਨੇ ਬੁਣਦੀ। ਪਰ ਦਾਜ ਦੀ ਨਿਰਮੋਹੀ ਭੁੱਖ ਨੇ ਉਸ ਅਣਜੰਮੇ ਮਾਸੂਮ ਨੂੰ ਵੀ ਨਹੀਂ ਬਖਸ਼ਿਆ। ਇਹ ਦੋਹਰਾ ਕਤਲ ਹੈ: ਇੱਕ ਕਮਾਂਡੋ ਦਾ ਅਤੇ ਇੱਕ ਸੰਭਾਵਨਾ ਦਾ। ਮੁਲਜ਼ਮ ਅੰਕੁਰ ਖ਼ੁਦ ਰੱਖਿਆ ਮੰਤਰਾਲੇ ਵਿੱਚ ਕਾਨੂੰਨ ਦੀਆਂ ਫਾਈਲਾਂ ਸੰਭਾਲਦਾ ਸੀ ਪਰ ਅਸਲ ਵਿੱਚ ਉਹ ਇੱਕ ਅਜਿਹੀ ਬੋਸੀਦਾ ਸੋਚ ਦਾ ਗੁਲਾਮ ਸੀ, ਜਿੱਥੇ ਦਾਜ ਵਿੱਚ ਆਏ ਸਾਮਾਨ ਦੀ ਸੂਚੀ ਸਦਾ ਹੀ ਵਿਆਹ ਕੇ ਲਿਆਂਦੀ ਧੀ ’ਤੇ ਭਾਰੂ ਰਹਿੰਦੀ ਹੈ।

ਅੱਜ ਕਾਜਲ ਦਾ ਡੇਢ ਸਾਲ ਦਾ ਮਾਸੂਮ ਪੁੱਤਰ ਆਪਣੀ ਮਾਂ ਦੀ ਗੋਦ ਲੱਭ ਰਿਹਾ ਹੈ। ਅੰਕੁਰ ਤਿਹਾੜ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ, ਪਰ ਇੱਕ ਸਵਾਲ ਲੰਬੇ ਸਮੇਂ ਤੋਂ ਆਜ਼ਾਦ ਘੁੰਮ ਰਿਹਾ ਹੈ...ਕੀ ਸਾਡੀਆਂ ਧੀਆਂ ਇਸ ਸਮਾਜਿਕ ਪਿੰਜਰੇ ਦੀ ਕੈਦ ਵਿੱਚ ਇਸੇ ਤਰ੍ਹਾਂ ਆਪਣੀ ਜਾਨ ਗੁਆਉਂਦੀਆਂ ਰਹਿਣਗੀਆਂ ? ਹੁਣ ਤੱਕ ਹਜ਼ਾਰਾਂ ਹੀ ਧੀਆਂ ਇਸ ਅੰਨ੍ਹੇ ਖੂਹ ਵਿੱਚ ਸੁੱਟੀਆਂ ਜਾ ਚੁੱਕੀਆਂ ਹਨ। ਇਹ ਵਰਤਾਰਾ ਦਰਸਾਉਂਦਾ ਹੈ ਕਿ ਅਸੀਂ ਧੀਆਂ ਨੂੰ ਸਵੈ-ਰੱਖਿਆ ਦੇ ਗੁਰ ਤਾਂ ਸਿਖਾ ਦਿੱਤੇ, ਪਰ ਪੁੱਤਰਾਂ ਨੂੰ ਇਨਸਾਨੀਅਤ ਅਤੇ ਬਰਾਬਰੀ ਦਾ ਪਾਠ ਪੜ੍ਹਾਉਣਾ ਭੁੱਲ ਗਏ ਹਾਂ।

ਕਾਜਲ ਦੀ ਮੌਤ ਸਾਡੇ ਸਿਸਟਮ ਅਤੇ ਸਮਾਜ ਦੇ ਮੂੰਹ ’ਤੇ ਇੱਕ ਅਜਿਹੀ ਕਾਲਖ਼ ਹੈ, ਜੋ ਉਦੋਂ ਤੱਕ ਧੋਤੀ ਨਹੀਂ ਜਾ ਸਕੇਗੀ, ਜਦੋਂ ਤੱਕ ਕਾਜਲ ਤੇ ਉਸ ਵਰਗੀਆਂ ਹੋਰ ਹਜ਼ਾਰਾਂ ਲੜਕੀਆਂ, ਜਿਨ੍ਹਾਂ ਨੂੰ ਦਾਜ ਦੇ ਲੋਭੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਇਹ ਘਟਨਾ ਸਾਨੂੰ ਹਲੂਣ ਕੇ ਪੁੱਛਦੀ ਹੈ ਕਿ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ, ਜਿੱਥੇ ਇੱਕ ਧੀ ਦੀ ਵਰਦੀ ਦਾ ਰੋਅਬ ਤਾਂ ਸਾਰਾ ਸ਼ਹਿਰ ਦੇਖਦਾ ਹੈ, ਪਰ ਉਸ ਦੇ ਘਰ ਦੇ ਅੰਦਰੋਂ ਨਿਕਲਦੀਆਂ ਚੀਕਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ।

ਕਾਜਲ ਚਲੀ ਗਈ, ਪਰ ਪਿੱਛੇ ਛੱਡ ਗਈ ਹੈ ਇੱਕ ਅਧੂਰੀ ਵਰਦੀ ਅਤੇ ਇੱਕ ਅਜਿਹਾ ਸਮਾਜ ਜੋ ਅੱਜ ਵੀ ਦਾਜ ਵਰਗੀਆਂ ਲਾਹਨਤਾਂ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਅਜਿਹੇ ਹਾਦਸੇ ਲਗਾਤਾਰ ਸਾਨੂੰ ਧੀਆਂ ਪੁੱਤਰਾਂ ਨੂੰ ਦਿੱਤੇ ਜਾ ਰਹੇ ਸੰਸਕਾਰਾਂ ਅਤੇ ਸਮਾਜ ਦੇ ਇਸ ਸੜ ਚੁੱਕੇ ਸਿਸਟਮ ’ਤੇ ਸਵਾਲ ਖੜ੍ਹਾ ਕਰਨ ਲਈ ਵੰਗਾਰਦੇ ਰਹਿਣਗੇ।

Advertisement
×