ਢਲਦੇ ਸੂਰਜ ਦੇ ਸਨਮੁਖ

ਢਲਦੇ ਸੂਰਜ ਦੇ ਸਨਮੁਖ

ਪਰਮਬੀਰ ਕੌਰ

ਪਰਮਬੀਰ ਕੌਰ

ਸ ਬੇਅੰਤ ਕੁਦਰਤ ਨਾਲ ਪਿਆਰ ਦੀ ਕੋਈ ਸੀਮਾ ਹੋ ਸਕਦੀ ਹੈ ਭਲਾ! ਮੈਨੂੰ ਪੁੱਛੋ ਤਾਂ ਆਖਾਂਗੀ- ਹਰਗਿਜ਼ ਨਹੀਂ। ਮੇਰੇ ਲਈ ਤਾਂ ਇਹ ਬਿਆਨ ਕਰਨਾ ਹੀ ਅਸੰਭਵ ਹੈ ਕਿ ਕੁਦਰਤ ਮੇਰੀ ਕਿੰਨੀ ਕਰੀਬੀ ਦੋਸਤ ਹੈ। ਇਸ ਦੇ ਕਿਹੜੇ ਕਿਹੜੇ ਮੰਜ਼ਰ ਤੇ ਮਰਹਲਿਆਂ ਦਾ ਜ਼ਿਕਰ ਕਰਾਂ! ਇਸ ਦੇ ਵੰਨ-ਸਵੰਨੇ ਰੰਗਾਂ ਦਾ ਵਰਣਨ ਕਰਨਾ ਵੀ ਮੇਰੇ ਵਸ ਦੀ ਬਾਤ ਨਹੀਂ। ਬਸ ਇੰਨਾ ਕਹਿ ਸਕਦੀ ਹਾਂ ਕਿ ਕੁਦਰਤ ਦੀ ਸੰਗਤ ਮਾਣਨ ਦਾ ਸ਼ੌਕ ਜਨੂਨ ਦੀ ਹੱਦ ਤਕ ਹੈ ਅਤੇ ਇਹ ਹਰ ਪਲ ਮੇਰੇ ਖ਼ਿਆਲਾਂ ਤੇ ਹਾਵੀ ਰਹਿੰਦੀ ਹੈ। ਅਸਲ ਵਿਚ ਇਹ ਹੈ ਵੀ ਸੱਚ ਕਿ ਕੁਦਰਤ ਦੀ ਨੇੜਤਾ ਕਿਸੇ ਦੀ ਰੂਹ ਤੇ ਖੇੜਾ ਲਿਆਉਣ ਦਾ ਸਭ ਤੋਂ ਉੱਤਮ ਸਾਧਨ ਹੈ। ਇਸ ਦਾ ਕੋਈ ਵੀ ਦ੍ਰਿਸ਼ ਬੰਦੇ ਨੂੰ ਵਿਸਮਾਦੀ ਅਵਸਥਾ ਤਕ ਸਹਿਜੇ ਹੀ ਪਹੁੰਚਾ ਸਕਦਾ ਹੈ; ਤੇ ਜਦੋਂ ਕੋਈ ਇਕ ਵਾਰ ਕੁਦਰਤ ਦਾ ਪ੍ਰਸ਼ੰਸਕ ਬਣ ਜਾਵੇ, ਉਸ ਦੇ ਮਨ ਨੂੰ ਹੋਰ ਦੁਨਿਆਵੀ ਮਨੋਰੰਜਨ ਦੇ ਸਾਧਨ ਇਸ ਦੇ ਸਾਹਮਣੇ ਤੁੱਛ ਜਿਹੇ ਜਾਪਣ ਲੱਗ ਪੈਂਦੇ ਹਨ। ਬੰਦਾ ਆਪ ਹੰਢਾਅ ਕੇ ਦੇਖੇ ਤਾਂ ਸੌਖਿਆਂ ਹੀ ਇਸ ਕਥਨ ਦੀ ਸਚਾਈ ਉਜਾਗਰ ਹੋ ਸਕਦੀ ਹੈ। ਫਿਰ ਅਜਿਹਾ ਇਨਸਾਨ ਕੁਦਰਤ ਦਾ ਸਾਥ ਮਾਣਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਵੇਗਾ, ਇਸ ਮੋਹ ਸਦਕਾ ਭਾਵੇਂ ਉਸ ਨੂੰ ਲੋਕਾਂ ਦੇ ਮਜ਼ਾਕ ਦਾ ਪਾਤਰ ਹੀ ਕਿਉਂ ਨਾ ਬਣਨਾ ਪਵੇ!

ਕੁਦਰਤ ਪ੍ਰੇਮੀਆਂ ਦੀ ਵੱਖਰੀ ਪਛਾਣ ਆਪ-ਮੁਹਾਰੇ ਬਣ ਜਾਂਦੀ ਹੈ। ਸਾਡੇ ਪਰਿਵਾਰ ਦੇ ਇਕ ਵਾਕਫ਼ ਜਦੋਂ ਕਿਸੇ ਵਿਆਹ ਸਮਾਗਮ ’ਤੇ, ਵੱਡੇ ਖੁੱਲ੍ਹੇ ਸ਼ਾਦੀ-ਮਹਿਲ ਵਿਚ ਜਾਂਦੇ ਹਨ ਤਾਂ ਅੰਦਰ ਹਾਲ ਵਿਚ ਕਦੇ ਦੋ-ਚਾਰ ਮਿੰਟਾਂ ਤੋਂ ਵਧ ਨਹੀਂ ਰੁਕਦੇ। ਉਹ ਆਖਦੇ ਹਨ- ‘ਅੰਦਰ ਉੱਚਾ, ਕੰਨ-ਪਾੜਵਾਂ ‘ਸੰਗੀਤ’ ਸੁਣਨ ਨਾਲੋਂ ਬਾਹਰ ਰੁੱਖਾਂ ’ਤੇ ਚਹਿਕਦੇ ਪੰਛੀਆਂ ਦੇ ਗੀਤ ਸੁਣਨਾ ਬਿਹਤਰ!’ ਕਹਿਣਗੇ, “ਚਲੋ, ਬਾਹਰ ਸ਼ਾਂਤੀ ਨਾਲ ਬੈਠਦੇ ਹਾਂ, ਕੋਈ ਗੱਲਾਂ-ਬਾਤਾਂ ਵੀ ਹੋ ਜਾਣਗੀਆਂ।” ਭਾਵ ਇਹੀ ਹੈ ਕਿ ਇਨ੍ਹਾਂ ਲੋਕਾਂ ਦੀਆਂ ਤਰਜੀਹਾਂ ਵੱਖਰੀਆਂ ਹੁੰਦੀਆਂ, ਉਹ ਅਸਲ ਵਿਚ ਬਿਲਕੁਲ ਅਲੱਗ ਧਰਾਤਲ ’ਤੇ ਵਿਚਰਦੇ ਨੇ। ਸ਼ਾਇਦ ਇਹ ਲੋਕ ਬਾਖ਼ੂਬੀ ਸਮਝ ਸਕਦੇ ਹਨ ਕਿ ਕੁਦਰਤ ਨਾਲ ਨਿਕਟੀ ਰਿਸ਼ਤਾ ਮਾਣਨ ਵਾਲੀ ਹਸਤੀ ਨੂੰ ਚਿੰਤਨ ਕਰਨ ਲਈ, ਬੜੇ ਤਲਿਸਮੀ ਵਿਸ਼ੇ ਨਿਰਯਤਨ ਸੁਝਦੇ ਰਹਿੰਦੇ ਨੇ। ਅਨੋਖੀ ਸ਼ਾਂਤੀ ਤੇ ਖੇੜਾ ਅਚੇਤ ਹੀ ਝੋਲੀ ਆ ਪੈਂਦੇ ਹਨ।

ਹੁਣ ਆਪਣੇ ਤਜਰਬੇ ਦੀ ਬਾਤ ਸਾਂਝੀ ਕਰਨ ਦੀ ਖ਼ੁਸ਼ੀ ਲੈਣਾ ਚਾਹੁੰਦੀ ਹਾਂ। ਪਹਿਲਾਂ ਤਾਂ ਮੈਂ ਆਪਣੀ ਮੌਜੂਦਾ ਮਾਨਸਿਕ ਅਵਸਥਾ ਲਈ ਕੁਦਰਤ ਦੀ ਸ਼ੁਕਰਗੁਜ਼ਾਰ ਵੀ ਬਹੁਤ ਹਾਂ! ਕੀ ਕੀ ਲਾਭ ਨਹੀਂ ਹੋਏ ਮੈਨੂੰ ਇਸ ਤੋਂ! ਇਕੱਲ ਜਾਂ ਉਦਾਸੀ ਦੀ ਭਾਵਨਾ ਤਾਂ ਅਜਿਹੀ ਮਨੋਬਿਰਤੀ ਵਾਲੇ ਦੇ ਨੇੜੇ ਨਹੀਂ ਫਟਕਦੀ। ਪਿੱਛੇ ਜਿਹੇ ਅਸੀਂ ਆਪਣੇ ਸਾਢੇ ਕੁ ਤਿੰਨ ਦਹਾਕੇ ਪਹਿਲਾਂ ਵਾਲਾ ਘਰ ਛੱਡ ਕੇ ਨਵੀਂ ਥਾਂ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ। ਸਮਝਿਆ ਜਾ ਸਕਦਾ ਹੈ ਕਿ ਇਕ ਵਾਰ ਤਾਂ ਮਨ ਨੂੰ ਥੋੜ੍ਹਾ ਹਲੂਣਾ ਮਹਿਸੂਸ ਹੋਇਆ ਪਰ ਕਿਉਂਕਿ ਬਹੁਤ ਸੋਚ-ਸਮਝ ਕੇ ਇਹ ਕਦਮ ਚੁਕਿਆ ਸੀ, ਇਸ ਲਈ ਪਿੱਛੋਂ ਚੰਗਾ ਵੀ ਬਹੁਤ ਲੱਗਿਆ।

ਨਵੇਂ ਘਰ ਵਿਚ ਆਉਣ ਤੋਂ ਬਾਅਦ ਅਸੀਂ ਮੀਆਂ-ਬੀਵੀ ਨੇ ਜਦੋਂ ਸ਼ਾਮ ਦੀ ਚਾਹ ਪੀਣ ਬੈਠਣਾ ਤਾਂ ਸਬਬੀਂ ਉਹ ਸਮਾਂ ਸੂਰਜ ਦੇ ਅਸਤ ਹੋਣ ਦੇ ਨਾਲ ਐਨ ਮੇਲ ਖਾਂਦਾ ਸੀ। ਪਿਛਲੇ ਘਰ ਵਿਚ ਇਹ ਅਨੂਠਾ ਦ੍ਰਿਸ਼ ਮਾਣਨਾ ਸੰਭਵ ਤਾਂ ਸੀ ਤੇ ਕਈ ਵਾਰ ਅਜਿਹਾ ਹੋਇਆ ਵੀ ਪਰ ਉਸ ਦੇ ਲਈ ਕੁਝ ਉਚੇਚ ਕਰਨੀ ਪੈਂਦੀ ਸੀ। ਹੁਣ ਹਰ ਰੋਜ਼ ਇਹ ਵਿਲੱਖਣ ਨਜ਼ਾਰਾ ਸਹਿਜੇ ਹੀ ਅੱਖਾਂ ਸਾਹਮਣੇ ਵਾਪਰਨ ਲੱਗ ਪਿਆ। ਜ਼ਿੰਦਗੀ ਦੇ ਸੱਤਵੇਂ ਦਹਾਕੇ ਵਿਚ ਵਿਚਰਦਿਆਂ ਜਾਪਦਾ ਹੈ ਜਿਵੇਂ ਢਲਦੇ ਸੂਰਜ ਨਾਲ ਉਂਜ ਵੀ ਕੋਈ ਤਲਿਸਮੀ ਰਿਸ਼ਤਾ ਬਣ ਗਿਆ ਹੋਵੇ!

ਲਹਿੰਦੇ ਸੂਰਜ ਦਾ ਜਾਂਦਿਆਂ ਜਾਂਦਿਆਂ ਬੱਦਲਾਂ ਨਾਲ ਅਠਖੇਲੀਆਂ ਕਰਨਾ, ਪਲ ਪਲ ਅੰਬਰ ਦੇ ਰੰਗ ਬਦਲਣਾ ਤੇ ਅਖ਼ੀਰ ਵਿਚ ਗੂੜ੍ਹਾ ਸਲੇਟੀ ਆਲਾ-ਦੁਆਲਾ ਸਿਰਜ ਕੇ ਅੱਖੋਂ ਓਹਲੇ ਹੋ ਜਾਣਾ, ਕਿੰਨੀ ਮਨਮੋਹਕ ਪ੍ਰਕਿਰਿਆ ਹੈ! ਜਿਵੇਂ ਸੂਰਜ ਕੋਈ ਜਾਦੂਗਰ ਹੋਵੇ। ਇਸ ਸਮੇਂ ਪੰਛੀ ਵੀ ਸੌਣ ਦੀ ਤਿਆਰੀ ਵਿਚ ਹੁੰਦੇ ਨੇ; ਕੁਦਰਤ ਦੇ ਅਸੂਲ ਤੋੜਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਹੀ ਨਹੀਂ ਸਕਿਆ। ਇੰਨੀ ਸ਼ਾਇਸਤਗੀ ਇਨ੍ਹਾਂ ਦੀ ਰਹਿਣੀ-ਬਹਿਣੀ ਵਿਚ; ਪਹਿਲਾਂ ਰੁੱਖਾਂ ਦੇ ਉੱਪਰ ਚੱਕਰ ਕੱਟਦੇ ਤੇ ਫਿਰ ਇਨ੍ਹਾਂ ਵਿਚ ਬਹਿ ਕੇ ਸੌਣ ਤੋਂ ਪਹਿਲਾਂ ਚੰਗੇ ਗੁਜ਼ਰੇ ਦਿਨ ਦੇ ਸ਼ੁਕਰਾਨੇ ਵਜੋਂ ਸਮੂਹਗਾਨ ਪੇਸ਼ ਕਰਦੇ ਹਨ। ਸਰਸਬਜ਼ ਚੌਗਿਰਦੇ ਨੂੰ ਸੰਗੀਤਕ ਬਣਾ ਦੇਣਾ ਉਨ੍ਹਾਂ ਲਈ ਖੇਡ ਜਿਹਾ ਹੀ ਤਾਂ ਹੈ। ਬਸ ਅਜਿਹੇ ਮਾਹੌਲ ਵਿਚ ਬੈਠ ਕੇ ਇਕੱਠਿਆਂ ਚਾਹ ਪੀਣਾ ਸ਼ਾਨਦਾਰ ਪਾਰਟੀ ਵਿਚ ਸ਼ਾਮਲ ਹੋਣ ਵਰਗਾ ਆਨੰਦ ਦੇ ਜਾਂਦਾ ਹੈ। ਮਨ ਉਡੀਕਦਾ ਹੈ ਹਰ ਰੋਜ਼ ਇਸ ਅਲੌਕਿਕ ਅਵਸਰ ਨੂੰ!

ਇਹ ਖ਼ਿਆਲ ਵੀ ਮਨ ਨੂੰ ਗਦ ਗਦ ਕਰਦਾ ਹੈ ਕਿ ਜਿਹੜਾ ਸੂਰਜ ਸੰਝ ਸਮੇਂ ਅਸਤ ਹੁੰਦਾ ਦੇਖਦੇ ਹਾਂ, ਉਹੀ ਰੋਜ਼ ਸੁਬਹ-ਸਵੇਰੇ ਜਿਵੇਂ ਤਰੋ-ਤਾਜ਼ਾ ਹੋ ਕੇ ਸਾਡੇ ਜਹਾਨ ਨੂੰ ਨੂਰੋ-ਨੂਰ ਕਰ ਛੱਡਦਾ ਹੈ। ਹਰ ਨਵੀਂ ਸਵੇਰ, ਨਵੀਂ ਊਰਜਾ ਨਾਲ ਲਬਰੇਜ਼ ਹੋ ਕੇ ਸਾਡੇ ਬੂਹੇ ਦਸਤਕ ਦੇ ਕੇ ਆਖਦਾ ਹੈ, “ਲਉ ਜੀ, ਇਕ ਹੋਰ ਸੋਨ-ਸੁਨਹਿਰਾ ਦਿਨ ਹਾਜ਼ਰ ਹੈ; ਸਾਂਭ ਲਉ ਇਕ ਇਕ ਪਲ; ਜੁਟ ਜਾਓ ਕੁਝ ਨਿਵੇਕਲਾ ਕਰਨ ਵਿਚ; ਇਸ ਜਹਾਨ ਨੂੰ ਚੰਗੇਰਾ ਬਣਾਉਣ ਤੇ ਆਪਣੀ ਜ਼ਿੰਦਗੀ ਨੂੰ ਸੋਭਨੀਕ ਨੁਹਾਰ ਦੇਣ ਖਾਤਰ!”

ਸੰਪਰਕ: 98880-98379

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All