ਮੈਂ ਵਿਦਾ ਹੁੰਦਾ ਹਾਂ...!
ਜਦੋਂ ਵੀ ਮੈਂ ਪ੍ਰਕਾਸ਼ ਦੇ ਘਰ ਜਾਂਦੀ ਤਾਂ ਕੁਰਸੀ ਉੱਤੇ ਬੈਠਾ ਤਰਕਦੀਪ ਟੀਵੀ ਦੇਖ ਰਿਹਾ ਹੁੰਦਾ। ਬੜਾ ਸ਼ੌਕੀਨ ਸੀ ਉਹ ਫਿਲਮਾਂ ਤੇ ਕਾਰਟੂਨ ਸ਼ੋਅ ਦੇਖਣ ਦਾ। ਸਾਰੀਆਂ ਖੇਡਾਂ ਵਿੱਚ ਭਾਵੇਂ ਉਹਦੀ ਰੁਚੀ ਸੀ, ਪਰ ਫੁਟਬਾਲ ਉਸ ਦੀ ਪਸੰਦੀਦਾ ਖੇਡ ਸੀ।...
ਜਦੋਂ ਵੀ ਮੈਂ ਪ੍ਰਕਾਸ਼ ਦੇ ਘਰ ਜਾਂਦੀ ਤਾਂ ਕੁਰਸੀ ਉੱਤੇ ਬੈਠਾ ਤਰਕਦੀਪ ਟੀਵੀ ਦੇਖ ਰਿਹਾ ਹੁੰਦਾ। ਬੜਾ ਸ਼ੌਕੀਨ ਸੀ ਉਹ ਫਿਲਮਾਂ ਤੇ ਕਾਰਟੂਨ ਸ਼ੋਅ ਦੇਖਣ ਦਾ। ਸਾਰੀਆਂ ਖੇਡਾਂ ਵਿੱਚ ਭਾਵੇਂ ਉਹਦੀ ਰੁਚੀ ਸੀ, ਪਰ ਫੁਟਬਾਲ ਉਸ ਦੀ ਪਸੰਦੀਦਾ ਖੇਡ ਸੀ। ਉਹ ਅਕਸਰ ਰੋਨਾਲਡੋ ਤੇ ਮੈਸੀ ਦੀਆਂ ਗੱਲਾਂ ਕਰਦਾ। ਇੱਕ ਵਾਰ ਉਸ ਨੇ ਦੱਸਿਆ ਕਿ ਉਹ ਹਾਲ ਦੀ ਘੜੀ ਦਸਵੀਂ ਪਾਸ ਕਰਨੀ ਚਾਹੁੰਦਾ ਹੈ ਕਿਉਂਕਿ ਉਸ ਦੇ ਪਾਪਾ ਨੇ ਇੱਕ ਸਕੂਲ ਦਾ ਪਤਾ ਕੀਤਾ ਹੈ, ਜਿੱਥੇ ਉਹ ਪੜ੍ਹਾਈ ਕਰ ਸਕਦਾ ਹੈ। ਇਸ ਦੇ ਨਾਲ ਹੀ ਉਹ ਠੀਕ ਹੋ ਕੇ ਫੁਟਬਾਲ ਵੀ ਖੇਡਣੀ ਚਾਹੁੰਦਾ ਹੈ। ਦਰਅਸਲ, ਇੱਕ ਨਾਮੁਰਾਦ ਬਿਮਾਰੀ ਨੇ ਉਸ ਨੂੰ ਘੇਰਿਆ ਹੋਇਆ ਸੀ।
ਉਸ ਨੂੰ ਦੇਖ ਕੇ ‘ਬੁੱਢਾ ਤੇ ਸਮੁੰਦਰ’ ਨਾਵਲ ਦਾ ਸਾਂਤਿਆਗੋ ਮੇਰੇ ਚੇਤਿਆਂ ਵਿੱਚ ਆਉਂਦਾ ਹੈ, ਜੋ ਫੁਟਬਾਲ ਵਿੱਚ ਰੁਚੀ ਰੱਖਦਾ ਸੀ। ਤਰਕਦੀਪ ਸਿੰਘ ਮੈਨੂੰ ‘ਬੁੱਢਾ ਤੇ ਸਮੁੰਦਰ’ ਦਾ ਹੀ ਇੱਕ ਪਾਤਰ ਲੱਗਦਾ ਸੀ ਕਿਉਂਕਿ ਇੰਟਰਨੈੱਟ ਉੱਤੇ ਆਪਣੀ ਬਿਮਾਰੀ ਡਿਊਸ਼ਨ ਮਸਕੁਲਰ ਡਿਸਟਰੌਫੀ ਜਾਂ ਡੀ ਐਮ ਡੀ (ਪੱਠੇ ਖੁਰਨ ਦੀ ਬਿਮਾਰੀ) ਬਾਰੇ ਉਹ ਬਹੁਤ ਕੁਝ ਜਾਣ ਚੁੱਕਿਆ ਸੀ। ਇਹ ਬਿਮਾਰੀ ਜਮਾਂਦਰੂ ਹੁੰਦੀ ਹੈ। ਉਹ ਇਸ ਤੋਂ ਅਗਲੇ ਹਾਲਾਤ ਬਾਰੇ ਜਾਣੂ ਸੀ, ਪਰ ਉਹ ਜ਼ਿੰਦਗੀ ਦੇ ਮਿਲੇ ਸਾਲ ਰੱਜ ਕੇ ਜਿਊਣਾ ਚਾਹੁੰਦਾ ਸੀ। ਉਸ ਦੇ ਬਹੁਤ ਸਾਰੇ ਸੁਫ਼ਨੇ ਸਨ। ਉਸ ਨੂੰ ਭੂ-ਸਿਆਸੀ ਹਾਲਾਤ ਦੀ ਚੰਗੀ ਸਮਝ ਸੀ ਤੇ ਉਹ ਇਹ ਵਿਸ਼ਾ ਅੱਗੇ ਪੜ੍ਹਨਾ ਚਾਹੁੰਦਾ ਸੀ, ਪਰ ਅੱਠਵੀਂ ਜਮਾਤ ਵਿੱਚ ਹੀ ਦਾਖ਼ਲੇ ਲਈ ਉਸ ਦਾ ਮੈਡੀਕਲ ਸਰਟੀਫਿਕੇਟ ਬਣਾਉਣ ਵਿੱਚ ਡਾਕਟਰਾਂ ਨੇ ਢਿੱਲ ਕੀਤੀ ਤੇ ਉਹਦੇ ਸਾਲ ਮਾਰੇ ਗਏ। ਸਿਹਤ ਪੱਖੋਂ ਉਸ ਦੇ ਅਗਲੇਰੇ ਹਾਲਾਤ ਬਹੁਤ ਮਾੜੇ ਹੁੰਦੇ ਗਏ। ਪਹਿਲੀ ਵਾਰ ਉਸ ਦੇ ਪਿਤਾ ਪ੍ਰਕਾਸ਼ ਨਾਲ ਮੇਰੀ ਮੁਲਾਕਾਤ ਕਿਸੇ ਕੰਮ ਦੇ ਸਿਲਸਿਲੇ ਵਿੱਚ ਹੋਈ ਸੀ। ਇਸੇ ਦੌਰਾਨ ਉਸ ਨੇ ਆਪਣੇ ਪੁੱਤਰ ਦੀ ਸਿਹਤ ਬਾਰੇ ਗੱਲ ਕੀਤੀ। ਮੈਂ ਤਸੱਵਰ ਵੀ ਨਹੀਂ ਸੀ ਕਰ ਸਕਦੀ ਕਿ ਇਹ ਬੱਚਾ ਕਿਹੋ ਜਿਹੇ ਦੁੱਖਾਂ ਵਿੱਚੋਂ ਲੰਘ ਰਿਹਾ ਸੀ। ਮੈਂ 2017-18 ਵਿੱਚ ਦੂਰੋਂ ਤਰਕਦੀਪ ਸਿੰਘ ਨੂੰ ਇੱਕ ਵਾਰ ਭੱਜਿਆ ਫਿਰਦਾ ਤੇ ਖੇਡਦਾ ਦੇਖਿਆ ਸੀ। ਉਹ ਮੈਨੂੰ ਕਿੰਨਾ ਕੁਝ ਜਾਣ ਲੈਣ ਲਈ ਤਾਂਘਦਾ ਜਗਿਆਸੂ ਬੱਚਾ ਜਾਪਿਆ ਸੀ। ਗੋਲ ਮਟੋਲ, ਕਟੋਰੇ ਵਰਗੇ ਸੋਹਣੇ ਭਰਵੇਂ ਚਿਹਰੇ ਉੱਤੇ ਮੋਟੀਆਂ ਸ਼ਾਹ ਕਾਲੀਆਂ ਅੱਖਾਂ ਵਾਲਾ ਬੱਚਾ। ਉਦੋਂ ਵੀ ਮੇਰਾ ਮਨ ਇਹ ਮੰਨਣ ਲਈ ਰਾਜ਼ੀ ਨਹੀਂ ਸੀ ਕਿ ਇਸ ਬੱਚੇ ਨੂੰ ਸਿਹਤ ਦੀ ਕੋਈ ਗੰਭੀਰ ਸਮੱਸਿਆ ਹੋ ਸਕਦੀ ਹੈ।
ਇਸ ਮਗਰੋਂ ਵਕਤ ਤੇ ਘਟਨਾਵਾਂ ਤੇਜ਼ੀ ਨਾਲ ਬਦਲੇ। ਉਹ ਪਹਿਲੀ ਵਾਰ ਡਿੱਗਿਆ, ਫਿਰ ਬੇਵੱਸੀ ਜ਼ੋਰਾਵਰ ਹੁੰਦੀ ਗਈ ਤੇ ਉਸ ਕੋਲੋਂ ਸਕੂਲ ਛੁੱਟ ਗਿਆ। ਤਰਕਦੀਪ ਸਿਰਫ਼ ਬੈਠਣ ਜੋਗਾ ਰਹਿ ਗਿਆ ਤੇ ਫਿਰ ਹੌਲੀ-ਹੌਲੀ ਉਸ ਦੀ ਦੇਹ ਹੋਰ ਨਿਤਾਣੀ ਹੁੰਦੀ ਗਈ। ਪਿਛਲੀ ਵਾਰ ਜਦੋਂ ਉਸ ਨੂੰ ਮਿਲਣ ਗਈ ਤਾਂ ਉਹ ਪਹਿਲਾਂ ਨਾਲੋਂ ਹੋਰ ਕਮਜ਼ੋਰ ਹੋ ਗਿਆ ਸੀ ਤੇ ਹੁਣ ਉਸ ਨੂੰ ਉਠਾ ਕੇ ਬਿਠਾਉਣਾ ਪੈਂਦਾ ਸੀ, ਉਹ ਵੀ ਬਹੁਤ ਸਾਰੇ ਸਿਰਹਾਣੇ ਪਾਸਿਆਂ ਤੋਂ ਲਾ ਕੇ। ਇਸ ਤੋਂ ਪਹਿਲਾਂ ਉਹ ਵ੍ਹੀਲਚੇਅਰ ਉੱਤੇ ਬੈਠਾ ਸਾਰੇ ਘਰ ਵਿੱਚ ਘੁੰਮਦਾ ਰਹਿੰਦਾ ਤੇ ਟੀਵੀ ਦਾ ਰਿਮੋਟ ਉਸ ਦੇ ਹੱਥ ਵਿੱਚ ਹੁੰਦਾ। ਇਨ੍ਹਾਂ ਸਾਰੇ ਹਾਲਾਤ ਦੇ ਬਾਵਜੂਦ ਤਰਕਦੀਪ ਦੇ ਮਾਪਿਆਂ ਨੇ ਕਦੇ ਰੁਦਨ ਨਹੀਂ ਕੀਤਾ। ਮਾਪਿਆਂ ਨੇ ਉਸ ਦਾ ਹਰ ਸ਼ੌਕ ਪੁਗਾਇਆ। ਉਹ ਬਹੁਤ ਬਹਾਦਰ ਜੀਅ ਸੀ। ਦੋਸਤ ਬਣਾਉਣ ’ਚ ਮਾਹਿਰ। ਕਦੇ ਕਦੇ ਉਹ ਕਵਿਤਾਵਾਂ ਲਿਖਦਾ। ਇੰਟਰਨੈੱਟ ਉੱਤੇ ਉਸ ਨੇ ਰੂਸੀ ਤੇ ਜਪਾਨੀ ਭਾਸ਼ਾਵਾਂ ਸਿੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਇਨ੍ਹਾਂ ਭਾਸ਼ਾਵਾਂ ਵਿੱਚ ਕਈ ਟੀਵੀ ਸ਼ੋਅ ਦੇਖਦਾ ਸੀ। ਉਹਦੇ ਕੋਲ ਕਿਤਾਬਾਂ ਦੇ ਢੇਰ ਹੁੰਦੇ। ਅਕਤੂਬਰ ਵਿੱਚ ਉਹਨੇ ਸੋਲਾਂ ਸਾਲ ਦਾ ਹੋ ਜਾਣਾ ਸੀ। ਤਰਕਦੀਪ ਨੂੰ ਹੈ ਤੋਂ ਸੀ ਕਹਿਣਾ ਬਹੁਤ ਔਖਾ ਹੈ। ਉਸਦੀਆਂ ਅਸਥੀਆਂ ਹੁਸੈਨੀਵਾਲੇ ਪਾਈਆਂ ਗਈਆਂ ਤੇ ਉੱਥੇ ਉਹਦੇ ਨਾਮ ਦਾ ਇੱਕ ਬੂਟਾ ਲਾਇਆ ਗਿਆ ਹੈ। ਉਸ ਦੇ ਨਾਨਾ ਕਾਮਰੇਡ ਬਾਰੂ ਸਤਵਰਗ ਹੋਰਾਂ ਦੀਆਂ ਅਸਥੀਆਂ ਵੀ ਪਰਿਵਾਰ ਨੇ ਉੱਥੇ ਹੀ ਜਲ-ਪ੍ਰਵਾਹ ਕੀਤੀਆਂ ਸਨ।
ਆਪਣੀ ਮੌਤ ਤੋਂ ਪਹਿਲਾਂ ਆਖ਼ਰੀ ਦੋ ਦਿਨ ਉਹ ਮਾਪਿਆਂ ਦੇ ਵਿਚਕਾਰ ਉਨ੍ਹਾਂ ਦੀ ਗਲਵੱਕੜੀ ਵਿੱਚ ਸੁੱਤਾ। ਅਸਲ ਵਿੱਚ ਸੁੱਤਾ ਨਹੀਂ ਸਗੋਂ ਕਹਿੰਦਾ ਰਿਹਾ ਕਿ ਸੌਣਾ ਨਹੀਂ, ਬਹੁਤ ਸਾਰੀਆਂ ਗੱਲਾਂ ਕਰੋ। ਬੇਵੱਸੀ ਵਿੱਚ ਮਾਪੇ ਰੋ ਪਏ ਤਾਂ ਉਨ੍ਹਾਂ ਨੂੰ ਰੋਣ ਤੋਂ ਵਰਜਦਿਆਂ ਕਹਿਣ ਲੱਗਾ, “ਮੈਂ ਵੀਡੀਓ ਗੇਮਾਂ ਨੂੰ ਅਸਤੀਫ਼ਾ ਦੇ ਦਿੱਤਾ ਹੈ ਬੱਸ” ਤੇ ਬੋਲਿਆ “ਪਾਪਾ, ਹੁਣ ਜੇ ਮੈਂ ਬਹੁਤ ਤੰਗ ਹੋਇਆ ਤਾਂ ਮੈਨੂੰ ਬਚਾਇਓ ਨਾ। ਮੈਂ ਚੈਨ ਨਾਲ ਮਰਨਾ ਚਾਹੁੰਦਾ ਹਾਂ।’’ ਉਸ ਨੂੰ ਸ਼ਾਇਦ ਹੋਣੀ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ ਤੇ ਛੱਬੀ ਜੁਲਾਈ ਨੂੰ ਉਸ ਨੇ ਖ਼ਾਮੋਸ਼ੀ ਨਾਲ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ।
ਸੰਪਰਕ: 98760-82982

