
ਮਨਦੀਪ ਸਿੰਘ ਸੇਖੋਂ
ਮਨਦੀਪ ਸਿੰਘ ਸੇਖੋਂ
ਮੇਰੇ ਪਰਮ-ਮਿੱਤਰ ਕੰਵਲ ਜਗਰਾਉਂ ਨੇ ਮੈਨੂੰ ਫੋਨ ਕੀਤਾ ਕਿ ਮਹਾਨ ਚਿਤਰਕਾਰ ਸਵ. ਸੋਭਾ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਅੰਦਰੇਟਾ, ਨੇੜੇ ਪਾਲਮਪੁਰ (ਹਿਮਾਚਲ ਪ੍ਰਦੇਸ਼) ਜਾਣ ਦਾ ਵਿਚਾਰ ਹੈ। ਅੰਦਰੇਟੇ ਦਾ ਨਾਂ ਸੁਣਦਿਆਂ ਨਾਂਹ ਕਿਵੇਂ ਆਖ ਸਕਦਾ ਸਾਂ, ਕਿਉਂਕਿ ਸੋਭਾ ਸਿੰਘ ਯਾਦਗਾਰੀ ਆਰਟ ਗੈਲਰੀ ਅੰਦਰੇਟਾ ਵਿੱਚ ਲੱਗੀਆਂ ਪੇਂਟਿੰਗਜ਼ ਅਤੇ ਉਸ ਪਰਿਵਾਰ ਦਾ ਸਨੇਹ ਮੈਨੂੰ ਵੀ ਅਵਾਜ਼ਾਂ ਮਾਰਦਾ ਹੀ ਰਹਿੰਦਾ ਹੈ।
ਸ਼ਾਮ ਛੇ ਕੁ ਵਜੇ ਅਸੀਂ, ਮੇਰੇ ਪਿੰਡ ਪਮਾਲ (ਲੁਧਿਆਣਾ) ਤੋਂ ਚਾਲੇ ਪਾ ਦਿੱਤੇ। ਰਸਤੇ ਵਿੱਚ ਡਾ. ਹਿਰਦੇਪਾਲ ਸਿੰਘ ਦਾ ਫੋਨ ਆਇਆ ਤੇ ਕਹਿੰਦੇ ਜੇ ਰਾਤ ਨੂੰ ਗੱਡੀ ਚਲਾਉਣ ਦੀ ਦਿੱਕਤ ਨਹੀਂ ਤਾਂ ਅੰਦਰੇਟੇ ਘਰ ਹੀ ਰੁਕਿਓ। ਰਾਹ ਵਿਚ ਰੋਟੀ-ਪਾਣੀ ਛਕ ਕੇ ਰਾਤੀਂ ਬਾਰਾਂ ਕੁ ਵਜੇ ਅੰਦਰੇਟੇ ਜਾ ਪਹੁੰਚੇ। ਸਵੇਰੇ ਤਰੋ-ਤਾਜ਼ੇ ਹੋ ਕੇ ਬਾਹਰ ਨਿੱਕਲੇ। ਬਹੁਤ ਹੀ ਸੁਹਾਵਣੀ ਰੁੱਤ ਦੀ ਤਾਸੀਰ ਵਾਲੀ ਹਵਾ ਰੁਮਕ ਰਹੀ ਸੀ। ਆਰਟ ਗੈਲਰੀ ਦੇ ਕੋਲੋਂ ਲੰਘ ਕੇ ਘਰ ਦੇ ਵਿਹੜੇ ਪਹੁੰਚੇ। ਅੱਗੋਂ ਸੋਭਾ ਸਿੰਘ ਦੀ ਸਪੁੱਤਰੀ ਬੀਬੀ ਗੁਰਚਰਨ ਕੌਰ ਅਤੇ ਉਨ੍ਹਾਂ ਦੇ ਸਪੁੱਤਰ ਡਾ. ਹਿਰਦੇਪਾਲ ਸਿੰਘ ਸਾਡਾ ਚਾਹ ਲਈ ਇੰਤਜ਼ਾਰ ਕਰ ਰਹੇ ਸਨ।
ਫਿਰ ਆਰਟ ਗੈਲਰੀ ਵਿੱਚ ਚਿਤਰਕਾਰ ਸਵਰਗੀ ਸੋਭਾ ਸਿੰਘ ਵੱਲੋਂ ਬਣਾਈਆਂ ਵੱਖ-ਵੱਖ ਪੇਂਟਿੰਗਜ਼ ਦੇ ਦਰਸ਼ਨ ਕੀਤੇ, ਜਿਨ੍ਹਾਂ ਵਿੱਚ ਸਿੱਖ ਗੁਰੂ ਸਹਿਬਾਨ, ਹੋਰ ਦੇਵੀ-ਦੇਵਤਿਆਂ, ਪੰਜਾਬ ਅਤੇ ਹਿਮਾਚਲ ਦੇ ਸੱਭਿਆਚਾਰ ਦੀਆਂ ਅਨੇਕਾਂ ਪੇਂਟਿੰਗਜ਼ ਤੋਂ ਇਲਾਵਾ ਪੰਜਾਬੀ ਕਿੱਸਿਆਂ ਦੇ ਮੁੱਖ ਪਾਤਰਾਂ, ਭਾਰਤ ਦੇ ਮਹਾਨ ਰਾਜਨੀਤਿਕ ਨੇਤਾਵਾਂ ਅਤੇ ਕੁਝ ਵੱਡੇ ਫੌਜੀ ਅਫਸਰਾਂ ਦੇ ਜਗਤ ਪ੍ਰਸਿੱਧ ਆਦਮਕੱਦ ਪੋਰਟਰੇਟ, ਮਹਾਨ ਕਲਾ ਦੀ ਗਵਾਹੀ ਭਰਦੇ ਹਨ। ਆਪਣੀ ਜ਼ਿੰਦਗੀ ਦਾ ਪਿਛਲਾ ਅੱਧ ਸੋਭਾ ਸਿੰਘ ਜੀ ਨੇ ਇੱਥੇ ਹੀ ਕਲਾ ਨੂੰ ਅਰਪਨ ਕੀਤਾ ਸੀ। ਪਰਿਵਾਰ ਵੱਲੋਂ ਨਿੱਜੀ ਯਤਨਾਂ ਨਾਲ ਹੀ ਆਰਟ ਗੈਲਰੀ ਅਤੇ ਮਿਊਜ਼ੀਅਮ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸ ਨੂੰ ਵੇਖਣ ਲਈ ਸੈਂਕੜੇ ਕਲਾ ਪ੍ਰੇਮੀ ਰੋਜ਼ਾਨਾ ਆਉਂਦੇ ਹਨ। ਆਰਟ ਗੈਲਰੀ ਅਤੇ ਮਿਊਜ਼ੀਅਮ ਵੇਖਦਿਆਂ ਨਾਲ, ਡਾਕਟਰ ਸਾਹਿਬ ਨੇ ਉਸ ਮਹਾਨ ਚਿਤਰਕਾਰ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਅਤੇ ਯਾਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਮਿਲਦੀਆਂ ਹਨ।
ਨਾਸ਼ਤਾ ਕਰਦਿਆਂ ਡਾਕਟਰ ਸਾਹਿਬ ਨੇ ਪਾਲਮਪੁਰ ਵਿੱਚ ਬਣੇ ‘ਟਿਊਲਿਪ ਖੋਜ ਕੇਂਦਰ’ ਵਿਖਾਉਣ ਬਾਰੇ ਦੱਸਿਆ, ਤਾਂ ਮਨ ਕਸ਼ਮੀਰ ਦੀਆਂ ਉਡਾਰੀਆਂ ਮਾਰਨ ਲੱਗਾ। ਇਸ ਖੂਬਸੂਰਤ ਵਾਦੀ ਦੀਆਂ ਵੇਖਣਯੋਗ ਥਾਵਾਂ ਵਿੱਚ ਸ੍ਰੀਨਗਰ ਦਾ ‘ਟਿਊਲਿਪ ਗਾਰਡਨ’ ਵੀ ਖਾਸ ਸਥਾਨ ਹੈ। ਜੋ ਅੱਧ ਫਰਵਰੀ ਤੋਂ ਅੱਧ ਅਪਰੈਲ ਤੱਕ ਆਮ ਲੋਕਾਂ ਲਈ ਖੁੱਲ੍ਹਾ ਹੈ। ਭਾਵੇਂ ਕਸ਼ਮੀਰ ਚਾਰ-ਪੰਜ ਵਾਰ ਘੁੰਮ ਆਇਆ ਹਾਂ, ਪਰ ਹਰ ਵਾਰ ਸਮਾਂ ਜੂਨ ਮਹੀਨੇ ਦਾ ਹੋਣ ਕਰਕੇ ‘ਟਿਊਲਿਪ ਗਾਰਡਨ’ ਵੇਖਣ ਦਾ ਮਲਾਲ ਹਮੇਸ਼ਾ ਦਿਲ ਵਿੱਚ ਹੀ ਰਹਿ ਜਾਂਦਾ ਰਿਹਾ ਹੈ। ਖਾਣਾ ਖਾਣ ਉਪਰੰਤ ਅਸੀਂ ਬੀਬੀ ਜੀ ਅਤੇ ਭੈਣ ਜੀ ਤੋਂ ਵਿਦਾਇਗੀ ਲਈ ਅਤੇ ਡਾਕਟਰ ਸਾਹਿਬ ਨੇ ਸਾਡੇ ਨਾਲ ਪਾਲਮਪੁਰ ਨੂੰ ਚੱਲਣ ਤੋਂ ਪਹਿਲਾਂ ਆਪਣੀਆਂ ਹਿੰਦੀ ਕਵਿਤਾਵਾਂ ਦੀ ਹਾਲ ਹੀ ਛਪੀ ਕਿਤਾਬ ‘ਦਿਲ ਕੇ ਕਰੀਬ’ ਸਾਨੂੰ ਪਿਆਰ ਸਹਿਤ ਭੇਟ ਕੀਤੀ।
ਅੰਦਰੇਟਾ ਤੋਂ ਪਾਲਮਪੁਰ ਦਸ ਕੁ ਕਿਲੋਮੀਟਰ ਦੂਰ ਹੈ। ਸੱਪ ਵਾਂਗ ਮੇਲਦੀ ਨਵੀਂ ਬਣੀ ਸੜਕ ਦੇ ਦੋਵੇਂ ਪਾਸੇ ਛੋਟੇ-ਛੋਟੇ ਖੇਤਾਂ ਵਿੱਚ ਲਹਿਰਾਉਂਦੀ ਕਣਕ, ਸਰ੍ਹੋਂ ਨੂੰ ਖਿੜੇ ਪੀਲੇ-ਪੀਲੇ ਫੁੱਲ, ਵੱਖ-ਵੱਖ ਰੁੱਖਾਂ ਨੂੰ ਨਿਕਲੀਆਂ ਨਵੀਆਂ ਕਰੂੰਬਲਾਂ ਤੇ ਟਹਿਕਦੀਆਂ ਕਲੀਆਂ ਆਲੇ-ਦੁਆਲੇ ਨੂੰ ਬਹੁਤ ਮਨਮੋਹਣਾ ਬਣਾ ਰਹੀਆਂ ਸਨ। ਖੇਤੀਬਾੜੀ ਯੂਨੀਵਰਸਿਟੀ ਕੋਲੋਂ ਲੰਘ ਕੇ ਅਸੀਂ ਹਿਮਾਲੀਅਨ ਬਾਇਓ-ਰੀਸੋਰਸਿਜ ਸੰਸਥਾ, ਪਾਲਮਪੁਰ ਦੇ ਮੁੱਖ ਦਰਵਾਜ਼ੇ ਕੋਲ ਬਣੇ ਪੁੱਛ-ਗਿੱਛ ਦਫਤਰ ਪਹੁੰਚੇ ਅਤੇ ਨਾਂ ਦਰਜ ਕਰਵਾ ਕੇ ਅੰਦਰ ਚਲੇ ਗਏ। ਇਸ ਖੋਜ ਕੇਂਦਰ ਦੀਆਂ ਢਾਲਦਾਰ ਇਮਾਰਤਾਂ ਨੂੰ ਜਾਂਦੇ ਰਸਤਿਆਂ ਦੁਆਲੇ ਲੱਗੇ ਰੁੱਖ ਅਤੇ ਬੂਟੇ ਬਸੰਤ ਕਾਰਨ ਫੁੱਲਾਂ ਨਾਲ ਲੱਦੇ ਪਏ ਸਨ। ਥੋੜਾ ਅੱਗੇ ਗਏ ਤਾਂ ਸੱਜੇ ਪਾਸੇ ਟਿਊਲਿਪ ਬਾਗ ਵਿਖਾਈ ਦੇਣ ਲੱਗਾ।
ਜ਼ਿੰਦਗੀ ਵਿੱਚ ਪਹਿਲੀ ਵਾਰ ਵੱਖ-ਵੱਖ 20-22 ਰੰਗਾਂ ਦੇ ਖਿੜੇ ‘ਟਿਊਲਿਪ’ ਵੇਖ ਕੇ ਮਨ ਗਦ-ਗਦ ਹੋ ਗਿਆ। ਇੰਝ ਮਹਿਸੂਸ ਹੋ ਰਿਹਾ ਸੀ, ਪਤਾ ਨਹੀਂ ਕਿਹੜੇ ਸਵਰਗ ਵਿੱਚ ਫਿਰਦੇ ਹੋਈਏ। ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਟਿਊਲਪ ਹਾਲੈਂਡ ਤੋਂ ਮੰਗਵਾ ਕੇ ਪਿਛਲੇ ਸਾਲ ਹੀ ਲਗਾਏ ਗਏ ਹਨ। ਕਾਫੀ ਸਮਾਂ ਕੁਦਰਤ ਦੀ ਇਸ ਅਨਾਮਤ ਨੂੰ ਅੱਖਾਂ ਨਾਲ ਨਿਹਾਰਨ ਅਤੇ ਯਾਦਾਂ ਨੂੰ ਸਥਾਈ ਰੱਖਣ ਲਈ ਫੋਟੋਆਂ ਅਤੇ ਰੀਲਾਂ ਬਣਾ ਕੇ ਨਾ ਚਾਹੁੰਦੇ ਹੋਏ ਵੀ ਅਸੀਂ ਇਸ ਬਾਗ ਵਿੱਚੋਂ ਬਾਹਰ ਆ ਗਏ।
ਡਾਕਟਰ ਸਾਹਿਬ ਨੂੰ ਉਨ੍ਹਾਂ ਦੇ ਦਫਤਰ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਛੱਡ ਕੇ ਪੰਜਾਬ ਵੱਲ ਮੋੜਾ ਪਾ ਲਿਆ। ਵੈਸੇ, ਅੰਦਰੇਟਾ ਵਿੱਚ ਮਹਾਨ ਨਾਟਕਕਾਰ ਨੌਰਾ ਰਿਚਰਡ ਦਾ ਵਿਰਾਸਤੀ ਘਰ, ਅੰਦਰੇਟਾ ਪੌਟਰੀ ਸਥਾਨ, ਪਾਲਮਪੁਰ ਦੇ ਚਾਹ ਬਾਗ ਵਿੱਚ ਚਾਹ ਫੈਕਟਰੀ, ਬੈਜਨਾਥ ਵਿੱਚ ਨੌਵੀਂ-ਦਸਵੀਂ ਸਦੀ ਦਾ ਮੰਦਰ, ਬੀੜ ਦੀ ਬੋਧੀ ਮੋਨਾਸਟਰੀ ਤੇ ਦੁਨੀਆ ਦੀ ਦੂਸਰੀ ਪ੍ਰਸਿੱਧ ਪੈਰਾਗਲਾਈਡਿੰਗ ਸਾਇਟ ਬਿਲਿੰਗ ਵੀ ਘੁਮੱਕੜਾਂ ਨੂੰ ਆਕਰਸ਼ਿਤ ਕਰਨ ਵਾਲੀਆਂ, ਨੇੜੇ ਦੀਆਂ ਖੂਬਸੂਰਤ ਥਾਵਾਂ ਹਨ।
ਸੰਪਰਕ: 94643-68055
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ