ਜੇ ਸਮੇਂ ਦੀ ਚਾਲ ਏਹੀ ਰਹੀ : The Tribune India

ਜੇ ਸਮੇਂ ਦੀ ਚਾਲ ਏਹੀ ਰਹੀ

ਜੇ ਸਮੇਂ ਦੀ ਚਾਲ ਏਹੀ ਰਹੀ

ਬਲਦੇਵ ਸਿੰਘ (ਸਡ਼ਕਨਾਮਾ)

ਬਲਦੇਵ ਸਿੰਘ (ਸੜਕਨਾਮਾ)

ਕਾਫ਼ੀ ਵਰ੍ਹੇ ਪਹਿਲਾਂ ਦੀਆਂ ਗੱਲਾਂ ਨੇ, ਮੈਂ ਕੁਝ ਦਿਨਾਂ ਲਈ ਕਲਕੱਤੇ (ਹੁਣ ਕੋਲਕਾਤਾ) ਤੋਂ ਪੰਜਾਬ ਆਇਆ ਹੋਇਆ ਸਾਂ। ਆਪਣੇ ਸਾਹਿਤਕ ਮਿੱਤਰਾਂ ਨਾਲ ਸ੍ਰੀ ਮੁਕਤਸਰ ਸਾਹਿਬ ਵੱਲ ਇੱਕ ਸਮਾਗਮ ਉੱਪਰ ਗਏ ਸਾਂ। ਰਸਤੇ ਵਿੱਚ ਇੱਕ ਆਮ ਜਿਹੇ ਢਾਬੇ ਉੱਪਰ ‘ਬਰਾੜ ਢਾਬਾ’ ਲਿਖਿਆ ਵੇਖ ਕੇ ਹੈਰਾਨੀ ਇਸ ਕਰਕੇ ਹੋਈ ਕਿ ਹੁਣ ਪੰਜਾਬ ਦੇ ਜੱਟਾਂ ਨੂੰ ਵੀ ਬਰਤਨ ਸਾਫ਼ ਕਰਨ ਦੀ ਮਜਬੂਰੀ ਆ ਗਈ। ਪੰਜਾਬ ਤੋਂ ਬਾਹਰ ਜਾਂ ਕਲਕੱਤੇ ਵੱਲ ਤਾਂ ਇਹ ਆਮ ਗੱਲ ਹੈ। ਪਰਦੇਸਾਂ ਵਿੱਚ ਤਾਂ ਕਹਿਣਾ ਹੀ ਕੀ। ਉੱਥੇ ਤਾਂ ਜਾਤ, ਗੋਤ, ਜਮਾਤ ਕੋਈ ਮਾਅਨੇ ਨਹੀਂ ਹੁੰਦੇ, ਜੇ ਫਲੱਸ਼ਾਂ ਸਾਫ਼ ਕਰਨ ਦਾ ‘ਜੌਬ’ ਵੀ ਮਿਲ ਜਾਏ ਤਾਂ ਧੰਨਭਾਗ ਸਮਝਿਆ ਜਾਂਦਾ ਹੈ।

ਬਾਹਰਲੇ ਮੁਲਕਾਂ ਵਿੱਚ ਤਾਂ ਕਹਿੰਦੇ-ਕਹਾਉਂਦੇ ਖਾਨਦਾਨਾਂ ਵਾਲੇ ਨੱਕਾਂ ਵਿੱਚੋਂ ਠੂੰਹੇਂ ਸੁੱਟਣ ਵਾਲੀ ਅਫ਼ਸਰੀ ਕਰਨ ਵਾਲੇ ਖੱਬੀਖਾਨਾਂ ਦੇ ਧੀਆਂ-ਪੁੱਤਰ, ਅਨੈਤਿਕ-ਨੈਤਿਕ ਢੰਗਾਂ ਨਾਲ ਵਿਆਹੇ, ਵਰਕ ਪਰਮਿਟਾਂ ਲਈ ਤਰਲੇ ਲੈਂਦੇ ਸੁਣੀਂਦੇ ਹਨ। ਸਿਆਣੇ ਆਖਦੇ ਨੇ ‘ਦੇਸ਼ ਚੋਰੀ’ ‘ਪਰਦੇਸ ਭਿੱਖਿਆ’। ਕੰਮ ਕਿਸੇ ਤਰ੍ਹਾਂ ਦਾ ਵੀ ਹੋਵੇ, ਕੋਈ ਮਿਹਣਾ ਨਹੀਂ, ਪਰ ਸਾਡੇ ਕਿਸੇ ਨੂੰ ਕਿਰਤ ਸੱਭਿਆਚਾਰ ਦੀ ਕਦਰ ਹੀ ਨਹੀਂ। ਤਾਂ ਹੀ ‘ਬਰਾੜ ਢਾਬਾ’ ਲਿਖਿਆ ਓਪਰਾ ਲੱਗਦਾ ਹੈ। ਮੈਂ ਆਪਣੇ ਮਿੱਤਰਾਂ ਨੂੰ ਕਿਹਾ: ‘‘ਮੁੜਦੇ ਹੋਏ ਆਪਾਂ ‘ਬਰਾੜ ਢਾਬੇ’ ’ਤੇ ਜ਼ਰੂਰ ਰੁਕਾਂਗੇ।’’

ਜੁਲਾਈ ਦਾ ਮਹੀਨਾ ਸੀ, ਗਰਮੀ ਅੰਤਾਂ ਦੀ ਸੀ, ਫਿਰ ਵੀ ਅਸੀਂ ਚਾਹ ਪੀਣ ਦੇ ਬਹਾਨੇ ਨਿੱਕੇ ਜਿਹੇ ਬਰਾੜ ਢਾਬੇ ਉੱਪਰ ਗੱਡੀ ਰੋਕ ਲਈ। ਮੇਰੇ ਨਾਲ ਦੋ ਬਰਾੜ ਲੇਖਕ ਸਨ। ਡਾ. ਸੁਰਜੀਤ ਬਰਾੜ ਅਤੇ ਪ੍ਰੀਤਮ ਬਰਾੜ ਲੰਡੇ। ਲੰਡੇ ਹੁਣ ਇਸ ਸੰਸਾਰ ’ਤੇ ਨਹੀਂ ਹੈ। ਪਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਦੇਵੇ। ਗੱਡੀ ਵਿੱਚੋਂ ਉਤਰਦਿਆਂ ਹੀ ਦੋਹਾਂ ਬਰਾੜਾਂ ਦੀ ਨਜ਼ਰ ਬਰਾੜ ਢਾਬੇ ਦੇ ਬੋਰਡ ਉੱਪਰ ਗਈ। ਢਾਬੇ ਦੇ ਮਾਲਕ ਨੂੰ ਚਾਹ ਪੀਣ ਦੀ ਇੱਛਾ ਦੱਸੀ ਤਾਂ ਉਹ ਮੁੱਛਾਂ ਉੱਪਰ ਹੱਥ ਫੇਰਦਾ ਬੋਲਿਆ:

‘‘ਸਾਡੀ ਚਾਹ ਪੀ ਕੇ ਵੇਖਿਓ, ਇਹ ਕੋਈ ਐਰੇ-ਗੈਰੇ ਦਾ ਢਾਬਾ ਨ੍ਹੀਂ ਹੈ।’’

ਉਸ ਦੇ ਇਸ ਤਰ੍ਹਾਂ ਕਹਿਣ ’ਤੇ ਮੈਂ ਇੱਕ ਵਾਰ ਫਿਰ ‘ਬਰਾੜ ਢਾਬੇ’ ਵਾਲੇ ਬੋਰਡ ਵੱਲ ਝਾਕਿਆ।

ਢਾਬਾ ਮਾਲਕ ਦੀਆਂ ਗੱਲਾਂ ਅਤੇ ਮੁੱਛਾਂ ਉੱਪਰ ਬਾਰ-ਬਾਰ ਹੱਥ ਫੇਰਨ ਦੇ ਅੰਦਾਜ਼ ਤੋਂ ਮੈਂ ਮਹਿਸੂਸ ਕੀਤਾ, ਕੰਮ ਕਿਹੋ ਜਿਹਾ ਵੀ ਹੋਵੇ, ਜੱਟ, ਜੱਟ ਹੋਣ ਦਾ ਮਾਣ ਨਹੀਂ ਛੱਡ ਸਕਦਾ। ਉਦੋਂ ਕਲਕੱਤਾ ਮਹਾਨਗਰ ਵਿੱਚ ਜੱਟ ਭਾਈਚਾਰੇ ਨਾਲ ਸਬੰਧਤ ਬਥੇਰੇ ਲੋਕ ਸਨ ਜਿਹੜੇ ਗੱਡੀਆਂ ਦੇ ਮਕੈਨਿਕ ਸਨ। ਵੱਡੇ-ਛੋਟੇ ਹੋਟਲਾਂ ਦੇ ਮਾਲਕ ਸਨ, ਡਰਾਈਵਰ ਤਾਂ ਸਨ ਹੀ, ਸਪੇਅਰ ਪਾਰਟਸ ਦੀਆਂ ਦੁਕਾਨਾਂ ਚਲਾਉਂਦੇ ਸਨ, ਟਾਇਰਾਂ ਜਾਂ ਇਸ ਤਰ੍ਹਾਂ ਦੇ ਹੋਰ ਕੰਮ ਕਰਦੇ ਸਨ। ਜੋ ਵੀ ਹੈ ਮਿਹਨਤ ਜਾਂ ਕਿਰਤ ਦੀ ਕੋਈ ਜਾਤ ਨਹੀਂ ਹੁੰਦੀ, ਕਿਰਤ ਦੀ ਕਦਰ ਅਤੇ ਸਹੀ ਮੁੱਲ ਪਾਉਣ ਵਾਲੇ ਜ਼ਰੂਰ ਹੋਣੇ ਚਾਹੀਦੇ ਹਨ।

ਢਾਬੇ ਦਾ ਮਾਲਕ ਜਦੋਂ ਚਾਹ ਵਾਲਾ ਡੱਬਾ ਸਾਫ਼ ਕਰ ਰਿਹਾ ਸੀ ਤਾਂ ਪ੍ਰੀਤਮ ਬਰਾੜ ਬੋਲਿਆ:

‘‘ਅਸੀਂ ਤਾਂ ਤੇਰੀ ਚਾਹ ਪੀਣ ਰੁਕੇ ਆਂ।’’

‘‘ਆਪਣੀ ਤਾਂ ਚਾਹ ਦੂਰ ਤੱਕ ਮਸ਼ਹੂਰ ਹੈ, ਭਾਵੇਂ ਵਿੱਚ ਡਾਂਗ ਖੜ੍ਹੀ ਕਰ ਲਿਓ।’’

ਮੈਂ ਬਰਾੜਾਂ ਨੂੰ ਛੇੜਿਆ, ‘‘ਦੇਖ ਲਓ, ਥੋਡੇ ਭਰਾ ਨੇ ਡਾਂਗ ਇੱਥੇ ਵੀ ਨਹੀਂ ਛੱਡੀ, ਭਾਵੇਂ ਚਾਹ ਦੇ ਗਲਾਸ ’ਚ ਹੀ ਖੜ੍ਹੀ ਕਰਨੀ ਪੈ ਜੇ।’’

‘‘ਯਾਰ ਥੱਲੇ ਲੱਗਦੇ ਲੱਗਦੇ ਈ ਲੱਗਿਆ ਜਾਊ।’’ ਲੰਡੇ ਨੇ ਕੌੜੀ ਸਚਾਈ ਹਾਸੇ ਵਿੱਚ ਰਲਾ ਦਿੱਤੀ।

ਚਾਹ ਪੀਂਦੇ ਅਸੀਂ ਗੱਲੀਂ ਪੈ ਗਏ। ਢਾਬੇ ਦਾ ਮਾਲਕ ਰਾਤ ਵਾਸਤੇ ਗੰਢੇ ਛਿੱਲਣ ਜਾ ਲੱਗਾ। ਗੱਲਾਂ ਜਾਤਾਂ-ਗੋਤਾਂ ਤੇ ਕਿੱਤਿਆਂ ਤੋਂ ਤੁਰਦੀਆਂ, ਸਰਹੱਦਾਂ ਪਾਰ ਕਰ ਗਈਆਂ। ਪੌਂਡਾਂ, ਡਾਲਰਾਂ ਦੀ ਲਾਲਸਾ ਵਿੱਚ ਬਹਿਰੇ ਬਣ ਕੇ ਮੇਜ਼ ਸਾਫ਼ ਕਰਨ, ਬੈਰੀਆਂ ਤੋੜਨ ਤੇ ਉਸਾਰੀ ਦੇ ਕੰਮਾਂ ਵਿੱਚ ਮਜ਼ਦੂਰੀ ਕਰਨ ਜਿਹੇ ਕਿੱਤਿਆਂ ਦਾ ਜ਼ਿਕਰ ਹੋਇਆ। ਪਰਦੇਸਾਂ ਦੀਆਂ ਮਜਬੂਰੀਆਂ, ਦੁਸ਼ਵਾਰੀਆਂ ਤੇ ਪਰਦੇਸ਼ਾਂ ਦੀਆਂ ਗੱਲਾਂ ਦੇ ਚਸਕੇ ਲੈਣ ਲਈ ਢਾਬੇ ਦਾ ਮਾਲਕ ਗੰਢਿਆਂ ਵਾਲੀ ਛੋਟੀ ਜਿਹੀ ਟੋਕਰੀ ਚੁੱਕ ਕੇ ਸਾਡੇ ਕੋਲ ਹੀ ਆਣ ਬੈਠਾ। ਉਸ ਵੱਲ ਗਹੁ ਨਾਲ ਵੇਖਦਿਆਂ ਸੁਰਜੀਤ ਬਰਾੜ ਨੇ ਹੌਲੀ ਜਿਹੀ ਕਿਹਾ:

‘‘ਦਰਅਸਲ, ਖੇਤੀ ਵਿੱਚ ਹੁਣ ਕੁਝ ਰਹਿ ਹੀ ਨਹੀਂ ਗਿਆ, ਕਿਸਾਨ ਜਾਵੇ ਵੀ ਕਿੱਧਰ ਨੂੰ।’’

‘‘ਕਿੰਨਾ ਕੁ ਚਿਰ ਹੋ ਗਿਆ ਢਾਬਾ ਖੋਲ੍ਹੇ ਨੂੰ?’’ ਮੈਂ ਢਾਬੇ ਦੇ ਮਾਲਕ ਨੂੰ ਪੁੱਛਿਆ।

‘‘ਕਾਹਨੂੰ ਖੋਲ੍ਹਣਾ ਸੀ ਢਾਬਾ ਭਰਾਵੋ। ਮੁੰਡਾ ਪੜ੍ਹ ਗਿਆ ਸੀ, ਕੀ ਆਂਹਦੇ ਹੁੰਨੇ ਐਂ ਤੁਸੀਂ ਜਮ੍ਹਾਂ ਦੋ ਕਿ ਜਮ੍ਹਾਂ ਘਟਾਓ। ਢਾਈ ਕਿੱਲੇ ਮੈਨੂੰ ਜ਼ਮੀਨ ਆਈ ਸੀ। ’ਗਾਂਹ ਮੇਰੇ ਦੋ ਮੁੰਡੇ। ਜੇ ਮੈਂ ਆਪਣਾ ਹਿੱਸਾ ਛੱਡ ਵੀ ਦਿਆਂ ਤਾਂ ਮੁੰਡਿਆਂ ਨੂੰ ਸਵਾ ਸਵਾ ਕਿੱਲਾ ਆਊ। ਏਨੀ ਕੁ ਜ਼ਮੀਨ ਵਾਸਤੇ ਕੀ ਮੋਟਰ ਲਾਈਏ ਤੇ ਕੀ ਸੰਦ ਸੰਦੇੜਾ ਲਈਏ। ਵੱਡਾ ਮੁੰਡਾ ਆਂਹਦਾ ਡੁਬਈ ਭੇਜ ਦੇ। ਡੂਢ ਕਿੱਲਾ ਗਹਿਣੇ ਜੁਗਾੜ ਕਰਤਾ, ਏਜੰਟ ਦੇ ਪੁੱਤ ਮਰਗੇ, ਮੁੰਡਾ ਢਾਈ ਤਿੰਨ ਮਹੀਨੇ ਧੱਕੇ ਖਾ ਕੇ ਥਾਂ-ਥਾਂ ਰੁਲਦਾ ਨੰਗ-ਮਲੰਗ ਘਰ ਆ ਗਿਆ, ਹੁਣ ਕੁੱਤੇ ਖੱਸੀ ਕਰਦਾ ਫਿਰਦੈ। ਠੇਕੇ ’ਤੇ ਪੈਲੀ ਕੋਈ ਦਿੰਦਾ ਨ੍ਹੀਂ। ਖੇਤੀ ਸੰਦ ਆਪਣੇ ਕੋਲ ਕੋਈ ਹੈ ਨ੍ਹੀਂ। ਬੇਗਾਨਿਆਂ ਤੋਂ ਵਹਾ ਕੇ ਬਚਦਾ ਕੁਸ਼ ਨ੍ਹੀਂ। ਫੇਰ ਸਪਰੇਆਂ, ਰੇਹਾਂ, ਵੀਹ ਲੱਲੇ-ਭੱਬੇ, ਭਰਾਵੋ ਵਾਹੀ ਹੁਣ ਮਾੜੇ ਜੱਟ ਦੇ ਹਿਸਾਬ ’ਚ ਨ੍ਹੀਂ ਆਉਂਦੀ...।’’

‘‘ਢਾਬੇ ਵੱਲ ਕਿਵੇਂ ਆ ਗਿਆ ਫੇਰ?’’ ਬਰਾੜ ਨੇ ਪੁੱਛਿਆ।

‘‘ਏਧਰ ਤਾਂ ਆਉਣਾ ਪੈ ਗਿਆ। ਸਾਡੇ ਪਿੰਡ ਦੇ ਨੰਜਣ ਮਜ੍ਹਬੀ ਸਿੱਖ ਦਾ ਸੀਗ੍ਹਾ ਇਹ ਢਾਬਾ। ਉਹ ਸੀ ਮੇਰਾ ਯਾਰ। ਉਹਦੇ ਨਾਲ ਮੇਰੀ ਸੱਥਰੀ ਪੈਂਦੀ ਸੀ। ਸੱਚ ਕਹਾਂ ਤਾਂ ਵੇਲੇ-ਕੁਵੇਲੇ ਖਾਣ-ਪੀਣ ਵੀ ਸਾਂਝਾ ਈ ਸੀਗ੍ਹਾ। ਉਹਦਾ ਮੁੰਡਾ ਬਣ ਗਿਆ, ਕੋਈ ਵੱਡਾ ਅਫ਼ਸਰ। ਵੱਡਾ ਈ ਹੋਊ, ਜਦੋਂ ਪਿੰਡ ਆਉਂਦਾ ਸੀ, ਨਾਲ ਦੋ ਗੰਨਮੈਨ ਹੁੰਦੇ ਸੀ। ਉਸ ਨੇ ਆਪਣੇ ਪਿਓ ਨੂੰ ਕਿਹਾ:- ‘ਢਾਬਾ ਛੱਡ ਦੇ, ਮੇਰੇ ਬੇਜ਼ਤੀ ਹੁੰਦੀ ਐ।’ ਨੰਜਣ ਮੈਨੂੰ ਆਂਹਦਾ- ‘ਬਰਾੜਾ ਢਾਬਾ ਸਾਂਭ ਲੈ, ਦੋ ਢਾਈ ਸੌ ਨਿੱਤ ਬਚਦੈ।’ ਮੈਂ ਹੈਰਾਨ ਮੈਨੂੰ ਤਾਂ ਕਦੇ ਖੇਤੀ ’ਚ ਸਾਲ ’ਚ ਦੋ ਸੌ ਨਹੀਂ ਬਚਿਆ ਇਹ ਨਿੱਤ ਦੀ ਗੱਲ ਕਰਦੈ। ਪਹਿਲਾਂ ਤਾਂ ਮੈਂ ਸਸ਼ੋਪੰਜ ’ਚ ਸੀ। ਢਾਬਾ ਤਾਂ ਸਾਂਭ ਲਊਂ, ਭਾਈਚਾਰਾ ਕੀ ਕਹੂ? ਫੇਰ ਸੋਚਿਆ, ਭੁੱਖੇ ਮਰਦੇ ਨੂੰ ਭਾਈਚਾਰਾ ਕਿਹੜਾ ਪਰੌਂਠੇ ਖੁਆ ਜਾਂਦੈ? ਹੁਣ ਦੁੱਧ ਤੋਂ ਲਾਹੀ ਦੀ ਐ ਮਲਾਈ, ਪੰਦਰੀਂ ਵੀਹ ਦਿਨੀਂ ਬਣਾ ਲਈਦੈ ਦੇਸੀ ਘਿਓ। ਅਸੀਂ ਤਾਂ ਕਦੇ ਦਾਲ ਨੂੰ ਤੜਕਾ ਲਾ ਕੇ ਨਹੀਂ ਸੀ ਵੇਖਿਆ। ਹੁਣ...।’ ਉਸ ਨੇ ਪਰ੍ਹਾਂ ਫਿਰਦੇ ਮੁੰਡੇ ਨੂੰ ਆਵਾਜ਼ ਮਾਰੀ।

ਇਹ ਗੱਲਾਂ ਤਾਂ ਬਹੁਤ ਵਰ੍ਹੇ ਪਹਿਲਾਂ ਦੀਆਂ ਨੇ। ਹਾਲਾਤ ਤਾਂ ਉਸ ਤੋਂ ਵੀ ਨਿੱਘਰ ਗਏ। ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣ ਦੇ ਜੁਮਲਿਆਂ ਦੀ ਫੂਕ ਤਾਂ ਮਹਾਰਾਸ਼ਟਰ ਦੇ ਕਿਸਾਨਾਂ ਨੇ ਹੀ ਕੱਢਤੀ। ਪੰਜ ਕੁਇੰਟਲ ਗੰਢੇ ਵੇਚ ਕੇ ਉਸ ਨੂੰ ਸਿਰਫ਼ ਦੋ ਢਾਈ ਰੁਪਏ ਬੱਚਤ ਹੋਈ ਹੈ। ਸਾਡੇ ਮੋਗੇ ਦੇ ਨੇੜੇ ਘੋਲੀਏ ਦੀ ਗੋਭੀ ਪੂਰੇ ਇਲਾਕੇ ਵਿੱਚ ਪ੍ਰਸਿੱਧ ਹੈ, ਪਰ ਕੋਈ ਦੋ ਰੁਪਏ ਕਿੱਲੋ ਖਰੀਦਣ ਲਈ ਤਿਆਰ ਨਹੀਂ। ਕਿਸਾਨ ਖੇਤਾਂ ਵਿੱਚ ਹੀ ਵਾਹ ਰਹੇ ਹਨ। ਇਹੀ ਗੋਭੀ ਜਦੋਂ ਠੰਢੀ ਹੋ ਕੇ ਕੋਲਡ ਸਟੋਰਾਂ ਵਿੱਚੋਂ ਨਿਕਲਦੀ ਹੈ ਤੇ ਅਖ਼ਬਾਰੀ ਕਾਗਜ਼ਾਂ ਦਾ ਬੁਰਕਾ ਪਹਿਨ ਕੇ ਸਬਜ਼ੀ ਮੰਡੀ ਦੀਆਂ ਦੁਕਾਨਾਂ ਵਿੱਚ ਸਜਦੀ ਹੈ ਤਾਂ 60 ਰੁਪਏ ਕਿਲੋ ਵਿਕਦੀ ਹੈ।

ਇੱਕ ਦਿਨ ਬੱਸ ਵਿੱਚ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ, ਨਾਲ ਦੀ ਸੀਟ ਉੱਪਰ ਹੋ ਰਹੀਆਂ ਗੱਲਾਂ ਸੁਣਦੀਆਂ ਸਨ:

‘‘ਮੁੰਡਾ ਕੀ ਕਰਦੈ?’’ ਇੱਕ ਨੇ ਪੁੱਛਿਆ।

‘‘ਅਜੇ ਤਾਂ ਤੰਗ ਈ ਕਰਦੈ।’’

‘‘ਆਈਲੈਟ ਕਰਵਾ ਕੇ ਬਾਹਰ ਭੇਜਦੇ। ਜਾਂ ਕੋਈ ਦੁਕਾਨ ਖੋਲ੍ਹ ਦੇ। ਆਪਾਂ ਤਾਂ ਐਵੇਂ ਜ਼ਮੀਨਾਂ ਦੇ ਢੂਏ ’ਚ ਵੜੇ ਆਂ। ਭਲਾ ਲਾਲਿਆਂ ਕੋਲ ਕਿਹੜੀਆਂ ਜ਼ਮੀਨਾਂ ਨੇ? ਮਰਲੇ ਕੁ ਦੀ ਦੁਕਾਨ ਹੁੰਦੀ ਹੈ, ਕਾਰਾਂ ਕੋਠੀਆਂ ਦੇ ਮਾਲਕ ਬਣੇ ਫਿਰਦੇ ਨੇ।’’

ਮੈਨੂੰ ਬਰਾੜ ਢਾਬਾ ਯਾਦ ਆ ਗਿਆ। ਜੇ ਸਮੇਂ ਦੀ ਚਾਲ ਏਹੀ ਰਹੀ ਤਾਂ ਅਸੀਂ ਭੁੱਲਰ ਦੁਪੱਟਾ ਸੈਂਟਰ, ਬਰਾੜ ਸਵੀਟ ਹਾਊਸ, ਸੰਧੂ ਬੂਟ ਹਾਊਸ, ਸੇਖੋਂ ਮਸਾਜ ਪਾਰਲਰ, ਵਿਰਕ ਪੈਂਚਰ ਜਿਹੇ ਬੋਰਡ ਵੀ ਵੇਖਾਂਗੇ।

ਸੰਪਰਕ: 98147-83069

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All