DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਸ਼! ਉਹ ਰੇਲ ਨਾ ਹੀ ਦਿਸਦੀ

ਪਿੰਡ ਸਿਰਫ਼ ਮਿੱਟੀ ਦੇ ਟੁਕੜੇ ਨਹੀਂ ਹੁੰਦੇ, ਇਹ ਯਾਦਾਂ, ਰਿਸ਼ਤਿਆਂ, ਕੁਦਰਤ ਅਤੇ ਸੱਭਿਆਚਾਰ ਦੇ ਜਿਊਂਦੇ-ਜਾਗਦੇ ਰੂਪ ਹਨ। ਜਿਹੜਾ ਮਨੁੱਖ ਪਿੰਡ ਵਿੱਚ ਜੰਮਿਆ, ਪਲਿਆ ਅਤੇ ਸਮੇਂ ਦੇ ਨਾਲ ਉਸ ਨੂੰ ਬਦਲਦੇ ਵੇਖਦਾ ਰਿਹਾ ਉਹ ਅਸਲ ਵਿੱਚ ਇੱਕ ਪੂਰੇ ਯੁੱਗ ਦਾ ਗਵਾਹ...

  • fb
  • twitter
  • whatsapp
  • whatsapp
Advertisement

ਪਿੰਡ ਸਿਰਫ਼ ਮਿੱਟੀ ਦੇ ਟੁਕੜੇ ਨਹੀਂ ਹੁੰਦੇ, ਇਹ ਯਾਦਾਂ, ਰਿਸ਼ਤਿਆਂ, ਕੁਦਰਤ ਅਤੇ ਸੱਭਿਆਚਾਰ ਦੇ ਜਿਊਂਦੇ-ਜਾਗਦੇ ਰੂਪ ਹਨ। ਜਿਹੜਾ ਮਨੁੱਖ ਪਿੰਡ ਵਿੱਚ ਜੰਮਿਆ, ਪਲਿਆ ਅਤੇ ਸਮੇਂ ਦੇ ਨਾਲ ਉਸ ਨੂੰ ਬਦਲਦੇ ਵੇਖਦਾ ਰਿਹਾ ਉਹ ਅਸਲ ਵਿੱਚ ਇੱਕ ਪੂਰੇ ਯੁੱਗ ਦਾ ਗਵਾਹ ਹੁੰਦਾ ਹੈ। ਮੈਂ ਵੀ ਉਸੇ ਪੀੜ੍ਹੀ ਨਾਲ ਸੰਬੰਧ ਰੱਖਦਾ ਹਾਂ ਜਿਸ ਨੇ ਜ਼ਿੰਦਗੀ ਦੇ ਬਦਲਦੇ ਕਈ ਰੂਪ ਆਪਣੀਆਂ ਅੱਖਾਂ ਨਾਲ ਵੇਖੇ। ਇੱਕ ਅਜਿਹੀ ਪੀੜ੍ਹੀ ਜਿਸ ਨੇ ਮਿੱਟੀ ਦੀ ਖ਼ੁਸ਼ਬੂ ਤੋਂ ਲੈ ਕੇ ਮਸ਼ੀਨੀਕਰਨ ਤੱਕ ਦਾ ਸਫ਼ਰ ਆਪਣੇ ਅੰਦਰ ਮਹਿਸੂਸ ਕੀਤਾ ਹੈ। ਮੇਰੇ ਬਚਪਨ ਦਾ ਪਿੰਡ ਮਾਨਵਾਲਾ ਅੱਜ ਵੀ ਮੇਰੀਆਂ ਯਾਦਾਂ ਵਿੱਚ ਵੱਸਦਾ ਹੈ। ਉਸ ਵੇਲੇ ਹਰ ਘਰ ਵਿੱਚ ਮੱਝਾਂ, ਗਾਵਾਂ ਅਤੇ ਪਸ਼ੂ ਧਨ ਹੋਇਆ ਕਰਦਾ ਸੀ। ਸਵੇਰ ਦਾ ਸਮਾਂ ਪਸ਼ੂਆਂ ਦੀਆਂ ਘੰਟੀਆਂ, ਚੁੱਲ੍ਹਿਆਂ ਦੇ ਧੂੰਏਂ ਅਤੇ ਦੁੱਧ ਚੋਣ ਦੀਆਂ ਆਵਾਜ਼ਾਂ ਨਾਲ ਸ਼ੁਰੂ ਹੁੰਦਾ ਸੀ। ਪਿੰਡ ਦਾ ਜੀਵਨ ਕੁਦਰਤ ਦੇ ਬਹੁਤ ਨੇੜੇ ਸੀ।

ਮੈਨੂੰ ਆਪਣਾ ਪ੍ਰਾਇਮਰੀ ਸਕੂਲ ਅੱਜ ਵੀ ਯਾਦ ਹੈ। ਸਕੂਲ ਵਿੱਚ ਇੱਕ “ਕੁੱਤਾ ਪੰਪ” ਹੁੰਦਾ ਸੀ ਜਿਸ ਨੂੰ ਗੇੜ ਕੇ ਅਸੀਂ ਪਾਣੀ ਕੱਢਿਆ ਕਰਦੇ ਸੀ। ਇਹ ਉਹ ਸਮਾਂ ਸੀ ਜਦੋਂ ਬੱਚਿਆਂ ਲਈ ਛੋਟੀਆਂ-ਛੋਟੀਆਂ ਚੀਜ਼ਾਂ ਵੀ ਖ਼ੁਸ਼ੀ ਦਾ ਵੱਡਾ ਕਾਰਨ ਹੁੰਦੀਆਂ ਸਨ। ਅੱਜ ਦੇ ਬੱਚਿਆਂ ਕੋਲ ਮੋਬਾਈਲ ਅਤੇ ਇੰਟਰਨੈੱਟ ਹਨ ਪਰ ਉਨ੍ਹਾਂ ਦੇ ਬਚਪਨ ਵਿੱਚ ਉਹ ਮਾਸੂਮ ਖ਼ੁਸ਼ੀਆਂ ਘੱਟ ਦਿਸਦੀਆਂ ਹਨ। ਮੈਂ ਊੜਾ, ਐੜਾ ਲੱਕੜ ਦੀਆਂ ਫੱਟੀਆਂ ’ਤੇ ਵਾਹਿਆ ਅਤੇ ਆਈਪੈਡ ਦੇ ਸਾਈਜ਼ ਦੀ ਗੱਤੇ ਵਾਲੀ ਸਲੇਟ ਉੱਤੇ ਸਲੇਟੀਆਂ ਨਾਲ ਪਹਾੜੇ ਤੇ ਸਵਾਲ ਕਰਦਾ ਰਿਹਾਂ। ਅੱਜ ਖ਼ੁਦ ਸਰਕਾਰੀ ਅਧਿਆਪਕ ਲੱਗ ਕੇ ਬੱਚਿਆਂ ਨੂੰ ਕਾਪੀਆਂ ਉੱਤੇ ਕੰਮ ਕਰਵਾ ਰਿਹਾ ਹਾਂ। ਮੇਰੇ ਸਕੂਲ ਦੇ ਨੇੜੇ ਇੱਕ ਟੋਭਾ ਹੁੰਦਾ ਸੀ। ਅਸੀਂ ਸਾਥੀ ਮਿਲ ਕੇ ਉਸ ਵਿੱਚ ਰੋੜੇ ਮਾਰਦੇ ਅਤੇ ਘੰਟਿਆਂ ਬੱਧੀ ਖੇਡਦੇ ਰਹਿੰਦੇ ਸੀ। ਉਸ ਵੇਲੇ ਨਾ ਸਮੇਂ ਦੀ ਚਿੰਤਾ ਹੁੰਦੀ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਦੌੜ। ਹੁਣ ਜਦੋਂ ਮੈਂ ਉਸੇ ਥਾਂ ਤੋਂ ਲੰਘਦਾ ਹਾਂ ਤਾਂ ਮਨ ਵਿੱਚ ਸਵਾਲ ਉੱਠਦਾ ਹੈ ਕਿ ਕੀ ਮੇਰੇ ਬਚਪਨ ਵਾਲੇ ਉਹ ਰੋੜੇ ਅੱਜ ਵੀ ਉਸ ਟੋਭੇ ਵਿੱਚ ਕਿਤੇ ਹੋਣਗੇ? ਟੋਭਾ ਤਾਂ ਅੱਜ ਵੀ ਮੌਜੂਦ ਹੈ ਪਰ ਉਹ ਸਮਾਂ ਅਤੇ ਉਹ ਅਹਿਸਾਸ ਮੁੜ ਕਦੇ ਨਹੀਂ ਆ ਸਕਦੇ। ਪਿਛਲੇ ਵੀਹ-ਪੱਚੀ ਸਾਲਾਂ ਵਿੱਚ ਪਿੰਡਾਂ ਦਾ ਰੂਪ ਬਹੁਤ ਤੇਜ਼ੀ ਨਾਲ ਬਦਲਿਆ ਹੈ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਸਕੂਲ ਦੇ ਸਾਹਮਣੇ ਦੂਰ ਤੱਕ ਖੇਤਾਂ ਵਿੱਚ ਦਰੱਖ਼ਤ ਹੀ ਦਰੱਖ਼ਤ ਦਿਸਦੇ ਸਨ। ਸੰਗਰੂਰ ਵੱਲੋਂ ਧੂਰੀ ਨੂੰ ਜਾਂਦੀ ਜਾਂ ਧੂਰੀ ਤੋਂ ਸੰਗਰੂਰ ਨੂੰ ਆਉਂਦੀ ਰੇਲ ਗੱਡੀ ਦੀ ਆਵਾਜ਼ ਤਾਂ ਸੁਣਾਈ ਦਿੰਦੀ ਸੀ ਪਰ ਰੇਲ ਆਪਣੇ ਰਸਤੇ ਵਿੱਚ ਆਉਂਦੇ ਦਰੱਖ਼ਤਾਂ ਦੀ ਓਟ ਵਿੱਚੋਂ ਲੰਘ ਜਾਂਦੀ ਸੀ। ਅਸੀਂ ਬੱਚੇ ਹੈਰਾਨ ਹੋ ਕੇ ਸੋਚਦੇ ਕਿ ਰੇਲ ਕਿੱਥੇ ਗਈ। ਕਈ ਵਾਰ ਅਸੀਂ ਘਰਾਂ ਦੇ ਕੋਠਿਆਂ ਉੱਤੇ ਚੜ੍ਹ ਜਾਂਦੇ ਕਿ ਸ਼ਾਇਦ ਉਚਾਈ ਤੋਂ ਰੇਲ ਦਿਸ ਜਾਵੇ, ਪਰ ਦਰੱਖ਼ਤਾਂ ਦੀ ਸੰਘਣੀ ਕਤਾਰ ਉਸ ਨੂੰ ਆਪਣੇ ਅੰਦਰ ਲੁਕਾ ਲੈਂਦੀ।

Advertisement

ਅੱਜ ਉਹ ਵੇਲੇ ਬੀਤ ਗਏ ਹਨ। ਖੇਤਾਂ ਵਿੱਚ ਪਹਿਲਾਂ ਵਰਗੇ ਦਰੱਖ਼ਤ ਨਹੀਂ ਰਹੇ। ਕਈ ਥਾਵਾਂ ਉੱਤੇ ਆਧੁਨਿਕ ਵਿਕਾਸ ਅਤੇ ਤਰੱਕੀ ਦੇ ਨਾਮ ’ਤੇ ਇਨ੍ਹਾਂ ਹਰੇ-ਭਰੇ ਰੁੱਖਾਂ ਨੂੰ ਬੇਰਹਿਮੀ ਨਾਲ ਕੱਟ ਦਿੱਤਾ ਗਿਆ ਹੈ। ਮੇਰੇ ਪਿੰਡ ਤੋਂ ਲਗਪਗ ਇੱਕ ਕਿਲੋਮੀਟਰ ਦੂਰ ‘ਬਾਬਾ ਪਲਾਹ ਵਾਲੇ’ ਦੀ ਜਗ੍ਹਾ ਹੁੰਦੀ ਸੀ। ਪਹਿਲਾਂ ਉੱਥੇ ਕੋਈ ਵੱਡੀ ਇਮਾਰਤ ਨਹੀਂ ਸੀ। ਇੱਕ ਭੂਕਨਾ ਨਾਮ ਦਾ ਸਾਧ ਉੱਥੇ ਰਹਿੰਦਾ ਸੀ ਅਤੇ ਆਲੇ ਦੁਆਲੇ ਬੇਰੀਆਂ, ਅਮਰੂਦਾਂ, ਜਾਮਣਾਂ, ਪਿੱਪਲਾਂ ਅਤੇ ਹੋਰ ਕਈ ਕਿਸਮ ਦੇ ਦਰੱਖ਼ਤਾਂ ਦੀ ਭਰਮਾਰ ਸੀ। ਉੱਥੇ ਜਾ ਕੇ ਮਨ ਨੂੰ ਇੱਕ ਅਲੱਗ ਹੀ ਸ਼ਾਂਤੀ ਮਿਲਦੀ ਸੀ। ਹੁਣ ਉੱਥੇ ਪੱਕੀ ਇਮਾਰਤ ਤਾਂ ਬਣ ਗਈ ਹੈ ਪਰ ਉਹ ਕੁਦਰਤੀ ਸਕੂਨ ਕਿਤੇ ਖੋ ਗਿਆ ਹੈ। ਇਹ ਸਿਰਫ਼ ਇੱਕ ਖ਼ਾਸ ਥਾਂ ਦੀ ਗੱਲ ਨਹੀਂ ਹੈ। ਪਿੰਡਾਂ ਦੇ ਬਹੁਤ ਸਾਰੇ ਹਿੱਸਿਆਂ ਦਾ ਅੱਜ ਇਹੀ ਹਾਲ ਹੋ ਚੁੱਕਾ ਹੈ। ਅੱਜ ਵੀ ਸਾਡੇ ਪਿੰਡ ਵਿੱਚ ਇੱਕ ਖੇਤ ਨੂੰ ਲੋਕ ‘ਟਾਹਲੀਆਂ ਵਾਲਾ ਖੇਤ’ ਕਹਿੰਦੇ ਹਨ ਜਦਕਿ ਹਕੀਕਤ ਇਹ ਹੈ ਕਿ ਹੁਣ ਉੱਥੇ ਇੱਕ ਵੀ ਟਾਹਲੀ ਦਾ ਰੁੱਖ ਨਹੀਂ ਬਚਿਆ। ਮੈਂ ਖ਼ੁਦ ਆਪਣੀਆਂ ਅੱਖਾਂ ਨਾਲ ਉੱਥੇ ਟਾਹਲੀਆਂ ਦੇ ਵੱਡੇ-ਵੱਡੇ ਰੁੱਖ ਵੇਖੇ ਹਨ। ਹੁਣ ਸਿਰਫ਼ ਨਾਮ ਹੀ ਬਾਕੀ ਰਹਿ ਗਿਆ ਹੈ ਅਸਲ ਹਕੀਕਤ ਗ਼ਾਇਬ ਹੋ ਚੁੱਕੀ ਹੈ। ਇਹ ਹਾਲਾਤ ਸਾਡੀਆਂ ਯਾਦਾਂ ਅਤੇ ਸੱਭਿਆਚਾਰ ਦੇ ਖ਼ਤਮ ਹੋਣ ਦੀ ਨਿਸ਼ਾਨੀ ਹਨ। ਅੱਜ ਸੋਚਦਾ ਹਾਂ ਕਿ ਉਹ ਦਰੱਖ਼ਤ ਸਾਡੇ ਪਿੰਡਾਂ ਦੀ ਰੂਹ ਸਨ। ਉਹ ਗਰਮੀ ਵਿੱਚ ਛਾਂ ਦਿੰਦੇ ਸਨ, ਪੰਛੀਆਂ ਨੂੰ ਆਸਰਾ ਦਿੰਦੇ ਸਨ। ਹੁਣ ਜਦੋਂ ਵੀ ਪਿੰਡ ਜਾਂਦਾ ਹਾਂ ਤਾਂ ਸਾਹਮਣੇ ਲੰਘਦੀ ਰੇਲ ਗੱਡੀ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ। ਉਹੀ ਰੇਲ ਜਿਸ ਨੂੰ ਦੇਖਣ ਲਈ ਕਦੇ ਅਸੀਂ ਬਚਪਨ ਵਿੱਚ ਬੇਚੈਨ ਰਹਿੰਦੇ ਸੀ। ਪਰ ਅੱਜ ਉਸ ਨੂੰ ਵੇਖ ਕੇ ਮਨ ਵਿੱਚ ਪਹਿਲਾਂ ਵਰਗੀ ਕੋਈ ਖ਼ੁਸ਼ੀ ਨਹੀਂ ਹੁੰਦੀ। ਇਸ ਦਾ ਕਾਰਨ ਇਹ ਨਹੀਂ ਕਿ ਮੈਂ ਵੱਡਾ ਹੋ ਗਿਆ ਹਾਂ ਬਲਕਿ ਇਹ ਹੈ ਕਿ ਰੁੱਖਾਂ ਨੂੰ ਬੇਹਿਸਾਬ ਕੱਟਣਾ ਤਰੱਕੀ ਨਹੀਂ ਹੋ ਸਕਦੀ। ਅੱਜ ਜਦੋਂ ਦੂਰੋਂ ਲੰਘਦੀ ਰੇਲ ਸਾਫ਼ ਨਜ਼ਰ ਆਉਂਦੀ ਹੈ ਤਾਂ ਮਨ ਵਿੱਚ ਬੱਸ ਇੱਕ ਹੀ ਹੂਕ ਉੱਠਦੀ ਹੈ, ਕਾਸ਼! ਇਹ ਰੇਲ ਅੱਜ ਵੀ ਉਨ੍ਹਾਂ ਸੰਘਣੇ ਦਰੱਖ਼ਤਾਂ ਦੀ ਓਟ ਵਿੱਚੋਂ ਹੀ ਲੰਘਦੀ ਹੁੰਦੀ। ਕਾਸ਼! ਉਹ ਪੁਰਾਣੀ ਹਰਿਆਵਲ ਅਜੇ ਵੀ ਬਚੀ ਹੁੰਦੀ। ਕਾਸ਼! ਅਸੀਂ ਵਿਕਾਸ ਅਤੇ ਨਿਰਮਲ ਕੁਦਰਤ ਵਿਚਕਾਰ ਇੱਕ ਸੰਤੁਲਨ ਬਣਾਈ ਰੱਖ ਸਕਦੇ। ਕਾਸ਼! ਉਹ ਰੇਲ ਸਾਨੂੰ ਕਦੇ ਨਾ ਹੀ ਦਿਸਦੀ ਹੁੰਦੀ।

Advertisement

ਸੰਪਰਕ: dildaleep@gmail.com

Advertisement
×