ਮੈਂ ਇੱਥੇ ਹੀ ਮਰੂੰ..!
ਵਿਦੇਸ਼ਾਂ ਦੀ ਦੌੜ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ। ਕੁਝ ਬਜ਼ੁਰਗ ਵਿਦੇਸ਼ਾਂ ਵਿੱਚ ਬੈਠੇ ਹਨ ਪਰ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੇ ਪਿੰਡਾਂ ਵਿੱਚ ਗੁਜ਼ਾਰੀ ਹੈ। ਕਈਆਂ ਦੇ ਬੱਚੇ ਵਿਦੇਸ਼ ਵਿੱਚ ਹਨ ਪਰ ਉਨ੍ਹਾਂ ਦੇ ਮਾਪੇ ਇੰਡੀਆ...
ਵਿਦੇਸ਼ਾਂ ਦੀ ਦੌੜ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਹੈ। ਕੁਝ ਬਜ਼ੁਰਗ ਵਿਦੇਸ਼ਾਂ ਵਿੱਚ ਬੈਠੇ ਹਨ ਪਰ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਦੇ ਪਿੰਡਾਂ ਵਿੱਚ ਗੁਜ਼ਾਰੀ ਹੈ। ਕਈਆਂ ਦੇ ਬੱਚੇ ਵਿਦੇਸ਼ ਵਿੱਚ ਹਨ ਪਰ ਉਨ੍ਹਾਂ ਦੇ ਮਾਪੇ ਇੰਡੀਆ ਵਿੱਚ ਰਹਿੰਦੇ ਸਨ। ਕਈ ਵਾਰ ਮਾਂ-ਪਿਓ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਬੱਚੇ ਪਿੱਛੇ ਇਕੱਲੇ ਰਹਿਣ ਵਾਲੇ ਨੂੰ ਆਪਣੇ ਕੋਲ ਵਿਦੇਸ਼ ਬੁਲਾ ਲੈਂਦੇ ਹਨ। ਉੱਧਰ ਜਾ ਕੇ ਬਜ਼ੁਰਗਾਂ ਦਾ ਮਨ ਨਹੀਂ ਲੱਗਦਾ। ਪੋਤੇ-ਪੋਤੀਆਂ ਨੂੰ ਉਨ੍ਹਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਨਾਲ ਕਦੇ ਰਹੇ ਹੁੰਦੇ ਹਨ। ਉਹ ਦਾਦਾ-ਦਾਦੀ ਦਾ ਮੋਹ ਵੀ ਘੱਟ ਕਰਦੇ ਹਨ। ਇੱਕ ਵਾਰ ਰੇਲ ਵਿੱਚ ਸਫ਼ਰ ਕਰਦਿਆਂ ਇੱਕ ਬਿਰਧ ਗੱਲਾਂ ਕਰ ਰਹੀ ਸੀ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਨੇ ਉਸ ਨੂੰ ਬਾਹਰ ਬੁਲਾ ਲਿਆ। ਉੱਥੇ ਜਾ ਕੇ ਉਸ ਦਾ ਮਨ ਨਾ ਲੱਗਿਆ। ਹਾਲਾਂਕਿ ਉਸ ਵਰਗੇ ਉੱਥੇ ਹੋਰ ਬਥੇਰੇ ਬਜ਼ੁਰਗ ਸਨ ਪਰ ਉਸ ਦੀ ਆਤਮਾ ਆਪਣੇ ਪਿੰਡਾਂ ਵਿੱਚ ਹੀ ਘੁੰਮਦੀ ਰਹਿੰਦੀ ਸੀ। ਬੱਚੇ ਲੋਕ ਲਾਜ ਕਰ ਕੇ ਉਨ੍ਹਾਂ ਨੂੰ ਇੱਧਰ ਨਹੀਂ ਭੇਜਦੇ ਸਨ। ਕਈ ਤਾਂ ਪਿੰਡਾਂ ਨੂੰ ਤੜਫਦੇ ਉੱਧਰ ਹੀ ਪੂਰੇ ਹੋ ਜਾਂਦੇ ਹਨ। ਆਖ਼ਰ ਬਿਰਧ ਔਰਤ ਦੀ ਗੁਜਰਾਤੀ ਪੋਤ ਨੂੰਹ ਨੇ ਉਸ ਦਾ ਦਰਦ ਸਮਝਿਆ। ਪੋਤ ਨੂੰਹ ਨੇ ਉਸ ਨੂੰ ਪੰਜਾਬ ਲਿਆ ਕੇ ਛੱਡਿਆ ਤੇ ਕਿਸੇ ਰਿਸ਼ਤੇਦਾਰ ਨੂੰ ਉਸ ਦੀ ਦੇਖ ਭਾਲ ਵਾਸਤੇ ਤਨਖ਼ਾਹ ’ਤੇ ਰੱਖ ਲਿਆ। ਉਹ ਹਰ ਮਹੀਨੇ ਖਰਚ ਭੇਜਦੀ ਹੈ ਤੇ ਵੀਡੀਓ ਕਾਲ ਕਰਦੀ ਹੈ। ਬਿਰਧ ਔਰਤ ਕਹਿੰਦੀ, ‘‘ਮੇਰੀ ਪੋਤ ਨੂੰਹ ਨੇ ਮੇਰਾ ਦੁੱਖ-ਦਰਦ ਸਮਝਿਆ ਤੇ ਝੂਠੀ ਲੋਕ ਲਾਜ ਦੀ ਪਰਵਾਹ ਨਾ ਕੀਤੀ। ਜੇਕਰ ਬਜ਼ੁਰਗ ਹੀ ਉੱਥੇ ਤੜਫ਼ਦੇ ਰਹਿਣ ਤਾਂ ਫਿਰ ਕੀ ਫ਼ਾਇਦਾ। ਉਨ੍ਹਾਂ ਨੂੰ ਬੰਨ੍ਹ ਕੇ ਨਾ ਰੱਖੋ। ਜੇ ਉਹ ਆਪਣੇ ਵਤਨ ਜਾਣਾ ਚਾਹੁਣ ਤਾਂ ਉਨ੍ਹਾਂ ਨੂੰ ਭੇਜ ਦਿਓ ਤਾਂ ਕਿ ਉਹ ਆਪਣੀ ਬਾਕੀ ਦੀ ਬਚੀ ਜ਼ਿੰਦਗੀ ਸਕੂਨ ਨਾਲ ਜੀਅ ਸਕਣ।’’
ਇਸੇ ਤਰ੍ਹਾਂ ਮੇਰੀ ਇੱਕ ਸਹੇਲੀ ਦੇ ਨਾਨਾ ਜੀ ਇਕੱਲੇ ਇੱਧਰ ਰਹਿੰਦੇ ਸਨ। ਇਹ 8-9 ਸਾਲ ਪਹਿਲਾਂ ਦੀ ਗੱਲ ਹੈ। ਉਨ੍ਹਾਂ ਦੇ ਪੁੱਤਰ ਬਾਹਰ ਰਹਿੰਦੇ ਸਨ। ਉਨ੍ਹਾਂ ਨੂੰ ਇੱਧਰ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ। ਉਨ੍ਹਾਂ ਦੀ ਜ਼ੁਬਾਨ ਵਿੱਚ ਥੋੜ੍ਹਾ ਨੁਕਸ ਪੈ ਗਿਆ। ਉਨ੍ਹਾਂ ਦੀ ਗੱਲ ਕਾਫ਼ੀ ਦੇਰ ਬਾਅਦ ਸਮਝ ਆਉਂਦੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੁਣ ਉਨ੍ਹਾਂ ਦੇ ਪੁੱਤਰ ਉਸ ਨੂੰ ਵਿਦੇਸ਼ਾਂ ਵਿੱਚ ਲੈ ਕੇ ਜਾਣਗੇ ਤਾਂ ਉਹ ਬਹੁਤ ਰੋਏ। ਹੱਥਾਂ ਨਾਲ ਜਹਾਜ਼ ਦੀ ਸ਼ਕਲ ਬਣਾ ਕੇ ਕਹਿੰਦੇ, ‘ਮੈਂ ਉਥੇ ਨਹੀਂ ਜਾਣਾ। ਇੱਥੇ ਹੀ ਮਰੂੰ।’ ਆਖ਼ਰ ਉਨ੍ਹਾਂ ਦੇ ਪੁੱਤਰ ਉਨ੍ਹਾਂ ਨੂੰ ਬਾਹਰ ਲੈ ਗਏ ਤੇ ਦੋ ਕੁ ਮਹੀਨੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮੇਰੀ ਸਹੇਲੀ ਕਿੰਨਾ ਸਮਾਂ ਝੂਰਦੀ ਰਹੀ ਆਪਣੇ ਨਾਨੇ ਬਾਰੇ। ਉਸ ਨੇ ਬਹੁਤ ਕਿਹਾ ਸੀ, ‘ਮੈਂ ਰੱਖ ਲਊਂਗੀ’ ਪਰ ਲੋਕ-ਲਾਜ ਅੱਗੇ ਉਸ ਦੀ ਪੇਸ਼ ਨਾ ਗਈ।’’ ਜਦੋਂ ਉਹ ਇੱਧਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਭੋਗ ਪਾਉਣ ਆਏ ਤਾਂ ਉਹ ਬਹੁਤ ਰੋਈ ਤੇ ਕਹਿੰਦੀ, ‘‘ਆ ਗਏ ਇੱਧਰ ਦਿਖਾਵਾ ਕਰਨ। ਉਨ੍ਹਾਂ ਦੀ ਆਤਮਾ ਤਾਂ ਪਿੰਡ ਲਈ ਤੜਫਦੀ ਰਹੀ ਹੈ। ਹੁਣ ਮਰਿਆਂ ਦੀ ਗਤੀ ਦਾ ਕੀ ਫਾਇਦਾ।’’
