ਤਰਸ ਗਏ ਪੰਜਾਬੀ ਬੋਲਣ ਨੂੰ ..!
ਗੱਲ ਕਈ ਸਾਲ ਪੁਰਾਣੀ ਹੈ। ਮੈਂ ਬਹੁ-ਮੈਂਬਰੀ ਵਿਦਿਅਕ ਵਫ਼ਦ ਨਾਲ ਚੈਕੋਸਲੋਵਾਕੀਆ ਗਿਆ ਸਾਂ। ਉੱਥੇ ਦੋ ਹਫ਼ਤੇ ਦਾ ਕਿਆਮ ਸੀ ਅਤੇ ਵਿਦਿਅਕ ਸੈਮੀਨਾਰਾਂ/ਕਾਨਫਰੰਸਾਂ ’ਚ ਸ਼ਾਮਲ ਹੋਣਾ ਸੀ। ਚੈਕੋੋਸਲੋਵਾਕੀਆ ਉਦੋਂ ਕਮਿਊਨਿਸਟ ਮੁਲਕ ਸੀ ਅਤੇ ਰੂਸੀ ਖੇਮੇ ’ਚ ਸ਼ਾਮਿਲ ਸੀ। ਇਹ ਅਜੇ ਦੋ...
ਗੱਲ ਕਈ ਸਾਲ ਪੁਰਾਣੀ ਹੈ। ਮੈਂ ਬਹੁ-ਮੈਂਬਰੀ ਵਿਦਿਅਕ ਵਫ਼ਦ ਨਾਲ ਚੈਕੋਸਲੋਵਾਕੀਆ ਗਿਆ ਸਾਂ। ਉੱਥੇ ਦੋ ਹਫ਼ਤੇ ਦਾ ਕਿਆਮ ਸੀ ਅਤੇ ਵਿਦਿਅਕ ਸੈਮੀਨਾਰਾਂ/ਕਾਨਫਰੰਸਾਂ ’ਚ ਸ਼ਾਮਲ ਹੋਣਾ ਸੀ। ਚੈਕੋੋਸਲੋਵਾਕੀਆ ਉਦੋਂ ਕਮਿਊਨਿਸਟ ਮੁਲਕ ਸੀ ਅਤੇ ਰੂਸੀ ਖੇਮੇ ’ਚ ਸ਼ਾਮਿਲ ਸੀ। ਇਹ ਅਜੇ ਦੋ ਮੁਲਕਾਂ, ਚੈੱਕ ਗਣਰਾਜ ਤੇ ਸਲੋਵਾਕੀਆ ’ਚ ਨਹੀਂ ਸੀ ਵੰਡਿਆ ਗਿਆ।
ਉੱਚ ਸਿੱਖਿਆ ਦੇ ਇਸ ਬਹੁ-ਮੈਂਬਰੀ ਵਫ਼ਦ ਵਿੱਚ ਮੈਂ ਇਕੱਲਾ ਹੀ ਪੱਗੜੀਧਾਰੀ ਅਤੇ ਇੱਕੋ-ਇੱਕ ਪੰਜਾਬੀ ਸਾਂ। ਬਾਕੀ ਮੈਂਬਰ ਪੱਛਮੀ ਬੰਗਾਲ ਤੇ ਹੋਰਨਾਂ ਰਾਜਾਂ ਨਾਲ ਸਬੰਧਤ ਸਨ। ਦੋ ਹਫ਼ਤਿਆਂ ਦੌਰਾਨ ਮੈਂ ਉਥੇ ਇੱਕ ਵੀ ਪੱਗੜੀਧਾਰੀ ਸਰਦਾਰ ਨਹੀਂ ਸੀ ਦੇਖਿਆ। ਇੱਕ ਦਿਨ ਮੈਂ ਮੁਲਕ ਦੀ ਰਾਜਧਾਨੀ ਪਰਾਗ ’ਚ ਵਲਤਾਵਾ ਦਰਿਆ ਕੰਢੇ ਖੜ੍ਹਾ ਪਾਣੀ ਦੇ ਵਹਿਣ ਨੂੰ ਨਿਹਾਰ ਰਿਹਾ ਸਾਂ। ਇਹ ਦਰਿਆ ਪਰਾਗ ਦੇ ਵਿਚਾਲਿਓਂ ਲੰਘਦੈ। ਇਹ ਚੈੱਕ ਗਣਰਾਜ ’ਚ ਵਗਣ ਵਾਲਾ ਸਭ ਤੋਂ ਲੰਮਾ ਦਰਿਆ ਹੈ (430 ਕਿ.ਮੀ.)। ਇਸ ਨੂੰ ਪਰਾਗ ਦਾ ਦਿਲ ਵੀ ਕਿਹਾ ਜਾਂਦੈ। ਦਰਿਆ ਕਿਨਾਰੇ ਖੜ੍ਹੇ ਨੂੰ ਮੈਨੂੰ ਅਚਾਨਕ ਕਿਸੇ ਨੇ ਪਿੱਛੋਂ ਆਣ ਜੱਫੀ ਪਾਈ ! ਮੈਂ ਬੜਾ ਹੈਰਾਨ ਹੋਇਆ ਕਿ ਇਸ ਪਰਾਏ ਮੁਲਕ ਵਿੱਚ ਜਿੱਥੇ ਮੈਨੂੰ ਇੱਕ ਵੀ ਪੱਗੜੀਧਾਰੀ ਬੰਦੇ ਦੇ ਦਰਸ਼ਨ ਨਹੀਂ ਸਨ ਹੋਏ, ਉੱਥੇ ਐਨੀ ਅਪਣੱਤ ਵਾਲਾ ਮੇਰਾ ਜਾਣਕਾਰ ਕੌਣ ਹੋ ਸਕਦੈ ? ਮੈਂ ਪਿਛਾਂਹ ਮੁੜਿਆ ਤਾਂ ਇੱਕ ਗੈਰਪੱਗੜੀਧਾਰੀ ਤੇ ਅਣਜਾਣ ਬੰਦਾ ਖੜ੍ਹਾ ਸੀ। ਮੇਰੀ ਹੈਰਾਨੀ ਭਾਂਪ ਕੇ ਉਹ ਬੋਲਿਆ, ‘‘ਸਰਦਾਰ ਜੀ! ਮੈਂ ਪਾਕਿਸਤਾਨ ਤੋਂ ਹਾਂ, ਲਹਿੰਦੇ ਪੰਜਾਬ ਤੋਂ। ਮੈਂ ਇਥੇ ਕੰਮਕਾਰ ਦੇ ਸਿਲਸਿਲੇ ’ਚ ਆਇਆ ਹਾਂ ਤੇ ਨੇੜੇ ਹੀ ਇੱਕ ਹੋਟਲ ’ਚ ਠਹਿਰਿਆਂ ਹੋਇਆ ਹਾਂ। ਕੁਝ ਦਿਨਾਂ ਤੋਂ ਇੱਥੇ ਹਾਂ ਪਰ ਕੋਈ ਪੰਜਾਬੀ ਹੀ ਨਹੀਂ ਟਕਰਿਆ। ਯਾਰ! ਤਰਸ ਗਏ ਪੰਜਾਬੀ ਬੋਲਣ ਨੂੰ। ਤੁਹਾਡੀ ਦਸਤਾਰ ਦੇਖ ਕੇ ਮੈਂ ਸੋਚਿਆ ਕਿ ਉਹ ਸਰਦਾਰ ਜੀ ਤਾਂ ਜ਼ਰੂਰ ਪੰਜਾਬੀ ਬੋਲਦੇ ਹੋਣਗੇ, ਇਸ ਲਈ ਆ ਕੇ ਤੁਹਾਡੇ ਨਾਲ ਬਗਲਗੀਰ ਹੋ ਗਿਆ, ਭਰਾ ਵਾਂਗ !’’ ਉਹ ਇਕੋ ਸਾਹ ਐਨੀਆਂ ਗੱਲਾਂ ਕਹਿ ਗਿਆ। ਫਿਰ ਉਸ ਨੇ ਮੈਥੋਂ ਇਹ ਪੁਸ਼ਟੀ ਕੀਤੀ ਕਿ ਕੀ ਮੈਂ ਭਾਰਤ ਵਾਲੇ ਚੜ੍ਹਦੇ ਪੰਜਾਬ ਤੋਂ ਹਾਂ ਕਿ ਕੈਨੇਡਾ/ਇੰਗਲੈਂਡ/ਅਮਰੀਕਾ ਵਾਲੇ ਕਿਸੇ ‘ਮਿਨੀ ਪੰਜਾਬ’ ਤੋਂ। ਉਹ ਇਸਰਾਰ ਕਰਨ ਲੱਗਾ ਕਿ ਕੁਝ ਦੇਰ ਪੰਜਾਬੀ ਮਾਂ ਬੋਲੀ ਵਿੱਚ ਹੀ ਗੱਲਾਂ ਕੀਤੀਆਂ ਜਾਣ।
ਸੋ, ਅਸੀਂ ਰੱਜ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲਾਂ ਕੀਤੀਆਂ। ਮਾਂ ਬੋਲੀ ਦੀ ਸਿਕ ਉਸ ਬਾਹਰਲੇ ਮੁਲਕ ਵਿੱਚ ਜਾ ਕੇ ਪਤਾ ਲੱਗਦੀ ਐ ਜਿੱਥੇ ਪੰਜਾਬੀ ਬੋਲਣ ਵਾਲੇ ਜਾਂ ਤਾਂ ਹੋਣ ਈ ਨਾ ਅਤੇ ਜਾਂ ਬਹੁਤ ਘੱਟ ਹੋਣ। ਹੋਰ ਮੁਲਕਾਂ, ਜਿਵੇਂ ਇੰਗਲੈਂਡ, ਕੈਨੇਡਾ ਤੇ ਅਮਰੀਕਾ ’ਚ ਤਾਂ ਪੰਜਾਬੀਆਂ ਦੀ ਐਨੀ ਭਰਮਾਰ ਐ ਕਿ ਇਨ੍ਹਾਂ ਮੁਲਕਾਂ ’ਚ ਪੰਜਾਬੀ ਬੋਲਣ ਦੀ ਤਲਬ ਪੈਦਾ ਹੀ ਨਹੀਂ ਹੁੰਦੀ। ਉਸ ਅਜਨਬੀ ਆਪਣੇ ਨੇ ਮੈਨੂੰ ਆਪਣੇ ਹੋਟਲ ਆਉਣ ਲਈ ਵੀ ਸੱਦਾ ਦਿੱਤਾ ਪਰ ਮੈਂ ਉਹ ਸੱਦਾ ਪ੍ਰਵਾਨ ਨਾ ਕਰ ਸਕਿਆ ਕਿਉਂਕਿ ਮੈਂ ਆਪਣੇ ਸਾਥੀਆਂ ਨਾਲ ਕਿਸੇ ਹੋਰ ਹੋਟਲ ’ਚ ਠਹਿਰਿਆ ਹੋਇਆ ਸਾਂ। ਸੋ, ਨਿਮਰਤਾ ਸਹਿਤ ਸੱਦਾ ਅਪ੍ਰਵਾਨ ਕਰਦਿਆਂ ਅਸੀਂ ਆਪਣੀ ਮਾਂ ਬੋਲੀ ’ਚ ਗੱਲਾਂ ਕਰਨ ਦੀ ਭੁੱਖ ਰੱਜ ਰੱਜ ਲਾਹੀ! ਮੈਨੂੰ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦੀਆਂ ਸਤਰਾਂ ਚੇਤੇ ਆ ਗਈਆਂ-
“ਅੱਖਰਾਂ ਵਿੱਚ ਸਮੁੰਦਰ ਰੱਖਾਂ,
ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,
ਦੀਵਾ ਬਾਲ ਪੰਜਾਬੀ ਦਾ...!
ਜਿਹੜੇ ਆਖਣ ਵਿੱਚ ਪੰਜਾਬੀ,
ਵੁਸਅਤ ਨਹੀਂ, ਤਹਿਜ਼ੀਬ ਨਹੀਂ
ਪੜ੍ਹ ਕੇ ਦੇਖਣ ਵਾਰਿਸ, ਬੁੱਲ੍ਹਾ,
ਬਾਹੂ, ਲਾਲ ਪੰਜਾਬੀ ਦਾ।
ਮਨ ਦਾ ਮਾਸ ਖਵਾ ਦੇਂਦਾ ਏ,
ਜਿਹੜਾ ਏਹਨੂੰ ਪਿਆਰ ਕਰੇ
ਕੋਈ ਵੀ ਜਬਰਨ ਕਰ ਨਹੀਂ ਸਕਦਾ,
ਵਿੰਗਾ ਵਾਲ ਪੰਜਾਬੀ ਦਾ।
ਸੰਪਰਕ: 98766-55055

