ਮੈਥੋਂ ਭੁੱਲ ਹੋ ਗਈ
ਘਰ ਬਣੀ ਛੋਟੀ ਜਿਹੀ ਲਾਇਬ੍ਰੇਰੀ ’ਚੋਂ ਨੂਰ ਨੇ ਕਿਤਾਬ ਪਸੰਦ ਕਰ ਕੇ ਪੜ੍ਹਨ ਲਈ ਆਪਣੇ ਬੈਗ (ਪਰਸ) ਵਿੱਚ ਪਾ ਲਈ। ਕਾਲਜ ਜਾਣ ਸਮੇਂ ਉਹ ਅਕਸਰ ਬੈਗ ਵਿੱਚ ਕਿਤਾਬ ਰੱਖਦੀ ਹੈ, ਤਾਂ ਜੋ ਵਿਹਲੇ ਸਮੇਂ ਕੁਝ ਸਮਾਂ ਪੜ੍ਹ ਲਿਆ ਜਾਵੇ। ਕਿਤਾਬ...
ਘਰ ਬਣੀ ਛੋਟੀ ਜਿਹੀ ਲਾਇਬ੍ਰੇਰੀ ’ਚੋਂ ਨੂਰ ਨੇ ਕਿਤਾਬ ਪਸੰਦ ਕਰ ਕੇ ਪੜ੍ਹਨ ਲਈ ਆਪਣੇ ਬੈਗ (ਪਰਸ) ਵਿੱਚ ਪਾ ਲਈ। ਕਾਲਜ ਜਾਣ ਸਮੇਂ ਉਹ ਅਕਸਰ ਬੈਗ ਵਿੱਚ ਕਿਤਾਬ ਰੱਖਦੀ ਹੈ, ਤਾਂ ਜੋ ਵਿਹਲੇ ਸਮੇਂ ਕੁਝ ਸਮਾਂ ਪੜ੍ਹ ਲਿਆ ਜਾਵੇ। ਕਿਤਾਬ ਦਾ ਨਾਂ ‘ਤੱਤੀ ਰੇਤ’ ਅਤੇ ਇਸ ਦੇ ਲੇਖਕ ਡਾ. ਰਾਜ ਕੁਮਾਰ ਗਰਗ ਸਨ। ਨੂਰ ਮੇਰੀ ਜੀਵਨ ਸਾਥਣ ਹੈ। ਸੁਭਾਅ ਮੁਤਾਬਕ ਅਸੀਂ ਦੋਵੇਂ ਹੀ ਜੀਅ ਵੱਧ ਤੋਂ ਵੱਧ ਪੜ੍ਹਨ ਨੂੰ ਤਰਜੀਹ ਦਿੰਦੇ ਹਾਂ। ਲੇਖਕ ਹੋਣ ਨਾਲੋਂ ਸਾਨੂੰ ਇਸ ਗੱਲ ਦਾ ਮਾਣ ਵਧੇਰੇ ਹੈ ਕਿ ਅਸੀਂ ਪੜ੍ਹਦੇ ਬਹੁਤ ਹਾਂ। ਅਸੀਂ ਦੋਵੇਂ ਜੀਅ ਇੱਕੋ ਸੰਸਥਾ ਵਿੱਚ ਰੋਜ਼ੀ ਰੋਟੀ ਲਈ ਮਿਹਨਤ ਕਰਨ ਜਾਂਦੇ ਹਾਂ।
ਇਹ ਗੱਲ ਓਸੇ ਦਿਨ ਸ਼ਾਮ ਦੀ ਹੈ, ਕਾਲਜ ’ਚ ਛੁੱਟੀ ਹੋਣ ਮਗਰੋਂ ਅਸੀਂ ਸ਼ਾਮ ਤਕਰੀਬਨ 4.30 ’ਤੇ ਬੱਸ ਵਿੱਚ ਬੈਠ ਗਏ। ਬੱਸ ’ਚ ਨਾਲ ਬੈਠੀ ਨੂਰ ਤੋਂ ਮੈਂ ਡਾ. ਗਰਗ ਦੀ ਉਸ ਕਿਤਾਬ ਦੀ ਮੰਗ ਕੀਤੀ ਜਿਹੜੀ ਉਸ ਨੇ ਸਵੇਰ ਵੇਲੇ ਲਾਇਬ੍ਰੇਰੀ ’ਚੋਂ ਚੁੱਕੀ ਸੀ। ਕਿਤਾਬ ਮੰਗਣ ਦਾ ਕਾਰਨ ਇਹ ਸੀ ਕਿ ਮੇਰੇ ਬੈਗ ਵਿੱਚ ਜਿਹੜੀ ਕਿਤਾਬ ਸੀ ਉਹ ਪੜ੍ਹ ਕੇ ਮੈਨੂੰ ਸੁਆਦ ਨਹੀਂ ਸੀ ਆ ਰਿਹਾ। ਨੂਰ ਨੇ ਝੱਟ ਕੱਢ ਕੇ ਕਿਤਾਬ ਫੜਾ ਦਿੱਤੀ ਤੇ ਮੈਂ ਘਰ ਤੱਕ ਸਫ਼ਰ ਦੇ ਵੀਹ ਮਿੰਟਾਂ ਵਿੱਚ ਤੇਰਾਂ ਪੰਨੇ ਪੜ੍ਹ ਲਏ।
ਘਰ ਆ ਕੇ ਵੀ ਮੇਰਾ ਮਨ ਕਿਤਾਬ ਰੱਖਣ ਨੂੰ ਨਹੀਂ ਕਰ ਰਿਹਾ ਸੀ। ਕਿਤਾਬ ਵਿੱਚ ਐਨੀ ਖਿੱਚ ਸੀ ਕਿ ਮੱਲੋ-ਮੱਲੀ ਮਨ ਵਿੱਚ ਇਹ ਸੁਆਲ ਉੱਠ ਰਿਹਾ ਸੀ ਕਿ ਅੱਗੇ ਕੀ ਹੋਇਆ ਹੋਊ। ਇਹ ਕਿਤਾਬ ਡਾ. ਗਰਗ ਦਾ ਸਵੈ-ਜੀਵਨੀ ਆਧਾਰਿਤ ਨਾਵਲ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਉਤਰਾਅ ਚੜ੍ਹਾਅ ਦੀਆਂ ਘਟਨਾਵਾਂ ਨੂੰ ਬਹੁਤ ਹੀ ਰੌਚਕ ਸ਼ੈਲੀ ਰਾਹੀਂ ਪੇਸ਼ ਕੀਤਾ ਹੈ। ਕਿਤਾਬ ਦੀ ਹਰ ਘਟਨਾ ਇਨਸਾਨ ਨੂੰ ਹਰ ਹਾਲ ਵਿੱਚ ਚੱਲਦੇ ਰਹਿਣ ਲਈ ਪ੍ਰੇਰਦੀ ਹੈ। ਡਾ. ਰਾਜ ਕੁਮਾਰ ਗਰਗ ਜੋ ਚੋਟੀ ਦੇ ਆੜ੍ਹਤੀਆਂ ਦੇ ਘਰ ਪੈਦਾ ਹੋਇਆ, ਸ਼ੈਲਰਾਂ, ਮਿੱਲਾਂ ਦਾ ਮਾਲਕ ਬਣਿਆ, ਪਰ ਪ੍ਰੇਰਨਾਦਾਇਕ ਪੱਖ ਇਹ ਹੈ ਕਿ ਜਦੋਂ ਉਸ ਕੋਲੋਂ ਸਾਰਾ ਕੁਝ ਖੁੱਸ ਗਿਆ ਤਾਂ ਵੀ ਉਸ ਨੇ ਜੀਵਨ ਚਾਲ ਚੱਲਦੀ ਰੱਖਣ ਲਈ ਛੋਟੀ ਤੋਂ ਛੋਟੀ ਨੌਕਰੀ ਬੜੇ ਹੀ ਖਿੜੇ ਮੱਥੇ ਕੀਤੀ। ਡਾ. ਗਰਗ ਦੇ ਇਨ੍ਹਾਂ ਯਤਨਾਂ ਸਕਦਾ ਨਾ ਸਿਰਫ਼ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਰਹੀ, ਸਗੋਂ ਜੀਵਨ ਚਾਲ ਨੂੰ ਵੀ ਹੁਲਾਰਾ ਮਿਲਿਆ। ਬਾਦਸ਼ਾਹਤਾਂ ਹੰਢਾ ਚੁੱਕੇ ਇਨਸਾਨ ਨੇ ਕਿਵੇਂ ਸਬਰ ਸਿਦਕ ਨਾਲ ਮਾੜੇ ਸਮਿਆਂ ਦਾ ਸਾਹਮਣਾ ਕੀਤਾ, ਇਹ ਇਸ ਕਿਤਾਬ ਦਾ ਹਾਸਲ ਹੈ।
ਕਿਤਾਬ ਪੂਰੀ ਪੜ੍ਹਨ ਤੋਂ ਬਾਅਦ ਮੈਂ ਇਹ ਸਵੀਕਾਰ ਕਰ ਰਿਹਾ ਹਾਂ ਕਿ ਮੈਥੋਂ ਭੁੱਲ ਹੋ ਗਈ। ਭੁੱਲ ਇਹ ਕਿ ਕਿਤਾਬ ਮੈਨੂੰ ਡਾ. ਰਾਜ ਕੁਮਾਰ ਗਰਗ ਨੇ ਆਪਣੇ ਹੱਥੀਂ ਉਸ ਵਕਤ ਦਿੱਤੀ ਸੀ ਜਦੋਂ ਅਸੀਂ ਪੰਜਾਬੀ ਸਾਹਿਤ ਸਭਾ ਸੇਖੋਂ ਦੇ ਵਿਹੜੇ ਵਿੱਚ ਇਸ ਕਿਤਾਬ ਲਈ ਰੱਖੇ ਲੋਕ ਅਰਪਣ ਸਮਾਗਮ ਵਿੱਚ ਇਕੱਠੇ ਹੋਏ ਸਾਂ। ਇਹ ਤਕਰੀਬਨ ਅੱਠ ਸਾਲ ਪਹਿਲਾਂ ਦੀ ਗੱਲ ਹੈ। ਉਸ ਵਕਤ ਮਿਲੀ ਕਿਤਾਬ ਪਤਾ ਨਹੀਂ ਕਿਵੇਂ ਹੋਰਨਾਂ ਕਿਤਾਬਾਂ ਵਿੱਚ ਦਬ ਕੇ ਰਹਿ ਗਈ ਜਿਸ ਨੂੰ ਪੜ੍ਹਨ ’ਚ ਅੱਠ ਸਾਲ ਦਾ ਵਕਫਾ ਪੈ ਗਿਆ। ਅਫ਼ਸੋਸ ਇਸ ਗੱਲ ਦਾ ਹੈ ਕਿ ਡਾ. ਗਰਗ ਅੱਜ ਇਸ ਦੁਨੀਆ ਵਿੱਚ ਨਹੀਂ ਹਨ। ਮੈਂ ਸੋਚ ਰਿਹਾਂ ਕਿ ਜੇ ਮੈਂ ਉਨ੍ਹਾਂ ਦੇ ਰਹਿੰਦੇ ਰਹਿੰਦੇ ਇਹ ਕਿਤਾਬ ਪੜ੍ਹਦਾ ਅਤੇ ਕਿਤਾਬ ਦੇ ਚੰਗੇ ਪ੍ਰਭਾਵ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਂਦਾ ਤਾਂ ਉਹ ਕਿੰਨਾ ਖੁਸ਼ ਹੁੰਦੇ! ਸਕੂਨ ਦੀ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਲਿਖੀ ਚੰਗੀ ਪੁਸਤਕ ਨੇ ਅੱਜ ਫਿਰ ਉਨ੍ਹਾਂ ਨੂੰ ਮੇਰੇ ਜ਼ਿਹਨ ਵਿੱਚ ਜਿਊਂਦਾ ਕਰ ਦਿੱਤਾ। ਕਿਤਾਬਾਂ ’ਚ ਲਿਖੇ ਚੰਗੇ ਤਜਰਬੇ ਹਮੇਸ਼ਾ ਜੀਵਨ ਦੀ ਅਗਵਾਈ ਕਰਦੇ ਹਨ ਅਤੇ ਚੰਗੀ ਕਿਤਾਬ ਲੇਖਕ ਨੂੰ ਸਦਾ ਜਿਊਂਦਾ ਰੱਖਦੀ ਹੈ।
ਸੰਪਰਕ: 98146-34446

