DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੱਤਾ-ਤੱਤਾ ਗੁੜ

ਗੁੜ ਲੈ ਲਓ ਜੀ ਗੁੜ, ਦੇਸੀ ਗੁੜ-ਸ਼ੱਕਰ। ਮੋਟਰਸਾਈਕਲ ’ਤੇ ਗੁੜ-ਸ਼ੱਕਰ ਵੇਚਣ ਵਾਲੇ ਦੇ ਹੋਕੇ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ। ਇਹ ਮੋਟਰਸਾਈਕਲ ਵਾਲਾ ਪਹਿਲਾਂ ਸਾਈਕਲ ’ਤੇ ਗੁੜ-ਸ਼ੱਕਰ ਲੱਦ ਕੇ ਦੂਜੇ ਇਲਾਕਿਆਂ ਵਿੱਚ ਵੇਚਣ ਜਾਂਦਾ ਹੁੰਦਾ ਸੀ। ਚੜ੍ਹਦੇ ਸਿਆਲ ਤੋਂ ਅਪਰੈਲ...

  • fb
  • twitter
  • whatsapp
  • whatsapp
Advertisement

ਗੁੜ ਲੈ ਲਓ ਜੀ ਗੁੜ, ਦੇਸੀ ਗੁੜ-ਸ਼ੱਕਰ। ਮੋਟਰਸਾਈਕਲ ’ਤੇ ਗੁੜ-ਸ਼ੱਕਰ ਵੇਚਣ ਵਾਲੇ ਦੇ ਹੋਕੇ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ। ਇਹ ਮੋਟਰਸਾਈਕਲ ਵਾਲਾ ਪਹਿਲਾਂ ਸਾਈਕਲ ’ਤੇ ਗੁੜ-ਸ਼ੱਕਰ ਲੱਦ ਕੇ ਦੂਜੇ ਇਲਾਕਿਆਂ ਵਿੱਚ ਵੇਚਣ ਜਾਂਦਾ ਹੁੰਦਾ ਸੀ। ਚੜ੍ਹਦੇ ਸਿਆਲ ਤੋਂ ਅਪਰੈਲ ਮਹੀਨੇ ਤੱਕ ਇਹ ਗੁੜ ਵੇਚਦਾ। ਨਵੀਂ ਪੀੜ੍ਹੀ ਦੇ ਸੁਹਜ-ਸੁਆਦ ਬਦਲ ਗਏ ਹਨ ਪਰ ਪੁਰਾਣੀ ਪੀੜ੍ਹੀ ਦੇ ਲੋਕ ਹਾਲੇ ਵੀ ਇਨ੍ਹਾਂ ਕੁਦਰਤੀ ਨਿਆਮਤਾਂ ਨਾਲ ਜੁੜੇ ਹੋਏ ਹਨ।

ਲਗਪਗ ਚਾਰ ਦਹਾਕੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਬਚਪਨ ਤੋਂ ਅੱਗੇ ਵਧ ਕੇ ਮੱਠੀ ਮੱਠੀ ਜਵਾਨੀ ਵਿੱਚ ਪੈਰ ਧਰ ਰਿਹਾ ਸਾਂ। ਸਾਡੇ ਇਲਾਕੇ ਦੇ ਪਿੰਡਾਂ ਵਿੱਚ ਵੱਡਾ ਰਕਬਾ ਕਮਾਦ ਹੇਠ ਹੁੰਦਾ ਸੀ। ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਲਗਭਗ ਹਰ ਘਰ ਨੇ ਕਮਾਦ ਬੀਜਿਆ ਹੁੰਦਾ ਸੀ, ਭਾਵੇਂ ਥੋੜ੍ਹਾ ਜਾਂ ਬਹੁਤਾ। ਪਿੰਡ ਦੇ ਜਿਹੜੇ ਪਾਸੇ ਜਾਓ ਕਮਾਦ ਦਿਸ ਹੀ ਪੈਂਦੇ ਸਨ। ਨੀਮ-ਪਹਾੜੀ ਇਲਾਕਾ ਹੋਣ ਕਰਕੇ ਇਹ ਗੁੜ ਸ਼ੂਗਰ ਮਿੱਲ ਤੱਕ ਨਾ ਲਿਜਾ ਕੇ ਘਰੇਲੂ ਖਪਤ ਲਈ ਹੀ ਵਰਤਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਪਿੰਡਾਂ ’ਚ ਮਿਲਣ ਵਾਲੀਆਂ ਨਿਆਮਤਾਂ ਵਿੱਚ ਗੰਨੇ ਵੀ ਸ਼ਾਮਲ ਸਨ। ਦਸਹਿਰੇ ਦੇ ਨੇੜੇ-ਤੇੜੇ ਗੰਨਿਆਂ ਦੀਆਂ ਪੋਰੀਆਂ ਵਿੱਚ ਰਸ ਭਰ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਅੱਜ ਵਾਂਗ ਦੁਕਾਨਾਂ ’ਤੇ ਬੱਚਿਆਂ ਦੇ ਖਾਣ-ਪੀਣ ਦੀਆਂ ਚੀਜ਼ਾਂ ਲੈਣ ਜਾਣਾ ਸੋਚ ਤੋਂ ਪਰ੍ਹੇ ਦੀਆਂ ਗੱਲਾਂ ਸਨ। ਉਹ ਤਾਂ ਪੰਜੀ ਦੀਆਂ ਪੰਜ ਮਿੱਠੀਆਂ ਗੋਲੀਆਂ ਦਾ ਜ਼ਮਾਨਾ ਸੀ। ਦਸਹਿਰੇ ਤੋਂ ਪਹਿਲਾਂ ਗੰਨਾ ਨਾ ਚੂਪਣ ਬਾਰੇ ਸਾਨੂੰ ਇਹ ਡਰਾਵਾ ਦਿੱਤਾ ਜਾਂਦਾ ਸੀ ਕਿ ਜਿਹੜਾ ਦਸਹਿਰੇ ਤੋਂ ਪਹਿਲਾਂ ਗੰਨਾ ਚੂਪਦਾ ਹੈ, ਉਹ ਅਗਲੇ ਜਨਮ ਵਿੱਚ ਗਧਾ ਬਣਦਾ ਹੈ। ਬਾਲ-ਮਨਾਂ ਵਿੱਚ ਅਜਿਹੇ ਵਹਿਮ ਅਕਸਰ ਘਰ ਕਰ ਜਾਂਦੇ ਹਨ। ਅਸੀਂ ਵੀ ਇਸ ਡਰਾਵੇ ਕਰ ਕੇ ਦਸਹਿਰੇ ਤੋਂ ਪਹਿਲਾਂ ਗੰਨਾ ਚੂਪਣ ਤੋਂ ਝੇਂਪਦੇ ਸਾਂ। ਖ਼ੈਰ, ਦਸਹਿਰੇ ਦੀ ਉਡੀਕ ਖ਼ਤਮ ਹੁੰਦੇ ਸਾਰ ਮੱਥਾ ਟੇਕ ਕੇ ਗੰਨੇ ਚੂਪਣ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਸੀ। ਦੀਵਾਲੀ ਦੇ ਨੇੜੇ ਗੁੜ ਅਤੇ ਸ਼ੱਕਰ ਬਣਾਉਣ ਲਈ ਪਿੜਾਈ ਸ਼ੁਰੂ ਹੋ ਜਾਂਦੀ। ਉਦੋਂ ਵੇਲਣੇ ਬਲਦਾਂ ਨਾਲ ਚੱਲਣ ਵਾਲੇ ਹੁੰਦੇ ਸਨ। ਗੰਨੇ ਵੱਢਣ ਅਤੇ ਘੜ੍ਹਨ ਦਾ ਕੰਮ ਸਮੂਹਿਕ ਤੌਰ ’ਤੇ ਕੀਤਾ ਜਾਂਦਾ। ਗੰਨੇ ਘੜ੍ਹਾਉਣ ਵਾਲੇ ਭਰੀਆਂ ਵੇਲਣੇ ਤੱਕ ਛੱਡ ਆਉਂਦੇ। ਇਸ ਬਦਲੇ ਉਹ ਪਸ਼ੂਆਂ ਲਈ ਆਗ ਲੈ ਜਾਂਦੇ। ਵਾਰੀ ਆਉਣ ਉਪਰੰਤ ਵੇਲਣੇ ’ਤੇ ਮਦਦ ਵੀ ਕਰਦੇ ਅਤੇ ਤੱਤੇ-ਤੱਤੇ ਗੁੜ ਦਾ ਆਨੰਦ ਵੀ ਲੈਂਦੇ। ਕਮਾਦ ਵਿੱਚ ਦੇਸੀ ਰੂੜੀ ਤੋਂ ਬਿਨਾਂ ਕੁੱਝ ਵੀ ਨਹੀਂ ਸੀ ਪਾਇਆ ਜਾਂਦਾ। ਗੁੜ ਖਾਣ ਦੇ ਸ਼ੌਕੀਨਾਂ ਦੀ ਵੇਲਣੇ ’ਤੇ ਰੌਣਕ ਲੱਗੀ ਰਹਿੰਦੀ ਸੀ। ਆਵਾਜ਼ਾਂ ਮਾਰ ਕੇ ਰਸ ਪਿਆਇਆ ਜਾਂਦਾ। ਇਹ ਸਿਲਸਿਲਾ ਵਿਸਾਖੀ ਤੱਕ ਚਲਦਾ ਰਹਿੰਦਾ। ਘਰਾਂ ਵਿੱਚ ਗੁੜ ਦੇ ਢੇਰ ਲੱਗੇ ਹੁੰਦੇ। ਸ਼ੁੱਧ ਗੁੜ ਦੀ ਖੁਸ਼ਬੋ ਦੂਰੋਂ ਖਿੱਚ ਪਾਉਂਦੀ। ਗੁੜ ਅਤੇ ਸ਼ੱਕਰ ਦੇ ਭੜੋਲੇ ਭਰੇ ਰਹਿੰਦੇ। ਸਾਲ ਭਰ ਦੀ ਵਰਤੋਂ ਲਈ ਭੜੋਲੇ ਲਿੱਪ ਕੇ ਰੱਖ ਲਏ ਜਾਂਦੇ। ਇਹ ਉਸ ਵੇਲੇ ਅੱਜ ਦੇ ਏਅਰ ਟਾਈਟ ਕੰਟੇਨਰ ਦਾ ਕੰਮ ਕਰਦੇ ਸਨ। ਪਿੰਡ ਵਿੱਚ ਹੁੰਦੇ ਯੱਗ ਲਈ ਆਟਾ-ਮਿੱਠਾ ਪੁੱਜਦਾ ਕਰਨ ਲਈ ਅਨਾਊਂਸਮੈਂਟ ਹੁੰਦੀ ਤਾਂ ਗੁੜ ਦਾ ਢੇਰ ਲਗ ਜਾਂਦਾ। ਗੁੜ ਦੀ ਚਾਹ ਦਾ ਜ਼ਾਇਕਾ ਸਿਰਫ਼ ਉਹੀ ਦੱਸ ਸਕਦੇ ਹਨ ਜਿਨ੍ਹਾਂ ਇਸ ਦਾ ਲੁਤਫ਼ ਉਠਾਇਆ ਹੋਵੇ। ਘਿਓ-ਸ਼ੱਕਰ ਪ੍ਰਾਹੁਣਚਾਰੀ ਲਈ ਵਿਸ਼ੇਸ਼ ਸਵੀਟ-ਡਿਸ਼ ਹੁੰਦੀ ਸੀ। ਖੰਡ ਦੀ ਚਾਹ ਅਮੀਰ ਘਰਾਂ ’ਚ ਹੀ ਬਣਦੀ।

Advertisement

ਸਾਡੇ ਬੀਤ ਇਲਾਕੇ ਦੇ ਗੁੜ ਦੀ ਦੂਰ-ਦੂਰ ਤੱਕ ਮਸ਼ਹੂਰੀ ਸੀ। ਜਦੋਂ ਪਿੰਡਾਂ ਵਿਚਲੇ ਵਪਾਰੀ ਇਹ ਗੁੜ ਮੰਡੀ ਲੈ ਕੇ ਜਾਂਦੇ ਤਾਂ ਇਹ ਹੱਥੋ-ਹੱਥੀ ਵਿਕ ਜਾਂਦਾ। ਵਿਆਹ ਦੇ ਸੱਦੇ ਮੌਕੇ ਦੋ ਸੇਰ ਗੁੜ ਦਿੱਤਾ ਜਾਂਦਾ। ਸ਼ਗਨਾਂ ਦਾ ਹਰ ਕੰਮ ਗੁੜ ਤੋਂ ਬਿਨਾਂ ਅਧੂਰਾ ਹੁੰਦਾ। ਹੌਲੀ-ਹੌਲੀ ਬਲਦਾਂ ਵਾਲੇ ਵੇਲਣਿਆਂ ਤੋਂ ਬਾਅਦ ਇੰਜਣ ਵਾਲੇ ਵੇਲਣੇ ਆ ਗਏ ਤੇ ਪਿੜਾਈ ਦੇ ਕੰਮ ਨੇ ਤੇਜ਼ੀ ਫੜ ਲਈ। ਮਸ਼ੀਨੀਕਰਨ ਨਾਲ ਸਮੇਂ ਦੇ ਬਦਲਾਅ ਦੀ ਰਫ਼ਤਾਰ ਵਧ ਗਈ। ਜੰਗਲਾਂ ਦੇ ਬੂਟਿਆਂ ’ਤੇ ਵੀ ਕੁਹਾੜਾ ਚੱਲਣਾ ਸ਼ੁਰੂ ਹੋ ਗਿਆ। ਜੰਗਲਾਂ ਵਿੱਚ ਆਪਣਾ ਗੁਜ਼ਾਰਾ ਕਰਨ ਵਾਲੇ ਜਾਨਵਰ ਕਮਾਦ ਨੂੰ ਆਪਣਾ ਖਾਜਾ ਬਣਾਉਣ ਲੱਗੇ। ਹੌਲੀ-ਹੌਲੀ ਕਮਾਦ ਹੇਠੋਂ ਰਕਬਾ ਘਟਦਾ ਘਟਦਾ ਬਹੁਤ ਘਟ ਗਿਆ। ਹੁਣ ਵੀ ਸਾਡੀ ਪੀੜ੍ਹੀ ਨੂੰ ਨਵੰਬਰ ਮਹੀਨੇ ’ਚ ਗੁੜ ਖਾਣ ਦੀ ਲਲਕ ਜਾਗਦੀ ਹੈ। ਸ਼ੁੱਧ ਗੁੜ ਲੱਭਿਆਂ ਨਹੀਂ ਮਿਲਦਾ। ਮਿਲਾਵਟ ਦੇ ਦੌਰ ਵਿੱਚ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਰਹੀ। ਪਿਛਲੇ ਸਾਲਾਂ ਵਿੱਚ ਤਾਂ ਸਬੰਧਤ ਵਿਭਾਗ ਵੱਲੋਂ ਵੇਲਣਿਆਂ ਦੀ ਪੜਤਾਲ ਦੌਰਾਨ ਅਜਿਹਾ ਗੁੜ ਵੀ ਜ਼ਬਤ ਕੀਤਾ ਗਿਆ ਹੈ, ਜਿਸ ਨੂੰ ਜ਼ਹਿਰ ਕਹਿਣਾ ਵਧੇਰੇ ਵਾਜਬ ਹੋਵੇਗਾ। ਦੂਜੇ ਇਲਾਕਿਆਂ ਤੋਂ ਗੰਨਾ ਲਿਆ ਕੇ ਪੀੜਨਾ ਅਤੇ ਚੀਨੀ ਦੇ ਰਲੇਵੇਂ ਦੀਆਂ ਖਬਰਾਂ ਨੇ ਗੁੜ ਦੇ ਸ਼ੌਕੀਨਾਂ ਨੂੰ ਚਿੰਤਾ ’ਚ ਜ਼ਰੂਰ ਪਾ ਦਿੱਤਾ ਹੈ। ਇਸ ਦੌਰਾਨ ਸੜਕਾਂ ਕਿਨਾਰੇ ‘ਸ਼ੁੱਧ ਦੇਸੀ ਗੁੜ’ ਦੇ ਬੋਰਡ ਲੱਗੇ ਵੇਲਣਿਆਂ ਦੀ ਗਿਣਤੀ ਵਿੱਚ ਜ਼ਰੂਰ ਵਾਧਾ ਹੋਇਆ ਹੈ। ਪੁਰਾਣੇ ਸਮੇਂ ਵਿੱਚ ਰੱਜੇ-ਪੁੱਜੇ ਬੰਦੇ ਦੀ ਗੁੜ ਨਾਲ ਤੁਲਨਾ ਕੀਤੀ ਜਾਂਦੀ ਸੀ। ਅਖੇ, ‘ਇਹਨੂੰ ਕਿਹੜਾ ਗੁੜ ਦਾ ਘਾਟਾ ਐ।’ ਹੁਣ ਸਚੁਮੱਚ ਹੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਕਰਕੇ ਗੁੜ ਦਾ ਘਾਟਾ ਮਹਿਸੂਸ ਹੁੰਦਾ ਹੈ। ਵੇਲਣੇ ’ਤੇ ਬੈਠ ਕੇ ਤੱਤਾ-ਤੱਤਾ ਗੁੜ ਖਾਣ ਦੀਆਂ ਗੱਲਾਂ ਹੁਣ ਯਾਦਾਂ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ।

Advertisement

ਸੰਪਰਕ: 94638-51568

Advertisement
×