ਪ੍ਰੋ. ਕੇ ਸੀ ਸ਼ਰਮਾ
ਮੇਰੇ ਪਿੰਡ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹੇ ਚੌਗਾਨ ਵਿਚ ਖੁੱਲ੍ਹਦਾ ਹੈ। ਇਸ ਵਿਚ ਕਈ ਰਸਤੇ ਆ ਕੇ ਮਿਲਦੇ ਹਨ। ਇਸ ਚੌਗਾਨ ਦੀ ਵੱਡੀ ਸੋਭਾ ਇਸ ਦੇ ਇਕ ਪਾਸੇ ਪੁਰਾਣਾ ਇਤਿਹਾਸਕ ਖੂਹ ਹੈ। ਖੂਹ ਦਾ ਪਾਣੀ ਮਿੱਠਾ ਅਤੇ ਗੁਣਵੱਤਾ ਭਰਪੂਰ ਸੀ। ਪਹਿਲਾਂ ਝਿਊਰ ਇੱਥੋਂ ਬੋਕਿਆਂ ਨਾਲ ਪਾਣੀ ਖਿੱਚ ਕੇ, ਮਸ਼ਕਾਂ ਰਾਹੀਂ ਸਾਰੇ ਪਿੰਡ ਵਿਚ ਵਰਤਾਉਂਦੇ ਸਨ। ਜਦੋਂ ਘਰੋ-ਘਰੀ ਨਲਕੇ ਲੱਗ ਗਏ ਤਾਂ ਵੀ ਬਹੁਤ ਲੋਕ ਆਪੋ-ਆਪਣੇ ਲਾਂਅ ਅਤੇ ਡੋਲਾਂ ਰਾਹੀਂ ਇੱਥੋਂ ਪਾਣੀ ਲਿਜਾਂਦੇ ਸਨ। ਇਸ ਪਾਣੀ ਨਾਲ ਹਾਰਿਆਂ ਵਿਚ ਤਪਲਿਆਂ ਰਾਹੀਂ ਪੱਕਣ ਵਾਲੀਆਂ ਦਾਲਾਂ ਜਲਦੀ ਘੁਲਦੀਆਂ ਸਨ। ਨਲਕਿਆਂ ਵਿਚ ਚਮੜੇ ਦੀ ਬੋਕੀ ਹੋਣ ਕਰ ਕੇ ਗੁਰਦੁਆਰੇ ਵਿਚ ਕੜਾਹ-ਪ੍ਰਸ਼ਾਦ ਦੀ ਦੇਗ ਲਈ ਪਾਣੀ ਵੀ ਇੱਥੋਂ ਹੀ ਜਾਂਦਾ ਸੀ। ਚੌਗਾਨ ਵਿਚ ਚਾਰ-ਚੁਫੇਰੇ ਹਰੇ-ਭਰੇ ਦਰਖਤ ਸਨ। ਹੁਣ ਖੂਹ ਉੱਤੇ ਸੀਮੈਂਟ ਦੀ ਪੱਕੀ ਛੱਤ ਪਾ ਕੇ ਵੱਡਾ ਥੜ੍ਹਾ ਬਣਾ ਦਿੱਤਾ ਗਿਆ ਹੈ ਜਿੱਥੇ ਲੋਕ ਤਾਸ਼ ਖੇਡਦੇ ਰਹਿੰਦੇ ਹਨ।
ਵਾਪਸ ਚੌਗਾਨ ਦੀ ਗੱਲ ਕਰੀਏ। ਇਸ ਖੁੱਲ੍ਹੀ ਜਗ੍ਹਾ ਨੂੰ ‘ਖੂਹ ‘ਤੇ’ ਕਿਹਾ ਜਾਂਦਾ ਸੀ। ‘ਖੂਹ ‘ਤੇ’ ਅਕਸਰ ਰੌਣਕ ਮੇਲੇ ਲਗਦੇ ਰਹਿੰਦੇ। ਪੁਰਾਣੇ ਗੁਰਦੁਆਰਿਓਂ ਚੱਲੇ ਧਾਰਮਿਕ ਜਲੂਸਾਂ ਅੱਗੇ ਇੱਥੇ ਗੱਤਕਾ ਖੇਡਿਆ ਜਾਂਦਾ ਸੀ। ਰਾਜਨੀਤਕ ਪਾਰਟੀਆਂ ਆਪਣੇ ਸਮਾਗਮਾਂ ਲਈ ਢੱਡ ਸਾਰੰਗੀ ਵਾਲੇ ਅਤੇ ਕਵੀਸ਼ਰੀ ਜਥੇ ਖੂਹ ‘ਤੇ ਹੀ ਆਪਣੀ ਸਟੇਜ ਬਣਾਉਂਦੇ ਸਨ। ਮਦਾਰੀ, ਭੰਡ ਅਤੇ ਨਕਲੀਏ ਵੀ ਖੂਹ ‘ਤੇ ਲੋਕਾਂ ਦਾ ਮਨੋਰੰਜਨ ਕਰਦੇ ਸਨ ਪਰ ਸਭ ਤੋਂ ਜ਼ਿਆਦਾ ਖਿੱਚ ਪੰਜਾਬ ਵਿਚੋਂ ਲੋਪ ਹੋਣ ਵਾਲੀ ਬਾਜ਼ੀਗਰਾਂ ਦੀ ਬਾਜ਼ੀ ਹੁੰਦੀ ਸੀ। ਬਾਜ਼ੀਗਰਾਂ ਲਈ ਸਪਰਿੰਗ ਬੋਰਡ, ਪਟੜੀ ਅਤੇ ਸੂਲੀ ਦੀ ਛਲਾਂਗ ਲਈ ਖੰਭੇ ਗੱਡਣ ਲਈ ਥਾਂ ਬਹੁਤ ਖੁੱਲ੍ਹੀ ਸੀ। ਇਸੇ ਲਈ ਖੂਹ ਬਾਜ਼ੀ ਦਾ ‘ਤਕੀਆ’ ਕੇਂਦਰ ਹੁੰਦਾ ਸੀ। ਖੁੰਢਾਂ, ਦਰਖਤਾਂ ਅਤੇ ਜਿੱਥੇ ਵੀ ਕਿਸੇ ਨੂੰ ਥਾਂ ਮਿਲਦੀ ਦਰਸ਼ਕਾਂ ਦੀ ਗੈਲਰੀ ਭਰਪੂਰ ਹੋ ਜਾਂਦੀ। ਔਰਤਾਂ ਨਜ਼ਦੀਕੀ ਛੱਤਾਂ ਤੋਂ ਬਾਜ਼ੀ ਦਾ ਆਨੰਦ ਮਾਣਦੀਆਂ। ਤਾੜੀਆਂ ਦੀ ਗੂੰਜ ਵਿਚ ਕਲਾਕਾਰ ਸਾਹਸੀ ਕਰਤੱਵ ਦਿਖਾਉਂਦੇ ਪਰ ਜਦੋਂ ਖ਼ਤਰਨਾਕ ਸੂਲੀ ਦੀ ਛਾਲ ਦਾ ਐਲਾਨ ਹੁੰਦਾ ਅਤੇ ਇਕ ਬਾਜ਼ੀਗਰ ਖੰਭੇ ‘ਤੇ ਚੜ੍ਹ ਜਾਂਦਾ ਤਾਂ ਪੰਚਾਇਤ ਉਸ ਨੂੰ ਖੇਸ ਅਤੇ ਨਗਦੀ ਪੇਸ਼ ਕਰ ਕੇ ਰੋਕ ਦਿੰਦੀ।
ਅੱਜ ਵੀ ਖੂਹ ‘ਤੇ ਇਕੱਠ ਉਸੇ ਤਰ੍ਹਾਂ ਹੀ ਸੀ ਪਰ ਅੱਜ ਦੀ ਖੇਡ ਕੁਝ ਵੱਖਰੀ ਸੀ। ਦਰਸ਼ਕਾਂ ਦੇ ਚਿਹਰਿਆਂ ਉਪਰ ਆਮ ਵਾਂਗ ਖੁਸ਼ੀ ਦੀ ਬਜਾਇ ਸਹਿਮ ਝਲਕ ਰਿਹਾ ਸੀ। ਅੱਜ ਦੀ ਖੇਡ ਵਿਚ ਬਾਜ਼ੀਗਰਾਂ ਦੀ ਥਾਂ ਘੋਡਿ਼ਆਂ ਵਾਲੇ ਦਿਖਾਈ ਦੇ ਰਹੇ ਸਨ। ਦੱਸਣਾ ਜ਼ਰੂਰੀ ਹੈ ਕਿ ਪੰਜਾਹਵਿਆਂ ਦੇ ਉਸ ਯੁੱਗ ਵਿਚ ਪੁਲੀਸ ਨੂੰ ਘੋੜਿਆਂ ਵਾਲੇ ਕਿਹਾ ਜਾਂਦਾ ਸੀ। ਆਵਾਜਾਈ ਦੇ ਸਾਧਨਾਂ ਦੀ ਘਾਟ ਕਰ ਕੇ ਅਤੇ ਕੁਝ ਅੰਗਰੇਜ਼ੀ ਰਾਜ ਦੀ ਪ੍ਰਥਾ ਨੂੰ ਕਾਇਮ ਰੱਖਦਿਆਂ, ਪੁਲੀਸ ਵਾਲੇ ਘੋਡਿ਼ਆਂ ‘ਤੇ ਚੜ੍ਹ ਕੇ ਆਉਂਦੇ ਸਨ। ਕਾਨੂੰਨ ਵਿਵਸਥਾ, ਪ੍ਰਸ਼ਾਸਨਿਕ ਤਫ਼ਤੀਸ਼ ਅਤੇ ਮੁਲਜ਼ਮਾਂ ਨੂੰ ਫੜਨ ਲਈ ਘੋੜਸਵਾਰ ਸਿਪਾਹੀ ਰੇਡ ਕਰਦੇ। ਪਿੰਡ ਵਿਚ ਘੋੜਿਆਂ ਵਾਲਿਆਂ ਦੀ ਆਮਦ ਨਮੋਸ਼ੀ ਦਾ ਕਾਰਨ ਲਗਦੀ ਸੀ। ਮੈਨੂੰ ਪਤਾ ਨਹੀਂ ਲੱਗਿਆ ਕਿ ਘੋੜਿਆਂ ਵਾਲਿਆਂ ਨੇ ਪਿੰਡ ਸੁਬਹ ਕਿਸ ਸਮੇਂ ਦਸਤਕ ਦਿੱਤੀ ਸੀ। ਘਰ ਵਿਚ ਮੈਂ ਵੱਡਿਆਂ ਦੀ ਘੁਸਰ-ਮੁਸਰ ਤਾਂ ਸੁਣੀ ਪਰ ਇਨ੍ਹਾਂ ਦੀ ਰੇਡ ਬਾਰੇ ਮੈਨੂੰ ਕਿਸੇ ਨੇ ਵੀ ਦੱਸਣ ਦੀ ਜ਼ਰੂਰਤ ਨਹੀਂ ਸਮਝੀ। ਬਸਤਾ ਲੈ ਕੇ ਸਕੂਲ ਜਾਣ ਲਈ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਲੋਕਾਂ ਦਾ ਇਕੱਠ ਦੇਖ ਕੇ ਹੈਰਾਨ-ਪ੍ਰੇਸ਼ਾਨ ਰਹਿ ਗਿਆ।
ਮੈਂ ਦੇਖਿਆ, ਇਕ ਪਾਸੇ ਨੌਂ-ਦਸ ਘੋੜੇ ਦਰਖਤਾਂ ਨਾਲ ਬੰਨ੍ਹੇ ਹੋਏ ਸਨ। ਵਿਚਾਲੇ ਕੁਝ ਮੰਜਿਆਂ ‘ਤੇ ਘੋਡਿ਼ਆਂ ਵਾਲੇ ਬੈਠੇ ਸਨ। ਇਨ੍ਹਾਂ ਦੇ ਨਾਲ ਹੀ ਛੋਟੇ ਜਿਹੇ ਮੰਜੇ ‘ਤੇ ਚੰਗੇ ਇੱਜ਼ਤ-ਮਾਣ ਵਾਲੇ ਪਿੰਡ ਦੇ ਸਰਦਾਰ ਜੀ ਬੈਠੇ ਸਨ। ਦੂਸਰੇ ਪਾਸੇ ਮੇਜ਼ਪੋਸ਼ ਨਾਲ ਢਕੇ ਮੇਜ਼ ਦੁਆਲੇ ਦੋ ਕੁਰਸੀਆਂ ਉਪਰ ਛੋਟਾ ਠਾਣੇਦਾਰ ਅਤੇ ਹੌਲਦਾਰ ਬੈਠੇ ਸਨ। ਸਫੈਦਪੋਸ਼ਾਂ ਦੇ ਘਰੋਂ ਲਿਆਂਦੇ ਚੀਨੀ ਦੀ ਚਾਹਦਾਨੀ ਅਤੇ ਕੱਪਾਂ ਵਿਚ ਉਨ੍ਹਾਂ ਨੂੰ ਚੌਕੀਦਾਰ ਚਾਹ ਤੇ ਉਬਲੇ ਆਂਡੇ ਪਰੋਸ ਰਿਹਾ ਸੀ। ਬਾਕੀ ਪੁਲੀਸ ਵਾਲਿਆਂ ਨੂੰ ਪਿੱਤਲ ਦੇ ਗਲਾਸਾਂ ਵਿਚ ਚਾਹ ਦਿੱਤੀ ਜਾ ਰਹੀ ਸੀ। ਪਿੰਡ ਵਿਚ ਪੁਲੀਸ ਦਾ ਆਉਣਾ ਬੁਰਾ ਮੰਨਿਆ ਜਾਂਦਾ ਸੀ। ਕੋਈ ਉਨ੍ਹਾਂ ਦੇ ਆਉਣ ਦਾ ਕਾਰਨ ਨਹੀਂ ਜਾਣਦਾ ਸੀ ਅਤੇ ਜੇ ਕਿਸੇ ਇਕ ਅੱਧੇ ਨੂੰ ਪਤਾ ਵੀ ਸੀ ਤਾਂ ਉਹ ਦੂਸਰਿਆਂ ਨੂੰ ਦੱਸਣ ਲਈ ਤਿਆਰ ਨਹੀਂ ਸੀ। ਉਸ ਵੇਲੇ ਸਾਡੇ ਅਤੇ ਨੇੜਲੇ ਪਿੰਡਾਂ ਸੇਖਾ, ਸਾਹੋਕੇ, ਬੰਬੀਹਾ ਭਾਈ ਆਦਿ ਵਿਚ ਲੁਕੋ ਕੇ ਗੱਲ ਕਰਨ ਲਈ ਪੁੱਠੀ ਬੋਲੀ ਦਾ ਰਿਵਾਜ ਸੀ। ਉਤਸੁਕਤਾ ਵੱਸ ਮੈਂ ਆਪਣੇ ਨਾਲੋਂ ਵੱਡੇ ਮੁੰਡੇ ਨੂੰ ਪੁੱਠੀ ਬੋਲੀ ਵਿਚ ਕਿਹਾ, “ਹਇ ਡਿ਼ਆਂਘੋ ਲੇਵਾ ਉਂਕਿ ਏਆ ਨਹ।” ਉਸ ਨੇ ਕਿਹਾ, “ਨੂੰਮੈਂ ਵੀ ਹੀਂਨ ਤਾਪ।” ਲਗਦਾ ਸੀ ਕਿ ਕੋਈ ਦਿਲਚਸਪ ਖੇਡ ਸ਼ੁਰੂ ਹੋਣ ਵਾਲੀ ਹੈ। ਸਕੂਲ ਨਾ ਜਾਣ ਦੇ ਇਰਾਦੇ ਨਾਲ ਬਸਤਾ ਘਰੇ ਸੁੱਟ ਕੇ ਮੈਂ ਵਾਪਸ ਆ ਗਿਆ।
ਕੁਝ ਦੇਰ ਬਾਅਦ ਕੁਝ ਹੋਰ ਲੋਕ ਆਪਣੇ ਸਾਮਾਨ ਨਾਲ ਪਹੁੰਚ ਗਏ। ਇਹ ਮਸ਼ਹੂਰ ਗੋਤਾਖੋਰ ਸਨ। ਅੱਜ ਦੀ ਬਾਜ਼ੀ ਦੇ ਤਿੰਨੇ ਕਲਾਕਾਰ (ਘੋਡਿ਼ਆਂ ਵਾਲੇ, ਮੰਜੀ ਵਾਲੇ ਸਰਦਾਰ ਜੀ ਅਤੇ ਗੋਤਾਖੋਰ) ਪੂਰੇ ਹੋ ਗਏ ਸਨ। ਹੁਣ ਪੁਲੀਸ ਦੇ ਕੰਮਕਾਜ ਬਾਰੇ ਲਿਖੀਏ। ਨਾਜਾਇਜ਼ ਅਸਲ੍ਹੇ, ਲੜਾਈ ਝਗੜੇ, ਕਤਲ, ਸ਼ਰਾਬ ਦੀਆਂ ਭੱਠੀਆਂ, ਕਾਨੂੰਨੀ ਵਿਵਸਥਾ, ਚੋਰੀ ਆਦਿ ਜੁਰਮ ਦੀ ਰੋਕਥਾਮ ਲਈ ਸੂਹ ਲੈਣ ਲਈ ਪੁਲੀਸ ਪਿੰਡ ਪਿੰਡ ਆਪਣੇ ਸੈੱਲ ਕਾਇਮ ਰੱਖਦੀ ਸੀ। ਕੁਝ ਲੋਕ ਪੁਲੀਸ ਲਈ ਮੁਖ਼ਬਰੀ ਕਰਦੇ ਸਨ। ਕਿਸੇ ਮੁਖ਼ਬਰ ਨੇ ਪਿੰਡ ਵਿਚ ਨਾਜਾਇਜ਼, ਇਕ ਨਾਲੀ ਦੀ ਦੇਸੀ ਬੰਦੂਕ ਬਾਰੇ ਡਾਇਰੀ ਕਰ ਦਿੱਤੀ ਸੀ। … ਵਾਹ! ਉਹ ਵੀ ਕੀ ਜ਼ਮਾਨਾ ਸੀ। ਦੇਸੀ ਬੰਦੂਕ ਦੀ ਖੋਜ ਵਿਚ ਦਸ ਘੋਡਿ਼ਆਂ ਵਾਲੇ ਚੜ੍ਹ ਕੇ ਆ ਗਏ।… ਠਾਣੇਦਾਰ ਨੇ ਗੋਤਾਖੋਰਾਂ ਨਾਲ ਇਕ ਪਾਸੇ ਕੁਝ ਗੱਲ ਕੀਤੀ। ਗੋਤਾਖੋਰ ਆਪਣੀ ਭੂਮਿਕਾ ਲਈ ਜਲਦੀ ਤਿਆਰ ਹੋ ਗਏ।
ਗੋਤਾਖੋਰਾਂ ਕੋਲ ਲੋਹੇ ਦਾ ਵੱਡਾ ਜਾਲ ਸੀ ਜਿਸ ਦੇ ਥੱਲੇ ਲੰਮੀਆਂ ਹੁੱਕਾਂ ਲੱਗੀਆਂ ਸਨ। ਇਸ ਉਪਰ ਇਕ ਆਦਮੀ ਦੇ ਬੈਠਣ ਲਈ ਫੱਟੀ ਅਤੇ ਪੈਰ ਰੱਖਣ ਲਈ ਰਕਾਬਾਂ ਦਾ ਜੁਗਾੜ ਸੀ। ਉਨ੍ਹਾਂ ਨੇ ਲੰਮੇ ਰੱਸੇ ਦੇ ਇਕ ਸਿਰੇ ਨੂੰ ਜਾਲ ਨਾਲ ਬੰਨ੍ਹ ਦਿੱਤਾ ਅਤੇ ਦੂਸਰੇ ਸਿਰੇ ਨੂੰ ਵਿੱਢ (ਉੱਚੀਆਂ ਕੰਧਾਂ) ਉਪਰ ਭੌਣੀ ਤੋਂ ਲੰੰਘਾ ਕੇ ਤਿੰਨ ਆਦਮੀਆਂ ਨੇ ਕੱਸ ਕੇ ਫੜ ਲਿਆ। ਫੱਟੀ ਉੱਤੇ ਇਕ ਗੋਤਾਖੋਰ ਨੂੰ ਬਿਠਾ ਕੇ ਹੌਲੀ ਹੌਲੀ ਖੂਹ ਵਿਚ ਉਤਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਪੁਲੀਸ ਹਰਕਤ ਵਿਚ ਆ ਗਈ। ਘੋੜਸਵਾਰਾਂ ਨੇ ਖੂਹ ਨੂੰ ਸਾਰੇ ਪਾਸਿਓਂ ਘੇਰ ਲਿਆ। ਹੌਲਦਾਰ ਅਤੇ ਇਕ ਸਿਪਾਹੀ ਖੂਹ ਦੀ ਮੌਣ ਕੋਲ ਆ ਕੇ ਖੜ੍ਹ ਗਏ ਅਤੇ ਅੱਖਾਂ ਗੋਤਾਖੋਰ ਵੱਲ ਲਗਾ ਦਿੱਤੀਆਂ। ਛੋਟਾ ਠਾਣੇਦਾਰ ਹੱਥ ਵਿਚ ਰਿਵਾਲਵਰ ਫੜ ਕੇ ਕੁਰਸੀ ‘ਤੇ ਸਾਵਧਾਨ ਹੋ ਕੇ ਬੈਠ ਗਿਆ। ਖੂਹ ਵਿਚ ਉਤਰੇ ਗੋਤਾਖੋਰ ਨੇ ਖੂਹ ਦਾ ਧਰਾਤਲ ਫਰੋਲਣਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਸ ਨੇ ਖੂਹ ਵਿਚੋਂ ਜੰਗਾਲ ਖਾਧੇ ਡੋਲ, ਬਾਲਟੀਆਂ ਅਤੇ ਹੋਰ ਚੀਜ਼ਾਂ ਕੱਢ ਕੇ ਢੇਰ ਲਗਾ ਦਿੱਤੇ। ਹੌਲਦਾਰ ਨਿਕਲ ਰਹੀ ਹਰ ਚੀਜ਼ ਨੂੰ ਗਹੁ ਨਾਲ ਦੇਖ ਰਿਹਾ ਸੀ। ਲਗਭਗ ਦੋ ਘੰਟੇ ਬਾਅਦ ਖੂਹ ਅੰਦਰੋਂ ਹੀ ਗੋਤਾਖੋਰ ਨੇ ਆਵਾਜ਼ ਲਗਾਈ। ਆਵਾਜ਼ ਸੁਣਦੇ ਹੀ ਠਾਣੇਦਾਰ ਉਠ ਕੇ ਖੜ੍ਹਾ ਹੋ ਗਿਆ। ਮੰਜੀ ਵਾਲੇ ਸਰਦਾਰ ਜੀ ਵੀ ਖੜ੍ਹੇ ਹੋ ਗਏ ਅਤੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ। ਠਾਣੇਦਾਰ ਨੇ ਉਸ ਵੱਲ ਰਿਵਾਲਵਰ ਤਾਣ ਕੇ ਕਿਹਾ, “ਖ਼ਬਰਦਾਰ! ਜੇ ਇਕ ਪੈਰ ਵੀ ਪੁੱਟਿਆ ਤਾਂ…।” ਸਰਦਾਰ ਜੀ ਰੁਕ ਗਏ।
ਗੋਤਾਖੋਰ ਨੇ ਦੇਸੀ ਬੰਦੂਕ ਦੇ ਦੋਨੋਂ ਹਿੱਸੇ ਲੱਭ ਲਏ ਸਨ ਅਤੇ ਉਸ ਨੇ ਇਹ ਸਿੱਧੇ ਹੌਲਦਾਰ ਦੇ ਹੱਥੀਂ ਥਮਾ ਦਿੱਤੇ। ਠਾਣੇਦਾਰ ਦੇ ਇਸ਼ਾਰੇ ‘ਤੇ ਸਰਦਾਰ ਜੀ ਨੂੰ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਲਿਆ। ਮੁਖ਼ਬਰ ਦੀ ਡਾਇਰੀ ਸੋਲਾਂ ਆਨੇ ਸੱਚ ਨਿਕਲੀ ਸੀ। ਪੁਲੀਸ ਨੂੰ ਗ੍ਰਿਫ਼ਤਾਰ ਹੋਏ ਆਦਮੀ ਕੋਲ ਨਾਜਾਇਜ਼ ਅਸਲ੍ਹਾ ਹੋਣ ਦੀ ਸੂਚਨਾ ਸੀ। ਉਸ ਆਦਮੀ ਨੂੰ ਵੀ ਡਾਇਰੀ ਦੀ ਭਿਣਕ ਪੈ ਗਈ ਸੀ ਅਤੇ ਉਸ ਨੇ ਬੰਦੂਕ ਦੇ ਟੋਟੇ ਕਰ ਕੇ ਖੂਹ ਵਿਚ ਸੁੱਟ ਦਿੱਤੇ। ਪੁਲੀਸ ਨੇ ਤੜਕੇ ਹੀ ਉਸ ਦੇ ਘਰ ਰੇਡ ਕਰ ਕੇ ਤਲਾਸ਼ੀ ਲਈ। ਘਰੋਂ ਕੁਝ ਨਹੀਂ ਮਿਲਿਆ। ਉਸ ਦੇ ਦੱਸਣ ‘ਤੇ ਗੋਤਾਖੋਰ ਬੁਲਾਏ ਗਏ ਜਿਨ੍ਹਾਂ ਨੇ ਬੰਦੂਕ ਲੱਭ ਲਈ ਸੀ। ਪੁਲੀਸ ਉਸ ਸ਼ੱਕੀ ਆਦਮੀ ਨੂੰ ਫੜ ਕੇ ਲੈ ਗਈ। ਕਾਨੂੰਨ ਵਿਵਸਥਾ ਅਤੇ ਜੁਰਮ ਦੀ ਰੋਕਥਾਮ ਪੱਖੋਂ ਉਹ ਕੈਸਾ ਜ਼ਮਾਨਾ ਸੀ ਅਤੇ ਅੱਜ…!
ਸੰਪਰਕ: 95824-28184