ਘਰ ਕਿ ਜੇਲ੍ਹ
ਫ਼ਰੀਦਕੋਟ ਸ਼ਹਿਰ ਤੋਂ ਜੌੜੀਆਂ ਨਹਿਰਾਂ ਦੇ ਪੁਲ਼ ਲੰਘਣ ਮਗਰੋਂ ਬਠਿੰਡਾ-ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਚੜ੍ਹਨ ਤੋਂ ਪਹਿਲਾਂ ਤਿੰਨ ਸਥਾਨ ਆਉਂਦੇ ਹਨ। ਦੋ ਧਾਰਮਿਕ ਆਸਥਾ ਨਾਲ ਜੁੜੇ (ਸੰਤ ਨਿਰੰਕਾਰੀ ਭਵਨ ਅਤੇ ਡੇਰਾ ਰਾਧਾ ਸੁਆਮੀ) ਤੇ ਇੱਕ ਕੇਂਦਰੀ ਸੁਧਾਰ ਘਰ ਭਾਵ ਕੇਂਦਰੀ...
ਫ਼ਰੀਦਕੋਟ ਸ਼ਹਿਰ ਤੋਂ ਜੌੜੀਆਂ ਨਹਿਰਾਂ ਦੇ ਪੁਲ਼ ਲੰਘਣ ਮਗਰੋਂ ਬਠਿੰਡਾ-ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਚੜ੍ਹਨ ਤੋਂ ਪਹਿਲਾਂ ਤਿੰਨ ਸਥਾਨ ਆਉਂਦੇ ਹਨ। ਦੋ ਧਾਰਮਿਕ ਆਸਥਾ ਨਾਲ ਜੁੜੇ (ਸੰਤ ਨਿਰੰਕਾਰੀ ਭਵਨ ਅਤੇ ਡੇਰਾ ਰਾਧਾ ਸੁਆਮੀ) ਤੇ ਇੱਕ ਕੇਂਦਰੀ ਸੁਧਾਰ ਘਰ ਭਾਵ ਕੇਂਦਰੀ ਜੇਲ੍ਹ। ਮੈਂ ਰੋਜ਼ ਸ਼ਾਮ ਛੇ ਕੁ ਵਜੇ ਇਸ ਰਾਹ ਤੋਂ ਲੰਘਦਾ ਹਾਂ। ਜੇਲ੍ਹ ਕੋਲ ਅਕਸਰ ਮੇਲੇ ਵਰਗਾ ਮਾਹੌਲ ਬਣਿਆ ਹੁੰਦਾ ਹੈ। ਲੋਕ ਇੰਜ ਇੱਧਰ-ਉੱਧਰ ਭੱਜ ਰਹੇ ਹੁੰਦੇ ਹਨ ਜਿਵੇਂ ਕੋਈ ਗੁਆਚੀ ਸ਼ੈਅ ਲੱਭ ਰਹੇ ਹੋਣ।
ਇਸ ਸਮੇਂ ਮੈਂ ਆਪਣੇ ਸਕੂਟਰ ’ਤੇ ਹੁੰਦਾ ਹਾਂ ਅਤੇ ਅਕਸਰ ਇਹ ਦ੍ਰਿਸ਼ ਵੇਖ ਮੈਨੂੰ ਬੀਤੇ ਵਿੱਚੋਂ ਕੁਝ ਯਾਦ ਆਉਂਦਾ ਹੈ। ਗੱਲ 1975-76 ਦੀ ਹੈ, ਜਦੋਂ ਮੈਂ ਓ ਟੀ (ਭਾਸ਼ਾ ਅਧਿਆਪਨ ਦਾ ਸਿਖਲਾਈ ਕੋਰਸ) ਕਰ ਰਿਹਾ ਸੀ। ਉਸ ਵੇਲੇ ਸਾਨੂੰ ਇੱਕ ਵਿਦਿਅਕ ਟੂਰ ਤਹਿਤ ਫ਼ਰੀਦਕੋਟ ਸ਼ਹਿਰ ਦੀਆਂ ਕੁਝ ਥਾਵਾਂ ’ਤੇ ਲਿਜਾਇਆ ਗਿਆ। ਅਸੀਂ ਫ਼ਰੀਦਕੋਟ ਰਿਆਸਤ ਦੇ ਰਾਜੇ ਦਾ ਮਹਿਲ ਵੇਖਿਆ, ਰਾਜੇ ਦਾ ਕਿਲ੍ਹਾ, ਜਹਾਜ਼ ਗਰਾਊਂਡ, ਟਿੱਲਾ ਬਾਬਾ ਫ਼ਰੀਦ ਤੇ ਮਗਰੋਂ ਫ਼ਰੀਦਕੋਟ-ਸਾਦਿਕ ਸੜਕ ’ਤੇ ਬਣੀ ਜੇਲ੍ਹ ਵੀ ਲਿਜਾਇਆ ਗਿਆ। ਜੇਲ੍ਹ ਦਾ ਸੁਪਰਡੈਂਟ ਉਰਦੂ ਦਾ ਵੱਡਾ ਲੇਖਕ ਸੀ ਤੇ ਉਸ ਨੇ ਜੇਲ੍ਹ ਦੀਆਂ ਦਿਓ ਕੱਦ ਕੰਧਾਂ ’ਤੇ ਗਿਆਨ ਦੇਣ ਵਾਲੇ ਮਾਟੋ ਲਿਖਵਾਏ ਹੋਏ ਸਨ। ਇਨ੍ਹਾਂ ’ਚੋਂ ਇਕ ਮਾਟੋ ਸੀ, ‘ਜੇਲ੍ਹ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ, ਘਰ ਵਰਗੀ ਨਹੀਂ ਹੋ ਸਕਦੀ।’ ਇਸ ਦੌਰੇ ਨੇ ਸਾਨੂੰ ਦੱਸਿਆ ਕਿ ਜੇਲ੍ਹ ਵਿੱਚ ਕੈਦ ਕੱਟ ਰਹੇ ਵਿਅਕਤੀ ਦਾ ਆਪਣਾ ਕੋਈ ਅਸਤਿਤਵ ਨਹੀਂ ਰਹਿ ਜਾਂਦਾ। ਉਹ ਜੇਲ੍ਹ ਅਧਿਕਾਰੀਆਂ ਦੀ ਮਰਜ਼ੀ ਨਾਲ ਖਾਂਦਾ, ਪਾਉਂਦਾ ਅਤੇ ਸਾਹ ਲੈਂਦਾ ਹੈ। ਸੱਚ ਹੀ ਇੰਜ ਅਹਿਸਾਸ ਹੋ ਰਿਹਾ ਸੀ ਜਿਵੇਂ ਬਿਨਾਂ ਪ੍ਰਵਾਨਗੀ ਉਥੇ ਹਵਾ ਵੀ ਅੰਦਰ-ਬਾਹਰ ਨਹੀਂ ਸੀ ਹੋ ਸਕਦੀ।
ਪੜ੍ਹਾਈ ਦੌਰਾਨ ਮੈਂ ਰਾਮ ਸਿੰਘ (ਹੁਣ ਸੇਵਾ ਮੁਕਤ ਪੀ ਸੀ ਐੱਸ ਅਧਿਕਾਰੀ) ਦੀ ਪੁਸਤਕ ‘ਮੈਜਿਸਟਰੇਟ ਮੁਜਰਿਮ’ ਪੜ੍ਹੀ ਸੀ। ਉਸ ਪੁਸਤਕ ਵਿੱਚ ਦਰਜ ਵੇਰਵੇ ਹਕੀਕਤ ਦੇ ਬਹੁਤ ਨੇੜੇ ਸਨ। ਉਹ ਪੁਸਤਕ ਤੁਹਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਖੈਰ, ਹੁਣ ਜਦੋਂ ਵੀ ਮੈਂ ਕੇਂਦਰੀ ਜੇਲ੍ਹ ਕੋਲੋਂ ਲੰਘਦਾ ਹਾਂ ਤਾਂ ਜੋ ਮੰਜ਼ਰ ਦਿਖਾਈ ਦਿੰਦਾ ਹੈ, ਉਹ ਮੇਰੇ ਵਿਦਿਅਕ ਟੂਰ ਵਾਲੇ ਮੰਜ਼ਰ ਤੋਂ ਬਿਲਕੁਲ ਵੱਖਰਾ ਹੈ। ਉਸ ਸਮੇਂ ਕਿਸੇ ਪਰਿੰਦੇ ਦਾ ਪਰ ਨਾ ਮਾਰ ਸਕਣਾ ਸੰਭਵ ਲੱਗਦਾ ਸੀ, ਪਰ ਹੁਣ ਤਾਂ ਕੈਦੀਆਂ ਕੋਲੋਂ ਹੀ ਨਿੱਤ ਦਿਨ ਨਸ਼ੇ ਫੜੇ ਜਾ ਰਹੇ ਹਨ। ‘ਮੈਜਿਸਟਰੇਟ ਮੁਜਰਿਮ’ ਪੜ੍ਹਦਿਆਂ ਇਹ ਪਤਾ ਲੱਗਿਆ ਸੀ ਕਿ ਕੁੱਝ ਵਿਸ਼ੇਸ਼ ਲੋਕਾਂ ਲਈ ਜੇਲ੍ਹ ਦਾ ਦਾ ਅਰਥ ਉਹ ਨਹੀਂ ਹੁੰਦਾ, ਜੋ ਬਾਕੀ ਦੁਨੀਆ ਲਈ ਹੁੰਦਾ ਹੈ। ਅਜਿਹੇ ਸ਼ਖ਼ਸ ਜੇਲ੍ਹਾਂ ਵਿੱਚ ਵੀ ਆਪਣੀ ਸੁੱਖ ਸਹੂਲਤ ਦਾ ਹਰ ਸਾਮਾਨ ਪ੍ਰਾਪਤ ਕਰ ਲੈਂਦੇ ਹਨ।
ਮੇਰੇ ਦਿਮਾਗ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦਾ ਲੇਖ ‘ਘਰ ਦਾ ਪਿਆਰ’ ਘੁੰਮਣ ਲੱਗਦਾ ਹੈ। ਉਹ ਲਿਖਦੇ ਹਨ ਕਿ ਘਰ ਵਿੱਚ ਮਨੁੱਖ ਦੀਆਂ ਸੱਧਰਾਂ ਪਲਦੀਆਂ ਹਨ। ਉਸ ਨੂੰ ਮਾਂ-ਪਿਓ, ਭੈਣਾਂ-ਭਰਾਵਾਂ ਦਾ ਪਿਆਰ ਮਿਲਦਾ ਹੈ। ਉਸ ਅੰਦਰ ਸੂਖਮ ਭਾਵਨਾਵਾਂ ਬਣਦੀਆਂ ਤੇ ਵਿਕਸਤ ਹੁੰਦੀਆਂ ਹਨ। ਇਨ੍ਹਾਂ ਭਾਵਨਾਵਾਂ ਕਾਰਨ ਹੀ ਮਨੁੱਖ ਸਮਾਜ ਦਾ ਉਹ ਜੀਵ ਬਣਦਾ ਹੈ, ਜਿਹੜਾ ਮਨੁੱਖੀ ਇਤਿਹਾਸ ਦਾ ਸਿਰਜਣਹਾਰਾ ਹੋ ਨਿੱਬੜਦਾ ਹੈ। ਜੇਲ੍ਹ ਵਿੱਚ ਭਾਵੇਂ ਸਾਰੀਆਂ ਸੁੱਖ-ਸਹੂਲਤਾਂ ਖ਼ਰੀਦੀਆਂ ਜਾ ਸਕਦੀਆਂ ਹਨ, ਪਰ ਘਰ ਦਾ ਪਿਆਰ ਨਹੀਂ ਮਿਲ ਸਕਦਾ। ਜੇਲ੍ਹ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਕਰਨ ਵਾਲਿਆਂ ਨੂੰ ਇਸ ਗੱਲ ਨੂੰ ਆਪਣੇ ਚੇਤਿਆਂ ਵਿੱਚ ਵਸਾਉਣ ਦੀ ਲੋੜ ਹੈ ਕਿ ਜੇਲ੍ਹ ਕਿੰਨੀ ਵੀ ਸੁੰਦਰ ਹੋਵੇ, ਇਹ ਘਰ ਵਰਗੀ ਨਹੀਂ ਹੋ ਸਕਦੀ।
ਸੰਪਰਕ: 95010-20731

