ਬਕਰੀਦ ’ਤੇ ਵਿਸ਼ੇਸ਼

ਈਦ-ਉੱਲ-ਅਜ਼ਹਾ ਦਾ ਇਤਿਹਾਸ ਤੇ ਮਹੱਤਵ

ਈਦ-ਉੱਲ-ਅਜ਼ਹਾ ਦਾ ਇਤਿਹਾਸ ਤੇ ਮਹੱਤਵ

ਡਾ. ਮੁਹੰਮਦ ਇਦਰੀਸ

ਡਾ. ਮੁਹੰਮਦ ਇਦਰੀਸ

ਇਸਲਾਮੀ ਦੁਨੀਆ ਦਾ ਈਦ-ਉੱਲ-ਫਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਈਦ-ਉੱਲ ਅਜ਼ਹਾ ਹੈ। ਇਸ ਤਿਉਹਾਰ ਦੇ ਵੱਖ ਵੱਖ ਨਾਮ ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ। ਅਰਬੀ ਭਾਸ਼ਾ ਦੇ ਸ਼ਬਦ ‘ਈਦ’ ਤੋਂ ਭਾਵ ਦਾਅਵਤ ਜਾਂ ਖੁਸ਼ੀ ਸਾਂਝੀ ਕਰਨਾ, ਪ੍ਰਸੰਨਤਾ ਦਾਇਕ ਖਾਣਾ ਤੇ ਖੁਆਉਣਾ, ਛੁੱਟੀ ਆਦਿ ਵੀ ਹਨ। ਪੰਜਾਬੀ, ਭਾਰਤੀ ਅਤੇ ਏਸ਼ੀਅਨ ਸਭਿਆਚਾਰ ਵਿਚ ਈਦ-ਅਲ-ਬਕਰ, ਬਕਰੀਦ ਅਤੇ ਬਕਰਾ ਈਦ ਵਧੇਰੇ ਪ੍ਰਚਲਿਤ ਸ਼ਬਦ ਹਨ। ਅਰਬੀ ਭਾਸ਼ਾ ਦਾ ਹੀ ਸ਼ਬਦ ‘ਅਜ਼ਹਾ’ ਜਾਂ ਅਧਹਾ ਹੈ ਜਿਸ ਤੋਂ ਭਾਵ ਹਲਾਲ ਕਰਨਾ ਜਾਂ ਕੁਰਬਾਨੀ ਕਰਨ ਤੋਂ ਹੈ। ਇਹ ਸ਼ਬਦ ਭਾਵੇਂ ਨਿਰੁਕਤੀ ਤੋਂ ਬੋਲਚਾਲ ਦੀ ਬੋਲੀ ਪੱਖੋਂ ਵੱਖ ਵੱਖ ਹਨ ਪਰ ਸਾਰਿਆਂ ਦਾ ਮਤਲਬ ਹੈ- ਕੁਰਬਾਨੀ ਵਾਲੀ ਈਦ, ਭਾਵ ਆਪਣੇ ਵੱਲੋਂ ਕੀਤੀ ਕੁਰਬਾਨੀ ਦੀ ਖੁਸ਼ੀ ਨੂੰ ਪਰਿਵਾਰ, ਰਿਸ਼ਤੇਦਾਰ, ਗਰੀਬ ਅਤੇ ਸਮਾਜ ਵਿਚ ਹੋਰ ਲੋੜਵੰਦ ਲੋਕਾਂ ਨਾਲ ਸਾਂਝੀ ਕਰਨਾ ਹੈ।

ਈਦ-ਅਲ-ਬਕਰ ਜਾਂ ਬਕਰੀਦ ਦੇ ਤਿਉਹਾਰ ਦਾ ਧਾਰਮਿਕ ਤੇ ਇਤਿਹਾਸਕ ਪਿਛੋਕੜ ਬੜਾ ਦਿਲਚਸਪ ਤੇ ਮਹੱਤਵਪੂਰਨ ਹੈ। ਇਸਲਾਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲਾਲਾਊ ਇਲੈਵਸੱਲਮ (ਉਨ੍ਹਾਂ ’ਤੇ ਰੱਬ ਦੀ ਰਹਿਮਤ) ਦੇ ਨਵੁੱਬਤ ਕਾਲ ਤੋਂ ਲਗਭਗ ਪੱਚੀ ਸੌ ਸਾਲ ਪਹਿਲਾਂ ਅਤੇ ਮੌਜੂਦਾ ਸਮੇਂ ਤੋਂ ਚਾਰ ਕੁ ਹਜ਼ਾਰ ਸਾਲ ਪਹਿਲਾਂ ਹਜ਼ਰਤ ਇਬਰਾਹੀਮ ਅਲੈਸਲਾਮ (ਉਨ੍ਹਾਂ ਨੂੰ ਸਲਾਮ ਹੈ) ਪੈਗੰਬਰ ਹੋਏ ਹਨ। ਹਜ਼ਰਤ ਇਬਰਾਹੀਮ ਦਾ ਜਨਮ ਇਰਾਕ ਵਿਚ ਵਹਿੰਦੇ ਦਰਿਆ ਫ਼ਰਾਤ ਦੇ ਕੰਢੇ, ਵਸੇ ਉਰ ਸ਼ਹਿਰ ਵਿਚ ਹੋਇਆ ਸੀ।

ਈਦ-ਅਲ-ਬਕਰ ਦੀ ਸ਼ੁਰੂਆਤ ਬਾਰੇ ਕੁਰਆਨ ਮਜੀਦ ਦੇ ਭਾਗ ਨੰਬਰ 18 ਤੇ 23 ਦੀਆਂ ਸੂਰਤਾਂ ਵਿਚ ਵਰਣਨ ਆਉਂਦਾ ਹੈ। ਇਸ ਵਿਚ ਹਜ਼ਰਤ ਇਬਰਾਹੀਮ (ਅਲੈਸਲਾਮ) ਅਤੇ ਉਨ੍ਹਾਂ ਦੇ ਪੁੱਤਰ ਇਸਮਾਈਲ ਬਾਰੇ ਜਿ਼ਕਰ ਹੈ। ਇਸਮਾਈਲ ਦੀ ਥਾਂ ਭੇਡੂ (ਦੁੰਬਾ) ਦੀ ਕੁਰਾਬਨੀ ਵਾਲੀ ਘਟਨਾ ਦੌਰਾਨ ਹਜ਼ਰਤ ਇਬਰਾਹੀਮ (ਅਲੈਸਲਾਮ) ਦੀ ਪਤਨੀ ਬੀਬੀ ਹਾਜਰਾ ਨੇ ਆਪਣੇ ਪਰਿਵਾਰ, ਬਾਪ ਅਤੇ ਬੇਟੇ ਦੀ ਸ਼ੈਤਾਨ ਤੋਂ ਹਿਫ਼ਾਜ਼ਤ ਲਈ ਕੰਕਰ ਚੁੱਕ ਕੇ ਮਾਰਨੇ ਸ਼ੁਰੂ ਕੀਤੇ ਸਨ। ਸੋ, ਬੁਨਿਆਦੀ ਤੌਰ ’ਤੇ ਇਸਲਾਮ ਵਿਚ ਕੁਰਬਾਨੀ ਦੀ ਈਦ ਅਤੇ ਹੱਜ ਕਰਨ ਸਮੇਂ ਸ਼ੈਤਾਨ ਨੂੰ ਕੰਕਰ ਮਾਰਨ ਦੀ ਪ੍ਰਥਾ ਇਸ ਘਟਨਾ ਤੋਂ ਬਾਅਦ ਸ਼ੁਰੂ ਹੋਈਆਂ।

ਬਕਰਾ ਈਦ ਦੀ ਨਮਾਜ਼ ਦੀਆਂ ਦੋ ਰਕਾਤਾਂ ਪੜ੍ਹਨ ਤੋਂ ਬਾਅਦ ਕੁਰਬਾਨੀ ਲਈ ਨਿਰਧਾਰਤ ਜਾਨਵਰਾਂ ਨੂੰ ਹਲਾਲ ਕੀਤਾ ਜਾਂਦਾ ਹੈ। ਹਲਾਲ ਕਰਨ ਪਿੱਛੋਂ ਜਾਨਵਰ ਦਾ ਗੋਸ਼ਤ ਇਕੱਠਾ ਕਰਕੇ (ਭਾਵ ਰਲਾ-ਮਿਲਾ ਕੇ) ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ। ਪਹਿਲਾ ਭਾਗ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ, ਦੂਜਾ ਰਿਸ਼ਤੇਦਾਰਾਂ ਦਾ ਅਤੇ ਤੀਸਰਾ ਗਰੀਬ ਲੋਕਾਂ ਲਈ ਹੁੰਦਾ ਹੈ। ਗਰੀਬ ਤੋਂ ਭਾਵ ਉਹ ਲੋਕ ਜੋ ਆਰਥਿਕ ਤੰਗੀ-ਤੁਰਸ਼ੀ ਕਾਰਨ ਕੁਰਬਾਨੀ ਕਰਨ ਤੋਂ ਅਸਮਰਥ ਹਨ। ਹਨਫ਼ੀ ਸਕੂਲ ਅਨੁਸਾਰ ਵਧੇਰੇ ਲੋਕ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਕੇਵਲ ਇਕ ਹਿੱਸਾ ਰੱਖ ਕੇ ਬਾਕੀ ਦੋ ਹਿੱਸੇ ਗਰੀਬਾਂ, ਯਤੀਮਾਂ, ਮਸਕੀਨਾਂ ਅਤੇ ਹੋਰ ਜ਼ਰੂਰਤਮੰਦਾਂ ਵਿਚ ਵੰਡ ਦਿੰਦੇ ਹਨ। ਜਿਨ੍ਹਾਂ ਜਾਨਵਰਾਂ ਨੂੰ ਕੁਰਬਾਨੀ ਲਈ ਹਲਾਲ ਕੀਤਾ ਜਾ ਸਕਦਾ ਹੈ, ਉਨ੍ਹਾਂ ਦੇ ਨਾਮ ਹਨ- ਬੱਕਰਾ, ਬੱਕਰੀ, ਭੇਡ, ਲੇਲਾ, ਊਠ, ਵੱਛਾ, ਮੱਝ, ਕੱਟਾ ਆਦਿ। ਬਕਰਾ ਈਦ ਹਿਜਰੀ ਕੈਲੰਡਰ ਦੇ ਅੰਤਿਮ ਮਹੀਨੇ ਧੂ-ਅਲ-ਹਿਜਾ ਜਿਸ ਨੂੰ ਜ਼ਿਲ ਹਿਜਾ ਵੀ ਕਿਹਾ ਜਾਂਦਾ ਹੈ, ਦੀ 10 ਤੋਂ 12 ਤਾਰੀਖ ਨੂੰ ਮਨਾਇਆ ਜਾਂਦਾ ਹੈ; ਜ਼ਿਲ ਹਿਜਾ ਤੋਂ ਭਾਵ ਹੈ, ਹੱਜ ਕਰਨ ਜਾਂ ਧਾਰਮਿਕ ਯਾਤਰਾ ਦਾ ਮਹੀਨਾ।

ਬਕਰਾ ਈਦ ਨੂੰ ਸੰਸਾਰ ਭਰ ਦੇ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ, ਸਾਦਗੀ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਜ਼ਰਤ ਇਬਰਾਹੀਮ (ਅਲੈਸਲਾਮ) ਵਲੋਂ ਆਪਣੇ ਇਕਲੌਤੇ ਤੇ ਪਿਆਰੇ ਪੁੱਤਰ ਦੀ ਰੱਬ ਦੀ ਰਜ਼ਾ ਲਈ ਕੁਰਬਾਨੀ ਦੀ ਯਾਦ ਦਾ ਪ੍ਰਤੀਕ ਹੈ। ਆਰਥਿਕ ਤੌਰ ’ਤੇ ਇਸ ਤਿਉਹਾਰ ਦੌਰਾਨ ਜਾਨਵਰਾਂ ਦੀ ਭਾਰੀ ਖਰੀਦੋ-ਫਰੋਖਤ ਹੁੰਦੀ ਹੈ ਜੋ ਸਮਾਜ ਅਤੇ ਮੁਲਕ ਦੀ ਆਰਥਿਕ ਮਜ਼ਬੂਤੀ ਤੇ ਵਪਾਰਕ ਵਿਕਾਸ ਦਾ ਆਧਾਰ ਬਣਦਾ ਹੈ।

ਇਹ ਤਿਉਹਾਰ ਰੱਬ ਦੀ ਰਜ਼ਾ ਲਈ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਇਸਲਾਮੀ ਧਾਰਮਿਕ ਤੇ ਇਤਿਹਾਸਕ ਸੋਮਿਆਂ ਅਨੁਸਾਰ ਕੁਰਬਾਨੀ ਦਾ ਗੋਸ਼ਤ ਜਾਂ ਖੂਨ ਰੱਬ ਕੋਲ ਪਹੁੰਚਾਉਣਾ ਮੰਤਵ ਨਹੀਂ ਹੈ। ਇਸ ਦਾ ਮੰਤਵ ਸਗੋਂ ਸਮਾਜ, ਵਿਸ਼ੇਸ਼ ਰੂਪ ’ਚ ਰੱਬ ਦੀ ਖੁਸ਼ੀ ਲਈ ਗਰੀਬਾਂ ਤੇ ਲੋੜਵੰਦਾਂ ਵਾਸਤੇ ਕੁਝ ਕੁਰਬਾਨ ਕਰਨ ਤੋਂ ਹੈ। ਇਤਿਹਾਸਕ ਕਾਲ ਦੌਰਾਨ ਸੰਕਟ ਵਾਲੇ ਹਾਲਾਤ ’ਚ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ, ਜਦੋਂ ਜਾਨਵਰਾਂ ਜਾਂ ਗੋਸ਼ਤ ਦੀ ਕੁਰਬਾਨੀ ਤੋਂ ਬਿਨਾ ਖ਼ਲੀਫਾ ਸਾਹਿਬਾਨ ਦੁਆਰਾ ਹੋਰ ਵਸਤੂਆਂ ਵੀ ਕੁਰਬਾਨ ਕੀਤੀਆਂ ਗਈਆਂ ਹਨ।
ਸੰਪਰਕ: 98141-71786

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All