ਪੰਜਾਬੀਆਂ ਦੇ ਦਿੱਲੀ ਵੱਲ ਇਤਿਹਾਸਕ ਕੂਚ: 1783 ਅਤੇ 237 ਸਾਲ ਪਿੱਛੋਂ ਹੁਣ

ਪੰਜਾਬੀਆਂ ਦੇ ਦਿੱਲੀ ਵੱਲ ਇਤਿਹਾਸਕ ਕੂਚ: 1783 ਅਤੇ 237 ਸਾਲ ਪਿੱਛੋਂ ਹੁਣ

ਬਘੇਲ ਸਿੰਘ

ਗੁਰਦੇਵ ਸਿੰਘ ਸਿੱਧੂ

ਗੁਰਦੇਵ ਸਿੰਘ ਸਿੱਧੂ

ਸਿੱਖ ਗੁਰੂਆਂ ਵੱਲੋਂ ਹਕੂਮਤੀ ਧੱਕੇ ਅਤੇ ਜ਼ੁਲਮ ਖ਼ਿਲਾਫ਼ ਵਿੱਢੇ ਸੰਘਰਸ਼ ਵਿਚ ਪੰਜਾਬੀ ਸਮਾਜ ਦੇ ਜਾਗਦੀ ਜ਼ਮੀਰ ਵਾਲੇ ਇਨਸਾਫ਼ ਪਸੰਦ ਵਿਅਕਤੀਆਂ ਨੇ ਧਰਮ, ਜਾਤ ਆਦਿ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਾਥ ਦਿੱਤਾ। ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਿਸਲਾਂ ਦੇ ਸਮੇਂ ਉਪਰੋਕਤ ਲੱਛਣ ਬਰਕਰਾਰ ਰਿਹਾ।

14 ਜਨਵਰੀ 1764 ਨੂੰ ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਹੇਠ ਕੁਝ ਮਿਸਲਾਂ ਵੱਲੋਂ ਸਰਹੰਦ ਨੂੰ ਫਤਿਹ ਕਰ ਲੈਣ ਦੇ ਨਤੀਜੇ ਵਜੋਂ ਦਰਿਆ ਯਮਨਾ ਤੱਕ ਬਹੁਤ ਸਾਰਾ ਇਲਾਕਾ ਸਿੱਖ ਸਰਦਾਰਾਂ ਦੇ ਕਬਜ਼ੇ ਹੇਠ ਆ ਗਿਆ। ਇਸੇ ਸਾਲ ਭਰਤਪੁਰ ਦੇ ਰਾਜਪੂਤ ਰਾਜੇ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰਨ ਵਿਚ ਉਸ ਦੀ ਸਹਾਇਤਾ ਲਈ। ਦੋਵਾਂ ਦੇ ਸੈਨਿਕਾਂ ਨੇ ਦਿੱਲੀ ਨੂੰ ਘੇਰੇ ਵਿਚ ਲੈ ਲਿਆ ਪਰ ਅਹਿਮਦ ਸ਼ਾਹ ਦੁਰਾਨੀ ਦੇ ਪੰਜਾਬ ਵੱਲ ਆਉਣ ਬਾਰੇ ਜਾਣ ਕੇ ਜੱਸਾ ਸਿੰਘ ਨੂੰ ਘੇਰਾ ਛੱਡ ਕੇ ਪੰਜਾਬ ਵਾਪਸ ਆਉਣਾ ਪਿਆ। ਦਸ ਸਾਲ ਪਿੱਛੋਂ ਕਰੋੜਸਿੰਘੀਆ ਮਿਸਲ ਦਾ ਬਘੇਲ ਸਿੰਘ ਦਿੱਲੀ ਤੋਂ ਖਾਲੀ ਹੱਥ ਨਹੀਂ ਮੁੜਿਆ। ਉਹ 18 ਜਨਵਰੀ 1774 ਨੂੰ ਸ਼ਾਹਦਰਾ ਪਹੁੰਚਿਆ ਤਾਂ ਮੁਗਲ ਬਾਦਸ਼ਾਹ ਨੇ ਸਾਰੇ ਸਿੱਖ ਸਰਦਾਰਾਂ ਨੂੰ ਖਿੱਲਤਾਂ ਪੇਸ਼ ਕੀਤੀਆਂ ਅਤੇ ਬਘੇਲ ਸਿੰਘ ਵੱਲੋਂ ਦੱਸੀਆਂ ਦੀਆਂ ਕੁਝ ਸ਼ਰਤਾਂ ਦੀ ਪਾਲਣਾ ਕਰਨਾ ਪ੍ਰਵਾਨ ਕੀਤਾ।

ਪੰਜਾਬੀਆਂ ਦਾ ਦਿੱਲੀ ਵੱਲ ਫ਼ੈਸਲਾਕੁਨ ਕੂਚ

ਪੰਜਾਬੀਆਂ ਨੇ ਦਲ ਖਾਲਸਾ ਦੇ ਰੂਪ ਵਿਚ ਦਿੱਲੀ ਵੱਲ ਫ਼ੈਸਲਾਕੁਨ ਕੂਚ ਫਰਵਰੀ 1783 ਵਿਚ ਸ਼ੁਰੂ ਕੀਤਾ। ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਆਦਿ ਦੀ ਸਰਪ੍ਰਸਤੀ ਹੇਠ ਪੰਜਾਬੀ ਕਿਸਾਨਾਂ ਨੇ ਸੈਨਿਕ ਬਣ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਅਤੇ ਖੁਜਰਾ ਉੱਤੇ ਧਾਵਾ ਕੀਤਾ। ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਸਰਦਾਰ ਵੀ ਬਾਅਦ ਵਿਚ ਉਨ੍ਹਾਂ ਨਾਲ ਜਾ ਮਿਲੇ। ਗਿਆਨੀ ਗਿਆਨ ਸਿੰਘ ਅਨੁਸਾਰ ਜਿੱਤ ਪਿੱਛੋਂ ਇਨ੍ਹਾਂ ਆਗੂਆਂ ਵੱਲੋਂ ਚਾਦਰ ਵਿਛਾ ਕੇ ਹਰ ਸਰਦਾਰ ਨੂੰ ਗੁਰੂ ਦੇ ਨਾਂ ਦਾ ਦਸਵੰਧ ਕੱਢਣ ਦੀ ਅਪੀਲ ਕੀਤੇ ਜਾਣ ਉੱਤੇ ਇਕੱਠਾ ਹੋਇਆ ਇਕ ਲੱਖ ਰੁਪਈਆ ਸ੍ਰੀ ਹਰਿਮੰਦਰ ਸਾਹਿਬ ਲਈ ਭੇਜਿਆ ਗਿਆ। ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਅਤੇ ਫਰੁਖਾਬਾਦ ਨੂੰ ਜ਼ੇਰ ਕਰਨ ਪਿੱਛੋਂ ਇਸ ਪੰਜਾਬੀ ਦਲ ਖਾਲਸਾ ਨੇ ਮਾਰਚ ਦੇ ਆਰੰਭ ਵਿਚ ਦਿੱਲੀ ਵੱਲ ਮੂੰਹ ਕੀਤਾ।

8 ਮਾਰਚ 1783 ਨੂੰ ਉਨ੍ਹਾਂ ਦਿੱਲੀ ਤੋਂ ਉੱਤਰ ਵੱਲ 10 ਕੁ ਕੋਹ ਉੱਤੇ ਬਰਾਰੀ ਘਾਟ ਤੋਂ ਯਮਨਾ ਦਰਿਆ ਨੂੰ ਪਾਰ ਕਰ ਕੇ ਮਲਿਕਾਗੰਜ ਅਤੇ ਸਬਜ਼ੀ ਮੰਡੀ ਉੱਤੇ ਹਮਲਾਵਰ ਹੋਏ। ਕਿਲ੍ਹਾ ਮਹਿਤਾਬਪੁਰ ਨੇੜ ਸ਼ਾਹਜ਼ਾਦਾ ਮਿਰਜ਼ਾ ਸ਼ਕੋਹ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਅਸਫ਼ਲ ਰਿਹਾ। ਅਗਲੇ ਦਿਨ ਅਜਮੇਰੀ ਦਰਵਾਜ਼ਾ ਅਤੇ ਹੌਜ਼ ਖ਼ਾਸ ਵੀ ਇਨ੍ਹਾਂ ਦੇ ਅਧਿਕਾਰ ਹੇਠ ਆ ਗਿਆ। 11 ਮਾਰਚ ਨੂੰ ਦਲ ਖਾਲਸਾ ਲਾਲ ਕਿਲ੍ਹੇ ਵਿਚ ਦਾਖ਼ਲ ਹੋਇਆ, ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਅਤੇ ਕਿਲ੍ਹੇ ਦੇ ਹੋਰ ਨਿਵਾਸੀ ਉਸ ਦੇ ਅਹਿਲਕਾਰ ਇਧਰ ਉਧਰ ਲੁਕ ਗਏ। ਦਲ ਖਾਲਸਾ ਨੇ ਇਸ ਅਵਸਰ ਨੂੰ (ਨਵਾਬ) ਕਪੂਰ ਸਿੰਘ ਵੱਲੋਂ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨੁਲ ਕੌਮ’ ਸੱਦੇ ਜਾਣ ਨੂੰ ਅਮਲੀ ਰੂਪ ਦੇਣ ਲਈ ਢੁਕਵਾਂ ਸਮਝਦਿਆਂ ਉਸ ਨੂੰ ਤਖਤ ਉੱਤੇ ਬਿਠਾਇਆ ਅਤੇ ਉਸ ਦੇ ਸਿਰ ਉੱਤੋਂ ਮੋਰ ਪੰਖ ਦਾ ਚੌਰ ਝੁਲਾਇਆ। ਜੱਸਾ ਸਿੰਘ ਰਾਮਗੜ੍ਹੀਆ ਅਤੇ ਕੁਝ ਹੋਰ ਸਰਦਾਰਾਂ ਨੂੰ ਇਹ ਕਾਰਵਾਈ ਨਾ ਭਾਈ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ।

ਮੁਗ਼ਲ ਬਾਦਸ਼ਾਹ ਨੇ ਸਿੱਖਾਂ ਨਾਲ ਸੰਧੀ ਕਰਨ ਵਿਚ ਮਦਦ ਕਰਨ ਲਈ ਸਮਰੂ ਬੇਗ਼ਮ, ਜਿਸ ਦੀ ਸਿੱਖ ਸਰਦਾਰਾਂ ਨਾਲ ਨੇੜਤਾ ਬਾਰੇ ਸਾਰੇ ਜਾਣਦੇ ਸਨ, ਨੂੰ ਸੁਨੇਹਾ ਭੇਜਿਆ ਸੀ, ਉਹ 12 ਮਾਰਚ ਨੂੰ ਹੀ ਦਿੱਲੀ ਪਹੁੰਚ ਗਈ। ਉਸ ਦੀ ਵਿਚੋਲਗਿਰੀ ਸਦਕਾ ਮੁਗਲ ਬਾਦਸ਼ਾਹ ਅਤੇ ਸਿੱਖ ਸਰਦਾਰਾਂ ਦਰਮਿਆਨ ਸੰਧੀ ਦੀਆਂ ਸ਼ਰਤਾਂ ਤੈਅ ਹੋਣ ਲੱਗੀਆਂ। ਪੰਜਾਬੀਆਂ ਦੀ ਇਕੋ-ਇਕ ਸ਼ਰਤ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਯਾਦਗਾਰੀ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਢੁਕਵੀਆਂ ਇਮਾਰਤਾਂ ਦੀ ਉਸਾਰੀ ਕਰਨ ਦੀ ਸੀ। ਮੁਗ਼ਲ ਬਾਦਸ਼ਾਹ ਵੱਲੋਂ ਇਹ ਸ਼ਰਤ ਪ੍ਰਵਾਨ ਕਰ ਲਈ ਗਈ ਅਤੇ ਇਸ ਮਨੋਰਥ, ਸਮੇਤ ਇਸ ਸੇਵਾ ਲਈ ਦਿੱਲੀ ਠਹਿਰਨ ਵਾਲੇ ਪੰਜਾਬੀਆਂ ਦੇ ਖਰਚੇ ਦੀ ਪੂਰਤੀ ਵਾਸਤੇ ਲੋੜੀਂਦੀ ਧਨ ਰਾਸ਼ੀ ਉਪਲੱਭਧ ਕਰਵਾਉਣ ਲਈ ਦਿੱਲੀ ਸ਼ਹਿਰ ਦੀ ਚੁੰਗੀ ਵਜੋਂ ਉਗਰਾਹੇ ਹਰ ਰੁਪਏ ਵਿਚੋਂ ਛੇ ਆਨੇ ਦੇਣਾ ਪ੍ਰਵਾਨ ਕੀਤਾ। ਇਵਜ਼ ਵਿਚ ਸਿੱਖ ਸਰਦਾਰਾਂ ਨੇ ਪ੍ਰਵਾਨ ਕੀਤਾ ਕਿ:

• ਸਿੱਖ ਸੈਨਿਕਾਂ ਦੀ ਵੱਡੀ ਗਿਣਤੀ ਬਿਨਾ ਦੇਰੀ ਪੰਜਾਬ ਵਾਪਸ ਜਾਵੇਗੀ।

• ਬਘੇਲ ਸਿੰਘ ਚਾਰ ਹਜ਼ਾਰ ਸੈਨਿਕਾਂ ਸਮੇਤ ਦਿੱਲੀ ਠਹਿਰੇਗਾ ਅਤੇ ਆਪਣਾ ਟਿਕਾਣਾ ਸਬਜ਼ੀ ਮੰਡੀ ਵਿਚ ਰੱਖੇਗਾ।

• ਗੁਰਦੁਆਰਾ ਇਮਾਰਤਾਂ ਦੀ ਉਸਾਰੀ ਜਿੰਨੀ ਜਲਦੀ ਹੋ ਸਕੇ, ਚਲੰਤ ਸਾਲ ਦੇ ਖਾਤਮੇ ਤੋਂ ਪਹਿਲਾਂ, ਮੁਕੰਮਲ ਕੀਤੀ ਜਾਵੇਗੀ।

• ਰਾਜਧਾਨੀ ਵਿਚ ਠਹਿਰ ਦੌਰਾਨ ਸਿੱਖ ਕਿਸੇ ਨਾਲ ਦੁਰ-ਵਿਹਾਰ ਨਹੀਂ ਕਰਨਗੇ।

ਸਮਝੌਤੇ ਅਨੁਸਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਸਿੱਖ ਸਰਦਾਰ ਪੰਜਾਬ ਨੂੰ ਮੁੜ ਗਏ, ਮੁਗਲ ਬਾਦਸ਼ਾਹ ਨੇ ਉਨ੍ਹਾਂ ਦੇ ਹੱਥ ਦਰਬਾਰ ਸਾਹਿਬ ਵਿਚ ਭੇਟ ਕਰਨ ਵਾਸਤੇ ਤਿੰਨ ਲੱਖ ਰੁਪਿਆ ਭੇਜਿਆ।

ਚਾਰ ਹਜ਼ਾਰ ਸਾਥੀਆਂ ਦੇ ਦਲ ਨਾਲ ਦਿੱਲੀ ਰੁਕੇ ਬਘੇਲ ਸਿੰਘ ਨੇ ਆਪਣਾ ਸੇਵਾ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ। ਉਸ ਨੇ ਦਿੱਲੀ ਵਿਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਸੱਤ ਇਤਿਹਾਸਕ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ। ਪਹਿਲਾ ਗੁਰਦੁਆਰਾ ਤੇਲੀਵਾੜਾ ਵਿਚ ਬਣਾਇਆ ਜਿੱਥੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਰਹਿੰਦੇ ਰਹੇ ਸਨ। ਫਿਰ ਜੈਸਿੰਘਪੁਰਾ ਇਲਾਕੇ ਵਿਚ ਜੈਪੁਰ ਦੇ ਰਾਜੇ ਜੈ ਸਿੰਘ ਦੇ ਬੰਗਲੇ, ਜਿੱਥੇ ਦਿੱਲੀ ਠਹਿਰ ਦੌਰਾਨ ਗੁਰੂ ਹਰਿਕ੍ਰਿਸ਼ਨ ਜੀ ਨੇ ਨਿਵਾਸ ਕੀਤਾ ਸੀ, ਵਾਲੀ ਥਾਂ ਗੁਰਦੁਆਰਾ ਉਸਾਰਿਆ ਗਿਆ ਜੋ ਹੁਣ ਬੰਗਲਾ ਸਾਹਿਬ ਨਾਂ ਨਾਲ ਪ੍ਰਸਿੱਧ ਹੈ। ਯਮਨਾ ਕਿਨਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦਾ ਸਸਕਾਰ ਕੀਤੇ ਜਾਣ ਵਾਲੇ ਥਾਂ ਉੱਤੇ ਵੀ ਗੁਰਦੁਆਰਾ ਬਣਾਇਆ ਗਿਆ। ਦਿੱਲੀ ਵਿਚ ਦੋ ਸਥਾਨ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸਨ, ਇਕ ਕੋਤਵਾਲੀ ਜਿੱਥੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਦੂਜਾ ਰਕਾਬਗੰਜ ਖੇਤਰ ਵਿਚ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਦੇਹ ਦਾ ਸਸਕਾਰ ਕੀਤਾ ਗਿਆ ਸੀ। ਮੁਲਾਣਿਆਂ ਨੇ ਇਨ੍ਹਾਂ ਦੋਵਾਂ ਥਾਵਾਂ ਉੱਤੇ ਮਸਜਿਦਾਂ ਉਸਾਰ ਲਈਆਂ ਸਨ ਪਰ ਬਘੇਲ ਸਿੰਘ ਨੇ ਸੂਝ ਬੂਝ ਨਾਲ ਉਨ੍ਹਾਂ ਦੇ ਇਤਰਾਜ਼ਾਂ ਨੂੰ ਠੰਢਾ ਕੀਤਾ ਅਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤ ਮੁਕੰਮਲ ਕਰਵਾਈ। ਗੁਰੂ ਨਾਨਕ ਅਤੇ ਗੁਰੂ ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਮਜਨੂੰ ਦਾ ਟਿੱਲਾ ਅਤੇ ਮੋਤੀ ਬਾਗ਼ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਉੱਤੇ ਵੀ ਗੁਰਦੁਆਰੇ ਉਸਾਰੇ ਗਏ।

ਬਘੇਲ ਸਿੰਘ ਨੇ ਸੇਵਾ ਦਾ ਕਾਰਜ ਸਾਲ ਮੁੱਕਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਅਤੇ ਪੰਜਾਬ ਵਾਪਸੀ ਦੀ ਤਿਆਰੀ ਕਰ ਲਈ। ਮੁਗ਼ਲ ਬਾਦਸ਼ਾਹ ਵੱਲੋਂ ਬਘੇਲ ਸਿੰਘ ਨੂੰ ਮੁਲਾਕਾਤ ਦਾ ਸੱਦਾ ਦਿੱਤਾ ਗਿਆ ਤਾਂ ਸਰਦਾਰ ਨੇ ਮੁਲਾਕਾਤ ਲਈ ਤਿੰਨ ਸ਼ਰਤਾਂ ਰੱਖੀਆਂ: ਉਹ ਸਿੱਖ ਪੰਥ ਵੱਲੋਂ ਕਿਸੇ ਮੁਗ਼ਲ ਅੱਗੇ ਨਾ ਝੁਕਣ ਦੇ ਫ਼ੈਸਲੇ ਦਾ ਪਾਬੰਦ ਰਹੇਗਾ, ਬਾਦਸ਼ਾਹ ਨਾਲ ਮੁਲਾਕਾਤ ਸਮੇਂ ਦੂਜੇ ਸਿੱਖ ਸਰਦਾਰ ਉਸ ਦੇ ਹਮਰਾਹ ਹੋਣਗੇ ਅਤੇ ਲਾਲ ਕਿਲ੍ਹੇ ਵੱਲ ਆਉਂਦਿਆਂ ਰਾਹ ਵਿਚ ਕਿਸੇ ਨੇ ਉਨ੍ਹਾਂ ਬਾਰੇ ਕੋਈ ਭੱਦੀ ਟਿੱਪਣੀ ਕੀਤੀ ਤਾਂ ਸਹਿਣ ਨਹੀਂ ਹੋਵੇਗਾ। ਬਾਦਸ਼ਾਹ ਨੇ ਤਿੰਨੇ ਸ਼ਰਤਾਂ ਮੰਨ ਲਈਆਂ। ਨਿਸ਼ਚਿਤ ਦਿਨ ਹਾਥੀ ਉੱਤੇ ਬਘੇਲ ਸਿੰਘ ਅਤੇ ਸ਼ਿੰਗਾਰੇ ਘੋੜਿਆਂ ਉੱਤੇ ਸਵਾਰ ਸਿੱਖ ਸਰਦਾਰ ਲਾਲ ਕਿਲ੍ਹੇ ਪੁੱਜੇ ਅਤੇ ਦੀਵਾਨ-ਏ-ਆਮ ਵਿਚ ਮੁਗ਼ਲ ਬਾਦਸ਼ਾਹ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਸਿੱਖ ਸਰਦਾਰਾਂ ਦਾ ਇਸਤਕਬਾਲ ਕੀਤਾ। ਉਸ ਨੇ ਸਾਰਿਆਂ ਨੂੰ ਬਹੁਮੁੱਲੇ ਤੋਹਫ਼ੇ ਦੇ ਕੇ ਵਿਦਾਅ ਕੀਤਾ।

237 ਸਾਲ ਪਿੱਛੋਂ ਪੰਜਾਬੀਆਂ ਦਾ ਦਿੱਲੀ ਕੂਚ

ਹੁਣ ਪੰਜਾਬੀਆਂ ਦੇ ਵਾਰਸ ਮੁੜ ਦਿੱਲੀ ਕੂਚ ਉੱਤੇ ਹਨ ਪਰ ਇਹ ਉਨ੍ਹਾਂ ਵਾਂਗ ਭੋਲੇ ਨਹੀਂ। ਮੁਗ਼ਲ ਬਾਦਸ਼ਾਹ ਨੇ ਦੁਸ਼ਮਣ ਨੂੰ ਰਾਜਧਾਨੀ ਵਿਚ ਵੜਨ ਤੋਂ ਰੋਕਣ ਵਾਸਤੇ ਸ਼ਹਿਰ ਦੇ ਆਲੇ ਦੁਆਲੇ ਸੈਨਿਕ ਤੈਨਾਤ ਕਰ ਦਿੱਤੇ ਸਨ ਪਰ ਲੋਕ ਰਾਜ, ਜਿਸ ਵਿਚ ਵੋਟ ਦੀ ਅਹਿਮੀਅਤ ਪੱਖੋਂ ਹਰ ਵੋਟਰ ਨੂੰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਹੋਰ ਵਿਸ਼ੇਸ਼ ਵਿਅਕਤੀ ਦੇ ਬਰਾਬਰ ਮੰਨਿਆ ਜਾਂਦਾ ਹੈ, ਹੁੰਦਿਆਂ ਇਨ੍ਹਾਂ ਵੋਟਰਾਂ ਨੂੰ ਇਨ੍ਹਾਂ ਦੇ ਘਰਾਂ ਦੇ ਬਾਹਰ ਹੀ ਰੋਕਣ ਲਈ ਮੋਰਚੇਬੰਦੀ ਕੀਤੀ ਗਈ ਪਰ ਇਹ ਜਾਣਦੇ ਹਨ ਕਿ ਅਜੋਕੇ ਯੁੱਗ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸੰਘਰਸ਼ ਲੜਨ ਲਈ ਭਾਵੁਕਤਾ ਤੋਂ ਬਚ ਕੇ ਜੋਸ਼ ਅਤੇ ਹੋਸ਼ ਦੋਵਾਂ ਦੀ ਲੋੜ ਹੈ।

ਤਸੱਲੀ ਵਾਲੀ ਗੱਲ ਕਿ ਇਨ੍ਹਾਂ ਨੇ ਦਿੱਲੀ ਕੂਚ ਦੌਰਾਨ ਦੋਵਾਂ ਦੀ ਸਮਝਦਾਰੀ ਨਾਲ ਵਰਤੋਂ ਕੀਤੀ ਹੈ। ਹਰਿਆਣੇ ਵਿਚ ਇਨ੍ਹਾਂ ਦੇ ਦਾਖਲੇ ਨੂੰ ਰੋਕਣ ਵਾਸਤੇ ਟਰਾਲਿਆਂ ਉੱਤੇ ਲੱਦ ਕੇ ਲਿਆਂਦੇ ਵੱਡੇ ਵੱਡੇ ਪਾਈਪ, ਕ੍ਰੇਨਾਂ ਨਾਲ ਚੁੱਕ ਕੇ ਲਿਆਂਦੇ ਅਤੇ ਸੰਗਲਾਂ ਨਾਲ ਨੂੜ ਕੇ ਦੁੱਗਣੇ ਤਿੱਗੁਣੇ ਬੋਝ ਦੇ ਬਣਾਏ ਵੱਡੇ ਵੱਡੇ ਪੱਥਰ, ਬੇਗਿਣਤ ਟਿੱਪਰਾਂ ਨੂੰ ਮੂੰਹੋਂ ਮੂੰਹ ਭਰ ਕੇ ਸੜਕ ਦੇ ਦਰਮਿਆਨ ਖੜ੍ਹੇ ਕੀਤੇ ਆਰਜ਼ੀ ਟਿੱਲੇ, ‘ਗੁਰੂ ਦੇ ਨਾਂ ਉੱਤੇ ਜਿਊਣ’ ਵਾਲੇ ਪੰਜਾਬੀਆਂ ਵੱਲੋਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਜੈਕਾਰਾ ਗਜਾਉਣ ਸਾਰ ਇਨ੍ਹਾਂ ਦੇ ਜੋਸ਼ ਸਾਹਮਣੇ ਰੂੰ ਦੇ ਫੰਬੇ ਬਣ ਕੇ ਉੱਡ ਗਏ। ਸਿਦਕ ਅਤੇ ਸਿਰੜ ਦੀ ਉਦਾਹਰਨ ਦੇਣ ਲਈ ਅਗਲੀ ਪੀੜ੍ਹੀ ਫਰਿਹਾਦ ਦੇ ਤੇਸੇ ਦੀ ਥਾਂ ਇਨ੍ਹਾਂ ਦਾ ਰਾਹ ਰੋਕਣ ਲਈ ਲਾਏ ਮਿੱਟੀ ਦੇ ਵੱਡੇ ਵੱਡੇ ਢੇਰਾਂ ਨੂੰ ਨੇਸਤੋ ਨਾਬੂਦ ਕਰਨ ਲਈ ਇਨ੍ਹਾਂ ਵੱਲੋਂ ਵਰਤੀਆਂ ਝੰਡਿਆਂ ਵਾਲੀਆਂ ਬਾਂਸ ਦੀਆਂ ਸੋਟੀਆਂ ਦਾ ਜ਼ਿਕਰ ਕਰੇਗੀ। ਇਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕਣ ਵਾਸਤੇ ਡਾਂਗਾਂ, ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੀ ਵਰਤੋਂ ਕਰਨ ਵਾਲੇ ਹੱਥਾਂ ਉੱਤੇ ਲੰਗਰ ਵਿਚ ‘ਪ੍ਰਸ਼ਾਦਾ ਵਾਹਿਗੁਰੂ’, ‘ਦਾਲਾ ਵਾਹਿਗੁਰੂ’ ਕਹਿੰਦਿਆਂ ਪਿਆਰ ਨਾਲ ਭੋਜਨ ਪਰੋਸਣਾ ਸਬੂਤ ਹੈ ਕਿ ਇਹ ਭਾਈ ਘਨੱਈਆ ਦੀ ਵਿਰਾਸਤ ਨੂੰ ਸਾਂਭੀ ਬੈਠੇ ਹਨ।

92 ਸਾਲ ਪਹਿਲਾਂ ਅੰਗਰੇਜ਼ ਹਕੂਮਤ ਵੱਲੋਂ ਅਸੈਂਬਲੀ ਵਿਚ ਲੋਕ ਨੁਮਾਇੰਦੇ ਬਣਾ ਕੇ ਬਿਠਾਏ ਵਿਅਕਤੀਆਂ ਦੀ ਗੱਲ ਵੱਲ ਕੰਨ ਨਾ ਧਰਨ ਕਾਰਨ ਭਗਤ ਸਿੰਘ ਅਤੇ ਦੱਤ ਨੇ ‘ਬੋਲਿਆਂ ਨੂੰ ਸੁਣਾਉਣ ਲਈ’ ਅਸੈਂਬਲੀ ਵਿਚ ਬੰਬ ਸੁੱਟਣ ਦਾ ਰਾਹ ਅਪਣਾਇਆ ਸੀ। ਦੋ ਮਹੀਨੇ ਤੋਂ ਵੱਧ ਸਮਾਂ ਕੀਤੀ ਚੀਕ ਪੁਕਾਰ ਨਾ ਸੁਣੇ ਜਾਣ ਤੋਂ ਦੁਖੀ ਪੰਜਾਬੀ ਜਨਸਮੂਹ ਵਰਤਮਾਨ ਹਾਲਾਤ ਨੂੰ ਦੇਖਦਿਆਂ ਹਾਕਮ ਧਿਰ ਨੂੰ ਆਪਣਾ ਦੁੱਖ ਨੇੜਿਓਂ ਸੁਣਾਉਣ ਵਾਸਤੇ ਦਿੱਲੀ ਪੁੱਜਾ ਹੈ। ਲੱਖਾਂ ਵਲੰਟੀਅਰਾਂ ਦੀ ਭਾਗੀਦਾਰੀ ਵਾਲੀ ਲੋਕ ਲਹਿਰ ਨੂੰ ਬੰਧੇਜ਼ ਵਿਚ ਰੱਖਣਾ ਇਨ੍ਹਾਂ ਦੇ ਹੋਸ਼ ਵਿਚ ਰਹਿ ਕੇ ਵਿਚਰਨ ਦਾ ਅਕੱਟ ਪ੍ਰਮਾਣ ਹੈ। ਇਨ੍ਹਾਂ ਦੀ ਹੋਸ਼ਮੰਦੀ ਕਾਰਨ ਹੀ ਦੇਸ਼ ਭਰ ਦੇ ਕਿਸਾਨ ਭਾਈਚਾਰੇ ਵਿਚ ਜਾਗ੍ਰਿਤੀ ਆਈ ਹੈ। ਛੇਤੀ ਹੀ ਇਸ ਵਰਗ ਦੇ ਹਰ ਵਿਅਕਤੀ ਦੇ ਮੂੰਹ ਉੱਤੇ ਇਹ ਸਵਾਲ ਹੋਵੇਗਾ, “ਜੇ ਹੋਰ ਹਰ ਵਸਤ ਦੀ ਕੀਮਤ ਉਸ ਦਾ ਘਾੜਾ ਖੁਦ ਮਿੱਥਦਾ ਹੈ ਤਾਂ ਕਿਸਾਨ ਨੂੰ ਆਪਣੀ ਉਪਜ ਦਾ ਮੁੱਲ ਮਿਥਣ ਦਾ ਅਧਿਕਾਰ ਕਿਉਂ ਨਹੀਂ?” ਸ਼ਾਲਾ! ਇਹ ਹੋਸ਼ ਵਰਤਦਿਆਂ ਪੇਸ਼ਾਵਰ ਰਾਜਨੇਤਾਵਾਂ ਦੇ ਚੁੰਗਲ ਵਿਚ ਫਸਣ ਤੋਂ ਵੀ ਬਚੇ ਰਹਿਣ।

ਸੰਪਰਕ: 94170-49417

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All