DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

School Memories: ਅਧਿਆਪਕਾ ਦੀ ਗੁੱਟ-ਘੜੀ

ਇਹ ਗੱਲ 1962-63 ਦੀ ਹੈ, ਉਦੋਂ ਮੈਂ ਤੀਜੀ-ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹੀਂ ਦਿਨੀਂ ਸਾਡੇ ਸਕੂਲ ਵਿੱਚ ਜਲੰਧਰੋਂ ਇੱਕ ਨਵੀਂ ਅਧਿਆਪਕਾ ਬਦਲ ਕੇ ਆਏ ਸਨ। ਉਨ੍ਹਾਂ ਸਮਿਆਂ ਵਿੱਚ ਸਾਡੇ ਪਿੰਡ ਨੂੰ ਜਲੰਧਰ ਤੋਂ ਦਿਨ ਵਿੱਚ ਸਿਰਫ਼ ਇੱਕੋ ਬੱਸ ਆਉਂਦੀ-ਜਾਂਦੀ ਸੀ।...

  • fb
  • twitter
  • whatsapp
  • whatsapp
Advertisement

ਇਹ ਗੱਲ 1962-63 ਦੀ ਹੈ, ਉਦੋਂ ਮੈਂ ਤੀਜੀ-ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹੀਂ ਦਿਨੀਂ ਸਾਡੇ ਸਕੂਲ ਵਿੱਚ ਜਲੰਧਰੋਂ ਇੱਕ ਨਵੀਂ ਅਧਿਆਪਕਾ ਬਦਲ ਕੇ ਆਏ ਸਨ। ਉਨ੍ਹਾਂ ਸਮਿਆਂ ਵਿੱਚ ਸਾਡੇ ਪਿੰਡ ਨੂੰ ਜਲੰਧਰ ਤੋਂ ਦਿਨ ਵਿੱਚ ਸਿਰਫ਼ ਇੱਕੋ ਬੱਸ ਆਉਂਦੀ-ਜਾਂਦੀ ਸੀ। ਉਸ ਅਧਿਆਪਕਾ ਨੂੰ ਸਕੂਲ ਦੇ ਸਾਰੇ ਬੱਚੇ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਹਰ ਬੱਚੇ ਨੂੰ ਬੜੀ ਰੀਝ ਨਾਲ ਪੜ੍ਹਾਉਂਦੇ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਰਸ-ਮਿਸ਼ਰੀ ਘੁਲੀ ਹੋਈ ਸੀ। ਚੀਨ ਦੀ ਜੰਗ ਤੋਂ ਕੁਝ ਸਮਾਂ ਪਹਿਲਾਂ ਉਹ ਸਾਨੂੰ ਪਿੰਡ ਵਿੱਚ ਕਤਾਰਾਂ (ਲਾਈਨਾਂ) ਵਿੱਚ ਖੜ੍ਹਾ ਕਰ ਕੇ ਮਾਰਚ ਕਰਵਾਇਆ ਕਰਦੇ ਸਨ। ਉਹ ਆਪਣੀ ਮਿੱਠੀ ਆਵਾਜ਼ ਵਿੱਚ ਅੱਗੇ-ਅੱਗੇ ਬੋਲਦੇ, “ਹਿੰਦੀ-ਚੀਨੀ ਭਾਈ-ਭਾਈ” ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਅਸੀਂ ਸਾਰੇ ਬੱਚੇ ਉੱਚੀ-ਉੱਚੀ ਇਹੀ ਨਾਅਰਾ ਦੁਹਰਾਉਂਦੇ। ਪੂਰੇ ਪਿੰਡ ਵਿੱਚ ਫੇਰੀ ਲਾਉਂਦਿਆਂ ਸਾਨੂੰ ਇਸ ਪਰੇਡ ਦਾ ਬੜਾ ਚਾਅ ਚੜ੍ਹਦਾ ਸੀ।

ਜਲੰਧਰੋਂ ਰੋਜ਼ਾਨਾ ਆਉਣਾ-ਜਾਣਾ ਔਖਾ ਹੋਣ ਕਰਕੇ ਉਨ੍ਹਾਂ ਨੂੰ ਪਿੰਡ ਵਿੱਚ ਹੀ ਕਿਰਾਏ ਦਾ ਮਕਾਨ ਲੈਣਾ ਪਿਆ। ਉਹ ਮਕਾਨ ਪਿੰਡ ਦੇ ਵਿਚਕਾਰਲੇ ਖੂਹ ਤੋਂ ਅਗਲੀਆਂ ਦੋ ਗਲੀਆਂ ਛੱਡ ਕੇ ਤੀਜੀ ਗਲੀ ਵਿੱਚ ਸੀ। ਆਪਣੇ ਘਰ ਜਾਣ ਲਈ ਉਨ੍ਹਾਂ ਨੂੰ ਸਾਡੇ ਘਰ ਦੇ ਕੋਲੋਂ ਹੀ ਲੰਘਣਾ ਪੈਂਦਾ ਸੀ ਕਿਉਂਕਿ ਸਾਡਾ ਘਰ ਉਸੇ ਕੇਂਦਰੀ ਖੂਹ ਦੇ ਨੇੜੇ ਸੀ। ਉਦੋਂ ਅਜੇ ਪਿੰਡ ਦੇ ਇੱਕ-ਦੋ ਘਰਾਂ ਵਿੱਚ ਹੀ ਨਲਕੇ ਲੱਗੇ ਸਨ, ਇਸ ਲਈ ਸਾਰਾ ਪਿੰਡ ਤੜਕੇ-ਤੜਕੇ ਇਸੇ ਖੂਹ ਤੋਂ ਪਾਣੀ ਭਰਦਾ ਸੀ। ਇੱਕ ਦਿਨ ਜਦੋਂ ਉਹ ਅਧਿਆਪਕਾ ਖੂਹ ਦੇ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਗੁੱਟ-ਘੜੀ ਖੁੱਲ੍ਹ ਕੇ ਕਿਤੇ ਡਿੱਗ ਪਈ।

Advertisement

ਅਗਲੇ ਦਿਨ ਉਨ੍ਹਾਂ ਨੇ ਸਕੂਲ ਵਿੱਚ ਸਾਡੇ ਘਰਾਂ ਦੇ ਆਲੇ-ਦੁਆਲੇ ਰਹਿਣ ਵਾਲੇ ਬੱਚਿਆਂ ਨੂੰ ਸੱਦ ਕੇ ਪੁੱਛਿਆ, “ਕੱਲ੍ਹ ਮੇਰੀ ਘੜੀ ਗੁੰਮ ਹੋ ਗਈ ਹੈ, ਜੇ ਕਿਸੇ ਬੱਚੇ ਨੇ ਦੇਖੀ ਹੋਵੇ ਤਾਂ ਮੈਨੂੰ ਦੱਸੇ, ਮੈਂ ਉਸ ਨੂੰ ਇਨਾਮ ਵੀ ਦਿਆਂਗੀ।” ਇੰਨੇ ਨੂੰ ਸਾਡੇ ਗੁਆਂਢ ਵਿੱਚ ਰਹਿੰਦਾ ਇੱਕ ਲੜਕਾ ਉੱਠ ਕੇ ਖੜ੍ਹਾ ਹੋ ਗਿਆ। ਉਸ ਨੇ ਕਿਹਾ, “ਜੀ, ਮੈਨੂੰ ਪਤਾ ਹੈ ਘੜੀ ਕੌਣ ਲੈ ਕੇ ਗਿਆ ਹੈ।” ਜਦੋਂ ਅਧਿਆਪਕਾ ਨੇ ਪੁੱਛਿਆ ਕਿ ਕੌਣ ਹੈ ਉਹ, ਤਾਂ ਉਸ ਲੜਕੇ ਨੇ ਤੁਰੰਤ ਮੇਰੇ ਵੱਲ ਉਂਗਲ ਕਰਦਿਆਂ ਆਖ ਦਿੱਤਾ, “ਜੀ, ਇਹ ਘੜੀ ਚੁੱਕ ਕੇ ਆਪਣੇ ਘਰ ਨੂੰ ਜਾ ਰਿਹਾ ਸੀ।” ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਮੈਂ ਤਾਂ ਇਸ ਬਾਰੇ ਕੱਖ ਵੀ ਨਹੀਂ ਸੀ ਜਾਣਦਾ। ਅਖ਼ੀਰ ਇਹ ਗੱਲ ਹੌਲੀ-ਹੌਲੀ ਮੇਰੇ ਘਰ ਤੱਕ ਪਹੁੰਚ ਗਈ। ਉਹ ਦੌਰ ਅਜਿਹਾ ਸੀ ਜਦੋਂ ਅਧਿਆਪਕ ਦੀ ਕਹੀ ਗੱਲ ਮਾਪਿਆਂ ਲਈ ਪੱਥਰ ’ਤੇ ਲਕੀਰ ਹੁੰਦੀ ਸੀ। ਮੇਰੇ ਮਾਪਿਆਂ ਨੇ ਮੈਨੂੰ ਪੁੱਛਿਆ, ਪਰ ਜਦੋਂ ਮੈਨੂੰ ਕੁਝ ਪਤਾ ਹੀ ਨਹੀਂ ਸੀ, ਮੈਂ ਕੀ ਦੱਸਦਾ? ਮੇਰੀ ਖ਼ਾਮੋਸ਼ੀ ਨੂੰ ਗੁਨਾਹ ਮੰਨ ਕੇ ਘਰਦਿਆਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਇਹ ਗੱਲ ਸਕੂਲ ਦੇ ਬਾਕੀ ਅਧਿਆਪਕਾਂ ਤੱਕ ਵੀ ਪਹੁੰਚ ਗਈ। ਉਹ ਵੀ ਮੈਨੂੰ ਤਾਅਨੇ-ਮਿਹਣੇ ਮਾਰਨ ਲੱਗੇ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੀ ਬੇਗੁਨਾਹੀ ਦਾ ਸਬੂਤ ਕਿਸ ਨੂੰ ਅਤੇ ਕਿਵੇਂ ਦੇਵਾਂ। ਅਖ਼ੀਰ ਇੱਕ ਦਿਨ ਸਾਡੇ ਮੁੱਖ ਅਧਿਆਪਕ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ। ਉਨ੍ਹਾਂ ਨੇ ਬੜੇ ਪਿਆਰ ਨਾਲ ਮੇਰੇ ਸਿਰ ’ਤੇ ਹੱਥ ਰੱਖ ਕੇ ਪੁੱਛਿਆ ਤਾਂ ਮੈਂ ਰੋਂਦਿਆਂ-ਰੋਂਦਿਆਂ ਹਾਉਕਾ ਭਰ ਕੇ ਕਿਹਾ, “ਜੀ, ਜਿਹੜਾ ਲੜਕਾ ਕਹਿੰਦਾ ਹੈ ਕਿ ਮੈਂ ਘੜੀ ਚੁੱਕੀ ਹੈ, ਉਸ ਨੂੰ ਇੱਥੇ ਬੁਲਾ ਕੇ ਮੇਰੇ ਸਾਹਮਣੇ ਪੁੱਛੋ ਤਾਂ ਸਹੀ ਕਿ ਉਸ ਨੇ ਮੈਨੂੰ ਕਦੋਂ ਤੇ ਕਿੱਥੇ ਘੜੀ ਲੈ ਕੇ ਜਾਂਦੇ ਵੇਖਿਆ ਸੀ?”

Advertisement

ਮੁੱਖ ਅਧਿਆਪਕ ਨੇ ਤੁਰੰਤ ਉਸ ਲੜਕੇ ਨੂੰ ਦਫ਼ਤਰ ਬੁਲਾ ਲਿਆ ਅਤੇ ਨਾਲ ਹੀ ਉਸ ਅਧਿਆਪਕਾ ਨੂੰ ਵੀ ਸੱਦ ਲਿਆ। ਉਨ੍ਹਾਂ ਨੇ ਲੜਕੇ ਨੂੰ ਸਖ਼ਤੀ ਨਾਲ ਪੁੱਛਿਆ, “ਦੱਸ ਬਈ, ਤੂੰ ਇਸ ਨੂੰ ਘੜੀ ਲੈ ਕੇ ਜਾਂਦੇ ਕਦੋਂ ਵੇਖਿਆ ਸੀ?” ਉਸ ਲੜਕੇ ਨੇ ਤੁਰੰਤ ਉਸੇ ਦਿਨ ਦਾ ਨਾਂ ਲੈਂਦਿਆਂ ਕਿਹਾ, “ਜੀ, ਸ਼ਨਿੱਚਰਵਾਰ ਵਾਲੇ ਦਿਨ ਇਹ ਘੜੀ ਚੁੱਕ ਕੇ ਆਪਣੇ ਘਰ ਜਾ ਰਿਹਾ ਸੀ, ਪਰ ਇਸ ਕੋਲੋਂ ਘੜੀ ਚੰਗੀ ਤਰ੍ਹਾਂ ਚੁੱਕੀ ਨਹੀਂ ਸੀ ਜਾ ਰਹੀ। ਰਾਹ ਵਿੱਚ ਇਸ ਨੇ ਤਿੰਨ-ਚਾਰ ਵਾਰ ਘੜੀ ਥੱਲੇ ਰੱਖੀ, ਫਿਰ ਚੁੱਕੀ ਤੇ ਫਿਰ ਮੋਢੇ ’ਤੇ ਰੱਖ ਲਈ। ਉਸ ਘੜੀ ਵਿੱਚੋਂ ਪਾਣੀ ਡੁੱਲ੍ਹ ਕੇ ਇਸ ਦੇ ਕੱਪੜੇ ਵੀ ਸਾਰੇ ਭਿੱਜ ਗਏ ਸਨ। ਮੈਂ ਉਸੇ ਦਿਨ ਵੇਖਿਆ ਸੀ, ਇਹ ਘੜੀ ਵਿੱਚ ਪਾਣੀ ਭਰ ਕੇ ਖੂਹ ਤੋਂ ਘਰ ਜਾ ਰਿਹਾ ਸੀ।”

ਲੜਕੇ ਦੀ ਇਹ ਗੱਲ ਸੁਣਦਿਆਂ ਹੀ ਦਫ਼ਤਰ ਵਿੱਚ ਹਾਸਾ ਗੂੰਜ ਉੱਠਿਆ ਅਤੇ ਸਾਰੀ ਗ਼ਲਤਫ਼ਹਿਮੀ ਦੂਰ ਹੋ ਗਈ। ਅਸਲ ਵਿੱਚ, ਉਹ ਮੇਰੀ ਮਾਸੂਮੀਅਤ ਅਤੇ ਪੇਂਡੂ ਬੋਲੀ ਵਿੱਚ ਪਾਣੀ ਵਾਲੇ ‘ਘੜੇ’(ਜਿਸ ਨੂੰ ਸਾਡੇ ਵੱਲ ‘ਘੜੀ’ ਵੀ ਕਹਿ ਦਿੱਤਾ ਜਾਂਦਾ ਸੀ) ਦੀ ਗੱਲ ਕਰ ਰਿਹਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਸ ਸ਼ਨਿੱਚਰਵਾਰ ਮੈਂ ਖੂਹ ਤੋਂ ਛੋਟੀ ‘ਘੜੀ’ ਵਿੱਚ ਪਾਣੀ ਭਰ ਕੇ ਘਰ ਲੈ ਕੇ ਗਿਆ ਸੀ। ਇਹ ਸੁਣ ਕੇ ਮੁੱਖ ਅਧਿਆਪਕ ਅਤੇ ਉਹ ਅਧਿਆਪਕਾ ਹੱਸ ਵੀ ਰਹੇ ਸਨ ਅਤੇ ਮੇਰੀ ਹੋਈ ਬੇਵਜ੍ਹਾ ਕੁੱਟਮਾਰ ’ਤੇ ਪਛਤਾਵਾ ਵੀ ਕਰ ਰਹੇ ਸਨ। ਇਸ ਭੁੱਲ ਦੇ ਪਛਤਾਵੇ ਵਜੋਂ ਉਹ ਅਧਿਆਪਕਾ ਜਿੰਨਾ ਚਿਰ ਸਾਡੇ ਸਕੂਲ ਵਿੱਚ ਰਹੇ, ਉਨ੍ਹਾਂ ਨੇ ਮੈਨੂੰ ਅੰਤਾਂ ਦਾ ਮੋਹ ਦਿੱਤਾ। ਉਹ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਅਤੇ ਮੇਰਾ ਖ਼ਾਸ ਖ਼ਿਆਲ ਰੱਖਦੇ। ਅੱਜ ਵੀ ਜਦੋਂ ਉਹ ਦਿਨ ਯਾਦ ਆਉਂਦੇ ਹਨ ਤਾਂ ਬਾਲ-ਮਨ ਦੀ ਉਹ ਮਾਸੂਮੀਅਤ ਅਤੇ ਭਾਸ਼ਾ ਦੇ ਫ਼ਰਕ ਨਾਲ ਬਣਿਆ ਇਹ ਕਿੱਸਾ ਚਿਹਰੇ ’ਤੇ ਇੱਕ ਮੁਸਕਾਨ ਛੱਡ ਜਾਂਦਾ ਹੈ।

ਸੰਪਰਕ: 98726-73703

Advertisement
×