DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਦਦਗਾਰ ਅਧਿਕਾਰੀ

ਗੱਲ ਕਰੀਬ ਗਿਆਰਾਂ ਸਾਲ ਪੁਰਾਣੀ ਹੈ। ਤਬਾਦਲੇ ਮਗਰੋਂ ਇੱਕ ਪੁਲੀਸ ਅਫ਼ਸਰ ਨੇ ਗੁਰਦਾਸਪੁਰ ਸਦਰ ਮੁਕਾਮ ’ਤੇ ਅਹੁਦਾ ਸੰਭਾਲਿਆ। ਸਾਹਿਤ ਵਿੱਚ ਗਹਿਰੀ ਰੁਚੀ ਰੱਖਣ ਅਤੇ ਆਪਣੀਆਂ ਲਿਖਤਾਂ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸਮਾਜ ਨੂੰ ਲਗਾਤਾਰ ਜਾਗਰੂਕ ਕਰਨ ਵਾਲੇ ਇਸ ਅਫ਼ਸਰ...

  • fb
  • twitter
  • whatsapp
  • whatsapp
Advertisement

ਗੱਲ ਕਰੀਬ ਗਿਆਰਾਂ ਸਾਲ ਪੁਰਾਣੀ ਹੈ। ਤਬਾਦਲੇ ਮਗਰੋਂ ਇੱਕ ਪੁਲੀਸ ਅਫ਼ਸਰ ਨੇ ਗੁਰਦਾਸਪੁਰ ਸਦਰ ਮੁਕਾਮ ’ਤੇ ਅਹੁਦਾ ਸੰਭਾਲਿਆ। ਸਾਹਿਤ ਵਿੱਚ ਗਹਿਰੀ ਰੁਚੀ ਰੱਖਣ ਅਤੇ ਆਪਣੀਆਂ ਲਿਖਤਾਂ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸਮਾਜ ਨੂੰ ਲਗਾਤਾਰ ਜਾਗਰੂਕ ਕਰਨ ਵਾਲੇ ਇਸ ਅਫ਼ਸਰ ਦੇ ਇੱਕ ਕਰੀਬੀ ਸਾਹਿਤਕਾਰ ਦੋਸਤ, ਜੋ ਮੇਰਾ ਵੀ ਕਰੀਬੀ ਹੈ, ਨੇ ਇਸ ਅਧਿਕਾਰੀ ਨੂੰ ਮਿਲਣ ਉਸ ਦੇ ਦਫ਼ਤਰ ਜਾਣ ਲੱਗਿਆਂ ਮੈਨੂੰ ਵੀ ਸੁਲ੍ਹਾ ਮਾਰ ਲਈ। ਅਸੀਂ ਦੋਵੇਂ ਇਸ ਅਫ਼ਸਰ ਦੇ ਦਫ਼ਤਰ ਪਹੁੰਚੇ ਤਾਂ ਕਮਰੇ ’ਚ ਆਪਣੀਆਂ ਸਮੱਸਿਆਵਾਂ ਲੈ ਕੇ ਆਏ ਲੋਕਾਂ ਦੀ ਕਾਫ਼ੀ ਭੀੜ ਸੀ। ਸਤਿ ਸ੍ਰੀ ਅਕਾਲ ਬੁਲਾ ਕੇ ਮੈਂ ਅਤੇ ਮੇਰਾ ਮਿੱਤਰ ਦਫ਼ਤਰ ਦੇ ਕਮਰੇ ਵਿੱਚ ਇੱਕ ਪਾਸੇ ਲੱਗੀਆਂ ਖ਼ਾਲੀ ਕੁਰਸੀਆਂ ’ਤੇ ਬੈਠ ਗਏ।

ਲੋਕਾਂ ਦੀਆਂ ਗੰਭੀਰ ਅਤੇ ਦਿਲਚਸਪ ਸਮੱਸਿਆਵਾਂ ਨੂੰ ਬੜੇ ਗ਼ੌਰ ਨਾਲ ਸੁਣ ਕੇ ਬੜੀ ਤੇਜ਼ੀ ਨਾਲ ਨਿਪਟਾਉਂਦੇ ਜਾ ਰਹੇ ਇਸ ਅਫ਼ਸਰ ਦੇ ਕੰਮ ਕਰਨ ਦਾ ਤਰੀਕਾ ਮੈਨੂੰ ਬਾਕੀਆਂ ਤੋਂ ਕਾਫ਼ੀ ਵੱਖਰਾ ਲੱਗਿਆ। ਗੱਲਬਾਤ ਵਿੱਚ ਕੋਈ ਪੁਲਸੀਆ ਰੋਹਬ ਵੀ ਨਜ਼ਰ ਨਹੀਂ ਆਇਆ। ਇਸ ਦਰਮਿਆਨ ਵਾਰੀ ਆਈ ਇੱਕ ਪਿੰਡ ’ਚੋਂ ਆਈ 30-35 ਵਰ੍ਹਿਆਂ ਦੀ ਇੱਕ ਔਰਤ ਦੀ। ਭਰੀਆਂ ਅੱਖਾਂ ਨਾਲ ਇਸ ਔਰਤ ਨੇ ਦੱਸਿਆ ਕਿ ਕਰੀਬ ਇੱਕ ਸਾਲ ਤੋਂ ਉਸ ਦੇ ਸਿਰ ਦਾ ਸਾਈਂ ਬਿਨਾਂ ਦੱਸਿਆਂ ਕਿਧਰੇ ਚਲਾ ਗਿਆ ਹੈ। ਸੱਸ-ਸਹੁਰਾ, ਜੇਠ-ਜਠਾਣੀ, ਕੋਈ ਉਸ ਦੀ ਸਾਰ ਨਹੀਂ ਲੈਂਦਾ। ਹਾਲਾਂਕਿ ਕਿ ਘਰ ਦਾ ਗੋਹਾ ਕੂੜਾ ਅਤੇ ਹੋਰ ਕੰਮ ਵੀ ਉਸ ਦੇ ਜ਼ਿੰਮੇ ਹਨ ਪਰ ਘਰ ਦੀ ਰਸੋਈ ਵਿੱਚ ਉਸ ਨੂੰ ਦਾਖ਼ਲ ਹੋਣ ਦੀ ਮਨਾਹੀ ਹੈ। ਤਿੰਨ ਵੇਲੇ ਚਾਰ ਰੋਟੀਆਂ ਅਤੇ ਬੇਹੀ ਸਬਜ਼ੀ ਉਸ ਨੂੰ ਦਿੱਤੀ ਜਾਂਦੀ ਹੈ। ਸੱਸ ਆਉਂਦਿਆਂ ਜਾਂਦਿਆਂ ਉਸ ਨੂੰ ਮਨਹੂਸ ਦੱਸਦੀ ਹੈ ਤੇ ਕੁੱਟਦੀ ਵੀ ਹੈ। ਉਸ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਕੰਮ ਕਰਕੇ ਆਪਣੇ ਨਿੱਕੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ। ਉਸ ਦੀ ਵਿਧਵਾ ਮਾਂ ਇਸ ਕਾਬਲ ਨਹੀਂ ਕਿ ਉਸ ਦਾ ਭਾਰ ਚੁੱਕ ਸਕੇ। ਔਰਤ ਨੇ ਅਪੀਲ ਕੀਤੀ ਕਿ ਉਸ ਦੇ ਪਤੀ ਦਾ ਕੁਝ ਥਹੁ-ਪਤਾ ਲਗਾਇਆ ਜਾਵੇ।

Advertisement

ਬੜੇ ਠਰ੍ਹੰਮੇ ਨਾਲ ਇਸ ਔਰਤ ਦੀ ਗੱਲ ਸੁਣਨ ਮਗਰੋਂ ਉਕਤ ਪੁਲੀਸ ਅਫ਼ਸਰ ਨੇ ਪਹਿਲਾਂ ਤਾਂ ਸੇਵਾਦਾਰ ਨੂੰ ਬੁਲਾ ਕੇ ਇਸ ਔਰਤ ਨੂੰ ਪਾਣੀ ਪਿਆਉਣ ਲਈ ਆਖਿਆ। ਨਾਲ ਹੀ ਸਬੰਧਿਤ ਥਾਣੇ ’ਚ ਫ਼ੋਨ ਕਰਕੇ ਉੱਥੋਂ ਦੇ ਥਾਣੇਦਾਰ ਨੂੰ ਹਿਦਾਇਤ ਕੀਤੀ ਕਿ ਉਸ ਦੇ ਪਤੀ ਦਾ ਛੇਤੀ ਤੋਂ ਛੇਤੀ ਪਤਾ ਲਗਾਇਆ ਜਾਵੇ ਅਤੇ ਪਿੰਡ ਦੇ ਸਰਪੰਚ ਨੂੰ ਕਹਿ ਕੇ ਔਰਤ ਦੇ ਘਰ ਵਿੱਚ ਉਸ ਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਇੱਕ ਮਹਿਲਾ ਪੁਲੀਸ ਕਰਮਚਾਰੀ ਦਾ ਫ਼ੋਨ ਨੰਬਰ ਇਸ ਔਰਤ ਨੂੰ ਕਾਗ਼ਜ਼ ’ਤੇ ਖ਼ੁਦ ਲਿਖ ਕੇ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਮੁਸ਼ਕਿਲ ਘੜੀ ’ਚ ਉਹ ਕਿਸੇ ਦੇ ਫ਼ੋਨ ਤੋਂ ਇਸ ਨੰਬਰ ’ਤੇ ਸਹਾਇਤਾ ਲਈ ਫ਼ੋਨ ਕਰ ਸਕਦੀ ਹੈ।

Advertisement

ਪਾਟੀ ਚੁੰਨੀ ਨਾਲ ਹੰਝੂ ਪੂੰਝਦੀ ਔਰਤ ਜਦ ਵਾਪਸ ਜਾਣ ਲਈ ਦਰਵਾਜ਼ੇ ਕੋਲ ਪਹੁੰਚੀ ਤਾਂ ਉਕਤ ਅਧਿਕਾਰੀ ਨੇ ਆਵਾਜ਼ ਮਾਰ ਕੇ ਉਸ ਨੂੰ ਵਾਪਸ ਬੁਲਾਇਆ ਅਤੇ ਸਵਾਲ ਕੀਤਾ, ‘‘ਬੀਬਾ, ਪਿੰਡੋਂ ਇੱਥੋਂ ਤੱਕ ਕਿਵੇਂ ਆਈ ?’’

‘‘ਬੱਸ ’ਤੇ।’’ ਉਸ ਜਵਾਬ ਦਿੱਤਾ।

‘‘ਕਿਰਾਇਆ ਕਿੱਥੋਂ ਲਿਆ ਸੀ ?’’ ਅਫ਼ਸਰ ਨੇ ਅਗਲਾ ਸਵਾਲ ਕੀਤਾ।

‘‘ਕਿਸੇ ਨੂੰ ਮਿੰਨਤ ਕਰਕੇ ਹੁਦਾਰੇ ਮੰਗ ਕੇ ਲਿਆਈ ਹਾਂ ਜੀ ਪੰਜਾਹ ਰੁਪਈਏ।’’ ਔਰਤ ਕਾਫ਼ੀ ਸੰਭਲ ਚੁੱਕੀ ਸੀ।

ਇਹ ਸੁਣ ਕੇ ਅਫ਼ਸਰ ਨੇ ਆਪਣੀ ਜੇਬ ’ਚੋਂ ਪਰਸ ਕੱਢਿਆ ਅਤੇ ਉਸ ਵਿੱਚੋਂ ਪੰਜ ਸੌ ਦਾ ਨੋਟ ਕੱਢ ਉਸ ਔਰਤ ਵੱਲ ਵਧਾਉਂਦਿਆਂ ਆਖਿਆ, ‘‘ਇਹ ਰੱਖ ਲੈ ਤੇ ਬੱਚਿਆਂ ਦੇ ਖਾਣ ਲਈ ਕੁਝ ਲੈ ਜਾਈਂ।’’

‘‘ਨਹੀਂ ਸਾਹਿਬ ਜੀ ਰਹਿਣ ਦਿਓ, ਬੜੀ ਮਿਹਰਬਾਨੀ।’’

‘‘ਬੀਬਾ, ਮੈਂ ਕੋਲੋਂ ਥੋੜ੍ਹਾ ਦੇ ਰਿਹਾਂ। ਸਾਡੇ ਮਹਿਕਮੇ ਨੂੰ ਵੱਖਰੇ ਪੈਸੇ ਮਿਲਦੇ ਨੇ ਮਦਦ ਕਰਨ ਲਈ। ਰੱਖ ਲੈ।’’ ਝਕਦੀ ਇਸ ਔਰਤ ਨੇ ਕੰਬਦੇ ਹੱਥਾਂ ਨਾਲ ਪੰਜ ਸੌ ਦਾ ਨੋਟ ਫੜ ਲਿਆ ਅਤੇ ਘੁੱਟ ਕੇ ਮੁੱਠੀ ਵਿੱਚ ਮੀਚ ਲਿਆ। ਵਾਪਸ ਜਾਂਦਿਆਂ ਉਹ ਮੁੜ ਪਾਟੀ ਚੁੰਨੀ ਨਾਲ ਹੰਝੂ ਪੂੰਝ ਰਹੀ ਸੀ। ਅਫ਼ਸਰ ਅਗਲੇ ਫ਼ਰਿਆਦੀ ਦੀ ਗੱਲ ਗਹੁ ਨਾਲ ਸੁਣਨ ’ਚ ਰੁੱਝ ਗਿਆ।

ਸੰਪਰਕ: 98765-82500

Advertisement
×