DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੈਲੋ ਮਿਸਟਰ ਲਖਬੀਰ...

ਪਿਛਲੇ ਦਿਨੀਂ ਮੈਂ ਗ਼ੈਰ-ਕਾਨੂੰਨੀ ਪਰਵਾਸ ਬਾਰੇ ਇੱਕ ਲੇਖ ਪੜ੍ਹ ਰਿਹਾ ਸਾਂ ਤਾਂ ਮੇਰੇ ਦਿਮਾਗ਼ ਵਿੱਚ ਉਹ ਗੱਲਾਂ ਘੁੰਮਣ ਲੱਗ ਪਈਆਂ, ਜਿਹੜੀਆਂ ਇੰਗਲੈਂਡ ਵਿੱਚ ਮੇਰੇ ਸਾਹਮਣੇ ਵਾਪਰੀਆਂ ਸਨ। ਇੰਗਲੈਂਡ ਫੇਰੀ ਦੌਰਾਨ ਜਦੋਂ ਮੈਂ ਵਾਪਸ ਆਉਣਾ ਸੀ ਤਾਂ ਅਖੀਰਲੇ ਦਿਨਾਂ ਵਿੱਚ ਮੈਂ...

  • fb
  • twitter
  • whatsapp
  • whatsapp
Advertisement

ਪਿਛਲੇ ਦਿਨੀਂ ਮੈਂ ਗ਼ੈਰ-ਕਾਨੂੰਨੀ ਪਰਵਾਸ ਬਾਰੇ ਇੱਕ ਲੇਖ ਪੜ੍ਹ ਰਿਹਾ ਸਾਂ ਤਾਂ ਮੇਰੇ ਦਿਮਾਗ਼ ਵਿੱਚ ਉਹ ਗੱਲਾਂ ਘੁੰਮਣ ਲੱਗ ਪਈਆਂ, ਜਿਹੜੀਆਂ ਇੰਗਲੈਂਡ ਵਿੱਚ ਮੇਰੇ ਸਾਹਮਣੇ ਵਾਪਰੀਆਂ ਸਨ। ਇੰਗਲੈਂਡ ਫੇਰੀ ਦੌਰਾਨ ਜਦੋਂ ਮੈਂ ਵਾਪਸ ਆਉਣਾ ਸੀ ਤਾਂ ਅਖੀਰਲੇ ਦਿਨਾਂ ਵਿੱਚ ਮੈਂ ਆਪਣੇ ਕੁਝ ਦੋਸਤਾਂ ਨੂੰ ਮਿਲਣ ਸਕਾਟਲੈਂਡ ਦੇ ਸ਼ਹਿਰ ਹੈਮਿਲਟਨ ਚਲਾ ਗਿਆ। ਉੱਥੇ ਮੇਰਾ ਦੋ ਕੁ ਦਿਨ ਰਹਿਣ ਦਾ ਪ੍ਰੋਗਰਾਮ ਸੀ। ਮੇਰੇ ਦੋਸਤਾਂ ਨੇ ਪ੍ਰੋਗਰਾਮ ਬਣਾਇਆ ਸੀ ਕਿ ਸ਼ਨਿੱਚਰਵਾਰ ਤੇ ਐਤਵਾਰ ਨੂੰ ਅਸੀਂ ਘੁੰਮਣ ਚੱਲਾਂਗੇ। ਮੈਂ ਸ਼ੁੱਕਰਵਾਰ ਉਨ੍ਹਾਂ ਕੋਲ ਪਹੁੰਚ ਗਿਆ। ਸ਼ਾਮ ਨੂੰ ਤਿਆਰ ਰਹਿਣ ਦਾ ਕਹਿ ਕੇ ਮੇਰੇ ਦੋਸਤ ਸ਼ਨਿੱਚਰਵਾਰ ਸਵੇਰੇ ਕੰਮਾਂ ’ਤੇ ਚਲੇ ਗਏ ਕਿ ਉਹ ਅੱਧੀ ਛੁੱਟੀ ਕਰਕੇ ਆ ਜਾਣਗੇ। ਖ਼ੈਰ, ਮੈਂ ਕੇਸੀਂ ਇਸ਼ਨਾਨ ਕਰਕੇ 11 ਕੁ ਵਜੇ ਲੰਮਾ ਪਿਆ ਹੋਇਆ ਸੀ। ਬਾਹਰ ਦਰਵਾਜ਼ੇ ਦੀ ਘੰਟੀ ਵੱਜੀ। ਮੈਂ ਕਮਰੇ ਦੇ ਪਰਦੇ ਪਰ੍ਹੇ ਕਰਕੇ ਬਾਹਰ ਦੇਖਿਆ ਤਾਂ ਪੁਲੀਸ ਦੀਆਂ ਦੋ ਗੱਡੀਆਂ ਖੜ੍ਹੀਆਂ ਸਨ ਤੇ ਕੁਝ ਪੁਲੀਸ ਮੁਲਾਜ਼ਮ ਘਰ ਦੇ ਚਾਰੇ ਪਾਸੇ ਨਿਗ੍ਹਾ ਰੱਖ ਰਹੇ ਸਨ। ਮੈਂ ਇੱਕ ਵਾਰੀ ਤਾਂ ਘਬਰਾ ਗਿਆ ਕਿ ਬੇਗਾਨੇ ਮੁਲਕ ਵਿੱਚ ਮੈਂ ਘਰ ’ਚ ਇਕੱਲਾ ਸੀ ਤੇ ਬਾਹਰ ਪੁਲੀਸ ਮੁਲਾਜ਼ਮ ਖੜ੍ਹੇ ਸਨ। ਫਿਰ ਮੈਂ ਸੋਚਿਆ ਕਿ ਮੈਨੂੰ ਕਾਹਦਾ ਡਰ ਹੈ, ਮੈਂ ਕਿਹੜਾ ਉੱਥੇ ਚੋਰੀ ਗਿਆ ਸਾਂ। ਮੈਂ ਦਰਵਾਜ਼ਾ ਖੋਲ੍ਹਿਆ। ਪੁਲੀਸ ਅਫਸਰ ਮੈਨੂੰ ‘ਹੈਲੋ ਮਿਸਟਰ ਲਖਬੀਰ’ ਕਹਿ ਕੇ ਹੱਥ ਮਿਲਾਉਣ ਲੱਗ ਪਿਆ। ਮੈਨੂੰ ਅੰਗਰੇਜ਼ੀ ਵਿੱਚ ਕਹਿੰਦਾ ਕਿ ਅਸੀਂ ਤੁਹਾਨੂੰ ਮਿਲਣ ਆਏ ਹਾਂ। ਮੈਂ ਉਸ ਨੂੰ ਦੱਸਿਆ ਕਿ ਮੇਰਾ ਨਾਂ ਲਖਬੀਰ ਨਹੀਂ ਹੈ ਤੇ ਮੈਂ ਇੱਥੇ ਆਪਣੇ ਦੋਸਤਾਂ ਕੋਲ ਆਇਆ ਹਾਂ। ਉਹ ਇੱਕ-ਦੋ ਹੋਰ ਗੱਲਾਂ ਕਰਕੇ ਮੈਨੂੰ ਫਿਰ ਕਹਿਣ ਲੱਗਾ ਕਿ ‘ਓਕੇ ਮਿਸਟਰ ਲਖਬੀਰ।’ ਮੈਂ ਫਿਰ ਦੱਸਿਆ ਕਿ ਮੈਂ ਲਖਬੀਰ ਨਹੀਂ ਹਾਂ।

ਮੈਨੂੰ ਲੱਗਿਆ ਕਿ ਉਹ ਮੇਰੇ ਮੂੰਹੋਂ ਇਹ ਕਢਵਾਉਣਾ ਚਾਹੁੰਦਾ ਸੀ ਕਿ ਮੈਂ ਲਖਬੀਰ ਹਾਂ। ਉਨ੍ਹਾਂ ਦੀ ਗੱਲ ਸਮਝਦਿਆਂ ਮੈਨੂੰ ਦੇਰ ਨਾ ਲੱਗੀ ਤੇ ਮੈਂ ਉਸ ਨੂੰ ਬਾਹਰ ਹੀ ਉਡੀਕ ਕਰਨ ਦਾ ਕਹਿ ਕੇ ਅੰਦਰ ਚਲਾ ਗਿਆ। ਆਪਣੇ ਬਟੂਏ ਵਿੱਚ ਪਈ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਕੱਢੀ, ਜਿਸ ਉੱਤੇ ਮੇਰਾ ਵੀਜ਼ਾ ਲੱਗਾ ਹੋਇਆ ਸੀ, ਉਹ ਉਨ੍ਹਾਂ ਨੂੰ ਦਿਖਾ ਕੇ ਮੈਂ ਦੱਸਿਆ ਕਿ ਮੈਂ ਲਖਬੀਰ ਨਹੀਂ ਹਾਂ, ਤੁਸੀਂ ਆਪਣੀ ਤਸੱਲੀ ਕਰ ਲਓ। ਪਾਸਪੋਰਟ ਦੀ ਕਾਪੀ ਦੇਖ ਕੇ ਪੁਲੀਸ ਅਫਸਰ ਕਹਿਣ ਲੱਗਾ, ‘‘ਸੌਰੀ ਮਿਸਟਰ ਸਿੰਘ, ਅਸੀਂ ਲਖਬੀਰ ਨੂੰ ਲੈਣ ਆਏ ਸੀ। ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਉਹ ਉੱਥੇ ਚੋਰੀ ਰਹਿ ਰਿਹਾ ਹੈ।’’ ਮੇਰੇ ਵੱਲੋਂ ਮਿਲੇ ਸਹਿਯੋਗ ਲਈ ਉਸ ਨੇ ਮੇਰਾ ‘ਥੈਂਕਯੂ’ ਕੀਤਾ ਅਤੇ ਮੇਰੇ ਨਾਲ ਹੱਥ ਮਿਲਾ ਕੇ ਉਹ ਅਫਸਰ ਆਪਣੀ ਸਾਰੀ ਟੀਮ ਸਮੇਤ ਵਾਪਸ ਚਲਾ ਗਿਆ। ਉੱਥੇ ਆਂਢ-ਗੁਆਂਢ ਰਹਿੰਦੇ ਗੋਰੇ ਲੋਕ ਬਾਹਰ ਨਿਕਲ-ਨਿਕਲ ਕੇ ਦੇਖ ਰਹੇ ਸਨ ਕਿ ਪਤਾ ਨਹੀਂ ਪੁਲੀਸ ਵਾਲੇ ਕਿਉਂ ਆਏ ਹਨ।

Advertisement

ਖ਼ੈਰ, ਪੁਲੀਸ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਮੇਰੇ ਦੋਸਤ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਆਉਂਦੇ ਹੀ ਪੁੱਛਿਆ ਕਿ ਮਿੱਤਰੋ ਤੁਹਾਡੇ ’ਚੋਂ ਲਖਬੀਰ ਕੌਣ ਹੈ? ਪੁਲੀਸ ਉਸ ਨੂੰ ਲੱਭ ਰਹੀ ਹੈ ਤੇ ਅੱਜ ਘਰ ਵੀ ਆਈ ਸੀ। ਮੇਰੀ ਕਿਸੇ ਗੱਲ ਦਾ ਜਵਾਬ ਦੇਣ ਤੋਂ ਬਿਨਾਂ ਹੀ ਉਨ੍ਹਾਂ ਨੇ ਟੈਕਸੀ ਨੂੰ ਫੋਨ ਕੀਤਾ ਅਤੇ ਆਪਣਾ ਇੱਕ ਕੱਪੜਿਆਂ ਵਾਲਾ ਬੈਗ ਚੁੱਕ ਕੇ ਉਹ ਮੈਨੂੰ ਨਾਲ ਲੈ ਕੇ ਟੈਕਸੀ ਵਿੱਚ ਬੈਠ ਗਏ। ਉਨ੍ਹਾਂ ਨੇ ਮੈਨੂੰ ਟੈਕਸੀ ਵਿੱਚ ਬੈਠ ਕੇ ਦੱਸਿਆ ਕਿ ਲਖਬੀਰ ਨਾਂ ਦਾ ਮੁੰਡਾ ਉਨ੍ਹਾਂ ਨਾਲ ਪਹਿਲਾਂ ਇੱਥੇ ਰਹਿੰਦਾ ਸੀ। ਭਾਵੇਂ ਉਹ ਹੁਣ ਇੱਥੇ ਨਹੀਂ ਹੈ, ਪਰ ਪੁਲੀਸ ਵਾਲੇ ਉਸ ਨੂੰ ਲੈਣ ਦੁਬਾਰਾ ਫਿਰ ਆਉਣਗੇ। ਅੱਜ ਤਾਂ ਮੈਂ ਉਨ੍ਹਾਂ ਦੀ ਤਸੱਲੀ ਕਰਵਾ ਕੇ ਭੇਜ ਦਿੱਤਾ, ਪਰ ਜੇ ਫਿਰ ਕਿਤੇ ਆ ਗਏ ਤਾਂ ਉਨ੍ਹਾਂ (ਮੇਰੇ ਦੋਸਤਾਂ) ਕੋਲ ਤਾਂ ਕੋਈ ਪੇਪਰ ਵੀ ਨਹੀਂ ਸੀ, ਜੋ ਆਪਣੀ ਸ਼ਨਾਖਤ ਕਰਾ ਸਕਦੇ। ਉਹ ਬਹੁਤ ਪ੍ਰੇਸ਼ਾਨ ਸਨ ਤੇ ਆਪਸ ਵਿੱਚ ਸਲਾਹ ਕਰ ਰਹੇ ਸਨ ਕਿ ਉਹ ਹੁਣ ਕਿੱਥੇ ਜਾਣ। ਉਨ੍ਹਾਂ ਵਿੱਚੋਂ ਇੱਕ ਜਣਾ ਰਸਤੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ। ਫਿਰ ਉਨ੍ਹਾਂ ਨੇ ਗਲਾਸਗੋ ਕੋਈ ਟਿਕਾਣਾ ਲੱਭਿਆ। ਮੈਂ ਉਨ੍ਹਾਂ ਨੂੰ ਕਾਰ ਵਿੱਚ ਕਿਹਾ ਕਿ ਉਹ ਮੈਨੂੰ ਗਲਾਸਗੋ ਗੁਰਦੁਆਰਾ ਸਾਹਿਬ ਲਾਹ ਦੇਣ। ਉਨ੍ਹਾਂ ਨੇ ਮੈਨੂੰ ‘ਸੌਰੀ’ ਕਹਿੰਦਿਆਂ ਆਪਣੀ ਮਜਬੂਰੀ ਦੱਸੀ ਕਿ ਉਨ੍ਹਾਂ ਕੋਲ ਕੋਈ ਪੇਪਰ ਨਹੀਂ ਹੈ ਤੇ ਜੇ ਕਿਤੇ ਇਮੀਗ੍ਰੇਸ਼ਨ ਵਾਲਿਆਂ ਨੇ ਉਨ੍ਹਾਂ ਨੂੰ ਪੁੱਛ ਲਿਆ ਤਾਂ ਉਹ ਫਸ ਜਾਣਗੇ।

Advertisement

ਗੁਰਦੁਆਰਾ ਸਾਹਿਬ ਆ ਕੇ ਮੈਂ ਰਾਤ ਭਰ ਸੋਚਦਾ ਰਿਹਾ ਕਿ ਸਾਡੇ ਪੰਜਾਬੀ ਨੌਜਵਾਨ ਇੱਥੇ ਕਿਨ੍ਹਾਂ ਹਾਲਤਾਂ ਵਿੱਚ ਰਹਿੰਦੇ ਹਨ। ਪਹਿਲਾਂ ਉਹ ਕਿੰਨੇ-ਕਿੰਨੇ ਲੱਖ ਰੁਪਏ ਲਾ ਕੇ ਇੱਥੇ ਆਉਂਦੇ ਹਨ ਤੇ ਫਿਰ ਇੱਥੇ ਆ ਕੇ ਉਹ ਬੜੀ ਖ਼ਤਰੇ ਭਰੀ ਜ਼ਿੰਦਗੀ ਬਤੀਤ ਕਰਦੇ ਹਨ। ਕਈ ਵਾਰ ਪ੍ਰੇਸ਼ਾਨੀ ਵਿੱਚ ਉਨ੍ਹਾਂ ਨੂੰ ਖਾਣਾ-ਪੀਣਾ ਭੁੱਲ ਜਾਂਦਾ ਹੈ ਤੇ ਆਪਣਾ ਆਪ ਬਚਾਉਣ ਲਈ ਉਹ ਕਿਵੇਂ ਭੱਜੇ-ਨੱਠੇ ਫਿਰਦੇ ਹਨ। ਅਗਲੇ ਦਿਨ ਸਵੇਰੇ ਹੀ ਉਨ੍ਹਾਂ ਦੇ ਫੋਨ ਨੇ ਮੈਨੂੰ ਤਸੱਲੀ ਦਿੱਤੀ ਕਿ ਉਹ ਰਾਤ ਨੂੰ ਆਪਣੇ ਇੱਕ ਦੋਸਤ ਦੇ ਘਰ ਚਲੇ ਗਏ ਸਨ ਜੋ ਉੱਥੇ ਇੱਕ ਗੋਰੀ ਲੜਕੀ ਨਾਲ ਵਿਆਹ ਕਰਵਾ ਕੇ ਪੱਕਾ ਹੋ ਗਿਆ ਸੀ। ਇਸ ਘਟਨਾ ਨੂੰ ਵਾਪਰਿਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ, ਪਰ ਪਰਵਾਸ ਨੂੰ ਲੈ ਕੇ ਪੰਜਾਬੀ ਨੌਜਵਾਨਾਂ ਦੀ ਜੱਦੋ-ਜਹਿਦ ਵੇਖ ਇੰਜ ਲਗਦੈ ਜਿਵੇਂ ਕੁਝ ਵੀ ਨਾ ਬਦਲਿਆ ਹੋਵੇ।

ਸੰਪਰਕ: 98149-44411

Advertisement
×