ਬਲਜੀਤ ਪਰਮਾਰ
ਚੀਨ ਨਾਲ ਜੰਗ ਤੋਂ ਥੋੜ੍ਹਾ ਕੁ ਚਿਰ ਪਹਿਲਾਂ ਦੀ ਗੱਲ ਹੋਊ। ਰਿਸ਼ਤੇਦਾਰੀ ਵਿਚੋਂ ਤਾਏ ਦੇ ਮੁੰਡੇ ਦਾ ਵਿਆਹ ਸੀ। ਭੁਪਿੰਦਰ ਸਿੰਘ ਨਾਂ ਸੀ ਉਹਦਾ ਪਰ ਸਾਰੇ ਉਹਨੂੰ ਬਿੰਦੀ ਕਹਿ ਕੇ ਬੁਲਾਉਂਦੇ। ਇਹਦਾ ਕਾਰਨ ਇੱਕ ਹੋਰ ਵੀ ਸੀ। ਬਿੰਦੀ ਜਨਮ ਤੋਂ ਹੀ ਰੱਜ ਕੇ ਸੋਹਣਾ ਸੀ। ਤਾਈ ਨੇ ਜੁਆਕ ਦੇ ਮੱਥੇ ਤੇ ਕਾਲੀ ਬਿੰਦੀ ਜਿਹੀ ਲਾ ਦਿਆ ਕਰਨੀ, ਬਈ ਨਜ਼ਰ ਨਾ ਲੱਗੇ। ਜੁਆਨ ਹੋਇਆ ਤਾਂ ਫ਼ੌਜ ਵਿਚ ਭਰਤੀ ਹੋ ਗਿਆ। ਉਹਦੀ ਇੱਕ ਮਾਸੀ ਪਟਿਆਲੇ ਰਹਿੰਦੀ ਸੀ। ਉਹਦੀ ਇੱਕ ਸਹੇਲੀ ਰਾਜੇ ਦੇ ਮਹਿਲ ਵਿਚ ਕੋਈ ਛੋਟਾ ਮੋਟਾ ਕੰਮ ਕਰਦੀ ਸੀ। ਘਰਵਾਲੇ ਨੇ ਛੱਡੀ ਹੋਈ ਸੀ। ਗਾਹਾਂ ਉਹਦੀ ਇੱਕ ਕੁੜੀ ਸੀ ਜਿਹੜੀ ਪਟਿਆਲੇ ਹੀ ਆਪਣੇ ਨਾਨਕੇ ਪਲ਼ੀ ਪਰ ਘਰ ਦੇ ਹਾਲਾਤ ਕਰ ਕੇ ਅਨਪੜ੍ਹ ਰਹਿ ਗਈ। ਸੋਹਣੀ ਉਹ ਵੀ ਬਹੁਤ ਸੀ ਤੇ ਉੱਤੋਂ ਸ਼ੁਕੀਨਣ ਵੀ ਬਾਹਲੀ।
ਖ਼ੈਰ! ਬਿੰਦੀ ਬਾਈ ਦਾ ਉਹਦੇ ਨਾਲ ਵਿਆਹ ਹੋ ਗਿਆ। ਸਹੁਰੇ ਘਰ ਆਉਂਦੇ ਸਾਰ ਹੀ ਪਿੰਡ ਵਿਚ ਉਹਦੀਆਂ ਗੱਲਾਂ ਹੋਣ ਲੱਗ ਪਈਆਂ। ਪਿੰਡ ਵਿਚ ਉਹ ਪਹਿਲੀ ਜ਼ਨਾਨੀ ਸੀ ਜਿਹੜੀ ਬੁੱਲ੍ਹਾਂ ਤੇ ਲਾਲੀ ਲਾਉਂਦੀ ਸੀ। ਗੂੜ੍ਹੇ ਲਾਲ ਰੰਗ ਦੀ। ਫਿਰ ਕੀ ਸੀ। ਉਹਦਾ ਨਾਂ ਹੀ ਸੁਰਖ਼ੀ ਪੈ ਗਿਆ। ਕਈ ਜਣੇ ਤਾਂ ਉਹਨੂੰ ਬਿੰਦੀ ਦੀ ਸੁਰਖ਼ੀ ਵੀ ਕਹਿਣ ਲੱਗ ਪਏ।
ਭਾਬੀ ਕੋਲੇ ਨਿੱਕੀ ਜਿਹੀ ਸੰਦੂਕੜੀ ਵੀ ਸੀ ਜਿਹਦੇ ਵਿਚ ਉਹ ਚਪਟੀ ਜਿਹੀ ਪਾਊਡਰ ਦੀ ਡੱਬੀ ਤੇ ਨਹੁੰ ਰੰਗਣ ਆਲੀਆਂ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਵੀ ਰੱਖਦੀ ਸੀ ਪਰ ਸੁਰਖ਼ੀ ਆਲੀ ਗੱਲ ਕੁਝ ਬਹੁਤਾ ਹੀ ਰੰਗ ਫੜ ਗਈ।
ਛੁੱਟੀਆਂ ਵਿਚ ਪਿੰਡ ਜਾਣਾ ਤਾਂ ਸਾਰਾ ਦਿਨ ਭੱਜੇ ਫਿਰਨਾ। ਪਿਓ ਨੇ ਚੰਡੀਗੜ੍ਹ ਹੋਣਾ ਤੇ ਮਾਂ ਬਹੁਤਾ ਟੋਕਾ ਟਾਕੀ ਨਹੀਂ ਸੀ ਕਰਦੀ। ਖੇਡਣ ਕੁੱਦਣ ਤੋਂ ਇਲਾਵਾ ਬੱਸ ਇੱਕੋ ਕੰਮ ਹੁੰਦਾ ਸੀ: ਜੀਤ ਦੇ ਡਾਕਖ਼ਾਨੇ ਦਾ ਰੋਜ਼ ਚੱਕਰ ਮਾਰਨਾ। ਮਾਂ ਨੂੰ ਪਿਓ ਦੀ ਚਿੱਠੀ ਦੀ ਉਡੀਕ ਰਹਿੰਦੀ ਸੀ।
ਜੀਤ ਮੈਨੂੰ ਉੱਕਾ ਪਸੰਦ ਨਹੀਂ ਸੀ। ਬੜਾ ਅਜੀਬ ਜਿਹਾ ਬੰਦਾ ਸੀ। ਉਮਰ ਹੋਊ ਕੋਈ ਪੰਜ ਦਹਾਕੇ। ਇੱਕ ਲੱਤ ਉਹਦੀ ਬਚਪਨ ਤੋਂ ਖ਼ਰਾਬ ਸੀ ਜਿਹਨੂੰ ਉਹ ਹੱਥ ਨਾਲ ਚੁੱਕ ਕੇ ਲੰਮੀ ਸਾਰੀ ਸੋਟੀ ਤੇ ਰੱਖ ਕੇ ਤੁਰਦਾ ਸੀ। ਪਿੰਡ ਦੇ ਸ਼ਰਾਰਤੀ ਮੁੰਡੇ ਉਹਨੂੰ ਕਦੇ ਕੈਦੋਂ ਕਹਿੰਦੇ ਤੇ ਕਦੇ ਮਾਮਾ ਹੀਰ ਦਾ ਕਹਿ ਕੇ ਛੇੜਿਆ ਕਰਦੇ। ਉਹ ਪਿੱਛੇ ਤਾਂ ਕਿਸੇ ਦੇ ਭੱਜ ਨਾ ਸਕਦਾ ਪਰ ਪਿੱਠ ਪਿੱਛੇ ਗਾਲ੍ਹਾਂ ਬਹੁਤ ਕੱਢਦਾ।
ਪੁਰਾਣੇ ਜ਼ਮਾਨੇ ਦੀਆਂ ਦਸ ਜਮਾਤਾਂ ਪੜ੍ਹਿਆ ਸੀ ਉਹ। ਸਾਡੇ ਪਿੰਡ ਉਦੋਂ ਪੱਕਾ ਡਾਕਖਾਨਾ ਨਹੀਂ ਸੀ। ਜੀਤ ਦਾ ਘਰ ਕੱਚੇ ਡਾਕਖਾਨੇ ਦਾ ਕੰਮ ਸਾਰਦਾ ਸੀ। ਸ਼ਹਿਰੋਂ ਡਾਕੀਏ ਨੇ ਪਿੰਡ ਦੀ ਸਾਰੀ ਡਾਕ ਜੀਤ ਦੇ ਘਰ ਛੱਡ ਜਾਣੀਂ। ਅੱਗੇ ਉਹਦਾ ਕੰਮ ਸੀ ਘਰ ਘਰ ਖ਼ਤ ਪੁਚਾਉਣੇ ਪਰ ਉਹਤੋਂ ਤੁਰ ਹੀ ਕਿੱਥੇ ਹੁੰਦਾ ਸੀ। ਸਾਰਿਆਂ ਨੂੰ ਉੱਥੇ ਹੀ ਆਉਣਾ ਪੈਂਦਾ। ਬੱਸ ਲੋਕਾਂ ਦੀ ਇਸੇ ਮਜਬੂਰੀ ਦਾ ਫ਼ਾਇਦਾ ਜੀਤ ਨੇ ਦੱਬ ਕੇ ਉਠਾਉਣਾ।
ਪਿੰਡ ਦੀ ਛੋਟੀ ਜਿਹੀ ਬੀਹੀ ਵਿਚ ਜੀਤ ਦਾ ਵੱਡਾ ਸਾਰਾ ਘਰ ਸੀ, ਉਹ ਵੀ ਪੱਕਾ। ਛੋਟੀਆਂ ਇੱਟਾਂ ਦਾ ਬਣਿਆ। ਉਹਦੇ ਪੁਰਖੇ ਜ਼ਰੂਰ ਪੈਸੇ ਟਕੇ ਵਾਲੇ ਰਹੇ ਹੋਣਗੇ।
ਦਰ ਹਮੇਸ਼ਾ ਖੁੱਲ੍ਹਾ ਰਹਿਣਾ। ਅੰਦਰ ਵੜਦਿਆਂ ਹੀ ਵੱਡਾ ਸਾਰਾ ਕੋਰਸ ਕਮਰਾ। ਕਮਰਾ ਕਾਹਦਾ ਦਲਾਨ ਲੱਗਦਾ ਸੀ। ਇੱਕ ਪਾਸੇ ਪੁਰਾਣੀ ਲੱਕੜੀ ਦਾ ਮੇਜ਼। ਨਾਲ ਲੱਗਦੀ ਉੱਚੀ ਕੁਰਸੀ ਜਿਸ ਉੱਤੇ ਜੀਤ ਨੇ ਬਹਿਣਾ। ਗਰਮੀਆਂ ਵਿਚ ਉਹਨੇ ਲੱਠੇ ਦੀ ਬਨੈਣ ਪਾ ਕੇ ਬੈਠੇ ਨੇ ਸਾਊ ਜਿਹਾ ਲੱਗਣਾ। ਸਰਦੀਆਂ ਵਿਚ ਲੋਈ ਦੀ ਬੁੱਕਲ ਮਾਰ ਕੇ ਕੁਰਸੀ ਵਿਚ ਕੁੰਗੜ ਕੇ ਬੈਠੇ ਹੋਣਾ ਤਾਂ ਕੁੰਡਲੀ ਮਾਰ ਬੈਠਾ ਸੱਪ ਲੱਗਣਾ। ਅੱਖਾਂ ਉਹਦੀਆਂ ਬੀਹੀ ਆਲੇ ਦਰਵਾਜ਼ੇ ਦੀਆਂ ਬਿੜਕਾਂ ਲੈਂਦੀਆਂ। ਕੌਣ ਆਉਂਦਾ ਕੌਣ ਜਾਂਦਾ, ਸਭ ਦੇਖਦੀਆਂ।
ਉਹਦੇ ਸਿਰ ਉੱਪਰ ਸ਼ਤੀਰ ਤੇ ਵੱਡਾ ਸਾਰਾ ਕੱਪੜੇ ਦੀਆਂ ਝਾਲਰਾਂ ਵਾਲਾ ਪੱਖਾ ਲੱਗਿਆ ਹੁੰਦਾ ਸੀ। ਵਿਚ ਵਿਚਾਲੇ ਮੋਟੀ ਰੱਸੀ ਹੋਣੀ ਜਿਸ ਨਾਲ ਪੱਖਾ ਝੱਲਣਾ। ਬਾਹਲਾ ਭਾਰਾ ਸੀ ਪੱਖਾ। ਉਹ ਇਸੇ ਤਾਕ ਵਿਚ ਰਹਿੰਦਾ, ਕੋਈ ਰੱਸੀ ਹਿਲਾਉਣ ਆਲਾ ਹੱਥ ਆਵੇ। ਪਿੰਡ ਦੇ ਜਣੇ ਜੁਆਕ ਉਹਤੋਂ ਵਾਕਿਫ਼ ਸਨ। ਉਨ੍ਹਾਂ ਉਹਦਾ ਦਰ ਲੰਘਣ ਵੇਲੇ ਹੱਥਾਂ ਦਾ ਘੁੰਡ ਕੱਢ ਕੇ ਲੰਘ ਜਾਣਾ ਪਰ ਉਹਨੇ ਫਿਰ ਵੀ ਪਛਾਣ ਲੈਣਾ ਤੇ ਗਾਲ੍ਹਾਂ ਵਾਹੁਣੀਆਂ।
ਮੈਂ ਫਸ ਜਾਣਾ। ਰੋਜ਼ ਦਾ ਚੱਕਰ ਜੁ ਸੀ। ਕਈ ਕਈ ਚਿਰ ਰੱਸੀ ਖਿੱਚਦੇ ਛੱਡਦੇ ਰਹਿਣਾ। ਹੱਥਾਂ ਦੀਆਂ ਤਲੀਆਂ ਤੇ ਉਂਗਲਾਂ ਦੇ ਪੋਟੇ ਦੁਖਣੇ। ਰੋਣਹਾਕਾ ਹੋ ਜਾਣਾ। ਉਹਨੇ ਮੁਸਕੜੀ ਜਿਹੀ ਹੱਸ ਕੇ ਕਹਿਣਾ – ਅੱਜ ਤਾਂ ਖ਼ਤ ਆਇਆ ਨ੍ਹੀਂ, ਕੱਲ੍ਹ ਆਜੂ।
ਮੈਂ ਭੋਲੇ ਭਾਅ ਪੁੱਛਣਾ- ਕਿਉਂ ਨ੍ਹੀਂ ਆਇਆ?
ਲੈ ਹੁਣ ਤੇਰਾ ਪਿਓ ਲਿਖੂ, ਪਾਊ, ਤਾਂ ਆਊ।
ਮੈਂ ਬੁੱਲ੍ਹ ਲਮਕਾ ਹੱਥ ਪਲੋਸਦੇ ਹੌਲੀ ਹੌਲੀ ਖ਼ਾਲੀ ਹੱਥੀਂ ਘਰ ਮੁੜ ਆਉਣਾ। ਬਰੰਗ ਖ਼ਤ ਵਾਂਗੂੰ।
ਇੱਕ ਦਿਨ ਕਹਿੰਦਾ, ਤੇਰੇ ਬਿੰਦੀ ਬਾਈ ਦਾ ਖ਼ਤ ਆਇਆ ਤੇਰੀ ਭਾਬੀ ਦੇ ਨਾਂ। ਭੱਜ ਕੇ ਦੇ ਆ।
ਕਈ ਦਿਨਾਂ ਦੀ ਉਡੀਕਦੀ ਸੀ। ਬੀਹੀ ਵਿਚ ਗੇੜੇ ਕੱਢਦੀ ਫਿਰਦੀ ਸੀ।
ਹਲਕਾ ਹਲਕਾ ਮੀਂਹ ਡਿੱਗੇ। ਕਣੀਆਂ ਕਣੀਆਂ। ਮੈਂ ਕੱਛ ਵਿਚ ਖ਼ਤ ਦੱਬ ਕੇ ਸ਼ੂਟ ਵੱਟੀ ਤੇ ਬਿੰਦੀ ਬਾਈ ਦੇ ਵਿਹੜੇ ਜਾ ਸਾਹ ਲਿਆ। ਭਾਬੀ ਭੱਜੀ ਆਈ। ਖ਼ਤ ਖੋਲ੍ਹਿਆ ਤੇ ਪੀੜ੍ਹੀ ਤੇ ਬਹਿ ਕੇ ਅੱਖਾਂ ਨਾਲ ਲਾਇਆ। ਮੱਥੇ ਲਾਇਆ। ਪੜ੍ਹਨਾ ਆਵੇ ਨਾ। ਮੇਰੀ ਬਾਂਹ ਖਿੱਚੀ ਤੇ ਗੋਦ ਬਿਠਾ ਲਿਆ। ਮੇਰੀ ਪਿੱਠ ਓਹਦੀ ਹਿੱਕ ਵੱਲ। ਬਿੰਦੀ ਬਾਈ ਦਾ ਖ਼ਤ ਮੇਰੇ ਹੱਥੀਂ। ਮੇਰੇ ਨਿੱਕੇ ਮੋਢਿਆਂ ਉੱਤੋਂ ਭਾਬੀ ਦੀਆਂ ਅੱਖਾਂ ਖ਼ਤ ਤੇ ਟਿਕੀਆਂ। ਹਰਫ਼ ਬਾਈ ਦੇ, ਬੋਲ ਮੇਰੇ ਤੇ ਕੰਨ ਭਾਬੀ ਦੇ।
“ਮੇਰੀ ਪਿਆਰੀ…”, ਮੈਂ ਖ਼ਤ ਪੜ੍ਹਦਾ ਜਾਵਾਂ, ਪਿੱਛੇ ਬੈਠੀ ਉਹ ਮੈਨੂੰ ਬਾਹਵਾਂ ਵਿਚ ਘੁੱਟੇ, ਜੱਫੀਆਂ ਪਾਵੇ। ਮੇਰੇ ਕੇਸਾਂ ਨੂੰ ਚੁੰਮੇ। ਕਈ ਵਾਰੀ ਕੋਸਾ ਜਿਹਾ ਪਾਣੀ ਮੇਰੀ ਧੋਣ ਤੇ ਡਿੱਗਿਆ। ਮੈਨੂੰ ਲੱਗਿਆ, ਜਿਉਂ ਕਣੀਆਂ ਮੁੜ ਡਿੱਗੀਆਂ। ਖ਼ਤ ਵਿਚ ਲਿਖੇ ਸਾਰੇ ਸ਼ਬਦਾਂ ਦੇ ਪੂਰੇ ਮਾਇਨੇ ਦਸ ਗਿਆਰਾਂ ਸਾਲ ਦਾ ਨਿਆਣਾ ਕੀ ਜਾਣੇ! ਪਰ ਮੈਨੂੰ ਲੱਗਿਆ ਭਾਬੀ ਕਈ ਵਾਰੀ ਰੋਈ ਸੀ।
“ਇੱਕ ਵਾਰੀ ਹੋਰ ਪੜ੍ਹ ਦੇ।” ਓਹਨੇ ਕਈ ਵਾਰੀ ਕਿਹਾ। ਮੈਂ ਚਿੱਠੀ ਕਿੰਨੀ ਵਾਰ ਪੜ੍ਹੀ, ਯਾਦ ਨਹੀਂ।… ਮੈਂ ਸੁੰਨ ਜਿਹਾ ਹੋ ਗਿਆ। ਇੰਨਾ ਪਿਆਰ ਤਾਂ ਕਦੇ ਕਿਸੇ ਨੇ ਕੀਤਾ ਹੀ ਨਹੀਂ ਸੀ।
ਭਾਬੀ ਨੇ ਮੈਨੂੰ ਕੱਛਾਂ ਵਿਚ ਹੱਥ ਦੇ ਕੇ ਖੜ੍ਹਾ ਕੀਤਾ। ਮੇਰਾ ਮੂੰਹ ਆਪਣੇ ਵੱਲ ਕੀਤਾ ਤੇ ਕਈ ਵਾਰ ਚੁੰਮਿਆ। ਸੁਰਖ਼ੀ ਦਾ ਰੰਗ ਮੇਰੀਆਂ ਗੱਲ੍ਹਾਂ ਚਮਕੇ। ਮੈਂ ਉਹਦੇ ਵੱਲ ਵੇਖੀ ਜਾਵਾਂ। ਕਹਿੰਦੀ – ਤੇਰਾ ਬਾਈ ਵੀ ਨਿੱਕਾ ਹੁੰਦਾ ਤੇਰੇ ਅਰਗਾ ਹੁੰਦਾ ਹੋਣਾ। ਘਰੇ ਜਾਹ। ਮਾਂ ਉਡੀਕਦੀ ਹੋਣੀ ਐਂ।
ਘਰ ਜਾਂਦਿਆਂ ਜੀਤ ਡਾਕੀਏ ਦਾ ਦਰ ਦੇਖਿਆ। ਬੰਦ ਸੀ। ਖੁੱਲ੍ਹਾ ਹੁੰਦਾ ਤਾਂ ਪੱਖਾ ਝੱਲਣਾ ਚੰਗਾ ਲੱਗਣਾ ਸੀ।
ਸੰਪਰਕ: 98701-31868