ਨਫ਼ਰਤ ਹਾਰੀ, ਇਨਸਾਨੀਅਤ ਜਿੱਤੀ
ਜ਼ਿੰਦਗੀ ਇਨਸਾਨ ਨੂੰ ਕਈ ਵਾਰ ਅਜਿਹੇ ਮੋੜ ’ਤੇ ਲੈ ਆਉਂਦੀ ਹੈ, ਜਿੱਥੇ ਇੱਕ ਪਲ ’ਚ ਲਿਆ ਫ਼ੈਸਲਾ ਸਾਰੀ ਉਮਰ ਦਾ ਸਬਕ ਬਣ ਜਾਂਦਾ ਹੈ। ਸਾਲ 2014-15 ਵਿੱਚ ਮੇਰੀ ਜ਼ਿੰਦਗੀ ’ਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਮੈਨੂੰ ਸਿਖਾਇਆ ਕਿ ਨਫ਼ਰਤ...
ਜ਼ਿੰਦਗੀ ਇਨਸਾਨ ਨੂੰ ਕਈ ਵਾਰ ਅਜਿਹੇ ਮੋੜ ’ਤੇ ਲੈ ਆਉਂਦੀ ਹੈ, ਜਿੱਥੇ ਇੱਕ ਪਲ ’ਚ ਲਿਆ ਫ਼ੈਸਲਾ ਸਾਰੀ ਉਮਰ ਦਾ ਸਬਕ ਬਣ ਜਾਂਦਾ ਹੈ। ਸਾਲ 2014-15 ਵਿੱਚ ਮੇਰੀ ਜ਼ਿੰਦਗੀ ’ਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਮੈਨੂੰ ਸਿਖਾਇਆ ਕਿ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਨਹੀਂ ਸਗੋਂ ਇਨਸਾਨੀਅਤ ਨਾਲ ਦੇਣਾ ਚਾਹੀਦਾ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਦੁਬਈ ਵਿੱਚ ਇੱਕ ਕੰਸਟਰਕਸ਼ਨ ਕੰਪਨੀ ’ਚ ਕੰਮ ਕਰਦਾ ਸੀ। ਪੰਜਾਬ ’ਚ ਮੇਰਾ ਕੰਮਕਾਰ ਚੰਗਾ ਚੱਲਦਾ ਸੀ, ਪਰ ਵਿਦੇਸ਼ ਜਾਣ ਦਾ ਸੁਪਨਾ ਮੈਨੂੰ ਹਜ਼ਾਰਾਂ ਕਿਲੋਮੀਟਰ ਦੂਰ ਲੈ ਗਿਆ। ਉੱਥੇ ਪਹੁੰਚ ਕੇ ਸਮਝ ਆਈ ਕਿ ਰੋਜ਼ੀ-ਰੋਟੀ ਦੀ ਭਾਲ ’ਚ ਘਰ ਤੋਂ ਦੂਰ ਰਹਿਣਾ ਕਿੰਨਾ ਔਖਾ ਹੁੰਦਾ ਹੈ। ਸਭ ਤੋਂ ਵੱਧ ਘਾਟ ਆਪਣੀ ਮਾਂ-ਬੋਲੀ ਅਤੇ ਆਪਣੇ ਲੋਕਾਂ ਦੀ ਮਹਿਸੂਸ ਹੁੰਦੀ ਸੀ। ਜਿਸ ਕੰਪਨੀ ਵਿੱਚ ਮੈਂ ਕੰਮ ਕਰਦਾ ਸੀ, ਉੱਥੇ ਜ਼ਿਆਦਾਤਰ ਮਜ਼ਦੂਰ ਰਾਜਸਥਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਸਨ। ਪੰਜਾਬੀ ਬੋਲਣ ਵਾਲਾ ਮੈਂ ਇਕੱਲਾ ਹੀ ਸੀ। ਕਈ ਵਾਰ ਸਾਰਾ ਦਿਨ ਲੰਘ ਜਾਂਦਾ ਅਤੇ ਪੰਜਾਬੀ ਦਾ ਇੱਕ ਵੀ ਸ਼ਬਦ ਸੁਣਨ ਨੂੰ ਨਹੀਂ ਸੀ ਮਿਲਦਾ। ਬਾਅਦ ਵਿੱਚ ਕੁਝ ਪਾਕਿਸਤਾਨੀ ਪੰਜਾਬੀ ਨੌਜਵਾਨ ਮਿਲੇ, ਜਿਨ੍ਹਾਂ ਨਾਲ ਦੋਸਤੀ ਹੋ ਗਈ ਅਤੇ ਪਰਦੇਸ ਦਾ ਇਕੱਲਾਪਣ ਕੁਝ ਘਟ ਗਿਆ। ਪਾਕਿਸਤਾਨੀ ਪੰਜਾਬੀ ਬਹੁਤ ਮਿਹਨਤੀ ਅਤੇ ਮਿੱਠੀ ਜ਼ੁਬਾਨ ਵਾਲੇ ਸਨ। ਉਹ ਮੈਨੂੰ ਅਕਸਰ ‘ਪੰਜਾਬੀਆ’ ਕਹਿ ਕੇ ਹੀ ਬੁਲਾਉਂਦੇ ਸਨ ਅਤੇ ਇਹ ਸੰਬੋਧਨ ਮੈਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦਾ ਸੀ।
ਇੱਕ ਦਿਨ ਮੇਰੀ ਡਿਊਟੀ ਅਜਿਹੇ ਬੰਗਲਾਦੇਸ਼ੀ ਪਲੰਬਰ ਨਾਲ ਲਾ ਦਿੱਤੀ, ਜਿਸ ਬਾਰੇ ਪਹਿਲਾਂ ਹੀ ਕਈ ਮਜ਼ਦੂਰਾਂ ਨੇ ਮੈਨੂੰ ਦੱਸਿਆ ਸੀ ਕਿ ਉਹ ਪੰਜਾਬੀਆਂ ਨੂੰ ਪਸੰਦ ਨਹੀਂ ਕਰਦਾ। ਮੇਰੇ ਪਾਕਿਸਤਾਨੀ ਦੋਸਤ ਮਜ਼ਾਕ ਕਰਨ ਲੱਗੇ, ‘‘ਪੰਜਾਬੀਆ ਜਾਂ ਤਾਂ ਅੱਜ ਉਹ ਸਾਈਟ ’ਤੇ ਰਹੇਗਾ ਜਾਂ ਤੂੰ।’’ ਮੈਂ ਹੱਸ ਕੇ ਗੱਲ ਟਾਲ ਦਿੱਤੀ ਅਤੇ ਉਸ ਦੇ ਨਾਲ ਕੰਮ ’ਤੇ ਚਲਾ ਗਿਆ। ਸਵੇਰ ਤੋਂ ਹੀ ਉਸ ਦਾ ਰਵੱਈਆ ਅਜੀਬ ਸੀ। ਮੈਂ ਜੋ ਵੀ ਸਾਮਾਨ ਲਿਆ ਕੇ ਦਿੰਦਾ, ਉਹ ਉਸ ’ਚ ਨੁਕਸ ਕੱਢ ਦਿੰਦਾ। ਹਰ ਗੱਲ ’ਤੇ ਚੁਭਵੇਂ ਬੋਲ ਬੋਲਦਾ ਅਤੇ ਆਪਣੀ ਭਾਸ਼ਾ ਵਿੱਚ ਗਾਲ੍ਹਾਂ ਵੀ ਕੱਢਦਾ, ਪਰ ਮੈਂ ਚੁੱਪ ਰਿਹਾ। ਮੇਰੇ ਮਨ ਵਿੱਚ ਵਾਰ-ਵਾਰ ਇੱਕ ਗੱਲ ਆ ਰਹੀ ਸੀ ਕਿ ਜੇ ਮੈਂ ਵੀ ਇਸੇ ਤਰ੍ਹਾਂ ਵਿਹਾਰ ਕਰਾਂ ਤਾਂ ਮੇਰੇ ਅਤੇ ਉਸ ’ਚ ਕੀ ਫ਼ਰਕ ਰਹਿ ਜਾਵੇਗਾ? ਸਾਰਾ ਦਿਨ ਉਸ ਦਾ ਚਿੜਚਿੜਾਪਣ ਵਧਦਾ ਰਿਹਾ। ਮੇਰੇ ਸਾਹਮਣੇ ਕੰਮ ਕਰਦੇ ਕੁਝ ਬੰਗਲਾਦੇਸ਼ੀ ਮਜ਼ਦੂਰ ਉਸ ਨੂੰ ਸਮਝਾ ਰਹੇ ਸਨ ਕਿ ਉਹ ਬਿਨਾਂ ਵਜ੍ਹਾ ਤਕਰਾਰ ਨਾ ਕਰੇ, ਪਰ ਮੈਂ ਉਨ੍ਹਾਂ ਨੂੰ ਕਿਹਾ, ‘‘ਚਿੰਤਾ ਨਾ ਕਰੋ, ਮੈਂ ਲੜਾਈ ਨਹੀਂ ਕਰਾਂਗਾ।’’ ਦਿਨ ਢਲਣ ਲੱਗਾ ਅਤੇ ਛੁੱਟੀ ਵਿੱਚ ਸਿਰਫ਼ ਅੱਧਾ ਘੰਟਾ ਬਾਕੀ ਸੀ। ਉਹ ਇੱਕ ਦੀਵਾਰ ’ਤੇ ਲੱਕੜ ਦੀ ਫੱਟੀ ਟੰਗਣ ਲਈ ਕਿੱਲਾਂ ਗੱਡ ਰਿਹਾ ਸੀ। ਗੁੱਸੇ ਅਤੇ ਲਾਪਰਵਾਹੀ ਵਿੱਚ ਉਸ ਦਾ ਧਿਆਨ ਕੰਮ ਤੋਂ ਹਟਿਆ ਤੇ ਅਚਾਨਕ ਹਥੌੜੀ ਉਸ ਦੇ ਅੰਗੂਠੇ ’ਤੇ ਇੰਨੀ ਜ਼ੋਰ ਨਾਲ ਵੱਜੀ ਕਿ ਉਸ ਦਾ ਨਹੁੰ ਟੁੱਟ ਗਿਆ।
ਦਰਦ ਨਾਲ ਉਹ ਪੌੜੀ ਤੋਂ ਹੇਠਾਂ ਡਿੱਗ ਪਿਆ ਅਤੇ ਜ਼ਮੀਨ ’ਤੇ ਤੜਫ਼ਣ ਲੱਗਾ। ਇੱਕ ਪਲ ਲਈ ਜਿਵੇਂ ਉੱਥੇ ਭੂਚਾਲ ਆ ਗਿਆ। ਕੁਝ ਵਿਅਕਤੀ ਉਸ ਵੱਲ ਭੱਜੇ, ਕੁਝ ਦੂਰ ਖੜ੍ਹੇ ਦੇਖਦੇ ਰਹੇ, ਪਰ ਮੈਂ ਤੁਰੰਤ ਉਸ ਕੋਲ ਪਹੁੰਚਿਆ, ਸਹਾਰਾ ਦੇ ਕੇ ਬੈਂਚ ’ਤੇ ਬਿਠਾਇਆ, ਠੰਢਾ ਪਾਣੀ ਪਿਆਇਆ, ਆਪਣੀ ਜੇਬ ’ਚੋਂ ਦਰਦ ਦੀ ਗੋਲੀ ਕੱਢ ਕੇ ਦਿੱਤੀ ਅਤੇ ਸਾਫ਼ ਕੱਪੜੇ ਨਾਲ ਉਸ ਦੇ ਜ਼ਖ਼ਮ ’ਤੇ ਪੱਟੀ ਕੀਤੀ। ਨਾਲ ਹੀ ਸੇਫਟੀ ਇੰਚਾਰਜ ਨੂੰ ਫੋਨ ਕੀਤਾ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖ ਰਿਹਾ ਸੀ। ਸ਼ਾਇਦ ਉਹ ਸੋਚ ਰਿਹਾ ਸੀ ਕਿ ਜਿਸ ਆਦਮੀ ਨੂੰ ਉਸ ਨੇ ਸਾਰਾ ਦਿਨ ਕੋਸਿਆ, ਹੁਣ ਉਹੀ ਉਸ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾ ਰਿਹਾ ਹੈ। ਕੁਝ ਸਮੇਂ ਬਾਅਦ ਮੈਂ ਨੇੜਲੀ ਕੰਟੀਨ ਤੋਂ ਠੰਢੇ ਦੀ ਬੋਤਲ ਲਿਆ ਕੇ ਉਸ ਦੇ ਹੱਥ ਵਿੱਚ ਫੜਾਈ। ਉਸ ਨੇ ਮੇਰੇ ਚਿਹਰੇ ਵੱਲ ਦੇਖਿਆ ਅਤੇ ਅਚਾਨਕ ਉਸ ਦੀਆਂ ਅੱਖਾਂ ਭਰ ਆਈਆਂ। ਉਹ ਭੁੱਬਾਂ ਮਾਰ ਕੇ ਰੋ ਪਿਆ ਅਤੇ ਕਹਿਣ ਲੱਗਾ, ‘‘ਮੈਂ ਬਹੁਤ ਬੁਰਾ ਆਦਮੀ ਹਾਂ। ਪੂਰਾ ਦਿਨ ਤੈਨੂੰ ਬੁਰਾ-ਭਲਾ ਕਹਿੰਦਾ ਰਿਹਾ, ਗਾਲ੍ਹਾਂ ਕੱਢੀਆਂ ਪਰ ਤੂੰ ਮੇਰੇ ਨਾਲ ਚੰਗਾ ਹੀ ਕਰਦਾ ਰਿਹਾ। ਮੈਨੂੰ ਮੁਆਫ਼ ਕਰ ਦੇ। ਮੇਰੇ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ ਹੈ।’’ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਬਜ਼ੁਰਗਾਂ ਦੀ ਸਿੱਖਿਆ ਯਾਦ ਆਈ ਕਿ ਦੁਸ਼ਮਣ ਨੂੰ ਹਰਾਉਣ ਦਾ ਸਭ ਤੋਂ ਵਧੀਆ ਤਰੀਕਾ ਉਸ ਪ੍ਰਤੀ ਇਨਸਾਨੀਅਤ ਕਾਇਮ ਰੱਖਣਾ ਹੁੰਦਾ ਹੈ। ਉਸ ਦਿਨ ਮੈਂ ਇਸ ਗੱਲ ਨੂੰ ਆਪਣੀਆਂ ਅੱਖਾਂ ਨਾਲ ਸੱਚ ਹੁੰਦਾ ਦੇਖਿਆ। ਦੁਬਈ ਵਿੱਚ ਮੈਂ ਸਿਰਫ਼ ਇੱਕ ਸਾਲ ਕੰਮ ਕੀਤਾ ਸੀ। ਅੱਜ ਕਈ ਸਾਲ ਬੀਤ ਜਾਣ ਤੋਂ ਬਾਅਦ ਉੱਥੋਂ ਦੇ ਮਜ਼ਦੂਰ ਫੋਨ ਕਰਦੇ, ਹਾਲ-ਚਾਲ ਪੁੱਛਦੇ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਨ। ਮੇਰੀ ਪਾਕਿਸਤਾਨੀ ਪੰਜਾਬੀਆਂ ਨਾਲ ਵੀ ਬਹੁਤ ਚੰਗੀ ਸਾਂਝ ਬਣੀ।
ਇੱਕ ਦਿਨ ਮੈਂ ਆਪਣੇ ਦੋਸਤ ਨੂੰ ਪੁੱਛਿਆ, ‘‘ਜਦੋਂ ਘਰੋਂ ਫੋਨ ਆਉਂਦਾ ਹੈ ਤਾਂ ਕਦੇ ਮੇਰੇ ਬਾਰੇ ਵੀ ਦੱਸਦੇ ਹੋ ਕਿ ਤੁਸੀਂ ਭਾਰਤੀ ਪੰਜਾਬੀ ਨਾਲ ਰਹਿੰਦੇ ਹੋ?’’ ਉਹ ਮੁਸਕੁਰਾ ਕੇ ਬੋਲਿਆ, ‘‘ਹਾਂ ਪੰਜਾਬੀਆ, ਦੱਸਦੇ ਹਾਂ।’’ ਮੈਂ ਪੁੱਛਿਆ, ‘‘ਫਿਰ ਘਰ ਵਾਲੇ ਕੀ ਕਹਿੰਦੇ ਹਨ?’’ ਉਸ ਦਾ ਜਵਾਬ ਸੁਣ ਕੇ ਮੇਰਾ ਮਨ ਭਰ ਆਇਆ। ਉਹ ਕਹਿੰਦਾ, ‘‘ਮੇਰੀ ਬੇਬੇ ਕਹਿੰਦੀ ਹੈ, ਪੁੱਤ ਉਨ੍ਹਾਂ ਨਾਲ ਕਦੇ ਲੜਾਈ ਨਹੀਂ ਕਰਨੀ। ਪਿਆਰ ਨਾਲ ਰਹਿਣਾ। ਉਹ ਵੀ ਆਪਣੇ ਹੀ ਹਨ।’’ ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਸਰਹੱਦਾਂ ਨਕਸ਼ਿਆਂ ’ਤੇ ਬਣਦੀਆਂ ਹਨ, ਦਿਲਾਂ ਵਿੱਚ ਨਹੀਂ। ਆਮ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਮੁਹੱਬਤ ਜ਼ਿੰਦਾ ਹੈ। ਨਫ਼ਰਤ ਸਿਆਸਤ ਦੀ ਪੈਦਾਵਾਰ ਹੋ ਸਕਦੀ ਹੈ, ਪਰ ਇਨਸਾਨੀਅਤ ਕੁਦਰਤ ਦਾ ਸਭ ਤੋਂ ਸੋਹਣਾ ਤੋਹਫ਼ਾ ਹੈ। ਗੁੱਸਾ ਇੱਕ ਪਲ ਲਈ ਜਿੱਤ ਸਕਦਾ ਹੈ, ਪਰ ਪਿਆਰ, ਮੁਆਫ਼ੀ ਅਤੇ ਇਨਸਾਨੀਅਤ ਦਿਲਾਂ ਨੂੰ ਹਮੇਸ਼ਾ ਲਈ ਜਿੱਤ ਲੈਂਦੇ ਹਨ।
ਸੰਪਰਕ: 95015-75511

