DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿ ਪਹਿਲੜੀ ਲਾਵ...

ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦੇਣ ਦਾ ਸੁਖ ਸਿਰਫ਼ ਮਾਂ ਦੇ ਹਿੱਸੇ ਹੀ ਆਉਂਦਾ ਹੈ। ਇਹ ਸੁਖ ਬੇਅੰਤ ਮੁਸ਼ਕਿਲਾਂ, ਪ੍ਰੇਸ਼ਾਨੀਆਂ ਤੇ ਬਿਆਨੇ ਨਾ ਜਾ ਸਕਣ ਵਾਲੇ ਦਰਦ ਵਿੱਚੋਂ ਗੁਜ਼ਰ ਕੇ ਪ੍ਰਾਪਤ ਹੁੰਦਾ ਹੈ। ਇੱਕ ਪਾਸੇ ਮਿਠਾਸ ਨਾਲ ਭਰੀ ਕਿਲਕਾਰੀ...

  • fb
  • twitter
  • whatsapp
  • whatsapp
Advertisement

ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦੇਣ ਦਾ ਸੁਖ ਸਿਰਫ਼ ਮਾਂ ਦੇ ਹਿੱਸੇ ਹੀ ਆਉਂਦਾ ਹੈ। ਇਹ ਸੁਖ ਬੇਅੰਤ ਮੁਸ਼ਕਿਲਾਂ, ਪ੍ਰੇਸ਼ਾਨੀਆਂ ਤੇ ਬਿਆਨੇ ਨਾ ਜਾ ਸਕਣ ਵਾਲੇ ਦਰਦ ਵਿੱਚੋਂ ਗੁਜ਼ਰ ਕੇ ਪ੍ਰਾਪਤ ਹੁੰਦਾ ਹੈ। ਇੱਕ ਪਾਸੇ ਮਿਠਾਸ ਨਾਲ ਭਰੀ ਕਿਲਕਾਰੀ ਸੁਣ ਕੇ ਦਿਲ-ਦਿਮਾਗ਼ ਵੱਖਰੀ ਹੀ ਖ਼ੁਸ਼ੀ ਨਾਲ ਭਰ ਜਾਂਦੈ ਤੇ ਦੂਜੇ ਪਾਸੇ ਜੰਮਣ ਪੀੜਾਂ ਤੇ ਜਨਮ ਦੇਣ ਤੋਂ ਬਾਅਦ ਦੀਆਂ ਤਕਲੀਫ਼ਾਂ ਤੁਹਾਨੂੰ ਆ ਘੇਰਦੀਆਂ ਨੇ। ਉਹ ਸਮਾਂ ਕੁਝ ਅਜਿਹਾ ਹੁੰਦੈ, ਜਦੋਂ ਤੁਹਾਡੇ ਲਈ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜਾਂਦੈ ਕਿ ਤੁਹਾਨੂੰ ਜ਼ਿੰਦਗੀ ਵਿੱਚ ਆਈ ਰੌਸ਼ਨੀ ਦੀ ਨਵੀਂ ਕਿਰਨ ਦੀ ਖ਼ੁਸ਼ੀ ਵਧੇਰੇ ਹੈ ਜਾਂ ਡਿਲਿਵਰੀ ਤੋਂ ਬਾਅਦ ਨਿਢਾਲ ਹੋਏ ਸਰੀਰ ਨੂੰ ਸੰਭਾਲਣ ਦੀ ਜੱਦੋਜਹਿਦ ਦੀ ਥਕਾਵਟ ਜ਼ਿਆਦਾ।
Advertisement

ਮੇਰੀ ਡਿਲਿਵਰੀ ਵਾਲੇ ਦਿਨ ਜਦੋਂ ਡਾਕਟਰ ਨੇ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਣ ਲਈ ਨਰਸ ਭੇਜੀ ਤਾਂ ਇੱਕ ਵਾਰ ਮੇਰੇ ਧੁਰ ਅੰਦਰ ਤੱਕ ਕੰਬਣੀ ਛਿੜ ਗਈ। ਬੇਸ਼ੱਕ ਹੁਣ ਤੱਕ ਮੈਨੂੰ ਮੇਰੇ ਹਰ ਖ਼ੈਰਖਾਹ ਨੇ ਇਹ ਸਮਝਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਕਿ ਅੱਜ ਦੇ ਦੌਰ ਵਿੱਚ ਸਿਜ਼ੇਰੀਅਨ ਡਿਲਿਵਰੀ ਕੋਈ ਖ਼ਤਰੇ ਵਾਲੀ ਗੱਲ ਨਹੀਂ ਰਹੀ। ਇਹ ਵੀ ਦੱਸਿਆ ਸੀ ਕਿ ਇੱਕ ਸੂਈ ਲੱਗਣ ਤੋਂ ਬਾਅਦ ਤੁਹਾਨੂੰ ਅੱਗੋਂ ਹੋਣ ਵਾਲੀ ਚੀਰ ਫਾੜ ਦਾ ਭੋਰਾ ਇਲਮ ਨਹੀਂ ਹੁੰਦਾ, ਪਰ ਸੂਈ ਨਾਲ ਹੋਈਆਂ ਮੇਰੀਆਂ ਪਿਛਲੀਆਂ ਮੁਲਾਕਾਤਾਂ ਕੁਝ ਖ਼ਾਸ ਚੰਗੀਆਂ ਨਹੀਂ ਸੀ ਕਹੀਆਂ ਜਾ ਸਕਦੀਆਂ।

Advertisement

ਖ਼ੈਰ, ਨਰਸ ਨੇ ਕਮਰੇ ਵਿੱਚ ਆ ਕੇ ਸਾਨੂੰ ਅਪਰੇਸ਼ਨ ਤੋਂ ਬਾਅਦ ਜੱਚਾ ਤੇ ਬੱਚਾ ਨੂੰ ਪੁਆਉਣ ਲਈ ਲਿਆਂਦੇ ਕੱਪੜੇ ਕੱਢਣ ਲਈ ਆਖਿਆ ਤੇ ਮੇਰੇ ਕੋਲ ਆ ਕੇ ਉੱਠਣ ਵਿੱਚ ਮੇਰੀ ਮਦਦ ਕਰਨ ਲੱਗੀ। ਉਸ ਦਿਨ ਸਾਡੇ ਨਾਲ ਹੀ ਇੱਕ ਹੋਰ ਜੋੜਾ ਵੀ ਡਿਲਿਵਰੀ ਲਈ ਹਸਪਤਾਲ ਆਇਆ ਸੀ। ਇੱਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਨਰਸ ਨੂੰ ਆਖ ਦਿਆਂ, ‘‘ਤੁਸੀਂ ਪਲੀਜ਼ ਪਹਿਲਾਂ ਓਸ ਦੂਜੀ ਬੀਬੀ ਨੂੰ ਅਪਰੇਸ਼ਨ ਲਈ ਲੈ ਜਾਓ।’’ ਪਰ ਫਿਰ ਸੋਚਿਆ ਉਡੀਕ ਕਰਨ ਵੇਲੇ ਮਨ ਜ਼ਿਆਦਾ ਬੇਚੈਨ ਹੋਵੇਗਾ। ਜਿਸ ਕੰਮ ਲਈ ਆਏ ਹਾਂ ਉਹ ਜਿੰਨੀ ਛੇਤੀ ਹੋ ਜਾਵੇ, ਓਨਾ ਚੰਗਾ। ਅਪਰੇਸ਼ਨ ਥੀਏਟਰ ਵਿੱਚ ਦਾਖਲ ਹੁੰਦਿਆਂ ਹੀ ਡਰ ਨੇ ਮੁੜ ਜ਼ੋਰ ਫੜਿਆ, ਪਰ ਮੇਰੀ ਘਬਰਾਹਟ ਵੇਖ ਡਾਕਟਰ ਨੇ ਗੱਲਾਂ ਬਾਤਾਂ ਕਰ ਛੇਤੀ ਹੀ ਮੈਨੂੰ ਸਹਿਜ ਕਰ ਲਿਆ। ਉਸ ਦਿਨ ਅਹਿਸਾਸ ਹੋਇਆ ਕਿ ਪਿੱਠ ’ਤੇ ਲੱਗਣ ਵਾਲੀ ਸੂਈ ਸਿਰਫ਼ ਦਿਸਣ ਵਿੱਚ ਹੀ ਖ਼ੌਫ਼ਨਾਕ ਨਹੀਂ ਹੁੰਦੀ, ਇੱਕ ਵਾਰ ਜਦੋਂ ਅੰਦਰ ਜਾਂਦੀ ਹੈ ਤਾਂ ਠੰਢੀਆਂ ਤਰੇਲੀਆਂ ਲਿਆ ਦਿੰਦੀ ਹੈ। ਬੇਸ਼ੱਕ ਇਸ ਤੋਂ ਬਾਅਦ ਹੋਣ ਵਾਲੀ ਕਿਸੇ ਵੀ ਹਲਚਲ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਆਖ਼ਰ ਨੂਰ ਨਾਲ ਭਖਦਾ ਉਹ ਚਿਹਰਾ ਤੁਹਾਡੇ ਸਾਹਮਣੇ ਆ ਜਾਂਦਾ ਹੈ, ਜਿਸ ਦਾ ਤਸੱਵਰ ਤੁਸੀਂ ਪਿਛਲੇ ਨੌਂ ਮਹੀਨਿਆਂ ਤੋਂ ਆਪਣੇ ਜ਼ਿਹਨ ਵਿੱਚ ਕਰ ਰਹੇ ਹੁੰਦੇ ਹੋ। ਉਹ ਪਲ ਸਦਾ ਲਈ ਤੁਹਾਡੇ ਚੇਤੇ ’ਚ ਉੱਕਰ ਜਾਂਦੇ ਨੇ। ਇੱਕ ਪੁਰਸਕੂਨ ਖ਼ੁਸ਼ੀ, ਜਿਸ ਨੂੰ ਸ਼ਬਦਾਂ ’ਚ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਲੱਗਦੈ ਜਿਵੇਂ ਤੁਸੀਂ ਖਲਾਅ ’ਚ ਹੋਵੋ ਤੇ ਉਹ ਮਿੱਠੀ ਕਿਲਕਾਰੀ ਤੁਹਾਨੂੰ ਮੁੜ ਇਸ ਦੁਨੀਆ ਵਿੱਚ ਲੈ ਆਈ ਹੋਵੇ। ਜਿਉਂ ਹੀ ਤੁਸੀਂ ਅਪਰੇਸ਼ਨ ਥੀਏਟਰ ਤੋਂ ਬਾਹਰ ਆਉਂਦੇ ਹੋ ਤਾਂ ਤੁਹਾਨੂੰ ਅਜਿਹੀ ਕੰਬਣੀ ਆ ਘੇਰਦੀ ਹੈ, ਜਿਵੇਂ ਤੁਹਾਡਾ ਆਪਣੇ ਹੀ ਸਰੀਰ ’ਤੇ ਕੋਈ ਵੱਸ ਨਾ ਰਿਹਾ ਹੋਵੇ।

ਸੁਣਦੀ ਆਈ ਸਾਂ, ਮਾਂ ਬਣਨਾ ਸੁਖਾਲਾ ਨਹੀਂ। ਉਸ ਦਿਨ ਪੂਰੀ ਸ਼ਿੱਦਤ ਨਾਲ ਮਹਿਸੂਸ ਵੀ ਕੀਤਾ। ਜਿਉਂ ਜਿਉਂ ਦਵਾਈ ਦਾ ਅਸਰ ਘਟਦਾ ਗਿਆ, ਤਿਉਂ ਤਿਉਂ ਦਰਦ ਦੀ ਜਕੜ ਮਜ਼ਬੂਤ ਹੁੰਦੀ ਗਈ। ਲੰਮਾ ਸਾਹ ਲੈਣ ’ਤੇ ਦਰਦ, ਹਿਲਜੁਲ ਕਰਨ ’ਤੇ ਦਰਦ, ਹੱਸਣ ’ਤੇ ਦਰਦ। ਮੈਂ ਉਸ ਵੇਲੇ ਬਸ ਉਸ ਨਿੱਕੀ ਜਿਹੀ ਜਾਨ ਨੂੰ ਹਿੱਕ ਨਾਲ ਲਾਉਣ ਲਈ ਤੜਪ ਰਹੀ ਸੀ। ਹੁਣ ਜ਼ਿੰਦਗੀ ਸਦਾ ਲਈ ਬਦਲ ਗਈ ਸੀ ... ਖ਼ੁਸ਼ੀ, ਫ਼ਿਕਰ ਸਭ ਬਦਲ ਗਏ ਸਨ।

ਤੀਜੇ ਦਿਨ ਹਸਪਤਾਲ ਤੋਂ ਛੁੱਟੀ ਮਿਲਣੀ ਸੀ, ਮੈਂ ਉੱਠਣ ਦੀ ਕੋਸ਼ਿਸ਼ ਕੀਤੀ। ਉਸ ਪਲ ਮੇਰੇ ਵਿੱਚ ਪੈਰਾਂ ’ਤੇ ਖਲੋ ਸਕਣ ਦੀ ਹਿੰਮਤ ਨਹੀਂ ਸੀ। ਲੱਗਿਆ ਜਿਵੇਂ ਮੈਂ ਇੱਕ ਕਦਮ ਵੀ ਤੁਰ ਨਹੀਂ ਸਕਾਂਗੀ। ਦਰਦ ਨਾਲ ਦਿਮਾਗ਼ ਤੇ ਸਰੀਰ ਦੋਵੇਂ ਸੁੰਨ ਹੁੰਦੇ ਜਾਪੇ। ਮੇਰਾ ਰੋਣ ਨਿਕਲ ਰਿਹਾ ਸੀ। ਮੈਨੂੰ ਦਰਦ ਵਿੱਚ ਵੇਖ ਕੇ ਮੇਰੇ ਜੀਵਨ ਸਾਥੀ ਨੇ ਮੇਰੇ ਦੋਵੇਂ ਹੱਥ ਹੋਰ ਜ਼ੋਰ ਨਾਲ ਫੜਦਿਆਂ ਮੈਨੂੰ ਸਹਾਰਾ ਦਿੱਤਾ। ਉਸ ਅੱਗੇ ਹੋ ਕੇ ਮੇਰਾ ਹੱਥ ਆਪਣੇ ਮੋਢੇ ’ਤੇ ਰੱਖ ਲਿਆ ਤੇ ਮੈਨੂੰ ਹੌਲੀ ਹੌਲੀ ਆਪਣੇ ਆਸਰੇ ਪੁਲਾਂਘ ਪੁੱਟਣ ਲਈ ਕਿਹਾ। ਮੇਰੀ ਹਿੰਮਤ ਖ਼ਤਮ ਹੋ ਰਹੀ ਸੀ। ਮੇਰਾ ਧਿਆਨ ਵੰਡਾਉਣ ਲਈ ਉਸ ਨੇ ਰਾਗੀ ਸਿੰਘਾਂ ਵਾਂਗ ਨਵੀਂ ਦੰਪਤੀ ਦੇ ਗ੍ਰਹਿਸਥ ਜੀਵਨ ’ਚ ਪ੍ਰਵੇਸ਼ ਵੇਲੇ ਪੜ੍ਹਿਆ ਜਾਂਦਾ ਲਾਵਾਂ ਦਾ ਪਾਠ ਸ਼ੁਰੂ ਕਰ ਦਿੱਤਾ, ‘‘ਹਰਿ ਪਹਿਲੜੀ ਲਾਵ...’’ ਤੇ ਉਸ ਵੱਲ ਧਿਆਨ ਹੋਣ ਕਰਕੇ ਮੇਰਾ ਆਪਣੇ ਦੁੱਖ ਵੱਲੋਂ ਧਿਆਨ ਹਟ ਗਿਆ। ਇੰਜ ਔਰਤ ਵਜੋਂ ਦੂਜੇ ਜਨਮ ਮਗਰੋਂ ਮੈਂ ਆਪਣੇ ਜੀਵਨ ਸਾਥੀ ਦੇ ਸਹਾਰੇ ਗ੍ਰਹਿਸਥ ਜੀਵਨ ’ਚ ਇੱਕ ਮਾਂ ਦੇ ਰੂਪ ਵਿੱਚ ਦਾਖ਼ਲ ਹੋਈ।

ਛੁੱਟੀ ਮਿਲਣ ਮਗਰੋਂ ਅਸੀਂ ਘਰ ਆ ਗਏ। ਘਰ ਆ ਕੇ ਮੈਨੂੰ ਸਵੇਰੇ ਉਠਾਉਣ ਵੇਲੇ ਉਹ ਅਕਸਰ ਇੰਜ ਹੀ ਕਰਦਾ। ਉਹ ਭਾਵੇਂ ਮੇਰਾ ਧਿਆਨ ਵੰਡਾਉਣ ਲਈ ਅਜਿਹਾ ਕਰਦਾ ਸੀ, ਪਰ ਮੇਰੇ ਮਨ ਵਿੱਚ ਅਕਸਰ ਇਹ ਖ਼ਿਆਲ ਆਉਂਦਾ ਹੈ ਕਿ ਬੇਸ਼ੱਕ ਸਾਡੇ ਚੌਥੇ ਗੁਰੂ, ਗੁਰੂ ਰਾਮਦਾਸ ਜੀ ਵੱਲੋਂ ਉਚਾਰਿਆ ਲਾਵਾਂ ਦਾ ਪਾਠ ਰਾਗੀ ਸਿੰਘ ਵਿਆਹ ਵੇਲੇ ਪੜ੍ਹਦੇ ਹਨ, ਪਰ ਤੁਹਾਡਾ ਜੀਵਨ ਸਾਥੀ ਤੁਹਾਡੇ ਹਰ ਦੁੱਖ-ਸੁਖ ਵਿੱਚ ਸੱਚੇ ਦਿਲੋਂ ਸਾਥ ਨਿਭਾਉਂਦਿਆਂ ਹਰ ਦਿਨ ਹਰ ਪਲ ਇਨ੍ਹਾਂ ਲਾਵਾਂ ਨੂੰ ਨਿਭਾਉਂਦਾ ਹੈ, ਜਿਸ ਦੀ ਗਵਾਹੀ ਤੁਹਾਡਾ ਦਿਲ ਭਰਦਾ ਹੈ।

ਸੰਪਰਕ: 78887-75081

Advertisement
×