ਔਖਾ ਸਮਾਂ

ਔਖਾ ਸਮਾਂ

ਹਰਦੇਵ ਸਿੰਘ ਸੁੱਖਗੜ੍ਹ

ਹਰਦੇਵ ਸਿੰਘ ਸੁੱਖਗੜ੍ਹ

ਸੁੱਖ-ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਸੁੱਖ ’ਚ ਇਨਸਾਨ ਸਕੂਨ ਮਹਿਸੂਸ ਕਰਦਾ ਹੈ ਪਰ ਦੁੱਖ ਵਾਲਾ ਦਰਦ ਸਹਿਣਾ ਔਖਾ ਹੈ। ਬਹੁਤ ਵਾਰ ਦੁੱਖ ’ਚ ਇਨਸਾਨ ਘਬਰਾ ਜਾਂਦਾ ਹੈ। ਦੁੱਖ ਕਿਹੋ ਜਿਹਾ ਹੈ, ਕਿੰਨਾ ਪੀੜ-ਪਰੁੰਨਿਆ ਹੈ, ਇਹ ਦੁਖੀ ਬੰਦਾ ਹੀ ਸਮਝ ਸਕਦਾ ਹੈ। ਮਾਨਸਿਕ, ਸਰੀਰਕ, ਸਮਾਜਿਕ ਦੁੱਖਾਂ ਨੇ ਇਨਸਾਨ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਜਕਡਿ਼ਆ ਹੋਇਆ ਹੈ। ਜਿਸ ਕਿਸੇ ਨਾਲ ਵੀ ਆਪਣਾ ਦੁੱਖ ਸਾਂਝਾ ਕਰਨਾ ਚਾਹੋ, ਉਹ ਪਹਿਲਾਂ ਆਪਣੇ ਦੁੱਖ ਦੱਸਣ ਲੱਗ ਪੈਂਦਾ ਹੈ। ਗੁਰਬਾਣੀ ਦੀ ਤੁਕ ਹੈ- ਨਾਨਕ ਦੁਖੀਆ ਸਭੁ ਸੰਸਾਰੁ॥

ਇਨ੍ਹਾਂ ਦੁੱਖਾਂ ਵਿਚੋਂ ਇਕ ਨਾਮੁਰਾਦ ਬਿਮਾਰੀ ਦਾ ਦੁੱਖ ਮੈਂ ਆਪਣੇ ਪਿੰਡੇ ’ਤੇ ਹੰਢਾਇਆ। ਮੈਂ ਲਿੰਫੋਮਾ (ਕੈਂਸਰ) ਨਾਲ ਘਿਰ ਗਿਆ ਸੀ। ਕੈਂਸਰ ਦਾ ਨਾਂ ਸੁਣ ਕੇ ਹੀ ਬੰਦਾ ਦਹਿਲ ਜਾਂਦਾ ਹੈ। ਬਿਮਾਰੀ ਦਾ ਨਾਂ ਸੁਣ ਕੇ ਇਕ ਵਾਰ ਤਾਂ ਮੈਂ ਵੀ ਡਰ ਗਿਆ ਸੀ, ਕਈ ਦਿਨ ਬੇਚੈਨ ਰਿਹਾ ਪਰ ਛੇਤੀ ਹੀ ਇਸ ਬਿਮਾਰੀ ਦੇ ਡਰ ’ਤੇ ਕਾਬੂ ਪਾ ਲਿਆ। ਮੁੜ ਕੇ ਡਰ ਨੂੰ ਭਾਰੂ ਨਾ ਹੋਣ ਦਿੱਤਾ। ਇਸ ਬਾਰੇ ਜਾਣਕਾਰੀ ਸੀ ਕਿ ਇਸ ਬਿਮਾਰੀ ਨਾਲੋਂ ਇਸ ਦਾ ਇਲਾਜ ਜ਼ਿਆਦਾ ਦਰਦਨਾਕ ਹੈ। ਇਲਾਜ ਲਈ ਕਈ ਹਸਪਤਾਲਾਂ ਵਿਚ ਡਾਕਟਰਾਂ ਦੀ ਸਲਾਹ ਲਈ। ਸਾਰਿਆਂ ਦੀ ਗੱਲ ਕੀਮੋਥਰੈਪੀ ’ਤੇ ਹੀ ਮੁੱਕਦੀ ਸੀ। ਕੀਮੋਥਰੈਪੀ ਤੋਂ ਬਚਣ ਲਈ ਕੁਝ ਦੇਸੀ ਦਵਾਈਆਂ ਵੀ ਲਈਆਂ ਪਰ ਕੋਈ ਫਰਕ ਨਾ ਪਿਆ। ਅਖ਼ੀਰ ਆਪਣੇ ਡਾਕਟਰ ਦੀ ਸਲਾਹ ਨਾਲ ਮੈਂ ਖ਼ੁਦ ਕੀਮੋਥਰੈਪੀ ਲਈ ਤਿਆਰ ਕੀਤਾ। ਕੀਮੋਥਰੈਪੀ ਅਜਿਹੀਆਂ ਦਵਾਈਆਂ ਦਾ ਮਿਸ਼ਰਨ ਹੈ ਜਿਹੜਾ ਬੰਦੇ ਦੇ ਸਰੀਰ ਅੰਦਰ ਜਾ ਕੇ ਕੈਂਸਰ ਵਾਲੇ ਸੈੱਲਾਂ ਦੇ ਨਾਲ ਚੰਗੇ ਸੈੱਲਾਂ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ। ਇਹ ਬੰਦੇ ਦੀ ਇਮਿਊਨਿਟੀ ਕਮਜ਼ੋਰ ਕਰ ਦਿੰਦੀ ਹੈ। ਖਾਣਾ-ਪੀਣਾ ਛੁੱਟ ਜਾਂਦਾ ਹੈ ਪਰ ਬਿਮਾਰੀ ਠੀਕ ਹੋਣ ਤੋਂ ਬਾਅਦ ਵਿਚ ਹੌਲੀ ਹੌਲੀ ਸਭ ਸੁਖਾਵਾਂ ਹੋ ਜਾਂਦਾ ਹੈ।

ਇਲਾਜ ਲਈ ਮੈਂ ਪੀਜੀਆਈ ਹਸਪਤਾਲ ਨੂੰ ਹੀ ਚੁਣਿਆ। । ਇਥੇ ਥੋੜ੍ਹੀ ਖੱਜਲ-ਖੁਆਰੀ ਤਾਂ ਹੈ ਅਤੇ ਸਮਾਂ ਵੀ ਜ਼ਰੂਰ ਲੱਗ ਜਾਂਦਾ ਹੈ ਪਰ ਬਹੁਤ ਮਾਮਲਿਆਂ ਵਿਚ ਪੀਜੀਆਈ ਸਸਤਾ ਅਤੇ ਬਿਹਤਰ ਹਸਪਤਾਲ ਹੈ। ਇਸ ਕੋਲ ਡਾਕਟਰਾਂ ਦੀ ਵਧੀਆ ਅਤੇ ਤਜਰਬੇਕਾਰ ਟੀਮ ਹੈ। ਹਰ ਤਰ੍ਹਾਂ ਦੇ ਟੈਸਟਾਂ ਲਈ ਹਰ ਤਰ੍ਹਾਂ ਦੀਆਂ ਆਧੁਨਿਕ ਮਸ਼ੀਨਾਂ ਮੌਜੂਦ ਹਨ। ਡਾਕਟਰਾਂ ਅਨੁਸਾਰ ਲਿੰਫੋਮਾ ਦੀਆਂ ਬਹੁਤ ਕਿਸਮਾਂ ਹਨ। ਬਿਮਾਰੀ ਦੀ ਕਿਸਮ ਦੇ ਅਨੁਸਾਰ ਹੀ ਕੀਮੋਥਰੈਪੀ ਦਾ ਕੋਰਸ ਹੁੰਦਾ ਹੈ। ਇਸ ਕੋਰਸ ਤੋਂ ਬਾਅਦ ਪੈੱਟ ਸਕੈਨ ਹੁੰਦੀ ਹੈ ਜਿਸ ਰਾਹੀਂ ਬਿਮਾਰੀ ਦੇ ਰਹਿਣ ਜਾਂ ਖਤਮ ਹੋਣ ਦੀ ਪੁਸ਼ਟੀ ਹੁੰਦੀ ਹੈ।

ਹੁਣ ਮੇਰਾ ਇਹ ਦੁੱਖ ਕੱਟਿਆ ਗਿਆ ਹੈ ਪਰ ਬਿਮਾਰੀ ਦੇ ਇਲਾਜ ਦੌਰਾਨ ਕਾਫੀ ਕੁਝ ਨਵਾਂ ਦੇਖਿਆ ਤੇ ਮਹਿਸੂਸ ਕੀਤਾ। ਜਿਸ ਕਿਸੇ ਨੂੰ ਵੀ ਮੇਰੇ ਬਿਮਾਰੀ ਹੋਣ ਬਾਰੇ ਪਤਾ ਲਗਦਾ, ਸੁਭਾਵਿਕ ਹੀ ਉਹ ਖਬਰ ਲੈਣ ਲਈ ਘਰ ਪਹੁੰਚ ਜਾਂਦਾ ਜਾਂ ਟੈਲੀਫੋਨ ’ਤੇ ਹਾਲ-ਚਾਲ ਪੁੱਛਦਾ। ਕਈ ਬੰਦਿਆਂ ਦਾ ਤਾਂ ਰਵੱਈਆ ਅਜਿਹਾ ਹੁੰਦਾ ਸੀ ਜਿਵੇਂ ਕਹਿ ਰਹੇ ਹੋਣ- ਬੱਸ ਕੁਝ ਦਿਨਾਂ ਵਿਚ ਹੀ ਖਤਮ ਹੋ ਜਾਵਾਂਗਾ। ਕਈ ਯਾਰ-ਦੋਸਤ ਦੂਰ ਦੂਰ ਰਹਿਣ ਲੱਗੇ; ਸ਼ਾਇਦ ਉਨ੍ਹਾਂ ਨੂੰ ਲਗਦਾ ਹੋਵੇ ਕਿ ਇਹ ਬਿਮਾਰੀ ਕਿਤੇ ਉਨ੍ਹਾਂ ਨੂੰ ਨਾ ਲੱਗ ਜਾਵੇ। ਹਰ ਕਿਸੇ ਦੀ ਨਜ਼ਰ ਵਿਚ ਮੈਂ ਵਿਚਾਰਾ ਜਿਹਾ ਬਣ ਗਿਆ ਸੀ। ਕਈ ਰਿਸ਼ਤੇਦਾਰ ਮੈਨੂੰ ਹੌਸਲਾ ਜਿਹਾ ਦਿੰਦੇ ਦਿੰਦੇ ਖ਼ੁਦ ਰੋਣ ਲੱਗ ਪੈਂਦੇ। ਮੈਂ ਹੱਸ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਮਜ਼ਾਕ ਜਿਹਾ ਕਰ ਕੇ ਅਹਿਸਾਸ ਕਰਵਾਉਂਦਾ ਕਿ ਮੈਂ ਠੀਕ-ਠਾਕ ਹਾਂ।

ਇਸ ਸਮੇਂ ਦੌਰਾਨ ਇਕ ਗੱਲ ਹੋਰ ਨੋਟ ਕੀਤੀ- ਇਥੇ ਹਰ ਬੰਦੇ ਅੰਦਰ ਡਾਕਟਰ ਬੈਠਾ ਹੋਇਆ ਹੈ। ਹੋਰ ਕੋਈ ਇਲਾਜ ਲਈ ਆਪਣਾ ਦੇਸੀ ਨੁਸਖਾ ਜ਼ਰੂਰ ਦੱਸ ਜਾਂਦਾ। ਜਿਹੜਾ ਬੰਦਾ ਕਈ ਕਈ ਬਿਮਾਰੀਆਂ ਨਾਲ ਖੁਦ ਘਿਰਿਆ ਹੁੰਦਾ, ਉਹ ਵੀ ਇਕ-ਦੋ ਨੁਸਖੇ ਮੇਰੀ ਬਿਮਾਰੀ ਠੀਕ ਕਰਨ ਲਈ ਦੱਸ ਦਿੰਦਾ। ਮੈਂ ਸਭ ਦੀ ਸੁਣਦਾ ਪਰ ਜ਼ਿਆਦਾਤਰ ਆਪਣੇ ਡਾਕਟਰ ਦੀ ਸਲਾਹ ਅਤੇ ਆਪਣੇ ਮਨ ਦੀ ਮੰਨਦਾ। ਬਿਮਾਰੀ ਦੌਰਾਨ ਪਤਨੀ ਅਤੇ ਬੱਚਿਆਂ ਦਾ ਕੰਮ ਪਹਿਲਾਂ ਨਾਲੋਂ ਬਹੁਤ ਵਧ ਵਧ ਗਿਆ ਸੀ। ਬਹੁਤ ਸਿ਼ੱਦਤ ਨਾਲ ਅਹਿਸਾਸ ਹੋਇਆ ਕਿ ਹਰ ਘਰ ਵਿਚ ਧੀ ਜ਼ਰੂਰੀ ਹੈ। ਬਹੁਤ ਸਾਰੇ ਮਾਮਲਿਆਂ ’ਤੇ ਆਪਣਾ ਸਮਾਜ ਪਤਾ ਨਹੀਂ ਕਿਉਂ, ਧੀਆਂ ਲਈ ਦੀਵਾਰ ਬਣਿਆ ਹੋਇਆ ਹੈ? ਧੀਆਂ ਦਾ ਫਿ਼ਕਰ ਮੈਨੂੰ ਦਵਾ ਤੇ ਦੁਆ ਬਣ ਕੇ ਲੱਗਿਆ। ਧੀਆਂ ਨੂੰ ਮਾਪਿਆਂ ਦਾ ਕਿੰਨਾ ਫਿਕਰ ਹੁੰਦਾ ਹੈ! ਸੱਚਮੁੱਚ, ਕੁੜੀਆਂ ਤੋਂ ਬਗੈਰ ਘਰ ਅਧੂਰਾ ਲਗਦਾ ਹੈ।

ਮੇਰੇ ਇਲਾਜ ਦੌਰਾਨ ਕੋਵਿਡ ਕਾਲ ਚੱਲ ਰਿਹਾ ਸੀ। ਕਰੋਨਾ ਤੋਂ ਬਚਣਾ ਵੱਡੀ ਚੁਣੌਤੀ ਬਣਿਆ ਹੋਇਆ ਸੀ ਪਰ ਕਰੋਨਾ ਕਾਰਨ ਮੂੰਹ ’ਤੇ ਲਾਇਆ ਮਾਸਕ ਮੇਰੇ ਥਰੈਪੀ ਕਾਰਨ ਝੜੇ ਵਾਲਾਂ ਲਈ ਵਰਦਾਨ ਸਾਬਤ ਹੋਇਆ। ਭਰਵੀਂ ਦਾੜ੍ਹੀ ਦੇ ਵਾਲ ਝੜਨ ਕਾਰਨ ਬਿਲਕੁਲ ਬੇਪਛਾਣ ਹੋ ਗਿਆ ਸੀ। ਇਉਂ ਸਿਰ ਦੇ ਵਾਲ ਪੱਗ ਨਾਲ ਅਤੇ ਦਾੜ੍ਹੀ ਦੇ ਵਾਲ ਮਾਸਕ ਨਾਲ ਢਕੇ ਜਾਂਦੇ। ਸੋਚ ਕੇ ਬੜੀ ਰਾਹਤ ਜਿਹੀ ਮਹਿਸੂਸ ਹੁੰਦੀ ਸੀ। ਖ਼ੈਰ! ਹੌਲੀ ਹੌਲੀ ਸਭ ਸੁਖਾਵਾਂ ਹੋ ਰਿਹਾ ਸੀ।

ਪਿਛਲਝਾਤ ਮਾਰਦਾ ਹਾਂ ਤਾਂ ਚੇਤਿਆਂ ’ਚ ਆਉਂਦਾ ਕਿ ਡਰ ਕਿਸ ਤਰ੍ਹਾਂ ਬੰਦੇ ਉਤੇ ਭਾਰੂ ਹੋਣ ਦਾ ਯਤਨ ਕਰਦਾ ਹੈ। ਕਦੀ ਕਦੀ ਲੱਗਦਾ ਹੈ, ਮੌਤ ਕਿੰਨੀ ਕਰੀਬ ਹੈ। ਇਹ ਸੋਚ ਉੱਭਰਦਿਆਂ ਹੀ ਬੰਦਾ ਹੌਸਲਾ ਛੱਡ ਜਾਂਦਾ ਹੈ। ਫਿਰ ਇਕ ਹੋਰ ਵਿਚਾਰ ਉਭਰਦਾ ਕਿ ਕੈਂਸਰ ਤਾਂ ਫਿਰ ਵੀ ਬੰਦੇ ਨੂੰ ਕੁਝ ਸਮਾਂ ਦੇ ਦਿੰਦਾ ਹੈ, ਦਿਲ ਦਾ ਦੌਰਾ ਤਾਂ ਕਈ ਵਾਰ ਬਿਲਕੁਲ ਸਮਾਂ ਨਹੀਂ ਦਿੰਦਾ। ਉਂਝ ਵੀ, ਅੱਜਕੱਲ੍ਹ ਇਸ ਬਿਮਾਰੀ ਨੂੰ ਸਮੇਂ ਸਿਰ ਇਲਾਜ ਕਰਵਾ ਕੇ ਕਾਬੂ ਕੀਤਾ ਜਾ ਸਕਦਾ ਹੈ। ਤਣਾਅ ਮੁਕਤੀ ਅਤੇ ਸਕਾਰਾਤਮਿਕ ਸੋਚ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਤਾਕਤ ਦਿੰਦੀ ਹੈ। ਵੈਸੇ ਮੌਤ ਤਾਂ ਹਰ ਵੇਲੇ ਬੰਦੇ ਦੇ ਨਾਲ ਖੜੀ ਹੁੰਦੀ ਹੈ, ਕਿਹੜੇ ਰੂਪ ਵਿਚ ਆ ਜਾਵੇ, ਕਿਸੇ ਨੂੰ ਕੋਈ ਭੇਤ ਨਹੀਂ। ਸਾਡੇ ਹੱਥ ਸਿਰਫ ਇਲਾਜ ਤੇ ਅਰਦਾਸ ਹੈ; ਬਾਕੀ ਸਭ ਕੁਝ ਸਮੇਂ ’ਤੇ ਛੱਡ ਦਿਓ। ਸਮੇਂ ਨਾਲ ਬੜਾ ਕੁਝ ਬਦਲ ਜਾਂਦਾ ਹੈ। ਔਖਾ ਸਮਾਂ ਵੀ ਲੰਘ ਜਾਂਦਾ ਹੈ।
ਸੰਪਰਕ: 94172-16680

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All