ਅੱਧੀ ਸਦੀ ਬਾਅਦ
ਲੰਮੇ ਸਮੇਂ ਬਾਅਦ ਕਿਲ੍ਹੇ ਵਿੱਚ ਬਾਬਾ ਫ਼ਰੀਦ ਜੀ ਦਾ ਤਪ ਅਸਥਾਨ ਲੋਕਾਂ ਦੇ ਦਰਸ਼ਨਾਂ ਵਾਸਤੇ ਖੋਲ੍ਹਿਆ ਗਿਆ, ਸੰਗਤ ਦਾ ਆਇਆ ਸੈਲਾਬ।’ ਮੀਡੀਆ ਅਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨੇ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ। ‘‘ਆਪਾਂ ਵੀ ਦਰਸ਼ਨ ਕਰ ਆਈਏ।...
ਲੰਮੇ ਸਮੇਂ ਬਾਅਦ ਕਿਲ੍ਹੇ ਵਿੱਚ ਬਾਬਾ ਫ਼ਰੀਦ ਜੀ ਦਾ ਤਪ ਅਸਥਾਨ ਲੋਕਾਂ ਦੇ ਦਰਸ਼ਨਾਂ ਵਾਸਤੇ ਖੋਲ੍ਹਿਆ ਗਿਆ, ਸੰਗਤ ਦਾ ਆਇਆ ਸੈਲਾਬ।’ ਮੀਡੀਆ ਅਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨੇ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ ਪ੍ਰਚਾਰਿਆ। ‘‘ਆਪਾਂ ਵੀ ਦਰਸ਼ਨ ਕਰ ਆਈਏ। ਗਨੂੰ ਨੂੰ ਵੀ ਲੈ ਕੇ ਚੱਲਾਂਗੇ,’’ ਮੇਰੇ ਇਸ ਤਰ੍ਹਾਂ ਸ਼ਰਧਾਲੂਆਂ ਵਾਂਗ ਕਹਿਣ ’ਤੇ ਪਤਨੀ ਨੇ ਹੈਰਾਨੀ ਭਰੇ ਲਹਿਜੇ ਵਿੱਚ ਮੇਰੇ ਵੱਲ ਦੇਖਿਆ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਜੀ ਦਾ ਫ਼ਰੀਦਕੋਟ ਨਾਲ ਗਹਿਰਾ ਨਾਤਾ ਜੁੜਿਆ ਹੋਇਆ ਹੈ। ਕਥਾ ਪ੍ਰਚੱਲਤ ਹੈ ਕਿ ਮੋਕਲਹਰ ਦਾ ਰਾਜਾ ਮੋਕਲ ਆਪਣਾ ਕਿਲ੍ਹਾ ਬਣਵਾ ਰਿਹਾ ਸੀ। ਉਸ ਸਮੇਂ ਦੇ ਵਿਹਾਰ ਵਾਂਗ ਇੱਥੇ ਉਸਾਰੀ ਦੇ ਕੰਮ ਵਾਸਤੇ ਵਗਾਰ ਵਿਚ ਫੜ ਕੇ ਲਿਆਂਦੇ ਕਾਮੇ ਲਾਏ ਹੋਏ ਸਨ। ਪਾਕਪਟਨ ਤੋਂ ਦਿੱਲੀ ਵੱਲ ਜਾਂਦੇ ਹੋਏ ਬਾਬਾ ਫ਼ਰੀਦ ਜੀ ਜਦੋਂ ਮੋਕਲਹਰ ਵਿੱਚੋਂ ਲੰਘਣ ਲੱਗੇ ਤਾਂ ਰਾਜੇ ਦੇ ਅਹਿਲਕਾਰਾਂ ਨੇ ਬਾਬਾ ਫ਼ਰੀਦ ਜੀ ਨੂੰ ਵੀ ਫੜ ਕੇ ਕਿਲ੍ਹੇ ਦੀ ਉਸਾਰੀ ਦੇ ਕੰਮ ਵਿੱਚ ਲਾ ਲਿਆ। ਕਥਾ ਅਨੁਸਾਰ ਗਾਰੇ ਵਾਲੀ ਟੋਕਰੀ ਬਾਬਾ ਫ਼ਰੀਦ ਜੀ ਦੇ ਸਿਰ ਤੋਂ ਸਵਾ ਦੋ ਹੱਥ ਉੱਪਰ ਹਵਾ ਵਿੱਚ ਜਾ ਰਹੀ ਸੀ। ਅਹਿਲਕਾਰਾਂ ਨੂੰ ਜਦੋਂ ਇਸ ਦਾ ਇਲਮ ਹੋਇਆ ਤਾਂ ਉਨ੍ਹਾਂ ਨੇ ਰਾਜੇ ਨੂੰ ਇਹ ਗੱਲ ਦੱਸੀ। ਰਾਜਾ ਆ ਕੇ ਬਾਬਾ ਫ਼ਰੀਦ ਜੀ ਦੇ ਪੈਰੀਂ ਪੈ ਗਿਆ ਅਤੇ ਮੁਆਫ਼ੀ ਮੰਗਦਾ ਹੋਇਆ ਆਪਣੇ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦਲ ਕੇ ਫ਼ਰੀਦਕੋਟ ਰੱਖ ਦਿੰਦਾ ਹੈ। ਬਾਬਾ ਫ਼ਰੀਦ ਜੀ ਨੇ ਜਿਸ ਸਥਾਨ ’ਤੇ ਚਾਲੀਸਾ ਕੀਤਾ ਸੀ ਉਸ ਥਾਂ ’ਤੇ ‘ਚਿੱਲਾ ਬਾਬਾ ਫ਼ਰੀਦ’ ਬਣ ਗਿਆ। ਇਸ ਦੇ ਅੰਦਰ ਇਕ ਵਣ (ਦਰੱਖ਼ਤ) ਖੜ੍ਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਵਣ ਨਾਲ ਬਾਬਾ ਜੀ ਨੇ ਗਾਰੇ ਵਾਲੇ ਹੱਥ ਪੂੰਝੇ ਸਨ। ਇਸ ਦੀ ਬਹੁਤ ਮਾਨਤਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਸ਼ਰਧਾਲੂ ਇਥੇ ਆਉਂਦੇ ਹਨ। ਵੀਰਵਾਰ ਵਾਲੇ ਦਿਨ ਤਾਂ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਵਾਹਵਾ ਜੱਦੋ-ਜਹਿਦ ਕਰਨੀ ਪੈਂਦੀ ਹੈ। ਬਾਅਦ ਵਿਚ ਇਸ ਦੀ ਸੇਵਾ-ਸੰਭਾਲ ਕਰਦਿਆਂ ਲੰਮਾ ਸਮਾਂ ਇਸ ਸਥਾਨ ਦੇ ਮੁੱਖ ਸੇਵਾਦਾਰ ਰਹੇ ਇੰਦਰਜੀਤ ਸਿੰਘ ਖ਼ਾਲਸਾ (ਸੇਖੋਂ) ਨੇ ਇਸ ਜਗ੍ਹਾ ਦੇ ਨਾਲ ਹੀ ਬੜਾ ਸੁੰਦਰ ਗੁਰਦੁਆਰਾ ਬਣਾ ਕੇ ਇਸ ਨੂੰ ਇਕ ਮੁਕੱਦਸ ਸਥਾਨ ਬਣਾ ਦਿੱਤਾ। ਇਸ ਚਿੱਲਾ ਬਾਬਾ ਫ਼ਰੀਦ (ਅੱਜ ਕੱਲ੍ਹ ਇਸ ਨੂੰ ਟਿੱਲਾ ਬਾਬਾ ਫ਼ਰੀਦ ਆਖਿਆ ਜਾਂਦਾ ਹੈ) ਦੇ ਬਿਲਕੁਲ ਨਾਲ ਇਕ ਮਸੀਤ ਬਣੀ ਹੋਈ ਅਤੇ ਇਸ ਦੇ ਸਾਹਮਣੇ ਇਕ ਮੰਦਿਰ ਬਣਿਆ ਹੋਇਆ ਹੈ। ਇਸ ਕਰਕੇ ਫ਼ਰੀਦਕੋਟ ਦਾ ਇਹ ਸਥਾਨ ਪੰਜਾਬ ਦੇ ਲੋਕਾਂ ਦੀ ਧਾਰਮਿਕ ਸਹਿਣਸ਼ੀਲਤਾ ਦੀ ਇਕ ਸੁੰਦਰ ਮਿਸਾਲ ਹੈ। ਇਸ ਤੋਂ ਥੋੜ੍ਹਾ ਹਟਵਾਂ ਰਾਜੇ ਦਾ ਉਹ ਕਿਲ੍ਹਾ ਹੈ ਜਿਸ ਦੀ ਉਸਾਰੀ ਸਮੇਂ (ਮੰਨਿਆ ਜਾਂਦਾ ਹੈ) ਬਾਬਾ ਫ਼ਰੀਦ ਜੀ ਨੂੰ ਕੰਮ ਕਰਨ ਲਈ ਫੜ ਕੇ ਲਾਇਆ ਸੀ ਅਤੇ ਇਸੇ ਕਰਕੇ ਹੀ ਸ਼ਹਿਰ ਦਾ ਨਾਮਕਰਨ ਫ਼ਰੀਦਕੋਟ ਹੋਇਆ ਸੀ। ਜਿਸ ਖ਼ਬਰ ਦੀ ਗੱਲ ਸ਼ੁਰੂ ਵਿਚ ਕੀਤੀ ਗਈ ਸੀ, ਉਸ ਵਿੱਚ ਇਸੇ ਕਿਲ੍ਹੇ ਦੇ ਅੰਦਰ ਬਾਬਾ ਫ਼ਰੀਦ ਜੀ ਦੇ ਤਪ ਸਥਾਨ ਹੋਣ ਦੀ ਗੱਲ ਹੁਣ ਕੀਤੀ ਗਈ ਹੈ। ਕੁੱਝ ਸਮੇਂ ਵਾਸਤੇ ਸ਼ਰਧਾਲੂਆਂ ਵਾਸਤੇ ਖੋਲ੍ਹੇ ਗਏ ਕਿਲ੍ਹੇ ਵਿਚ ਲੋਕ ਹੜ੍ਹ ਆਉਣ ਵਾਂਗ ਆ ਕੇ ਮੱਥਾ ਟੇਕ ਰਹੇ ਹਨ।
ਮੇਰੇ ਜਾਣ ਦਾ ਕਾਰਨ ਕੁੱਝ ਹੋਰ ਸੀ। ਅੱਧੀ ਸਦੀ ਬਾਅਦ ਮੈਂ ਕੁੱਝ ਯਾਦ ਕਰਨਾ ਚਾਹੁੰਦਾ ਸਾਂ ਅਤੇ ਕੁੱਝ ਇਸ ਇਤਿਹਾਸਕ ਸਥਾਨ ਬਾਰੇ ਮੈਂ ਆਪਣੇ ਪੋਤੇ ਗਨੂੰ ਨੂੰ ਸੰਖੇਪ ਵਿੱਚ ਜਾਣਕਾਰੀ ਦੇਣਾ ਚਾਹੁੰਦਾ ਸਾਂ। ਕਿਲ੍ਹੇ ਵਿੱਚ ਪਹੁੰਚ ਕੇ ਇਸ਼ਾਰਾ ਕਰਦਿਆਂ ਮੈਂ ਗਨੂੰ ਨੂੰ ਕਿਹਾ, ‘‘ਇਸ ਦੇ ਅੱਗੇ ਦੀ ਜਾ ਕੇ ਥੋੜ੍ਹੀ ਚੜ੍ਹਾਈ ਚੜ੍ਹ ਕੇ ਰੋਜ਼ਗਾਰ ਦਫ਼ਤਰ ਹੁੰਦਾ ਸੀ। ਇਸ ਦਫ਼ਤਰ ਵਿੱਚ ਮੈਂ ਆਪਣਾ ਨਾਮ ਦਰਜ ਕਰਵਾਇਆ ਸੀ ਅਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਮੈਂ ਅਧਿਆਪਕ ਲੱਗਿਆ ਸਾਂ।’’ ‘‘ਫੇਰ ਤਾਂ ਸੌਖਿਆਂ ਹੀ ਨੌਕਰੀ ਮਿਲ ਗਈ ਸੀ,’’ ਗਨੂੰ ਨੇ ਹੈਰਾਨ ਹੁੰਦਿਆਂ ਮੈਨੂੰ ਪੁੱਛਿਆ। ‘‘ਹਾਂ, ਸਿਫ਼ਾਰਸ਼ਾਂ ਉਦੋਂ ਵੀ ਹੁੰਦੀਆਂ ਸਨ, ਪਰ ਆਮ ਬੰਦੇ ਦੀ ਸੁਣਵਾਈ ਵੀ ਹੁੰਦੀ ਸੀ। ਕੁੱਝ ਕਾਇਦਾ ਕਾਨੂੰਨ ਵੀ ਹੁੰਦਾ ਸੀ,’’ ਪਹਾੜ ਜਿੱਡਾ ਹਉਕਾ ਲੈਂਦਿਆਂ ਮੈਂ ਆਖਿਆ। ‘‘ਇਧਰਲੀ ਇਮਾਰਤ ਵਿਚ ਉੱਪਰ ਚੜ੍ਹ ਕੇ ਇਕ ਦਫ਼ਤਰ ਵਿੱਚ ਗਿਆ ਸਾਂ। ਉੱਪਰ ਚੜ੍ਹਨ ਵੇਲੇ ਮੇਰੇ ਨਾਲ ਕੋਈ ਹੋਰ ਬੰਦਾ ਸੀ। ਉਸ ਦੀ ਸਹਾਇਤਾ ਨਾਲ ਇਸ ਇਮਾਰਤ ਵਿੱਚ ਸੌਖਿਆਂ ਹੀ ਚੜ੍ਹ ਗਿਆ ਸਾਂ, ਪਰ ਉੱਤਰਨ ਵੇਲੇ ਰਸਤਾ ਭੁੱਲ ਗਿਆ। ਇਮਾਰਤ ਭੂਲ-ਭੁਲੱਈਆ ਵਰਗੀ ਸੀ। ਮੈਂ ਘਬਰਾ ਗਿਆ ਸਾਂ। ਕਿਲ੍ਹੇ ਦੀ ਇਮਾਰਤ, ਕਲਾ ਦਾ ਸੁੰਦਰ ਨਮੂਨਾ ਸੀ।’’ ‘‘ਰਾਜੇ ਦੇ ਕਿਲ੍ਹੇ ਵਿੱਚ ਸਰਕਾਰੀ ਦਫ਼ਤਰ ਹੁੰਦੇ ਸਨ?’’ ਗਨੂੰ ਨੇ ਅਗਲਾ ਸੁਆਲ ਕੀਤਾ। ‘‘ਹਾਂ, ਜਦੋਂ ਫ਼ਰੀਦਕੋਟ ਜ਼ਿਲ੍ਹਾ ਬਣਿਆ ਸੀ ਤਾਂ ਪਹਿਲੀਆਂ ਵਿਚ ਕੁੱਝ ਦਫ਼ਤਰ ਕਿਲ੍ਹੇ ਵਿਚ ਬਣੇ ਸਨ। ਫਿਰ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਣ ਗਿਆ ਅਤੇ ਦਫ਼ਤਰ ਉਸ ਜਗ੍ਹਾ ’ਤੇ ਚਲੇ ਗਏ। ਉਦੋਂ ਤੋਂ ਹੀ ਕਿਲ੍ਹਾ ਬੰਦ ਚਲਿਆ ਆ ਰਿਹਾ ਸੀ। ਫਿਰ ਰਾਜੇ ਦੇ ਪਰਿਵਾਰ ਦਾ ਝਗੜਾ ਚੱਲਣ ਕਰਕੇ ਤਾਂ ਰਾਜੇ ਦੀ ਸਾਰੀ ਜਾਇਦਾਦ ਹੀ ਇਕ ਰੱਸੀ ਵਿੱਚ ਬੰਨ੍ਹੀ ਵਾਂਗ ਹੋ ਗਈ ਸੀ,’’ ਮੈਂ ਸੰਖੇਪ ਵਿਚ ਜਾਣਕਾਰੀ ਦਿੱਤੀ। ਅਧਿਆਪਕ ਦੀ ਟ੍ਰੇਨਿੰਗ ਸਮੇਂ ਸਾਨੂੰ ਵਿਦਿਆਰਥੀਆਂ ਨੂੰ ਫ਼ਰੀਦਕੋਟ ਦਾ ਲੋਕਲ ਟੂਰ ਵੀ ਲੁਆਇਆ ਗਿਆ ਸੀ। ਫ਼ਰੀਦਕੋਟ ਦੀ ਜੇਲ੍ਹ ਸਮੇਤ ਜਹਾਜ਼ ਗਰਾਊਂਡ (ਜਿੱਥੇ ਰਾਜੇ ਦੇ ਜਹਾਜ਼ ਅਜੇ ਵੀ ਖੜ੍ਹੇ ਹਨ), ਰਾਜ ਮਹਿਲ ਅਤੇ ਕਿਲ੍ਹਾ ਸਾਨੂੰ ਵਿਖਾਇਆ ਗਿਆ ਸੀ ਪਰ ਉਸ ਸਮੇਂ ਇਹ ਤਪ ਅਸਥਾਨ ਨਹੀਂ ਵਿਖਾਇਆ ਗਿਆ ਸੀ। ਹੁਣ ਜਦੋਂ ਇਹ ਤਪ ਅਸਥਾਨ ਸੰਗਤ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ ਹੈ ਅਤੇ ਮੈਂ ਆਪਣੀ ਪਤਨੀ ਤੇ ਪੋਤੇ ਸਮੇਤ ਗਿਆ ਹਾਂ ਤਾਂ ਅੱਧੀ ਸਦੀ ਪਹਿਲਾਂ ਦੀ ਯਾਦ ਤਾਜ਼ਾ ਹੋ ਗਈ। ਫ਼ਰੀਦਕੋਟ ਵਿਚ ਤਪ ਸਥਾਨ, ਚਾਲੀਸਾ ਕਰਨ ਵਾਲੀ ਜਗ੍ਹਾ (ਚਿੱਲਾ ਬਾਬਾ ਫ਼ਰੀਦ), ਗੋਦੜੀ ਸਾਹਿਬ ; ਤਿੰਨੇ ਸਥਾਨ ਬਾਬਾ ਫ਼ਰੀਦ ਜੀ ਨਾਲ ਸਬੰਧਤ ਦੱਸੇ ਜਾਂਦੇ ਹਨ ਅਤੇ ਇੱਥੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।
ਸੰਪਰਕ: 95010-20731

