DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦਾਦੀ, ਮੈਂ ਅਤੇ ਕਹਾਣੀ

ਸਧਾਰਨ ਬੱਚਿਆਂ ਵਾਂਗ ਬਚਪਨ ਵਿੱਚ ਮੈਂ ਵੀ ਆਪਣੀ ਦਾਦੀ ਪਾਸੋਂ ਕਹਾਣੀਆਂ ਸੁਣਨ ਲਈ ਹਮੇਸ਼ਾ ਉਤਸੁਕ ਰਹਿੰਦਾ ਸਾਂ। ਜਦੋਂ ਵੀ ਦਾਦੀ ਨੇ ਸਾਡੇ ਕੋਲ ਪਿੰਡ ਰਹਿਣ ਆਉਣਾ ਤਾਂ ਦੋ ਕਮਰਿਆਂ ਵਾਲੇ ਸਾਡੇ ਮਕਾਨ ਦੇ ਇੱਕ ਕਮਰੇ ਵਿੱਚ ਦਾਦੀ ਦਾ ਮੰਜਾ ਡਹਿ...

  • fb
  • twitter
  • whatsapp
  • whatsapp
Advertisement

ਸਧਾਰਨ ਬੱਚਿਆਂ ਵਾਂਗ ਬਚਪਨ ਵਿੱਚ ਮੈਂ ਵੀ ਆਪਣੀ ਦਾਦੀ ਪਾਸੋਂ ਕਹਾਣੀਆਂ ਸੁਣਨ ਲਈ ਹਮੇਸ਼ਾ ਉਤਸੁਕ ਰਹਿੰਦਾ ਸਾਂ। ਜਦੋਂ ਵੀ ਦਾਦੀ ਨੇ ਸਾਡੇ ਕੋਲ ਪਿੰਡ ਰਹਿਣ ਆਉਣਾ ਤਾਂ ਦੋ ਕਮਰਿਆਂ ਵਾਲੇ ਸਾਡੇ ਮਕਾਨ ਦੇ ਇੱਕ ਕਮਰੇ ਵਿੱਚ ਦਾਦੀ ਦਾ ਮੰਜਾ ਡਹਿ ਜਾਣਾ। ਕਹਾਣੀ ਸੁਣਨ ਦੇ ਲਾਲਚ ਵਿੱਚ ਮੈਂ ਦਾਦੀ ਦੇ ਛੋਟੇ-ਮੋਟੇ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰੋਟੀ-ਪਾਣੀ ਵੀ ਫੜਾ ਦਿੰਦਾ ਸੀ। ਦਾਦੀ ਕੋਲ ਕਹਾਣੀਆਂ ਦਾ ਅਥਾਹ ਭੰਡਾਰ ਸੀ। ਉਹ ਰੂਪ-ਬਸੰਤ, ਮਹਾਤਮਾ ਬੁੱਧ, ਸ੍ਰੀ ਕ੍ਰਿਸ਼ਨ, ਸ੍ਰੀ ਰਾਮਚੰਦਰ ਜੀ ਸਮੇਤ ਪਰੀਆਂ, ਰਾਜਕੁਮਾਰਾਂ ਅਤੇ ਰਾਜੇ-ਰਾਣੀਆਂ ਦੀਆਂ ਅਨੇਕਾਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ।

ਦਾਦੀ ਵੱਲੋਂ ਸੁਣਾਈ ਅਜਿਹੀ ਹੀ ਇੱਕ ਦਿਲਚਸਪ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ: ਬੜੀ ਪੁਰਾਣੀ ਗੱਲ ਹੈ, ਚਾਰ ਪੱਕੇ ਦੋਸਤ ਸਨ। ਇੱਕ ਤਰਖਾਣ ਦਾ ਲੜਕਾ ਸੀ, ਦੂਜਾ ਦਰਜ਼ੀ ਦਾ, ਤੀਜਾ ਇੱਕ ਅਮੀਰ ਰਾਜੇ ਦਾ ਅਤੇ ਚੌਥਾ ਇੱਕ ਰਿਸ਼ੀ ਦਾ ਪੁੱਤਰ ਸੀ। ਇੱਕ ਵਾਰ ਉਹ ਚਾਰੇ ਕਿਸੇ ਦੂਰ-ਦੁਰਾਡੇ ਦੀ ਯਾਤਰਾ ’ਤੇ ਨਿਕਲੇ। ਰਸਤੇ ਵਿੱਚ ਇੱਕ ਸੰਘਣੇ ਜੰਗਲ ਵਿੱਚੋਂ ਲੰਘਦਿਆਂ ਉਨ੍ਹਾਂ ਨੂੰ ਰਾਤ ਪੈ ਗਈ। ਚਾਰਾਂ ਦੋਸਤਾਂ ਨੇ ਫੈਸਲਾ ਕੀਤਾ ਕਿ ਉਹ ਰਾਤ ਜੰਗਲ ਵਿੱਚ ਹੀ ਕੱਟਣਗੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਹਰ ਇੱਕ ਦੋਸਤ ਰਾਤ ਦੇ ਇੱਕ-ਇੱਕ ਪਹਿਰ ਦਾ ਪਹਿਰਾ ਦੇਵੇਗਾ ਤਾਂ ਜੋ ਬਾਕੀ ਤਿੰਨ ਜਣੇ ਬੇਫ਼ਿਕਰ ਹੋ ਕੇ ਸੌਂ ਸਕਣ। ਪਹਿਰਾ ਦੇਣ ਦੀ ਪਹਿਲੀ ਵਾਰੀ ਤਰਖਾਣ ਦੇ ਲੜਕੇ ਦੀ ਸੀ। ਪਹਿਰਾ ਦਿੰਦਿਆਂ ਉਸ ਨੇ ਸੋਚਿਆ ਕਿ ਜੰਗਲ ਵਿੱਚ ਲੱਕੜਾਂ ਦੀ ਕੋਈ ਕਮੀ ਨਹੀਂ ਅਤੇ ਉਸ ਕੋਲ ਆਪਣੇ ਔਜ਼ਾਰ ਵੀ ਮੌਜੂਦ ਹਨ, ਕਿਉਂ ਨਾ ਸਮਾਂ ਬਿਤਾਉਣ ਲਈ ਕੁਝ ਬਣਾਇਆ ਜਾਵੇ। ਇਹ ਸੋਚ ਕੇ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਅਤੇ ਆਪਣੀ ਕਾਰੀਗਰੀ ਨਾਲ ਲੱਕੜ ਦਾ ਇੱਕ ਬਹੁਤ ਹੀ ਖ਼ੂਬਸੂਰਤ ਲੜਕੀ ਦਾ ਬੁੱਤ ਘੜ ਦਿੱਤਾ। ਪਹਿਰੇ ਦੀ ਅਗਲੀ ਵਾਰੀ ਦਰਜ਼ੀ ਦੇ ਲੜਕੇ ਦੀ ਸੀ। ਜਦੋਂ ਉਸ ਨੇ ਦੇਖਿਆ ਕਿ ਸਾਹਮਣੇ ਇੱਕ ਬੇਹੱਦ ਖ਼ੂਬਸੂਰਤ ਬੁੱਤ ਪਿਆ ਹੈ ਤਾਂ ਉਸ ਨੇ ਸੋਚਿਆ ਕਿ ਕਿਉਂ ਨਾ ਪਹਿਰੇ ਦੇ ਸਮੇਂ ਦੌਰਾਨ ਇਸ ਲਈ ਸੋਹਣੇ ਬਸਤਰ ਸਿਉਂ ਦਿੱਤੇ ਜਾਣ। ਉਸ ਨੇ ਤੁਰੰਤ ਬੁੱਤ ਦੇ ਮੇਚ ਦੇ ਬਹੁਤ ਹੀ ਸੁੰਦਰ ਕੱਪੜੇ ਸਿਉਂ ਕੇ ਉਸ ਨੂੰ ਪਹਿਨਾ ਦਿੱਤੇ। ਤੀਜੀ ਵਾਰੀ ਰਾਜੇ ਦੇ ਪੁੱਤਰ ਦੀ ਸੀ। ਸੋਹਣੇ ਬਸਤਰਾਂ ਵਿੱਚ ਸਜੇ ਉਸ ਸੁੰਦਰ ਬੁੱਤ ਨੂੰ ਵੇਖ ਕੇ ਰਾਜਕੁਮਾਰ ਮੰਤਰ-ਮੁਗਧ ਹੋ ਗਿਆ। ਪਹਿਰਾ ਦੇਣ ਦੇ ਨਾਲ-ਨਾਲ ਉਸ ਨੇ ਆਪਣੇ ਪਾਏ ਹੋਏ ਕੀਮਤੀ ਹੀਰੇ-ਜਵਾਹਰਾਤ ਅਤੇ ਗਹਿਣੇ ਉਤਾਰ ਕੇ ਉਨ੍ਹਾਂ ਨਾਲ ਬੁੱਤ ਨੂੰ ਸਜਾ ਦਿੱਤਾ। ਇਨ੍ਹਾਂ ਗਹਿਣਿਆਂ ਨੇ ਲੜਕੀ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਦਿੱਤੇ। ਅੰਤਿਮ ਪਹਿਰਾ ਰਿਸ਼ੀ ਦੇ ਲੜਕੇ ਦਾ ਸੀ। ਉਸ ਦੇ ਸਾਹਮਣੇ ਗਹਿਣਿਆਂ ਅਤੇ ਸੁੰਦਰ ਪੁਸ਼ਾਕ ਵਿੱਚ ਸਜੀ ਇੱਕ ਮੂਰਤ ਸੀ। ਰਿਸ਼ੀ ਦੇ ਪੁੱਤਰ ਨੇ ਪਹਿਰਾ ਦਿੰਦਿਆਂ ਆਪਣੀ ਤੰਤਰ-ਮੰਤਰ ਅਤੇ ਯੋਗ ਵਿੱਦਿਆ ਦੀ ਵਰਤੋਂ ਕੀਤੀ ਅਤੇ ਉਸ ਬੁੱਤ ਵਿੱਚ ਜਾਨ ਪਾ ਦਿੱਤੀ। ਬੁੱਤ ਵਿੱਚ ਸਾਹ ਚੱਲ ਪਏ ਅਤੇ ਉਹ ਖ਼ੂਬਸੂਰਤ ਲੜਕੀ ਜ਼ਿੰਦਾ ਹੋ ਗਈ। ਉਧਰੋਂ ਰਾਤ ਦੇ ਚਾਰ ਪਹਿਰ ਬੀਤਣ ਨਾਲ ਦਿਨ ਚੜ੍ਹ ਗਿਆ। ਜਦੋਂ ਚਾਰੇ ਦੋਸਤ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਲੱਗੇ ਤਾਂ ਉਹ ਲੜਕੀ ਕਹਿਣ ਲੱਗੀ “ਮੈਂ ਇਸ ਸੰਘਣੇ ਜੰਗਲ ਵਿੱਚ ਇਕੱਲੀ ਕਿਵੇਂ ਰਹਾਂਗੀ? ਤੁਹਾਡੇ ਵਿੱਚੋਂ ਕੋਈ ਇੱਕ ਮੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਆਪਣੇ ਨਾਲ ਲੈ ਕੇ ਚੱਲੇ।” ਦਾਦੀ ਨੇ ਕਹਾਣੀ ਇੱਥੇ ਰੋਕੀ ਅਤੇ ਮੇਰੇ ਵੱਲ ਦੇਖਦਿਆਂ ਪ੍ਰਸ਼ਨ ਕੀਤਾ, “ਹੁਣ ਤੂੰ ਦੱਸ ਬੇਟਾ, ਉਹ ਲੜਕੀ ਕਿਸ ਨਾਲ ਵਿਆਹ ਕਰਵਾਏਗੀ? ਉਸ ਲੜਕੀ ’ਤੇ ਸਭ ਤੋਂ ਵੱਧ ਹੱਕ ਕਿਸ ਦਾ ਬਣਦਾ ਹੈ?” ਮੈਂ ਦਿਮਾਗੀ ਘੋੜੇ ਭਜਾਉਣੇ ਸ਼ੁਰੂ ਕਰ ਦਿੱਤੇ। ਕਦੇ ਮੈਨੂੰ ਲੱਗੇ ਕਿ ਲੜਕੀ ’ਤੇ ਹੱਕ ਮਿਸਤਰੀ ਲੜਕੇ ਦਾ ਬਣਦਾ ਹੈ ਕਿਉਂਕਿ ਜੇਕਰ ਉਹ ਬੁੱਤ ਹੀ ਨਾ ਬਣਾਉਂਦਾ ਤਾਂ ਉਸ ਲੜਕੀ ਵਿੱਚ ਜਾਨ ਕਿਵੇਂ ਪੈਂਦੀ? ਜੇਕਰ ਕੱਪੜੇ ਸਿਉਣ ਵਾਲਾ ਬੁੱਤ ਨੂੰ ਬੁੱਤ ਸਮਝ ਕੇ ਛੱਡ ਦਿੰਦਾ, ਫਿਰ ਵੀ ਕੁਝ ਨਹੀਂ ਬਣਨਾ ਸੀ। ਜਾਨ ਪਾਉਣ ਵਾਲੇ ਦਾ ਵੀ ਤਾਂ ਪੂਰਾ ਹੱਕ ਬਣਦਾ ਹੈ? ਮੈਂ ਤਰਕ ਦੀ ਕਸਵੱਟੀ ’ਤੇ ਕਦੇ ਇੱਕ ਨਾਂ ਪਰਖਦਾ ਅਤੇ ਕਦੇ ਦੂਜਾ। ਪਰ ਦਾਦੀ ਹਰ ਵਾਰ ‘ਨਾਂਹ’ ਵਿੱਚ ਸਿਰ ਹਿਲਾਈ ਜਾਂਦੀ ਸੀ। ਸੋਚ-ਸੋਚ ਕੇ ਕੋਈ ਗੱਲ ਬਣਦੀ ਨਾ ਵੇਖ ਮੈਂ ਹਾਰ ਮੰਨ ਲਈ ਅਤੇ ਦਾਦੀ ਨੂੰ ਹੀ ਇਸ ਦਾ ਜਵਾਬ ਦੇਣ ਲਈ ਕਿਹਾ। ਦਾਦੀ ਨੇ ਕਿਹਾ ‘ਕਮਲਿਆ’ ਲੜਕੀ ਉਸ ਲੜਕੇ ਨਾਲ ਵਿਆਹ ਕਰਵਾਏਗੀ ਜਿਸ ਨੇ ਉਸ ਨੂੰ ਗਹਿਣੇ ਪਾਏ ਨੇ...। ਜਵਾਬ ਮੇਰੇ ਸਾਰੇ ਹਿਸਾਬ-ਕਿਤਾਬ ’ਚੋਂ ਬਾਹਰ ਸੀ ਕਿਉਂਕਿ ਮੇਰੀ ਨਜ਼ਰ ਵਿੱਚ ਲੜਕੀ ਦੇ ਜ਼ਿੰਦਾ ਹੋਣ ਤੱਕ ਦੀ ਸਾਰੀ ਪ੍ਰਕਿਰਿਆ ਵਿੱਚ ਅਮੀਰ ਰਾਜੇ ਦੇ ਲੜਕੇ ਦਾ ਸਭ ਤੋਂ ਘੱਟ ਯੋਗਦਾਨ ਸੀ। ਮੈਂ ਦਾਦੀ ਦੇ ਜਵਾਬ ਤੋਂ ਉੱਕਾ ਹੀ ਸੰਤੁਸ਼ਟ ਨਹੀਂ ਸੀ ਅਤੇ ਦਾਦੀ ਨੂੰ ਆਪਣਾ ਜਵਾਬ ਠੀਕ ਸਿੱਧ ਕਰਨ ’ਤੇ ਅੜ ਗਿਆ। ਅਨਪੜ੍ਹ, ਅਨਭੋਲ ਦਾਦੀ ਕੋਈ ਤਰਕ ਤਾਂ ਨਾ ਦੇ ਸਕੀ ਬਸ ਇਹੀ ਕਹਿੰਦੀ ਰਹੀ, ‘ਵੇ ਪੁੱਤ! ਸੋਹਣੀਆਂ ਚੀਜ਼ਾਂ ’ਤੇ ਅਮੀਰਾਂ-ਰਾਜਿਆਂ, ਪੈਸਿਆਂ ਵਾਲਿਆਂ ਦਾ ਹੀ ਹੱਕ ਹੁੰਦਾ ਹੈ।’ ਉਸ ਸਮੇਂ ਮੈਨੂੰ ਇਹ ਤਰਕ ਜਚਿਆ ਨਹੀਂ। ਪਰ ਸਮਾਂ ਬੀਤਦਾ ਗਿਆ ਵੱਡੇ ਹੋਏ, ਮਾਰਕਸਵਾਦ ਦੀ ਪਰਿਭਾਸ਼ਾ ਪੜ੍ਹਦਿਆਂ ਕਹਾਣੀ ਦੇ ਅਰਥ ਸਮਝ ਆਏ। ਕਿੰਨਾ ਅਮੀਰ ਖ਼ਜ਼ਾਨਾ ਲੈ ਕੇ ਤੁਰ ਗਈਆਂ ਸਾਡੀਆਂ ਦਾਦੀਆਂ-ਨਾਨੀਆਂ। ਜੇ ਕਿਤੇ ਦਾਦੀ ਅੱਜ ਜਿਊਂਦੀ ਹੁੰਦੀ ਤਾਂ ਉਸ ਨੇ ਸਮਾਜਿਕ ਤਾਣੇ-ਬਾਣੇ ਦੀਆਂ ਉਲਝਣਾਂ ਅਤੇ ਇਸ ਜ਼ਿੰਦਗੀ ਦੀਆਂ ਜਟਿਲਤਾਵਾਂ ਨੂੰ ਕਹਾਣੀਆਂ ਵਿੱਚ ਹੀ ਸਮੋ ਦੇਣਾ ਸੀ।

Advertisement

ਸੰਪਰਕ: 98156-64444

Advertisement

Advertisement
×