ਨਿੰਦਰ ਘੁਗਿਆਣਵੀ
ਵੀਰ ਕੇਵਲ ਧਾਲੀਵਾਲ ਨੇ ਸੋਗੀ ਸੁਨੇਹਾ ਭੇਜ ਕੇ ਬੇਹੱਦ ਉਦਾਸ ਕਰ ਦਿੱਤਾ ਸਵੇਰੇ ਸਵੇਰੇ। ਬੀਬੀ ਗੁਰਮੀਤ ਬਾਵਾ ਝਕਾਨੀ ਦੇ ਕੇ ‘ਅਹੁ ਟੁਰ ਗਈ’। ਬਿਨਾ ਦੱਸੇ, ਬਿਨਾ ਪੁੱਛੇ। ਚੁੱਪ ਚੁਪੀਤੀ। ਧੀ ਲਾਚੀ ਦੇ ਵਿਛੋੜੇ ਵਿਚ ਭਰੀ ਪੀਤੀ। ਭਰਵੀਂ ਗਰਜਵੀਂ ਤੇ ਲਰਜਵੀਂ ਆਵਾਜ਼ ਸਦਾ ਦੀ ਨੀਂਦੇ ਜਾ ਸੁੱਤੀ ਹੈ ਮੋਈਆਂ ਕਬਰਾਂ ਵਿਚ। ਅਲਗੋਜਿਆਂ ਦਾ ਸੰਸਾਰ ਲੁੱਟਿਆ ਪੁੱਟਿਆ ਗਿਆ ਏ, ਹੁਣ ਭਲਾ ਕਿਸ ਨੇ ਗਾਉਣਾ ਏਂ ਅਲਗੋਜਿਆ ਨਾਲ? ਲਾਵਾਰਿਸ ਹੋਗੇ ਨੇ ਅਲਗੋਜੇ।
ਯਾਦਾਂ ਕਲੇਜੇ ਧੂਅ ਪਾਉਂਦੀਆਂ ਨੇ।
ਜਦ ਉਹਨੂੰ ਪਤਾ ਲੱਗਣਾ ਕਿ ਨਿੰਦਰ ਅੰਮ੍ਰਿਤਸਰ ਆਇਆ ਸੀ ਤੇ ਬਿਨਾ ਮਿਲੇ ਮੁੜ ਗਿਆ ਹੈ, ਜਦੇ ਈ ਫੋਨ ਆ ਜਾਣਾ ਤੇ ਉਲਾਂਭਾ ਭਾਰੀ ਹੋਣਾ, ਮਾਵਾਂ ਦੇ ਮੋਹ ਭਰੇ ਉਲਾਂਭੇ ਵਰਗਾ। ਮੁਆਫ਼ੀ ਮੰਗਦਾ ਸਾਂ ਤੇ ਵਾਅਦਾ ਕਰਦਾ ਸਾਂ ਕਿ ਬੀਬੀ ਜੀ, ਅੱਗੇ ਤੋਂ ਇਉਂ ਨੀ ਹੁੰਦਾ, ਹੁਣ ਜਦ ਆਇਆ ਤਾਂ ਮਿਲ ਕੇ ਜਾਊਂਗਾ। ਮੈਂ ਵੀਹ ਵਰ੍ਹਿਆਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਸੰਪਰਕ ਵਿਚ ਸਾਂ ਤੇ ਉਨ੍ਹਾਂ ਦੀ ਹੇਕ ਤੇ ਹੂਕ ਤਾਂ ਉਦੋਂ ਤੋਂ ਦਿਲ ਵਿਚ ਵੜ ਬੈਠੇ ਹੋਣੇ, ਜਦੋਂ ਜਨਮਿਆਂ ਤੇ ਸੁਰਤ ਸੰਭਲਣ ਉਤੇ ਟੀਵੀ ਰੇਡੀਓ ਚੋਂ ਉਨ੍ਹਾਂ ਨੂੰ ਸੁਣਨ ਲੱਗਿਆ ਸੀ।
ਗੁਰਮੀਤ ਬਾਵਾ ਭਲੇ ਸੁਭਾਓ ਦੀ ਮਾਲਕ ਸੀ। ਜਿੰਨੀ ਸੰਗਾਊ ਸੀ, ਓਨੀ ਨਿਮਰਤਾ ਵਾਲੀ ਸੀ। ਕਹਿੰਦੀਆਂ ਕਹਾਉਂਦੀਆਂ ਗਾਉਣ ਵਾਲੀਆਂ ਬਾਵਾ ਨੂੰ ਤਾਂ ਜੱਫੀ ਪਾ ਕੇ ਮਿਲਦੀਆਂ ਸਨ ਪਰ ਉਹਦੀ ਉੱਚੀ ਆਵਾਜ਼ ਤੇ ਲੰਮੀ ਹੇਕ ਨਾਲ ਪੁੱਜ ਕੇ ਸਾੜਾ ਕਰਦੀਆਂ ਸਨ। ਉਹ ਬੇਪਰਵਾਹ ਫਨਕਾਰ ਸੀ।
ਮੈਨੂੰ ਚੇਤੇ ਆ ਰਿਹਾ ਹੈ ਉਹ ਦਿਨ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੋਕ ਗਾਇਕੀ ਬਾਰੇ ਸੈਮੀਨਾਰ ਸੀ ਤੇ ਲੋਕ ਸੰਗੀਤ ਬਾਰੇ ਉਥੇ ਮੁੱਖ ਭਾਸ਼ਣ ਮੇਰਾ ਸੀ। ਬਾਵਾ ਜੀ ਆਏ। ਦੇਵ ਥਰੀਕੇ ਵਾਲਾ ਆਏ। ਮੁਹੰਮਦ ਸਦੀਕ, ਹੰਸ ਰਾਜ ਹੰਸ, ਗੁਰਭਜਨ ਗਿੱਲ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਬੈਠੇ ਸਨ। ਡਾ. ਰਾਜਿੰਦਰਪਾਲ ਬਰਾੜ ਨੇ ਅਨਾਊਂਸ ਕੀਤਾ ਕਿ ਬਾਵਾ ਜੀ ‘ਡੋਲੀ’ ਦਾ ਕੁਝ ਸੁਣਾਉਣਗੇ। ਬੀਬੀ ਬਾਵਾ ਨੇ ਦਰਦ ਪਰੁੱਚੇ ਬੋਲ ਛੋਹੇ:
ਪੁੱਤਰ ਸੱਤ ਵੀ ਹੋਣ ਸਮਾਅ ਲੈਂਦੋਂ
ਤੇ ਧੀ ਘਰ ਨਾ ਇਕ ਸਮਾ ਸਕੀ।
ਜਿਹੜੀ ਤੁਰਨ ਵੇਲੇ ਘਰੋਂ ਗਈ ਰੋਂਦੀ
ਉਹਨੂੰ ਮਾਂ ਨਾ ਚੁੱਪ ਕਰਾ ਸਕੀ।
ਕਹਾਰੋ ਡੋਲੀ ਨਾ ਚਾਇਓ,
ਵੇ ਮੇਰਾ ਬਾਬੁਲਾ ਆਇਆ ਨਹੀਂ
ਕਿ ਵੀਰਾ ਦੂਰ ਖੜ੍ਹਾ ਰੋਵੇਂ,
ਕਿਸੇ ਨੇ ਚੁੱਪ ਕਰਾਇਆ ਨਹੀਂ।
ਆਡੀਟੋਰੀਅਮ ਵਿਚ ਸੰਨਾਟਾ ਪਸਰ ਗਿਆ। ਵਾਈਸ ਚਾਂਸਲਰ ਦੀ ਅੱਖ ਸਮੇਤ ਹਰ ਅੱਖ ਨਮ ਸੀ। ਕੋਈ ਸਾਹ ਨਹੀਂ ਸੀ ਲੈ ਰਿਹਾ ਜਾਪਦਾ। ਬਾਵਾ ਗਾ ਰਹੀ ਸੀ:
ਓ ਬਾਬੁਲਾ ਸਾਂਭ ਕੇ ਰੱਖ ਲੀਂ ਵੇ
ਮੇਰੇ ਬਚਪਨ ਦੇ ਗੁੱਡੀਆਂ ਪਟੋਲੇ
ਰੱਬ ਦੇ ਨਾਂ ਮੈਨੂੰ ਮਾਫ ਤੂੰ ਕਰਦੀਂ,
ਅਸਾਂ ਮੰਦੜੇ ਬੋਲ ਨਾ ਬੋਲੇ।
ਜਿਹੜਾ ਤੂੰ ਸਾਲੂ ਦਿੱਤਾ ਸੀ,
ਅਸਾਂ ਨੇ ਰੱਜ ਹੰਡਾਇਆ ਨਹੀਂ,
ਕਹਾਰੋ ਡੋਲੀ ਨਾ ਚਾਇਓ,
ਵੇ ਮੇਰਾ ਬਾਬਲ ਆਇਆ ਨਹੀਂ।
ਲੋਕ ਸੰਗੀਤ ਵਿਚ ਲਿਪਟੀ ਇਹ ਦੁਪਹਿਰ ਕਦੇ ਨਹੀਂ ਭੁੱਲਣੀ। ਅੱਜ ਰੋਣਾ ਆਇਆ ਬੜਾ। ਖੈਰ!
ਮੇਰੇ ਬੇਨਤੀ ਕਰਨ ਉਤੇ ਬਾਵਾ ਜੀ ਹਰ ਥਾਂ ਪਧਾਰੇ ਸਨ; ਭਾਵੇਂ ਵਿਰਸਾ ਵਿਹਾਰ ਵਿਚ ਸੱਤ ਸ਼ਖਸੀਅਤਾਂ ਦਾ ਸਨਮਾਨ ਸੀ, ਭਾਵੇਂ ਐੱਸਐੱਸਪੀ ਵਿਕਰਮਜੀਤ ਦੁੱਗਲ ਨੂੰ ‘ਜੀ ਆਇਆਂ’ ਸੀ, ਤੇ ਭਾਵੇਂ ਚਾਹੇ ਮੇਰੀ ਫਿਲਮ ‘ਜੱਜ ਮੈਡਮ’ ਦਾ ਮਹੂਰਤ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਆਪਣੀ ਪੁਸਤਕ ‘ਲੋਕ ਗਾਇਕ’ ਵਿਚ ਮੈਂ ਉਨਾਂ ਬਾਰੇ ਵਿਸਥਾਰਪੂਰਵਕ ਲੇਖ ਲਿਖਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪੁਸਤਕ ‘ਸਾਡੀਆਂ ਲੋਕ ਗਾਇਕਾਵਾਂ’ ਵਿਚ ਬਾਵਾ ਜੀ ਦੀ ਪੂਰੀ ਜੀਵਨੀ ਲਿਖੀ। ਭਾਰਤ ਸਰਕਾਰ ਦੀ ਕਿਤਾਬ ‘ਪੰਜਾਬ ਦਾ ਲੋਕ ਸੰਗੀਤ’ ਵਿਚ ਵੀ ਬਾਵਾ ਜੀ ਬਾਰੇ ਖੂਬ ਲਿਖਿਆ ਸੀ। ਉਹ ਜਦ ਵੀ ਮਿਲਦੇ ਤੇ ਖੁਸ਼ ਹੋ ਕੇ ਕਹਿੰਦੇ ਕਿ ਨਿੰਦਰ ਤੂੰ ਮੈਨੂੰ ਅੱਖਰਾਂ ਵਿਚ ਸਾਂਭ ਦਿੱਤਾ ਏ। ਮੈਂ ਇਕ ਥਾਵੇਂ ਇਹ ਵੀ ਲਿਖਿਆ ਸੀ ਕਿ ਇਕ ਵਾਰ ਬੰਬੇ ਬਾਵਾ ਜੀ ਗਾਉਣ ਗਏ। ਵਿਸਾਖੀ ਦਾ ਮੇਲਾ। ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਵੀ ਆਏ। ਜਦ ਬਾਵਾ ਜੀ ਨੇ ਪੰਤਾਲੀ ਸੈਕਿੰਡ ਲੰਮੀ ਹੇਕ ਸੁੱਟੀ, ਰਾਜੀਵ ਗਾਂਧੀ ਸੀਟ ਉਤੋਂ ਖਲੋ ਕੇ ਤਾੜੀਆਂ ਮਾਰ ਰਹੇ ਸਨ। ਮੰਚ ਉਤੇ ਬਾਵਾ ਜੀ ਦਾ ਸਨਮਾਨ ਕਰਨ ਲੱਗੇ ਤਾਂ ਰਾਜੀਵ ਗਾਂਧੀ ਨੇ ਪੁੱਛਿਆ ਸੀ, “ਆਪ ਕੇ ਗਲੇ ਮੇਂ ਕੁਦਰਤ ਨੇ ਏਸਾ ਕੌਨ ਸਾ ਪੁਰਜਾ ਫਿਟ ਕਰ ਰਖਾ ਹੈ? ਅਰੇ ਕਿਆ ਬਾਤ ਹੈ ਬਾਵਾ ਜੀ। ਮੈਂ ਆਪ ਕੋ ਸਲਿਊਟ ਕਰਤਾ ਹੂੰ ਬਾਵਾ ਜੀ।”
ਇਕ ਦਿਨ ਉਹ ਕੇਵਲ ਧਾਲੀਵਾਲ ਨਾਲ ਸਾਡੇ ਦਫਤਰ ਆਏ ਪੰਜਾਬ ਕਲਾ ਭਵਨ, ਚੰਡੀਗੜ੍ਹ। ਸਬਬ ਨਾਲ ਮੈਂ ਵੀ ਬੈਠਾ ਸਾਂ ਆਪਣੇ ਕਮਰੇ ਵਿਚ। ਆਉਂਦੇ ਸਾਰ ਘੁੱਟ ਕੇ ਜੱਫੀ ਪਾਈ। ਮੈਂ ਆਪਣੀ ਕੁਰਸੀ ਉਤੇ ਬਿਠਾਉਣ ਲਈ ਜਿ਼ੱਦ ਕੀਤੀ। ਨਾ ਮੰਨੇ। ਚਾਹ ਪੀਤੀ। ਬੜੇ ਖੁਸ਼ ਹੋਏ। ਜਾਣ ਲੱਗੇ ਪਰਸ ਵਿਚੋਂ ਪੰਜ ਸੌ ਦਾ ਨੋਟ ਕੱਢ ਕੇ ਮੇਰੀ ਚਿੱਟੀ ਸ਼ਰਟ ਦੀ ਜੇਬ ਵਿਚ ਪਾਉਂਦੇ ਬੋਲੇ, “ਇਹ ਸ਼ਗਨ ਏਂ, ਮੇਰਾ ਪੁੱਤਰ ਅਫਸਰ ਬਣ ਗਿਆ ਏ ਹੁਣ, ਬੜੀ ਖੁਸ਼ ਆਂ ਤੈਨੂੰ ਏਥੇ ਦੇਖ ਕੇ।”
ਮੇਰੀਆਂ ਅੱਖਾਂ ਭਰ ਆਈਆਂ, ਜਿਵੇਂ ਹੁਣ ਇਹ ਸ਼ਬਦ ਟਾਈਪ ਕਰਦਿਆਂ ਭਰੀਆਂ ਹੋਈਆਂ ਨੇ। ਲੋਕ ਗੀਤਾਂ, ਸੁਹਾਗ ਤੇ ਸਿੱਠਣੀਆਂ ਅਤੇ ਲੋਕ ਸੰਗੀਤ ਦੀ ਪਵਿੱਤਰ ਲੋਕਧਾਰਾ ਨੂੰ ਅਮੀਰ ਕਰਨ ਵਾਲੀਏ ਬੀਬੀਏ, ਅਲਵਿਦਾ।
ਸੰਪਰਕ: 94174-21700