ਅੱਛੀ-ਖਾਸੀ ਦੁਨੀਆ...

ਅੱਛੀ-ਖਾਸੀ ਦੁਨੀਆ...

ਜਗਦੀਪ ਸਿੱਧੂ

ਹ ਸਚਾਈ ਹੈ ਕਿ ਦੁਨੀਆ ਦੇਖਣ ਲਈ ਤੁਰਨਾ-ਫਿਰਨਾ ਪੈਂਦਾ ਹੈ। ਤੁਰਨ-ਫਿਰਨ ਤੋਂ ਭਾਵ ਵਿਚਰਨ ਤੋਂ ਹੈ ਪਰ ਅਨੁਭਵ ਨੇ ਵੀ ਬਦਲਦੇ ਰਹਿਣਾ ਹੁੰਦਾ ਹੈ। ਹੁਣ ਅਲੱਗ ਤਰ੍ਹਾਂ ਦੇ ਤਜਰਬੇ ਸਾਹਮਣੇ ਆ ਰਹੇ ਨੇ। ਤੁਸੀਂ ਘਰ ਬੈਠੇ ਵੀ ਦੁਨੀਆ ਦੇਖ ਰਹੇ ਹੋ; ਹਾਂ! ਇਹ ਦੁਨੀਆ, ਇਹ ਸੱਚ ਹੋਰ ਕਿਸਮ ਦਾ ਹੋ ਸਕਦਾ ਹੈ। ਤੁਸੀਂ ਬਾਹਰ ਵਿਚਰੇ ਬਿਨਾ ਸੁਹਾਵਣੇ ਦ੍ਰਿਸ਼, ਬੁਰੇ ਦ੍ਰਿਸ਼ ਨਹੀਂ ਦੇਖ ਸਕਦੇ ਪਰ ਦੁਨੀਆ ਦਾ ਸੋਹਣਾ ਚਿਹਰਾ, ਕਰੂਰ ਚਿਹਰਾ ਤੁਸੀਂ ਘਰ ਬੈਠੇ ਵੀ ਦੇਖ ਸਕਦੇ ਹੋ। ਛੇ ਮਹੀਨਿਆਂ ਤੋਂ ਕਰੋਨਾ ਨੇ ਘਰ ਬੈਠਿਆਂ ਬਹੁਤ ਦੁਨੀਆ ਦਿਖਾ ਦਿੱਤੀ ਹੈ।

ਇਸੇ ਤਰ੍ਹਾਂ ਮੈਂ ਕਈ ਸਾਲ ਪਿੱਛੇ ਚਲਾ ਜਾਂਦਾ ਹਾਂ, ਜਦ ਮੈਂ ਚਾਰ ਸਾਲ ਘਰ ਦੇ ਕਮਰਿਆਂ ਤੋਂ ਮੁੱਖ ਗੇਟ ਤੱਕ ਹੀ ਗਿਆ ਸਾਂ। ਬਹੁਤ ਦੁਨੀਆ ਦੇਖੀ ਤਦ। ਅਜੀਬ ਤਰ੍ਹਾਂ ਦੀ ਅਸੁਰੱਖਿਆ ਦੀ ਭਾਵਨਾ। ਘਰ ਦਾ ਕੋਈ ਦਰਵਾਜ਼ਾ ਵੀ ਜਿਵੇਂ ਜ਼ੋਰ ਦੀ ਵੱਜ ਕੇ ਤਾਹਨਾ ਮਾਰਦਾ ਹੋਵੇ। ਕਰੀਬੀ ਲੋਕ ਜ਼ਿੰਦਗੀ ਵਿਚੋਂ ਤੁਰਨ ਲੱਗੇ। ਸਰੀਰ ਦੇ ਸਭ ਤੋਂ ਕਮਜ਼ੋਰ ਅੰਗ, ਵਾਲ਼ ਸਭ ਤੋਂ ਪਹਿਲਾਂ ਝੜਨ ਲੱਗੇ। ਹੁਣ ਵੀ ਝੜਦੇ     ਰਹਿੰਦੇ ਨੇ। ਘਰ ਦੇ ਸਾਹਮਣੇ ਗਲੀ ਤੋਂ ਬਾਅਦ ਦਸਮੇਸ਼ ਸਕੂਲ ਦੀ ਕੰਧ ਹੈ, ਅੰਦਰ ਗੁਲਮੋਹਰ ਲੱਗਿਆ ਹੋਇਆ ਹੈ। ਮੈਂ ਉੱਥੇ ਹੀ ਪੜ੍ਹਿਆ, ਬਸ ਉਹਨੂੰ ਦੇਖਣ ਗੇਟ ਤਕ ਜਾਂਦਾ ਸੀ। ਉਹ ਮੈਨੂੰ ਆਪਣਾ ਸਹਿਪਾਠੀ ਲੱਗਦਾ। ਤਪਸ਼ ਵਿਚ ਹੋਰ ਵੀ ਨਿਖਰਦਾ ਲੱਗਦਾ।

ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਲੋਕਾਂ ਨੇ ਮੇਰੇ ਵਾਂਗ ਘਰ ਰਹਿ ਕੇ, ਇਕ ਕਮਰੇ ਤੋਂ ਦੂਜੇ ਕਮਰੇ ਦੇ ਸਫ਼ਰ ਵਿਚ ਬਹੁਤ ਦੁਨੀਆ ਦੇਖ ਲਈ ਹੋਣੀ ਹੈ। ਅਸੀਂ ਕਿੰਨੇ ਇਕੱਲੇ ਹਾਂ, ਕੋਈ ਕਿੰਨੀ ਹੱਦ ਤਕ ਸਾਡੇ ਨਾਲ ਹੈ। ਸਾਡੀ ਉਮਰ ਵਿਚ ਇਹ ਪਹਿਲੀ ਵਾਰ ਹੋਇਆ ਹੈ, ਜਿਨ੍ਹਾਂ ਦੇ ਮੂੰਹ ਢਕੇ ਹੋਏ ਨੇ, ਉਹ ਲੁੱਟੇ ਜਾ ਰਹੇ ਨੇ! ਲੌਕਡਾਊਨ ਕਰ ਕੇ ਲੋਕਾਂ ਦਾ ਬਲੱਡ ਪ੍ਰੈਸ਼ਰ ਵਧ ਗਿਆ ਹੈ। ਘਰ ਅੰਦਰਲੇ ਸਫ਼ਰ ਨੇ ਲੋਕ ਤੋੜ, ਥਕਾ ਦਿੱਤੇ ਨੇ। ਦੋਸਤ ਦੀ ਘਰਵਾਲੀ ਦਾ ਫੋਨ ਆਉਂਦਾ ਹੈ: “ਇਹ ਫ਼ਿਕਰਮੰਦ ਨੇ, ਨੌਕਰੀ ਛੁੱਟ ਗਈ, ਘਰ ਦੀਆਂ ਕਿਸ਼ਤਾਂ ਫਸ ਗਈਆਂ, ਘਰ ਰਹਿਣ ਕਰ ਕੇ ਘਰ ਛੁੱਟ ਰਿਹੈ।”

ਇਕ ਦਿਨ ਪਤਨੀ ਨੂੰ ਬੁਖ਼ਾਰ ਹੁੰਦਾ ਹੈ। ਉਹ ਕਮਜ਼ੋਰੀ ਮਹਿਸੂਸ ਕਰਦੀ ਹੈ। ਖ਼ੁਦ ਨੂੰ ਇਕ ਕਮਰੇ ਵਿਚ ਮਹਿਦੂਦ ਕਰ ਲੈਂਦੀ ਹੈ। ਘਰ ਨਾਲੋਂ ਇਕ ਕਮਰਾ ਕੱਟਦਾ ਨਹੀਂ, ਜੁੜ ਜਾਂਦਾ ਹੈ। ਧੀ ਨੂੰ ਉੱਧਰ ਜਾਣ ਵੰਨੀਓਂ ਰੋਕ ਰੋਕ ਰੱਖਦਾਂ। ... ਹੌਲ਼ੀ ਹੌਲ਼ੀ ਮੈਨੂੰ ਵੀ ਬੁਖ਼ਾਰ ਘੇਰ ਲੈਂਦਾ ਹੈ। ਟੈਸਟ ਕਰਵਾਏ ਜਾਂਦੇ ਨੇ। ਕਰੋਨਾ ਪਾਜ਼ੇਟਿਵ। ਧੀ ਸੁੱਤੀ ਪਈ ਹੁੰਦੀ ਹੈ, ਜਾਗਦਾ ਉਹਦਾ ਕਰੋਨਾ ਵੀ ਨਹੀਂ ਆਖ਼ਰ ਤਕ।

17 ਦਿਨ ਕੁਆਰੰਟੀਨ। ਤਿੰਨ ਟਾਈਮ ਭਾਫ਼। ਦੋ ਟਾਈਮ ਗਰਾਰੇ। ਵਿਟਾਮਿਨ ਏ, ਸੀ, ਈ। ਬੈੱਡ ਤੋਂ ਹਿੱਲਣਾ ਨਹੀਂ। ਬੱਚੇ ਹੀ ਬਣ ਗਏ, ਗਿਣਤੀਆਂ-ਮਿਣਤੀਆਂ ਨਾਲ ਅੱਖਰ। ... ਪਹਿਲੀ ਵਾਰ ਅਜੀਬ ਜਿਹੀ ਬੇਚੈਨੀ ਦੇਖੀ, ਤੋੜ, ਪਾਸੇ ਮਾਰੀ ਜਾਣੈ। ਪੈਰਾਂ ਨਾਲ ਨਹੀਂ, ਸਾਰੇ ਸਰੀਰ ਨਾਲ ਸਫ਼ਰ। ਘਰ ਦੀ ਘੰਟੀ ਕਿੰਨੇ ਦਿਨਾਂ ਤੋਂ ਬਿਲਕੁਲ ਨਹੀਂ ਵੱਜੀ ਪਰ ਕੋਈ ਨਾ ਕੋਈ ਬਦਲ (ਵਿਕਲਪ) ਹੁੰਦਾ ਹੈ। ਦੋਸਤਾਂ ਰਿਸ਼ਤੇਦਾਰਾਂ ਨੇ ਟੈਲੀਫ਼ੋਨ ਦੀ ਘੰਟੀ ਵਜਾ ਕੇ ਹੌਸਲਾ ਦਿੱਤਾ। ਇਨ੍ਹਾਂ ਦਿਨਾਂ ਵਿਚ ਲੱਗਿਆ ਇਹ ਵੀ ਇਕ ਯੁੱਧ ਹੀ ਹੈ। ਕਵੀ ਯੇਹੂਦਾ ਅਮੀਖ਼ਾਈ ਦੀਆਂ ਕਾਵਿ ਸਤਰਾਂ ਚੇਤੇ ਆਉਂਦੀਆਂ ਨੇ: ਮੈਂ ਸਿੱਖਿਆ ਯੁੱਧਾਂ ਤੋਂ/ਸਮੇਂ ਅੰਦਰ ਪਰੇਡ ਕਰਨਾ/ਤੇ ਲਹਿਰਾਉਣਾ ਆਪਣੇ ਹੱਥਾਂ ਪੈਰਾਂ ਨੂੰ/ਲੁਕ ਜਾਣਾ ਸਰਹਾਣੇ ’ਚ/ਬਿਸਤਰ ਤੇ ਇਕ ਪਿਆਰੀ ਔਰਤ ਦੇ ਜਿਸਮ ’ਚ/ਤੇ ਹੋਰ ਕੀ ਸਿੱਖਿਆ/ਮੈਂ ਪਿੱਛੇ ਹਟਣ ਲਈ ਸੁਰੱਖਿਅਤ ਰਾਹ ਰੱਖਣਾ ਸਿੱਖਿਆ। ਇਸ ਤੋਂ ਭਾਵ ਛੋਟੀ ਥਾਂ ਵਿਚ ਤੁਸੀਂ ਖੁਦ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਉਂਝ ਵੀ ਸੱਤਾ ਦਾ ਨੁਮਾਇੰਦਾ ਪਤਾ ਨਹੀਂ ਰਾਤ ਨੂੰ ‘ਅੱਠ’ ਵਜੇ ਕਿਹੜਾ ਐਲਾਨ ਕਰ ਦੇਵੇ, ਤੇ ਲੁਕਾਈ ਨੂੰ ਮੁਸੀਬਤ ਵਿਚ ਪਾ ਦੇਵੇ। ਮੈਨੂੰ ਟੀਵੀ ਤੇ ਚੱਲਦੀ ਰਹੀ ਸ਼ਰਾਬ ਦੀ ਪੁਰਾਣੀ ਮਸ਼ਹੂਰੀ 8 ਪੀਐੱਮ ਯਾਦ ਆਉਂਦੀ ਹੈ ਜਿਸ ਵਿਚ ਅਭਿਨੇਤਾ ‘ਆਠ ਕੇ ਠਾਠ’ ਕਹਿੰਦਾ ਹੈ। ਸਾਡਾ ਨੇਤਾ ਵੀ ਅਭਿਨੇਤਾ ਹੈ। ‘ਆਠ’ ਦੇ ਨਾਮ ਤੇ ਠਾਠ ਲੈਂਦਾ ਨਜ਼ਰ ਆਉਂਦਾ ਹੈ ਤਾਂ ਕਿ ਲੋਕ ਉਲਝੇ ਰਹਿਣ ਅਤੇ ਉਸ ਦੀਆਂ ਕਾਰਗੁਜ਼ਾਰੀਆਂ ਭੁੱਲ ਜਾਣ।

ਘਰ ਦੇ ਵਿਹੜੇ ਵਿਚ ਤੁਰ ਕੇ, ਪਤਾ ਨਹੀਂ ਕਿੱਥੇ ਕਿੱਥੇ ਜਾ ਆਇਆ। ਪਿਛਾਂਹ ਵੀ ਗਿਆ ਅਤੀਤ  ਵਿਚ। ਯਾਦਾਂ ਤੁਹਾਨੂੰ ਤੰਗ ਤਾਂ ਕਰਦੀਆਂ ਨੇ ਪਰ ਤੁਸੀਂ ਵੱਖਰਾ ਅਨੁਭਵ ਹਾਸਲ ਕਰਦੇ ਹੋ। ਪਿਛਾਂਹ ਤੁਰਨਾ, ਦੌੜਨਾ ਤੁਹਾਨੂੰ ਸਰੀਰਕ ਤੌਰ ਤੇ ਵੀ ਔਖਾ ਤਾਂ ਕਰਦਾ ਪਰ ਇਸ ਗੱਲ ਦਾ ਮੈਨੂੰ ਨਿਜੀ ਤੌਰ ਤੇ ਅਨੁਭਵ ਹੈ। ਕਸਰਤ ਕਰਦੇ ਸਮੇਂ, ਬੈਕ ਰਨਇੰਗ (ਪਿਛਾਂਹ ਦੌੜਨਾ) ਵਕਤ ਤੁਸੀਂ ਔਖੇ ਤਾਂ ਹੁੰਦੇ ਹੋ ਪਰ ਇਸ ਨਾਲ ਤੁਹਾਡੇ ਸਰੀਰ ਵਿਚ ਤਾਜ਼ਗੀ, ਜਾਨ ਪੈਦਾ ਹੁੰਦੀ ਹੈ। ਉਹ ਤੁਹਾਡੇ ਅੱਗੇ ਤੁਰਨ ਵੇਲ਼ੇ ਕੰਮ ਆਉਂਦੀ ਹੈ, ਤੁਸੀਂ ਹੌਲ਼ੇ ਹੌਲ਼ੇ ਮਹਿਸੂਸ ਕਰਦੇ ਹੋ। ਇਹ ਗੱਲਾਂ ਮਾਨਸਿਕ, ਸਰੀਰਕ ਦੋਵਾਂ ਤੇ ਲਾਗੂ ਹੁੰਦੀਆਂ ਨੇ। ਊਰਦੂ ਦੇ ਬਾਕਮਾਲ ਸ਼ਾਇਰ ਸ਼ਾਰਿਕ ਕੈਫ਼ੀ ਦੇ ਇਸ ਸ਼ਿਅਰ ਨਾਲ ਇਹ ਲੇਖ ਬੰਦ ਕਰਦਾ ਹਾਂ:

ਅੱਛੀ-ਖ਼ਾਸੀ ਦੁਨੀਆ ਦੇਖੀ ਹੈ ਮੈਨੇ

ਕਮਰੇ ਸੇ ਦਾਲਾਨ ਮੇਂ ਆਤਾ ਰਹਤਾ ਹੂੰ।

ਸੰਪਰਕ: 82838-26876

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All