DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆ ਗੁਜ਼ਰਿਆ

ਮੇਰੀ ਪਤਨੀ ਦੇ ਨੱਕ ’ਤੇ ਸਹਿਜ ਕਿਤੇ ਕੋਈ ਚੜ੍ਹਦਾ ਨਹੀਂ ਹੈ। ਕੱਪੜੇ ਪ੍ਰੈੱਸ ਕਰਨ ਵਾਲੇ ਧੋਬੀ ਤਿੰਨ ਬਦਲੇ ਹਨ। ਪਹਿਲਾਂ ਘਰ ਦੇ ਖੱਬੇ ਲੱਗਦੇ ਛੋਟੇ ਪਾਰਕ ਕੋਲ ਬੈਠੇ ਧੋਬੀ ਨੂੰ ਕੱਪੜੇ ਦੇਣੇ ਬੰਦ ਕੀਤੇ ਸਨ। ਫਿਰ ਘਰ ਦੇ ਕਾਫ਼ੀ ਪਰ੍ਹੇ...

  • fb
  • twitter
  • whatsapp
  • whatsapp
Advertisement

ਮੇਰੀ ਪਤਨੀ ਦੇ ਨੱਕ ’ਤੇ ਸਹਿਜ ਕਿਤੇ ਕੋਈ ਚੜ੍ਹਦਾ ਨਹੀਂ ਹੈ। ਕੱਪੜੇ ਪ੍ਰੈੱਸ ਕਰਨ ਵਾਲੇ ਧੋਬੀ ਤਿੰਨ ਬਦਲੇ ਹਨ। ਪਹਿਲਾਂ ਘਰ ਦੇ ਖੱਬੇ ਲੱਗਦੇ ਛੋਟੇ ਪਾਰਕ ਕੋਲ ਬੈਠੇ ਧੋਬੀ ਨੂੰ ਕੱਪੜੇ ਦੇਣੇ ਬੰਦ ਕੀਤੇ ਸਨ। ਫਿਰ ਘਰ ਦੇ ਕਾਫ਼ੀ ਪਰ੍ਹੇ ਵਾਲੇ ਵੱਡੇ ਪਾਰਕ ਨੇੜੇ ਬੈਠੇ ਧੋਬੀ ਨੂੰ ਹਟਾ ਦਿੱਤਾ। ਮੇਰੇ ਘਰ ਦੇ ਪਿਛਲੇ ਪਾਸੇ ਵਾਲਾ ਪਲਾਟ ਖ਼ਾਲੀ ਪਿਆ ਹੈ, ਜਿਥੇ ਇੱਕ ਧੋਬੀ ਬੈਠਦਾ ਹੈ। ਹੁਣ ਪਿਛਲੇ ਡੇਢ ਸਾਲ ਤੋਂ ਉਹ ਕੱਪੜੇ ਲਿਜਾ ਰਿਹਾ ਹੈ। ਉਹਦੀ ਕਲਾਸ ਵੀ ਹਰ ਦੂਜੇ-ਚੌਥੇ ਦਿਨ ਲੱਗੀ ਰਹਿੰਦੀ ਹੈ। ਕਦੇ ਕਰੀਜ਼ ਸਿੱਧੀ ਨਹੀਂ ਬਿਠਾਈ ਅਤੇ ਕਦੇ ਪੈਂਟ ਉੱਪਰ ਤੋਂ ਪ੍ਰੈੱਸ ਨਹੀਂ ਕੀਤੀ। ਧੋਬੀ ਫਿਰ ਵੀ ਖੁਸ਼ ਹੈ। ਅਕਸਰ ਕਹਿ ਦਿੰਦਾ ਹੈ ਕਿ ਜਦੋਂ ਤੋਂ ਤੁਹਾਡੇ ਪਿੱਛੇ ਵਾਲੀ ਕੰਧ ਨਾਲ ਆ ਝੁੱਗੀ ਪਾਈ ਹੈ, ਮੇਰਾ ਕੰਮ ਕਿਤੇ ਜ਼ਿਆਦਾ ਵਧਿਆ-ਫੁੱਲਿਆ ਹੈ। ਪਤਨੀ ਨੂੰ ਪਹਿਲਾਂ ਤਾਂ ਕੰਮ ਵਾਲੀ ਦਾ ਪੋਚਾ ਪਸੰਦ ਨਹੀਂ ਆਉਂਦਾ। ਜੇ ਕੋਈ ਉਹਦੀ ਮੰਨ ਕੇ ਟਿਕ ਜਾਵੇ ਤਾਂ ਫਿਰ ਕੰਮ ਛੱਡ ਕੇ ਜਾਂਦੀ ਨਹੀਂ। ਉਸ ਨੂੰ ਫਰਸ਼ ਚਮਕਦਾ ਚਾਹੀਦਾ ਹੈ। ਪੋਚਾ ਲੱਗਣ ਤੋਂ ਬਾਅਦ ਪਾਣੀ ਦੀ ਕੋਈ ਘਰਾਲ ਨਹੀਂ ਦਿਸਣੀ ਚਾਹੀਦੀ। ਫਿਰ ਚਾਹੇ ਕੰਮ ਵਾਲੀ ਮੂੰਹ ਮੰਗੇ ਪੈਸੇ ਲੈ ਲਵੇ। ਉਹ ਕੰਮ ਵਾਲੀਆਂ ਦਾ ਧਿਆਨ ਵੀ ਵਾਹਵਾ ਰੱਖਦੀ ਹੈ। ਉਸਦਾ ਸਵੇਰ ਦਾ ਨਾਸ਼ਤਾ ਸਾਡੇ ਵੱਲ ਹੁੰਦਾ ਹੈ। ਸਵੇਰੇ ਸਾਝਰੇ ਆਉਣ ਵੇਲੇ ਚਾਹ ਨਾਲ ਬਿਸਕੁਟ। ਨਵਾਂ ਪੁਰਾਣਾ ਕੱਪੜਾ ਵੀ ਦੇਈ ਰੱਖਦੀ ਹੈ। ਪੋਚਾ ਮਾਰਨ ਵੇਲੇ ਕੋਈ ਉਕਾਈ ਕਰੇ ਤਾਂ ਸਹੀ, ਉਹਦੀ ਬਾਜ਼ ਅੱਖ ਇਕਦਮ ਉਸੇ ਥਾਂ ਜਾ ਟਿਕਦੀ ਹੈ। ਪੋਚਾ ਵੱਜਣ ਵੇਲੇ ਘਰ ਵਿੱਚ ਇੱਕ ਤਰ੍ਹਾਂ ਨਾਲ ਕਰਫ਼ਿਊ ਲੱਗ ਜਾਂਦਾ ਹੈ। ਸਭ ਦੀ ਸ਼ਾਮਤ ਆਈ ਰਹਿੰਦੀ ਹੈ। ਜਦੋਂ ਤੱਕ ਪੋਚਾ ਸੁੱਕ ਨਾ ਜਾਵੇ ਸਭ ਨੂੰ ਜਿੱਥੇ ਹੈ ਉੱਥੇ ਟਿਕ ਕੇ ਬੈਠਣ ਦਾ ਘੁੱਗੂ ਵੱਜ ਜਾਂਦਾ ਹੈ। ਜਦੋਂ ਉਹਨੂੰ ਫਿਰ ਵੀ ਸਬਰ ਨਾ ਆਵੇ ਤਾਂ ਉਹ ਕੰਮ ਵਾਲੀ ਦੇ ਜਾਣ ਮਗਰੋਂ ਪੋਚਾ ਚੁੱਕ ਕੇ ਫਰਸ਼ ਆਪ ਰਗੜਨ ਲੱਗ ਪੈਂਦੀ ਹੈ।

ਕਾਰ ਧੋਣ ਵਾਲੇ ਦਾ ਜ਼ਿਆਦਾ ਵਾਹ ਮੇਰੇ ਨਾਲ ਪੈਂਦਾ ਹੈ। ਪਰ ਲੰਘਦੀ-ਵੜਦੀ ਉਹ ਕਾਰ ਵਾਲੇ ਨੂੰ ਮੂਹਰਲੇ ਸ਼ੀਸ਼ੇ ਉੱਤੇ ਸੁੱਕੀ ਅਖ਼ਬਾਰ ਫੇਰਨ ਦਾ ਹੁਕਮ ਜਾਰੀ ਕਰ ਜਾਂਦੀ ਹੈ। ਕੂੜਾ ਚੁੱਕਣ ਵਾਲਾ ਉਸ ਦੇ ਅਕਸਰ ਅੜਿੱਕੇ ਆਇਆ ਰਹਿੰਦਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਤੱਕ ਉਹ ਦੂਜਿਆਂ ਦੇ ਕੰਮ ਉੱਤੇ ਆਪਣਾ ਹੱਥ ਨਾ ਫੇਰ ਦੇਵੇ, ਉਹਦੀ ਤਸੱਲੀ ਨਹੀਂ ਹੁੰਦੀ। ਰਸੋਈ ਸ਼ੀਸ਼ੇ ਵਾਂਗ ਚਮਕਦੀ ਹੋਣੀ ਚਾਹੀਦੀ ਹੈ। ਭਾਂਡਿਆਂ ਨੂੰ ਧੋਣ ਵੇਲੇ ਪੂਰੀ ਸੁੱਚਮਤਾ ਹੋਵੇ। ਕੰਮ ਵਾਲੀ ਜਦੋਂ ਕੰਮ ਮੁਕਾ ਕੇ ਜਾਂਦੀ ਹੈ ਤਾਂ ਪਿਛਲੇ ਵਿਹੜੇ ਦੇ ਦਰਵਾਜ਼ੇ ਤੋਂ ਮੂਹਰਲੇ ਗੇਟ ਤੱਕ ਉਸ ਨੂੰ ਗਿੱਲੇ ਪੈਰਾਂ ਦੇ ਨਿਸ਼ਾਨ ਵਾਲੀਆਂ ਥਾਵਾਂ ਉੱਤੇ ਪੋਚਾ ਲਾਏ ਬਗ਼ੈਰ ਚੈਨ ਨਹੀਂ ਪੈਂਦੀ।

Advertisement

ਪਿੱਛੇ ਜਿਹੇ ਹੀ ਘਰ ਨੂੰ ਰੰਗ ਰੋਗਨ ਕਰਵਾਇਆ ਹੈ। ਹੁਣ ਉਹਨੂੰ ਲੱਗਣ ਲੱਗਾ ਹੈ ਕਿ ਘਰ ਬਣਾਉਣ ਵੇਲੇ ਫਰਸ਼ ਦੀ ਰਗੜਾਈ ਵਾਲਾ ਠੇਕੇਦਾਰ ਘਪਲਾ ਕਰ ਗਿਆ ਸੀ। ਉਸ ਨੇ ਰਗੜਾਈ ਕਰਨ ਵਾਲੇ ਮੁੰਡੇ ਨੂੰ ਘਰ ਬੁਲਾ ਲਿਆ। ਉਸ ਨੇ ਰਗੜਾਈ ਦਾ ਕੰਮ ਆਪਣੇ ਠੇਕੇਦਾਰ ਚਾਚੇ ਕੋਲੋਂ ਸਿੱਖਿਆ ਸੀ। ਜਦੋਂ ਦਾ ਉਹਦਾ ਚਾਚਾ ਯੂ ਪੀ ਗਿਆ ਹੈ ਤਾਂ ਉਹ ਇਕੱਲਾ ਹੀ ਕੰਮ ਕਰਨ ਲੱਗਾ ਹੈ। ਉਸ ਨੂੰ ਦੂਜੇ ਦੇ ਕੰਮ ਉੱਤੇ ਨਾ ਤਸੱਲੀ ਹੈ ਅਤੇ ਨਾ ਹੀ ਉਸਦੇ ਦਿਲ ਨੂੰ ਭਾਉਂਦਾ ਹੈ। ਉਸ ਦੇ ਐੱਮ ਏ ਦੇ ਦੂਜੇ ਸਮੈਸਟਰ ਦੇ ਪੇਪਰ ਅਗਲੇ ਮਹੀਨੇ ਸ਼ੁਰੂ ਹੋਣੇ ਹਨ। ਇਸ ਕਰ ਕੇ ਉਹ ਸਾਡੇ ਘਰ ਰਗੜਾਈ ਦਾ ਕੰਮ ਸ਼ੁਰੂ ਕਰਨ ਦੀ ਕਾਹਲ ਵਿੱਚ ਹੈ‌, ਪਰ ਮੇਰੀ ਪਤਨੀ ਨੂੰ ਲੱਗਦਾ ਹੈ ਕਿ ਪਿਛਲਾ ਪੇਂਟ ਵਾਲਾ ਖਿਲਾਰਾ ਮਸਾਂ ਸਮੇਟਿਆ ਗਿਆ ਹੈ, ਇਸ ਕਰ ਕੇ ਰਗੜਾਈ ਦਾ ਕੰਮ ਅੱਗੇ ਪਾ ਦਿੱਤਾ ਜਾਵੇ। ਉਹ ਜਦੋਂ ਪੇਪਰਾਂ ਤੋਂ ਪਹਿਲਾਂ ਕੰਮ ਨਿਬੇੜਨ ਦੀ ਗੱਲ ਦੁਹਰਾਉਂਦਾ ਹੈ ਤਾਂ ਮੇਰੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਜੇ ਤੈਨੂੰ ਸੌ ਦੋ ਸੌ ਦੀ ਲੋੜ ਹੈ ਤਾਂ ਇਉਂ ਹੀ ਲੈ ਜਾ। ਉਸ ਦਾ ਅੱਗਿਓਂ ਜਵਾਬ ਹੁੰਦਾ ਹੈ, ‘ਮੈਡਮ, ਮੈਂ ਇਤਨਾ ਗਿਆ ਗੁਜ਼ਰਾ ਨਹੀਂ, ਮੁਝੇ ਐਸਾ ਸੁਨਨਾ ਅੱਛਾ ਨਹੀਂ ਲਗਤਾ।’’ ਫਿਰ ਉਹ ਦੱਸਦਾ ਹੈ ਕਿ ਸਵੇਰੇ ਰਗੜਾਈ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਂਢ-ਗੁਆਂਢ ਦੀਆਂ ਦਸ-ਬਾਰਾਂ ਕਾਰਾਂ ਧੋ ਲੈਂਦਾ ਹੈ। ਉਹ ਹਰ ਮਹੀਨੇ ਪੰਜਾਹ ਹਜ਼ਾਰ ਨੂੰ ਢੁਕ ਜਾਂਦਾ ਹੈ।

Advertisement

ਏਨੇ ਨੂੰ ਸਾਡੇ ਘਰੋਂ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕ ਦਾ ਛੇਵੀਂ ਵਿੱਚ ਪੜ੍ਹਦਾ ਮੁੰਡਾ ਮੈਨੂੰ ਆ ਹਲੂਣਦਾ ਹੈ, ਜਿਹੜਾ ਅੱਜ ਆਪਣੇ ਬਾਪ ਦੀ ਥਾਂ ਸਵੇਰੇ ਕੂੜਾ ਚੁੱਕਣ ਆਇਆ ਸੀ। ਉਸ ਦਾ ਮਿਹਨਤ ਕਰਨਾ ਮੈਨੂੰ ਚੰਗਾ ਹੀ ਨਹੀਂ ਲੱਗਿਆ ਸਗੋਂ ਮਨੋਂ ਉਹਦੇ ਲਈ ਪਿਆਰ ਵੀ ਜਾਗਿਆ। ਜਦੋਂ ਉਹ ਕੂੜਾ ਚੁੱਕਣ ਤੋਂ ਬਾਅਦ ਜਾਣ ਲਈ ਘਰ ਦਾ ਗੇਟ ਬੰਦ ਕਰਨ ਲੱਗਾ ਤਾਂ ਮੈਂ ਹਾਕ ਮਾਰ ਕੇ ਉਹਨੂੰ ਪੰਜਾਹ ਰੁਪਏ ਅਤੇ ਨਾਲ ਕਿਸੇ ਦੇ ਘਰੋਂ ਆਇਆ ਮਠਿਆਈ ਦਾ ਡੱਬਾ ਦਿੰਦਿਆਂ ਕਿਹਾ ਕਿ ਰਾਹ ਵਿੱਚ ਕੁਝ ਖਾ ਲਈਂ, ਪਰ ਪਾਪਾ ਨੂੰ ਨਾ ਦੱਸਣਾ। ਉਹ ਇਕਦਮ ਗੇਟ ਬੰਦ ਕਰ ਕੇ ਇਹ ਕਹਿੰਦਾ ਤੁਰ ਗਿਆ, ‘‘ਅੰਕਲ, ਮੈਂ ਗ਼ਰੀਬ ਹਾਂ, ਗਿਰਿਆ ਹੋਇਆ ਨਹੀਂ।’’ ਹਾਲੇ ਬੱਚੇ ਦੀ ਗੱਲ ਮੁੱਕੀ ਵੀ ਨਹੀਂ ਸੀ ਕਿ ਮੇਰਾ ਬੇਟਾ ਮੇਰੇ ਕੰਨ ਵਿੱਚ ਆ ਕੇ ਕਹਿੰਦਾ ਹੈ, ‘‘ਪਾਪਾ, ਪਾਸਪੋਰਟ ਦੀ ਵੈਰੀਫਿਕੇਸ਼ਨ ਕਰਨ ਆਇਆ ਮੁਲਾਜ਼ਮ ਪੰਜ ਸੌ ਦੇ ਨੋਟ ਲਈ ਅੜਿਆ ਬੈਠਾ ਹੈ। ਇੱਕ ਹਰਾ ਨੋਟ ਦੇ ਕੇ ਉਹਨੂੰ ਤੁਰਦਾ ਕਰੋ।’’ ਮੈਂ ਲੜਖੜਾਉਂਦੇ ਪੈਰੀਂ ਅੰਦਰ ਨੂੰ ਹੋ ਤੁਰਿਆ।

ਸੰਪਰਕ: 98147-34035

Advertisement
×