ਇੰਦਰਜੀਤ ਭਲਿਆਣ
“ਉਹ ਹੋ… ਅਜੇ ਤਾਂ ਅੱਧਾ ਵੀ ਨਹੀਂ ਹੋਇਆ ਮੈਚ, ਬਿਜਲੀ ਚਲੇ ਵੀ ਗਈ।” ਮੈਂ ਬੁੜ ਬੁੜ ਕਰਦਾ ਨਾਲ ਬੈਠੀ ਨਿੱਕੀ ਭੈਣ ਵੱਲ ਇਉਂ ਦੇਖਣ ਲੱਗਦਾ ਹਾਂ ਜਿਵੇਂ ਇਹ ਉਸ ਦਾ ਕਸੂਰ ਹੋਵੇ। ਭੈਣ ਨੂੰ ਮੈਚ ਨਾਲ ਬੇਸ਼ੱਕ ਬਹੁਤਾ ਲਗਾਉ ਤਾਂ ਨਹੀਂ, ਸ਼ਾਇਦ ਉਹ ਮੇਰੀ ਤਸੱਲੀ ਲਈ ਨਾਲ ਬੈਠ ਜਾਂਦੀ ਹੈ। ਮੈਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਹੁਣ ਨਹੀਂ ਭਾਰਤ ਨੂੰ ਹਾਰਨ ਦਿੰਦੇ! ਅਸਲ ਵਿਚ ਮੈਚ ਦੌਰਾਨ ਖਿਡਾਰੀਆਂ ਦੀਆਂ ਗ਼ਲਤੀਆਂ ਦੀ ਅਸੀਂ ਤਿੱਖੀ ਨੁਕਤਾਚੀਨੀ ਕਰਦੇ ਰਹਿੰਦੇ ਹਾਂ, ਜਿਵੇਂ ਅਸੀਂ ਸਰੋਤੇ ਨਾ ਹੋ ਕੇ ਕੋਚ ਹੋਈਏ ਪਰ ਕਈ ਵਾਰ ਅਗਲੇ ਹੀ ਮੂਵ ਵਿਚ ਖਿਡਾਰੀ ਗ਼ਲਤੀ ਸੁਧਾਰ ਲੈਂਦਾ ਹੈ ਤੇ ਗੋਲ ਕਰ ਦਿੰਦਾ ਹੈ। ਜ਼ਾਹਿਰ ਹੈ ਕਿ ਸਾਨੂੰ ਬੇਹੱਦ ਤਸੱਲੀ ਹੁੰਦੀ ਹੈ ਪਰ ਇਥੇ ਤਾਂ ਭਾਣਾ ਹੀ ਹੋਰ ਵਰਤ ਗਿਆ, ਬਿਜਲੀ ਹੀ ਚਲੇ ਗਈ, ਹੁਣ ਟੀਮ ਦਾ ਬਣੂਗਾ ਕੀ?
1980 ਦੀਆਂ ਓਲੰਪਿਕ ਖੇਡਾਂ ਸੋਵੀਅਤ ਰੂਸ ਦੇ ਸ਼ਹਿਰ ਮਾਸਕੋ ਵਿਚ ਹੋਈਆਂ ਸਨ। ਅਮਰੀਕਾ ਤੇ ਉਸ ਦੇ ਮਿਤਰ ਮੁਲਕਾਂ ਨੇ ਇਨ੍ਹਾਂ ਖੇਡਾਂ ਦਾ ਬਾਈਕਾਟ ਕਰ ਦਿੱਤਾ। ਇਸ ਕਰਕੇ ਹਾਕੀ ਦੇ ਮੁਕਾਬਲੇ ਵੀ ਪਾਕਿਸਤਾਨ, ਹਾਲੈਂਡ, ਜਰਮਨੀ, ਆਸਟਰੇਲੀਆ, ਬਰਤਾਨੀਆ ਆਦਿ ਮੁਲਕਾਂ ਦੀ ਗੈਰਹਾਜ਼ਰੀ ਕਾਰਨ ਫਿੱਕੇ ਰਹੇ। ਭਾਰਤ ਸਮੇਤ ਕੁੱਲ ਛੇ ਟੀਮਾਂ ਨੇ ਹੀ ਸ਼ਿਰਕਤ ਕੀਤੀ। ਭਾਰਤ ਨੇ ਕਿਊਬਾ, ਤਨਜ਼ਾਨੀਆ ਅਤੇ ਸੋਵੀਅਤ ਰੂਸ ਦੀਆਂ ਟੀਮਾਂ ਨੂੰ ਤਾਂ ਅਸਾਨੀ ਨਾਲ ਮਾਤ ਦੇ ਦਿੱਤੀ ਪਰ ਪੋਲੈਂਡ ਤੇ ਸਪੇਨ ਦੀਆਂ ਟੀਮਾਂ ਨੇ ਸਖ਼ਤ ਟੱਕਰ ਦਿੰਦਿਆਂ ਮੈਚ ਬਰਾਬਰ ਰੱਖੇ। ਉਸ ਸਾਲ ਭਾਰਤ ਅਤੇ ਸਪੇਨ ਵਿਚਾਲੇ ਹਾਕੀ ਮੁਕਾਬਲਿਆਂ ਦਾ ਫਾਈਨਲ ਖੇਡਿਆ ਗਿਆ। ਜਸਦੇਵ ਸਿੰਘ ਅਤੇ ਉਨ੍ਹਾਂ ਦਾ ਸਾਥੀ ਕਮੈਂਟੇਟਰ ਰੇਡੀਓ ’ਤੇ ਬੇਹੱਦ ਜੋਸ਼ੀਲੀ ਆਵਾਜ਼ ਵਿਚ ਮੈਚ ਦਾ ਅੱਖੀਂ ਡਿੱਠਾ ਹਾਲ ਸੁਣਾ ਹੀ ਰਹੇ ਸਨ ਕਿ ਅਚਾਨਕ ਬਿਜਲੀ ਚਲੇ ਗਈ।
ਇਹ ਉਹ ਦੌਰ ਸੀ ਜਦੋਂ ਚੰਡੀਗੜ੍ਹ ’ਚ ਮਕਾਨ ਉਸਾਰੀ ਵਿਭਾਗ ਨਵੇਂ ਸੈਕਟਰਾਂ ’ਚ ਫਲੈਟਾਂ ਦੀ ਧੜਾ-ਧੜ ਉਸਾਰੀ ਕਰਵਾ ਰਿਹਾ ਸੀ। ਘੱਟ ਆਮਦਨ ਵਰਗ ਲਈ ਬਣਾਏ ਜਾ ਰਹੇ ਇਹ ਫਲੈਟ ਆਮ ਲੋਕਾਂ ਦੀ ਪਹੁੰਚ ’ਚ ਸਨ। ਇਹ ਲੰਮੇ ਸਮੇਂ ਦੀਆਂ ਕਿਸ਼ਤਾਂ ’ਤੇ ਮਿਲ ਸਕਦੇ ਸਨ, ਸੋ ਮੱਧ ਆਮਦਨ ਵਰਗ ਨੇ ਇਨ੍ਹਾਂ ਲਈ ਦਿਲਚਸਪੀ ਦਿਖਾਈ। ਅੱਜ ਸੋਚਿਆ ਵੀ ਨਹੀਂ ਜਾ ਸਕਦਾ ਕਿ ਵੀਹ-ਬਾਈ ਹਜ਼ਾਰ ਰੁਪਏ ਵਿਚ ਐੱਲਆਈਜੀ ਫਲੈਟ ਮਿਲ ਜਾਂਦਾ ਹੋਵੇਗਾ! ਬੱਸ ਇਕੋ ਮੁਸੀਬਤ ਸੀ ਕਿ ਨਵੇਂ ਬਣ ਰਹੇ ਸੈਕਟਰਾਂ ਵਿਚ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਹੁੰਦੀ ਸੀ। ਸਕੂਲ, ਸੜਕਾਂ, ਡਿਸਪੈਂਸਰੀ, ਪਾਰਕ, ਪਾਣੀ ਆਦਿ ਦੀ ਘਾਟ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਸੀਂ ਵੀ ਇਨ੍ਹਾਂ ਦਿਨਾਂ ਵਿਚ ਅਜਿਹੇ ਹੀ ਨਵੇਂ ਬਣ ਰਹੇ ਸੈਕਟਰ ਦੇ ਇਕ ਫਲੈਟ ਵਿਚ ਕਿਰਾਏ ’ਤੇ ਰਹਿ ਰਹੇ ਸਾਂ। ਬਾਕੀ ਦਿੱਕਤਾਂ ਦੇ ਨਾਲ ਨਾਲ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਸੀ। ਨੁਕਸ ਪਿਆ ਹੀ ਰਹਿੰਦਾ ਸੀ। ਉਸ ਦਿਨ ਵੀ ਇਹੋ ਹੋਇਆ। ਫਾਈਨਲ ਮੈਚ ਸ਼ੁਰੂ ਹੋਏ ਅਜੇ ਕੁਝ ਮਿੰਟ ਹੀ ਹੋਏ ਸਨ ਕਿ ਕਿਧਰੇ ਪਟਾਕਾ ਪਿਆ ਤੇ ਬਿਜਲੀ ਗੁੱਲ।
ਮਾਯੂਸੀ ਛਾ ਗਈ। ਸਮਝ ਨਹੀਂ ਸੀ ਆ ਰਿਹਾ, ਕੀਤਾ ਕੀ ਜਾਵੇ। ਅੱਜ ਕੱਲ੍ਹ ਤਾਂ ਕੋਈ ਮੁਸ਼ਕਿਲ ਨਹੀਂ, ਸੈੱਲ ਫੋਨ ’ਤੇ ਮੈਚ ਅਰਾਮ ਨਾਲ ਦੇਖਿਆ ਜਾ ਸਕਦਾ ਹੈ। ਬਾਜ਼ਾਰਾਂ ’ਚ ਟੀਵੀ ’ਤੇ ਮੈਚ ਚਲਦੇ ਰਹਿੰਦੇ ਹਨ। ਹੁਣ ਸੁਣਨ ਦੀ ਥਾਂ ਮੈਚ ਦੇਖੇ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਜਸਦੇਵ ਸਿੰਘ ਮੈਚ ਦਾ ਅੱਖੀਂ ਡਿੱਠਾ ਹਾਲ ਸੁਣਾਉਂਦੇ ਹੋਏ ਪੂਰਾ ਮੈਚ ਅੱਖਾਂ ਅੱਗੇ ਪਰੋਸ ਦਿੰਦੇ ਸਨ।… ਹੋਰ ਕੋਈ ਚਾਰਾ ਨਾ ਚਲਦਾ ਦੇਖ ਮੈਂ ਘਰ ਤੋਂ ਬਾਹਰ ਆ ਸੜਕ ’ਤੇ ਟਹਿਲਣ ਲੱਗਾ। ਮੈਚ ਹਾਲੇ ਕਾਫੀ ਪਿਆ ਸੀ ਤੇ ਕੋਈ ਜੁਗਾੜ ਨਹੀਂ ਸੀ ਬਣ ਰਿਹਾ। ਸੈਕਟਰ ’ਚ ਅਸੀਂ ਅਜੇ ਨਵੇਂ ਨਵੇਂ ਹੀ ਆਏ ਸਾਂ, ਨੇੜਲੇ ਘਰਾਂ ’ਚ ਜਾਣ-ਪਛਾਣ ਨਹੀਂ ਸੀ ਬਣੀ, ਇਸ ਲਈ ਕਿਸੇ ਘਰ ਦੀ ਘੰਟੀ ਵੀ ਨਹੀਂ ਸੀ ਖੜਕਾਈ ਜਾ ਸਕਦੀ। ਵੈਸੇ ਵੀ ਉਦੋਂ ਆਬਾਦੀ ਵਧੇਰੇ ਨਹੀਂ ਸੀ ਹੋਈ, ਕਾਫੀ ਫਲੈਟ ਖਾਲੀ ਸਨ। ਸਾਹਮਣੇ ਇਕ ਫਲੈਟ ’ਚੋਂ ਮੈਚ ਦੀ ਕਮੈਂਟਰੀ ਦੀ ਹਲਕੀ ਹਲਕੀ ਆਵਾਜ਼ ਸੁਣਾਈ ਦਿੱਤੀ। ਮੇਰੇ ਕੰਨ ਖੜ੍ਹੇ ਹੋ ਗਏ। ਸਮੱਸਿਆ ਇਹ ਸੀ ਕਿ ਇਸ ਘਰ ’ਚ ਜਾਈਏ ਕਿਵੇਂ? ਮੈਂ ਤੇਜ਼ਕਦਮੀ ਘਰ ਮੁੜ ਆਇਆ ਤੇ ਭੈਣ ਨੂੰ ਕੋਲ ਬੁਲਾ ਕੇ ਪੁੱਛਿਆ, “ਆਹ ਸਾਹਮਣੇ ਆਲ਼ੀ ਨਮੀਂ ਵਿਆਹੀ ਮੁਟਿਆਰ ਤੁਹਾਡੇ ਨਾਲ ਜਾਂਦੀ ਆ ਸ਼ਾਮੀਂ ਦੁੱਧ ਲੈਣ। ਉਨ੍ਹਾਂ ਦੇ ਘਰ ’ਚੋਂ ਮੈਚ ਦੀਆਂ ਆਵਾਜ਼ਾਂ ਆ ਰਹੀਆਂ। ਜਾ ਤੂੰ ਉਨ੍ਹਾਂ ਨੂੰ ਪੁੱਛ ਕੇ ਆ ਕਿ ਮੈਂ ਮੈਚ ਸੁਣਨ ਆ ਜਾਵਾਂ।” ਉਹ ਤੁਰੰਤ ਫਲੈਟ ਦੀਆਂ ਪੌੜੀਆਂ ਚੜ੍ਹ ਗਈ ਤੇ ਖੋਟੇ ਪੈਸੇ ਵਾਂਗ ਵਾਪਸ ਵੀ ਆ ਗਈ। ਕਹਿਣ ਲੱਗੀ, “ਵੀਰੇ ਮੈਂ ਸਾਰੀ ਗੱਲ ਦੱਸੀ, ਭਾਬੀ ਕਹਿੰਦੀ ਆ ਕਿ ਆਪਣਾ ਬਿਜਲੀ ਵਾਲ਼ਾ ਰੇਡੀਓ ਸਾਨੂੰ ਦੇ ਜਾ, ਸਾਡਾ ਸੈੱਲਾਂ ਵਾਲ਼ਾ ਲੈ ਜਾ ਤੇ ਕਮੈਂਟਰੀ ਸੁਣ ਲੋ, ਸਾਹਮਣੇ ਆਲ਼ੀ ਲਾਈਨ ਵਿਚ ਬਿਜਲੀ ਹੈਗੀ ਆ।”
ਅਸੀਂ ਮੁੜ ਤੋਂ ਮੈਚ ਨਾਲ਼ ਜੁੜ ਗਏ। ਸਾਡੀ ਟੀਮ ਬੇਸ਼ੱਕ ਅੱਗੇ ਚੱਲ ਰਹੀ ਸੀ ਪਰ ਸਪੇਨ ਦੇ ਹਮਲਾਵਰ ਖਿਡਾਰੀ ਵੀ ਵਾਰ ਵਾਰ ਧਾਵੇ ਬੋਲ ਰਹੇ ਸਨ। ਸਪੇਨ ਦੇ ਖਿਡਾਰੀ ਜੌਨ ਅਮਾਤ ਨੇ ਖਤਰਨਾਕ ਦਬਦਬਾ ਬਣਾ ਰੱਖਿਆ ਸੀ। ਅਜੇ ਦਸ ਕੁ ਮਿੰਟ ਹੀ ਮੈਚ ਨਾਲ ਜੁੜੇ ਸਾਂ ਕਿ ਸਾਹਮਣੇ ਵਾਲ਼ੀ ਮੁਟਿਆਰ ਆ ਖੜ੍ਹੀ ਹੋਈ: “ਸਾਡੇ ਘਰ ਵੀ ਬਿਜਲੀ ਚਲੇ ਗੀ, ਉਨਾਂ੍ਹ ਨੇ ਮੈਚ ਸੁਣਨਾ ਏ”, ਆਖ ਆਪਣਾ ਰੇਡੀਓ ਚੁੱਕ ਕੇ ਫੁਰਰ ਹੋਈ। ਹੁਣ ਅਸੀਂ ਫਿਰ ਬੇਵੱਸ ਸਾਂ। ਮੈਚ ਆਖਰੀ ਪਲਾਂ ’ਤੇ ਸੀ ਅਤੇ ਸਾਡੀ ਟੀਮ 4-3 ਨਾਲ ਅੱਗੇ ਵੀ ਸੀ ਪਰ ਜੌਨ ਅਮਾਤ ਨੇ ਭਾਰਤੀ ਰੱਖਿਆ ਪੰਕਤੀ ਦੇ ਪਸੀਨੇ ਛੁਡਾਏ ਹੋਏ ਸਨ। ਕੁਝ ਵੀ ਹੋ ਸਕਦਾ ਸੀ। ਅਚਾਨਕ ਬਿਜਲੀ ਆ ਗਈ। ਜਸਦੇਵ ਸਿੰਘ ਦੀ ਆਵਾਜ਼ ਆ ਰਹੀ ਸੀ, “ਮੈਚ ਦੇ ਪੈਂਤੀ ਸੈਕੰਡ ਬਾਕੀ ਹਨ, ਹੁਣ ਪੁੱਠੀ ਗਿਣਤੀ ਸੁਣਾਉਣੀ ਹੀ ਬਿਹਤਰ … 3… 2… 1… ਭਾਰਤ ਸੋਨੇ ਦਾ ਤਗ਼ਮਾ ਜਿੱਤ ਗਿਆ।”
‘ਮੁਬਾਰਕਾਂ ਜੀ ਮੁਬਾਰਕਾਂ’ ਕਹਿੰਦਿਆਂ ਮੈਂ ਵੀ ਖੁਸ਼ੀ ਮਨਾਉਣ ਸੜਕ ’ਤੇ ਆ ਗਿਆ।
ਸੰਪਰਕ: 98720-73035