DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੱਬ ਭਲੀ ਕਰੇ!

ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਮੇਰੀ ਡਿਊਟੀ ਬਤੌਰ ਬੀ ਐੱਲ ਓ (ਬੂਥ ਲੈਵਲ ਅਫ਼ਸਰ) ਆਪਣੇ ਪਿੰਡ ਗਣੇਸ਼ਪੁਰ ਵਿੱਚ ਸਰਵੇ ਕਰਨ ਵਿੱਚ ਲੱਗੀ ਹੋਈ ਹੈ। ਕੰਮ ਹੈ ਘਰ-ਘਰ ਜਾ ਕੇ ਵੋਟਰਾਂ ਦਾ ਵੇਰਵਾ ਇਕੱਠਾ ਕਰਨਾ ਅਤੇ ਇਸ ਸਰਵੇ ਦੌਰਾਨ ਜੋ ਮੈਨੂੰ...

  • fb
  • twitter
  • whatsapp
  • whatsapp
Advertisement

ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਮੇਰੀ ਡਿਊਟੀ ਬਤੌਰ ਬੀ ਐੱਲ ਓ (ਬੂਥ ਲੈਵਲ ਅਫ਼ਸਰ) ਆਪਣੇ ਪਿੰਡ ਗਣੇਸ਼ਪੁਰ ਵਿੱਚ ਸਰਵੇ ਕਰਨ ਵਿੱਚ ਲੱਗੀ ਹੋਈ ਹੈ। ਕੰਮ ਹੈ ਘਰ-ਘਰ ਜਾ ਕੇ ਵੋਟਰਾਂ ਦਾ ਵੇਰਵਾ ਇਕੱਠਾ ਕਰਨਾ ਅਤੇ ਇਸ ਸਰਵੇ ਦੌਰਾਨ ਜੋ ਮੈਨੂੰ ਤਜਰਬਾ ਹੋਇਆ, ਉਹ ਕਾਫ਼ੀ ਚਿੰਤਾਜਨਕ ਹੈ ਕਿਉਂਕਿ ਇਸ ਆਧੁਨਿਕ ਯੁੱਗ ਵਿੱਚ ਬਹੁਗਿਣਤੀ ਨੌਜਵਾਨ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਨਾਮ ਤੱਕ ਯਾਦ ਨਹੀਂ ਹਨ। ਲੱਗਦਾ ਹੈ ਜਿਵੇਂ ਇਹ ਜਾਣਕਾਰੀ ਵੀ ਹੁਣ ਕਿਸੇ ਡਿਜੀਟਲ ਫਾਈਲ ਵਿੱਚ ਸਾਂਭੀ ਹੋਣੀ ਚਾਹੀਦੀ ਹੈ! ਪਿੰਡ ਦੀਆਂ ਨੂੰਹਾਂ ਨੂੰ ਵੀ ਆਪਣੇ ਸੱਸ-ਸਹੁਰੇ ਦੇ ਪੂਰੇ ਨਾਮ ਦੱਸਣ ਵਿੱਚ ਕਾਫ਼ੀ ਮਿਹਨਤ-ਮੁਸ਼ੱਕਤ ਕਰਨੀ ਪਈ। ਇਹ ਸਭ ਵਰਤਾਰਾ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਸਾਨੂੰ ਤਾਂ ਪੰਜਵੀਂ-ਛੇਵੀਂ ਜਮਾਤ ਵਿੱਚ ਹੀ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਪੂਰੇ ਨਾਮ ਯਾਦ ਹੋ ਗਏ ਸਨ। ਜਿਵੇਂ ਮੈਂ ਬਚਪਨ ਵਿੱਚ ਆਪਣੇ ਦਾਦਾ ਜੀ ਦੀ ਸੰਗਤ ਮਾਣੀ, ਉਨ੍ਹਾਂ ਨੇ ਤਕਰੀਬਨ ਹਰ ਸ਼ਾਮ ਨੂੰ ਮੇਰੇ ਪੜਦਾਦਾ ਜੀ ਯਾਨੀ ਪੰਜਾਬ ਸਿੰਘ ਅਤੇ ਲੱਕੜਦਾਦਾ ਰਾਮ ਧਨ ਜੀ ਦੀਆਂ ਗੱਲਾਂ ਸੁਣਾਉਣੀਆਂ। ਮੈਨੂੰ ਆਪਣੇ ਪੜਦਾਦਾ ਜੀ ‘ਪੰਜਾਬ ਸਿੰਘ’ ਦਾ ਨਾਮ ਬਹੁਤ ਖਿੱਚ ਪਾਉਂਦਾ ਹੈ। ਪੰਜਾਬ ਸਾਡੇ ਲਈ ਨਿਰਾ ਨਾਮ ਹੀ ਨਹੀਂ ਸਗੋਂ ਇੱਕ ਇਤਿਹਾਸ ਅਤੇ ਸਾਡੇ ਮਾਣਮੱਤੇ ਵਿਰਸੇ ਦੀ ਜੜ੍ਹ ਹੈ। ਜੇਕਰ ਅੱਜ ਦੇ ਬੱਚਿਆਂ ਨੂੰ ਪੁੱਛੋ ਕਿ “ਦਾਦਾ ਜੀ ਦਾ ਨਾਮ?” ਜਵਾਬ ਆਵੇਗਾ… “ਸਰ, ਇੱਕ ਮਿੰਟ… ਮੰਮੀ ਨੂੰ ਫ਼ੋਨ ਕਰ ਲਵਾਂ!” ਸ਼ਾਇਦ ਆਉਣ ਵਾਲੇ ਸਮੇਂ ਵਿੱਚ ਰਿਸ਼ਤੇ ਵੀ ਮੋਬਾਈਲ ਐਪਸ ਦੇ ਜ਼ਰੀਏ ਹੀ ਆਇਆ ਕਰਨਗੇ ਜਿਵੇਂ ‘ਫੈਮਿਲੀ ਟ੍ਰੀ ਐਡੀਸ਼ਨ 2.0।’ ਦਾਦਾ ਜੀ ਦੱਸਦੇ ਸਨ ਕਿ ਜਦੋਂ ਉਨ੍ਹਾਂ ਨੇ ਪਿੰਡ ਦੀ ਫਿਰਨੀ ਨਾਲ ਨਵਾਂ ਮਕਾਨ ਬਣਾਇਆ ਤੇ ਉਸ ਉੱਤੇ ‘ਪੰਜਾਬ ਸਿੰਘ ਐਂਡ ਸੰਨਜ਼’ ਲਿਖਵਾਇਆ ਤਾਂ ਬਹੁਤ ਪੜ੍ਹੇ-ਲਿਖੇ ਨਾ ਹੋਣ ਕਰਕੇ ਪਿੰਡ ਵਾਲਿਆਂ ਨੂੰ ਲੱਗਿਆ ਜਿਵੇਂ ਪਿੰਡ ਵਿੱਚ ਕੋਈ ਨਵਾਂ ਬੈਂਕ ਖੁੱਲ੍ਹਣ ਵਾਲਾ ਹੈ। ਅੱਜ ਜੇ ਕੋਈ ਆਪਣੇ ਘਰ ਉੱਤੇ ਬਜ਼ੁਰਗਾਂ ਦਾ ਨਾਮ ਲਿਖ ਦੇਵੇ ਤਾਂ ਮੈਨੂੰ ਲੱਗਦਾ ਹੈ ਅੱਜ ਦੇ ਬੱਚੇ ਕਹਿਣਗੇ ‘ਵਾਹ ਜੀ, ਕਿੰਨਾ ਪੁਰਾਣਾ ਤਰੀਕਾ ਅਪਣਾ ਰਹੇ ਹੋ!’ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਅੱਜਕੱਲ੍ਹ ਦੇ ਬੱਚਿਆਂ ਲਈ ਦਾਦਾ ਜੀ ਇੱਕ ਪੁਰਾਣਾ ਮਾਡਲ ਹਨ ਅਤੇ ਉੱਥੇ ਹੀ ਅੱਜ ਦੀ ‘ਸਕ੍ਰੀਨ-ਜੀਵੀ’ ਪੀੜ੍ਹੀ ਲਈ ਫ਼ੋਨ ਦੀ ਇੱਕ ਨੋਟੀਫਿਕੇਸ਼ਨ ਹੀ ਸਭ ਕੁਝ ਹੈ।

ਜਦੋਂ ਸਰਵੇ ਦੌਰਾਨ ਮੈਂ ਇੱਕ ਘਰ ਦੀ ਨੂੰਹ ਕੋਲੋਂ ਪੁੱਛਿਆ “ਦਾਦਾ ਜੀ ਦਾ ਨਾਮ?” ਤਾਂ ਨੂੰਹ ਕਹਿੰਦੀ: “ਸਰ, ਉਹ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਚੱਲ ਵਸੇ ਸਨ, ਮੈਨੂੰ ਨਹੀਂ ਪਤਾ!” ਲੱਗਦਾ ਹੈ ਹੁਣ ਪਰਿਵਾਰ ਵੀ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਵਾਲੀਆਂ ਫਾਈਲਾਂ ਵਿੱਚ ਵੰਡਿਆ ਜਾ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਆਪਣਾ ਸ਼ਾਨਾਂਮੱਤਾ ਇਤਿਹਾਸ ਨਹੀਂ ਪਤਾ ਪਰ ਹਾਲਾਤ ਇਹ ਹਨ ਕਿ ਹੁਣ ਤਾਂ ਘਰ ਦਾ ਇਤਿਹਾਸ ਵੀ ਕਿਸੇ ਅਣਪਛਾਤੇ ਸਰੋਤ ਵਰਗਾ ਬਣ ਗਿਆ ਹੈ। ਇੱਕ ਸਮਾਂ ਸੀ ਜਦੋਂ ਵਿਰਸਾ ਸਾਂਝਾ ਕੀਤਾ ਜਾਂਦਾ ਸੀ, ਦਾਦੀ ਦੀਆਂ ਕਹਾਣੀਆਂ ਵਿੱਚ, ਦਾਦੇ ਦੇ ਤਜਰਬਿਆਂ ਵਿੱਚ, ਲੇਕਿਨ ਹੁਣ ਸਮਾਂ ਬਦਲ ਗਿਆ ਹੈ। ਕੱਲ੍ਹ ਨੂੰ ਜੇ ਬੱਚਿਆਂ ਨੂੰ ਪੁੱਛਿਆ “ਤੁਹਾਡਾ ਵਿਰਸਾ ਕਿੱਥੇ ਹੈ?” ਤਾਂ ਉਹ ਕਹਿਣਗੇ “ਸਰ, ਉਹ ਤਾਂ ਇੰਟਰਨੈੱਟ ਉੱਤੇ ਨਹੀਂ ਮਿਲ ਰਿਹਾ..” ਪਰ ਇੱਕ ਸਵਾਲ ਹੈ: ਕੀ ਵਿਰਸਾ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ? ਕੀ ਕੋਈ ਤਕਨੀਕੀ ਸਾਧਨ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਡੇ ਦਾਦਾ ਜੀ ਕਿਹੋ ਜਿਹੇ ਇਨਸਾਨ ਸਨ? ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ? ਅਸੀਂ ਅੱਜਕੱਲ੍ਹ ਸਭ ਕੁਝ ਡਿਜੀਟਲ ਰੂਪ ਵਿੱਚ ਸਾਂਭ ਰਹੇ ਹਾਂ, ਫ਼ੋਟੋਆਂ, ਵੀਡੀਓਜ਼, ਦਸਤਾਵੇਜ਼ ਪਰ ਅਸੀਂ ਉਨ੍ਹਾਂ ਪਲਾਂ ਨੂੰ ਨਹੀਂ ਸਾਂਭ ਰਹੇ ਜੋ ਅਸਲ ਵਿੱਚ ਸਾਡਾ ਵਿਰਸਾ ਬਣਾਉਂਦੇ ਹਨ ਕਿਉਂਕਿ ਡਾਊਨਲੋਡ ਕਰਕੇ ਸ਼ੇਅਰ ਕੀਤਾ ਗਿਆ ਵਿਰਸਾ ਸਿਰਫ਼ ਡਾਟਾ ਹੁੰਦਾ ਹੈ ਅਤੇ ਅਸਲੀ ਵਿਰਸਾ ਉਹ ਹੁੰਦਾ ਹੈ ਜੋ ਦਿਲਾਂ ਵਿੱਚ ਜਿਊਂਦਾ ਰਹਿੰਦਾ ਹੈ।

Advertisement

ਅਖੀਰ ਵਿੱਚ ਇੱਕ ਹੱਸਦੀ-ਚੁੱਭਦੀ ਗੱਲ, ਅਸੀਂ ਆਪਣੇ ਬੱਚਿਆਂ ਨੂੰ ਵਾਈ-ਫਾਈ ਦਾ ਪਾਸਵਰਡ ਤਾਂ ਤੁਰੰਤ ਦੱਸ ਦਿੰਦੇ ਹਾਂ ਪਰ ਆਪਣੇ ਬਜ਼ੁਰਗਾਂ ਦੇ ਨਾਮ ਨਹੀਂ। ਜਿਹੜੇ ਬਜ਼ੁਰਗ ਸਾਰੀ ਉਮਰ ਇਹ ਸੋਚਦੇ ਰਹੇ ਕਿ ਸਾਡਾ ਵੰਸ਼ ਵਧ ਰਿਹਾ ਹੈ, ਸਾਡੀ ਪੀੜ੍ਹੀ ਅੱਗੇ ਵਧ ਰਹੀ ਹੈ, ਅੱਜ ਉਨ੍ਹਾਂ ਦੀ ਪਛਾਣ ਕਿੱਥੇ ਰਹਿ ਗਈ ਹੈ? ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਮ ਸਾਡੇ ਦਿਲਾਂ ਵਿੱਚ ਨਹੀਂ, ਸਿਰਫ਼ ਜ਼ਮੀਨ ਦੀਆਂ ਫ਼ਰਦਾਂ ਵਿੱਚ ਦਰਜ ਰਹਿ ਗਏ ਹਨ। ਇੱਕ ਸਮਾਂ ਸੀ ਜਦੋਂ ਪੀੜ੍ਹੀ ਦਾ ਮਤਲਬ ਹੁੰਦਾ ਸੀ ਨਾਮ, ਕਹਾਣੀਆਂ, ਵਿਰਸਾ ਅਤੇ ਯਾਦਾਂ। ਪਰ ਅੱਜ ਵੰਸ਼ ਦਾ ਮਤਲਬ ਬਣ ਗਿਆ ਹੈ ਖਾਤਾ ਨੰਬਰ, ਖ਼ਸਰਾ ਨੰਬਰ ਅਤੇ ਫ਼ਰਦ। ਬਜ਼ੁਰਗ ਕਦੇ ਘਰ ਦੀਆਂ ਜੜ੍ਹਾਂ ਹੁੰਦੇ ਸਨ, ਅੱਜ ਉਹ ਸਿਰਫ਼ ਸਰਕਾਰੀ ਰਿਕਾਰਡ ਦੀਆਂ ਸਤਰਾਂ ਬਣ ਕੇ ਰਹਿ ਗਏ ਹਨ। ਰਿਸ਼ਤੇ ਦਿਲਾਂ ਵਿੱਚ ਨਹੀਂ ਰਹੇ, ਹੁਣ ਉਹ ਰਜਿਸਟਰੀਆਂ ਵਿੱਚ ਲੱਭਣੇ ਪੈਂਦੇ ਹਨ। ਇਹ ਕਿਹੋ ਜਿਹਾ ਸਮਾਂ ਆ ਗਿਆ ਹੈ, ਜਿੱਥੇ ਇਨਸਾਨ ਨੂੰ ਆਪਣੇ ਬਜ਼ੁਰਗਾਂ ਦੇ ਨਾਮ ਤੱਕ ਭੁੱਲ ਰਹੇ ਹਨ ਪਰ ਉਹ ਪੂਰੀ ਦੁਨੀਆ ਦਾ ਬੇਅੰਤ ਗਿਆਨ ਆਪਣੀ ਜੇਬ ਵਿੱਚ ਪਾਈ ਫਿਰ ਰਿਹਾ ਹੈ... ਰੱਬ ਭਲੀ ਕਰੇ!

Advertisement

Advertisement
×