ਦਰਸ਼ਨ ਸਿੰਘ ਭੰਮੇ
ਦੋਸਤ ਦੀ ਬੇਟੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾਣ ਵਾਸਤੇ ਮੈਂ ਤਿਆਰ ਹੋ ਕੇ ਖੰਡਾ ਚੌਕ ‘ਚ ਖੜ੍ਹਾ ਬੱਸ ਉਡੀਕ ਰਿਹਾ ਸਾਂ। ਹਾਲੇ 10-15 ਮਿੰਟ ਹੀ ਹੋਏ ਸਨ ਕਿ ਇੱਕ ਕਾਰ ਕੋਲ ਆ ਕੇ ਰੁਕੀ, ਜਿਸ ਵਿੱਚ ਮੇਰੀ ਜਾਣ ਪਛਾਣ ਵਾਲਾ ਬਾਈ ਨਾਜ਼ਰ ਸਿੰਘ ਤੇ ਉਸ ਦਾ ਪਰਿਵਾਰ ਬੈਠਾ ਸੀ। ਉਨ੍ਹਾਂ ਅਵਾਜ਼ ਮਾਰ ਕੇ ਪੁੱਛਿਆ, ‘ਬਾਈ ਜੀ ਕਿਵੇਂ ਖੜ੍ਹੇ ਹੋ?’ ਮੈਂ ਵਿਆਹ ਵਿਚ ਜਾਣ ਲਈ ਬੱਸ ਉਡੀਕਣ ਵਾਲੀ ਗੱਲ ਦੱਸੀ ਤਾਂ ਉਨ੍ਹਾਂ ਕਿਹਾ ‘ਆਜੋ ਬਾਈ ਜੀ, ਅਸੀਂ ਵੀ ਉਥੇ ਹੀ ਚੱਲੇ ਹਾਂ।’
ਬਾਈ ਨਾਜ਼ਰ ਸਿੰਘ ਨੇ ਮੇਰੀ ਜਾਣ-ਪਛਾਣ ਪਰਿਵਾਰ ਨਾਲ ਕਰਵਾਈ ਕਿ ਇਹ ਮੇਰੇ ਆੜੀ ਨੇ ਤੇ ਫਿਰ ਆਪਣੇ ਪਰਿਵਾਰ ਬਾਰੇ ਮੈਨੂੰ ਦੱਸਣ ਲੱਗਾ, ‘‘ਇਹ ਮੇਰੇ ਮੈਡਮ ਨੇ, ਨਾਲ ਬੇਟਾ-ਬੇਟੀ ਅਤੇ ਨਾਲ ਆਪਣਾ ਭਾਣਜਾ। ਇਹ ਮਿਲਣ ਆਇਆ ਸੀ ਮੈਂ ਕਿਹਾ ਚੱਲ ਤੂੰ ਵੀ ਨਾਲ ਹੀ, ਨਾਲੇ ਖਾ ਪੀ ਆਵੇਗਾ।… ਨਾਲੇ ਬਾਈ ਜਦੋਂ ਪੰਜ ਸੌ ਤਾਂ ਦੇਣਾ ਹੀ ਹੈ, ਫਿਰ ਜੁਆਕ ਤਾਂ ਕੁੱਖਾਂ ਕੱਢ ਲੈਣ, ਤੇ ਤੁਸੀਂ ਕਿਵੇਂ ’ਕੱਲੇ ਹੀ ਚੱਲੇ ਹੋ?’’
ਮੈਂ ਕਿਹਾ ਅਸੀਂ ਤਾਂ ਹਰ ਪਰਾਟੀ ’ਤੇ ਇੱਕ ਜਾਂ ਦੋ ਹੀ ਜਾਂਦੇ ਹਾਂ। ਗੱਲਾਂ ਕਰਦੇ ਪੈਲੇਸ ਪਹੁੰਚ ਗਏ। ਬਰਾਤ ਆ ਚੁੱਕੀ ਸੀ। ਸਾਰੇ ਇੱਕ ਦੂਜੇ ਨੂੰ ਮਿਲ ਕੇ ਮੁਬਾਰਕਬਾਦ ਦੇ ਰਹੇ ਸਨ। ਅਸੀਂ ਵੀ ਗਿੱਲ ਸਾਹਿਬ ਨੂੰ ਮੁਬਾਰਕਾਂ ਦਿੱਤੀਆਂ। ਬਾਈ ਨਾਜ਼ਰ ਆਪਣੇ ਬੱਚਿਆਂ ਨੂੰ ਬੋਲਿਆ ਕਿ ਸੰਗਣ ਦੀ ਕੋਈ ਲੋੜ ਨਹੀਂ, ਜੋ ਜੀਅ ਆਉਂਦਾ ਖਾਓ। ਸਾਰੇ ਪਲੇਟਾਂ ਭਰ ਕੇ ਪਾਸੇ ਹੋ ਖਾਣ ਲੱਗੇ। ਬਾਈ ਨਾਜ਼ਰ ਵੀ ਪਲੇਟ ਭਰ ਮੇਰੇ ਨਾਲ ਖੜ੍ਹ ਕੇ ਖਾਣ ਲੱਗਾ। ਮੈਨੂੰ ਲੱਗਾ ਇਹ ਹੁਣ ਵੀ ਆਖੂ ‘ਪੰਜ ਸੌ ਦੇਣਾ ਹੈ’।
ਉਨ੍ਹਾਂ ਜੋ ਖਾਣਾ ਸੀ ਖਾਧਾ, ਬਾਕੀ ਡਸਟਬਿਨ ਦਾ ਸ਼ਿੰਗਾਰ ਬਣਾ ਦਿੱਤਾ। ਫਿਰ ਅਸੀਂ ਪੈਲੇਸ ਦੇ ਅੰਦਰ ਕੁਰਸੀਆਂ ’ਤੇ ਬੈਠ ਗਏ। ਜਿਹੜਾ ਵੀ ਵੇਟਰ ਕੋਈ ਸਾਮਾਨ ਲੈ ਕੇ ਆਉਂਦਾ ਬਾਈ ਜੀ, ਉਸਦਾ ਪੂਰਾ ਅਨੰਦ ਲੈਂਦੇ। ਚੰਦ ਮਿੰਟਾਂ ਬਾਅਦ ਵਿਸਕੀ ਤੇ ਮੁਰਗਾ ਚਾਲੂ ਹੋ ਗਿਆ ਤੇ ਬਾਈ ਨੇ ਕੋਈ ਵੇਟਰ ਖਾਲੀ ਨਹੀਂ ਮੋੜਿਆ, ਸਭ ਤੋਂ ਕੁਝ ਨਾ ਕੁਝ ਜ਼ਰੂਰ ਲਿਆ। ਨਾਲੇ ਆਖੇ ‘ਭੰਮਿਆਂ ਪੰਜ ਸੌ ਦੇਣਾ।’ ਆਖ਼ਰ ਅਸੀਂ ਸਾਰਿਆਂ ਕੁੜੀ ਨੂੰ ਸ਼ਗਨ ਦਿੱਤਾ ਤੇ ਭੋਜਨ ਦੁਆਲੇ ਹੋ ਗਏ।
ਬਾਈ ਜੀ ਤੇ ਉਨ੍ਹਾਂ ਦਾ ਪਰਿਵਾਰ ਵੀ ਆ ਗਿਆ ਪਰ ਬਾਈ ਦੇ ਪੈਰ ਭਾਰ ਨੀ ਝੱਲਦੇ ਸੀ। ਉਨ੍ਹਾਂ ਦੀ ਪਤਨੀ ਨੇ ਬਾਈ ਨੂੰ ਪਾਸੇ ਪਏ ਮੇਜ਼ ਕੋਲ ਬਿਠਾ ਦਿੱਤਾ ਤੇ ਆਪ ਵੀ ਪਲੇਟ ਤਿਆਰ ਕਰਕੇ ਕੋਲ ਹੀ ਬੈਠਗੀ। ਬਾਈ ਤੋਂ ਤਾਂ ਬੈਠਿਆ ਵੀ ਨਹੀਂ ਸੀ ਜਾਂਦਾ, ਉਸ ਨੇ ਸਬਜ਼ੀ ਵੀ ਕੱਪੜਿਆਂ ’ਤੇ ਲਾ ਲਈ। ਬਾਈ ਦੀ ਮੇਰੇ ਨਾਲ ਅੱਖ ਰਲੀ ਤਾਂ ਕਹਿਣ ਲੱਗਾ ‘‘ਬਾਈ ’ਕੱਠੇ ਆਏ ਹਾਂ ’ਕੱਠੇ ਚਲਾਂਗੇ। ਬੱਸ ਇੱਕ ਕੱਪ ਕੁਲਫੀ ਖਾਲੀਏ। ਤੂੰ ਵੀ ਖਾ ਲੈ।’’ ਮੈਂ ਕਿਹਾ ‘ਮੈਂ ਤਾਂ ਖਾ ਲਈ ਹੈ, ਮੈਂ ਕਾਰ ਕੋਲ ਜਾਂਦਾ ਹਾਂ ਤੁਸੀਂ ਆ ਜਾਣਾ।’ ਛੇਤੀ ਹੀ ਬਾਈ ਨਾਜ਼ਰ ਨੂੰ ਬਾਹਾਂ ਫੜੀਂ ਉਸ ਦੇ ਬੱਚੇ ਲੈ ਕੇ ਆ ਰਹੇ ਸਨ। ਬਾਈ ਤੋਂ ਤਾਂ ਸੁਆਰ ਕੇ ਬੋਲਿਆ ਵੀ ਨਹੀਂ ਸੀ ਜਾਂਦਾ। ਉਸ ਨੂੰ ਬੱਚਿਆਂ ਨੇ ਪਿਛਲੀ ਸੀਟ ’ਤੇ ਬਿਠਾ ਦਿੱਤਾ ਤੇ ਉਸ ਦੇ ਬੇਟੇ ਨੇ ਗੱਡੀ ਤੋਰ ਲਈ। ਉਹ ਮੈਨੂੰ ਖੰਡਾ ਚੌਕ ਉਤਾਰ ਕੇ ਆਪਣੇ ਘਰ ਚਲੇ ਗਏ।
ਦੂਜੇ ਦਿਨ ਮੈਂ ਡਿਊੁਟੀ ’ਤੇ ਜਾ ਰਿਹਾ ਸਾਂ ਤਾਂ ਰਸਤੇ ਵਿੱਚ ਬਾਈ ਨਾਜ਼ਰ ਦਾ ਬੇਟਾ ਦਵਾਈਆਂ ਦੀ ਦੁਕਾਨ ਤੋਂ ਦਵਾਈ ਲੈਂਦਾ ਮਿਲਿਆ। ਪੁੱਛਿਆ ਤਾਂ ਬੋਲਿਆ, ‘‘ਅੰਕਲ ਡੈਡੀ ਨੂੰ ਉਲਟੀਆਂ-ਟੱਟੀਆਂ ਲੱਗ ਗਈਆਂ ਤੇ ਹਸਪਤਾਲ ਦਾਖਲ ਹੈ।’’ ਮੈਂ ਉਸਦੇ ਮਗਰ ਹੀ ਬਾਈ ਦਾ ਪਤਾ ਲੈਣ ਚਲਾ ਗਿਆ। ਉਸ ਦੇ ਬੋਤਲ ਲੱਗੀ ਹੋਈ ਸੀ ਤੇ ਬੋਲਿਆ ਨਹੀਂ ਸੀ ਜਾਂਦਾ। ਮੈਨੂੰ ਉਹੀ ਸੀਨ ਯਾਦ ਆ ਗਿਆ ਕਿ ਬਾਈ ਹੁਣ ਵੀ ਆਖੂ ਕਿ ‘ਭੰਮਿਆਂ ਪੰਜ ਸੌ ਦੇਣਾ।’ ਵੇਖੋ ਭਾਵੇਂ ਖਾਣਾ ਬਿਗਾਨਾ ਹੈ ਪਰ ਢਿੱਡ ਤਾਂ ਆਪਣਾ ਹੈ। ਘੱਟ ਖਾਣਾ, ਘੱਟ ਬੋਲਣਾ, ਘੱਟ ਸੌਣਾ ਨਿਰੋਗ ਦੇਹੀ ਦੀ ਬੁਨਿਆਦ ਹਨ। ਜੇ ਸਾਰੇ ਇਹ ਸੂਤਰ ਅਪਣਾ ਲੈਣ ਤਾਂ ਬਹੁਤ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਸੰਪਰਕ: 94630-23656