ਸੂਰਜ ਦਾ ਕਰਵਾਓ ਪੇਟੈਂਟ, ਫਸਿਆ ਵੇਖਿਆ ਜਹਾਜ਼ ਜੀ

ਸੂਰਜ ਦਾ ਕਰਵਾਓ ਪੇਟੈਂਟ, ਫਸਿਆ ਵੇਖਿਆ ਜਹਾਜ਼ ਜੀ

ਐੱਸ ਪੀ ਸਿੰਘ

ਐੱਸ ਪੀ ਸਿੰਘ

ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੀਆਂ ਜਿ਼ੰਦਗੀਆਂ ਸਾਮਰਾਜਵਾਦੀ ਤਾਕਤਾਂ ਦੇ ਤਾਮੀਰ ਕੀਤੇ ਸੰਸਾਰ ਵਿਚ ਜੀਵੀਆਂ ਜਾਂਦੀਆਂ ਹਨ; ਉਨ੍ਹਾਂ ਦੀਆਂ ਰਾਜਨੀਤਕ, ਆਰਥਿਕ ਨੀਤੀਆਂ ਸਾਡੇ ਰੋਜ਼ਮੱਰਾ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ, ਫਿਰ ਵੀ ਸਾਡਾ ਨੇੜਲਾ ਸੰਸਾਰ ਅਤੇ ਇਹਦੇ ਘਟਨਾਕ੍ਰਮ ਹੀ ਸਾਡੀ ਸੋਚ ਅਤੇ ਸੂਝ ਉੱਤੇ ਤਾਰੀ ਹੁੰਦੇ ਹਨ। ਵਿਸ਼ਵ ਰਾਜਨੀਤੀ ਦੀਆਂ ਧਾਰਾਵਾਂ ਅਤੇ ਸੱਤਾ-ਸੰਤੁਲਨ ਦੀਆਂ ਗੰਢਾਂ ਨਾਲ ਅਸੀਂ ਓਨਾ ਹੀ ਉਲਝਦੇ-ਸੁਲਝਦੇ ਹਾਂ ਜਿੰਨੇ ਕੁ ਸਾਡੇ ਅਖ਼ਬਾਰੀ ਜਾਂ ਖ਼ਬਰੀ ਟੀਵੀ ਸੰਸਾਰ ਨੂੰ ਵਿਦੇਸ਼ਾਂ ਦੀਆਂ ਖ਼ਬਰਾਂ ਲਈ ਪੰਨੇ ਜਾਂ ਘੰਟੇ ਜੁੜਦੇ ਹਨ। ਵੈਸੇ ਵੀ ਸਥਾਨਕ ਫਿ਼ਜ਼ਾ ਵਿਚ ਅੰਦੋਲਨ ਤਾਰੀ ਹੋਵੇ ਤਾਂ ਬੰਦਾ ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਪੜ੍ਹੇ ਕਿ ਆਲਮੀ ਤਾਕਤਾਂ ਦੇ ਸੱਤਾ-ਸੰਤੁਲਨਾਂ ਬਾਰੇ ਤਰਜੀਹੇ ਵਾਚੇ?

ਸਥਾਨਕ ਅਤੇ ਆਲਮੀ ਵਿਚਲੀਆਂ ਤੰਦਾਂ ਬਾਰੇ ਕੁੱਲ ਬਹਿਸਾਂ ਨੇ ਆਦਮਜਾਤ ਨੂੰ ਐਨਾ ਸਿਆਣਾ ਨਹੀਂ ਕੀਤਾ ਹੋਣਾ ਜਿੰਨਾ ਇੱਕ ਮਾਰੂ ਵਾਇਰਸ ਨੇ ਕਰ ਵਿਖਾਇਆ ਹੈ। ਉਸ ਨਵਾਂ ਸ਼ਹਿਰ ਤੋਂ ਨਿਊ ਯਾਰਕ ਤੱਕ, ਵੜਿੰਗ ਤੋਂ ਵਾਸ਼ਿੰਗਟਨ ਤਕ ਲੋਕ ਘਰਾਂ ਵਿੱਚ ਤਾੜੇ, ਜਿ਼ੰਦਗੀ ਮੌਤ ਦੇ ਸਵਾਲ ਉਭਾਰੇ, ਕੀਤੇ ਕਈ ਨਿਤਾਰੇ। ਵੇਖੇ ਉਹ ਵੀ ਨਜ਼ਾਰੇ ਜਦੋਂ ਅੰਦੋਲਨ ਨੇ ਵਾਇਰਸ ਨੂੰ ਜੱਫਾ ਪਾ ਕੇ ਢਾਇਆ; ਕਦੀ ਬਲੈਕ ਲਾਈਵਜ਼ ਮੈਟਰ ਅਤੇ ਕਦੀ ਸਿੰਘੂ-ਟੀਕਰੀ ਮੈਦਾਨ ਚ ਗਿਰਾਇਆ।

ਉਂਝ ਇਸ ਬੀਤੇ ਸਾਰੇ ਸਾਲ ਵਿੱਚ ਕੁੱਲ ਆਲਮ ਨੇ ਕੀ ਸਬਕ ਸਿੱਖਿਆ? ਕੀ ਜਿਵੇਂ ਪਹਿਲਾਂ ਕੁਦਰਤ ਨਾਲ ਦੁਸ਼ਮਣੀ ਪੁਗਾ ਕੇ ਰਹਿੰਦੇ ਸੀ, ਮਾਸਕੋ-ਵਾਸ਼ਿੰਗਟਨ-ਪੇਈਚਿੰਗ (ਬੀਜਿੰਗ) ਅਤੇ ਹੁਣ ਦਿੱਲੀ ਤੱਕ ਵੀ ਪੀਡੇ ਜਿਹੇ ਕਿਸੇ ਰਾਸ਼ਟਰਵਾਦ ਨੂੰ ਕੰਧਾੜੇ ਚੁੱਕੀ ਫਿਰਦੇ ਸੀ, ਇਉਂ ਹੀ ਰਹਿਣਾ ਹੈ?

ਇੱਕ ਵਾਇਰਸ ਨੇ ਦੁਨੀਆ ਉਲਟਾ ਕੇ ਰੱਖ ਦਿੱਤੀ ਹੈ। ਹਾਲੇ ਉਸ ਰੂਪ ਬਦਲ-ਬਦਲ ਕੇ ਆਉਣਾ ਹੈ। ਵਿਗਿਆਨੀ ਕਹਿ ਰਹੇ ਹਨ ਕਿ ਪਿੱਛੇ ਪਿੱਛੇ ਵਾਇਰਸਾਂ ਦੀ ਪੂਰੀ ਬਰਾਤ ਆ ਰਹੀ ਹੈ। ਕੁਦਰਤ ਆਪਣੇ ਵਿਰਾਟ ਰੂਪ ਦਿਖਾ ਰਹੀ ਹੈ। ਅਮਰੀਕੀ ਜੰਗਲਾਂ ਨੂੰ ਅੱਗ ਹੁਣ ਮਹੀਨਿਆਂ ਲੰਮੀ ਖ਼ਬਰ ਹੁੰਦੀ ਹੈ। ਘਰ, ਦਫ਼ਤਰ, ਕੰਮ, ਦੋਸਤੀਆਂ, ਮਿਲਣੀਆਂ - ਸਭ ਦੀ ਤਾਸੀਰ ਬਦਲ ਕੇ ਰੱਖ ਦਿੱਤੀ ਹੈ। ਦੁਨੀਆ ਇੱਕ ਮੁਹਾਨੇ ਤੇ ਆਣ ਖੜ੍ਹੀ ਹੈ - ਸੁਧਰਨਾ ਹੈ ਕਿ ਗਰਕਣਾ ਹੈ?

ਪਹਿਲੀ ਸੰਸਾਰ ਜੰਗ ਤੋਂ ਬਾਅਦ ਜੇ ਅਮਰੀਕੀ ਪਾਰਲੀਮੈਂਟ ਰਾਸ਼ਟਰਪਤੀ ਵੁਡਰੋਅ ਵਿਲਸਨ ਦੀ ਤਜਵੀਜ਼ ਰੱਦ ਨਾ ਕਰਦੀ, ਅਮਰੀਕਾ ‘ਲੀਗ ਆਫ ਨੇਸ਼ਨਜ਼’ ਵੱਲ ਪਿੱਠ ਨਾ ਕਰਦਾ, ਯੂਰੋਪੀਅਨ ਲੀਡਰ ਜਰਮਨੀ ਨੂੰ ਗੁੱਠੇ ਲਾਉਣ ਦੇ ਰਾਹ ਨਾ ਪੈਂਦੇ, ਦੂਜਾ ਰਸਤਾ ਅਪਣਾਉਂਦੇ ਤਾਂ 1930ਵਿਆਂ ਵਾਲੀ ਮਹਿੰਗਾਈ, ਮੰਦੀ, ਬੇਰੁਜ਼ਗਾਰੀ, ਫਾਸਿਜ਼ਮ ਅਤੇ ਇੱਕ ਹੋਰ ਆਲਮੀ ਜੰਗ ਦੀ ਥਾਂ ਕੁਝ ਬਿਹਤਰ ਵੀ ਹੋ ਸਕਦਾ ਸੀ।

ਏਨੀ ਵਿਗਿਆਨਕ ਅਤੇ ਆਰਥਿਕ ਤਰੱਕੀ ਤੋਂ ਬਾਅਦ ਵੀ ਮਨੁੱਖ ਇਵੇਂ ਕਿਉਂ ਰਹਿਣ ਕਿ ਜਾਪੇ ਕੋਈ ਧੁਰੋਂ ਹੀ ਮਾੜੇ ਲੇਖ ਲਿਖਵਾਏ ਹੋਸਣ? ਅੱਧਾ ਸੰਸਾਰ ਕਰੋਨਾ ਦੇ ਟੀਕੇ ਨੂੰ ਤਰਸਦਾ ਫਿਰੇ ਅਤੇ ਹਕੂਮਤਾਂ ਪ੍ਰਤੀ ਬੇਭਰੋਸਗੀ ਏਨੀ ਹੋਵੇ ਕਿ ਬਾਕੀ ਅੱਧਾ ਪੁੱਛਦਾ ਫਿਰੇ ਪਈ ਲਵਾਈਏ ਕਿ ਨਾ?

ਸੀਤ ਯੁੱਧ ਦੀ ਸਿਖਰ ਸੀ ਜਦੋਂ 1958 ਦੀਆਂ ਗਰਮੀਆਂ ਵਿਚ ਕਿਸੇ ਰੂਸੀ ਨੇ ਪਹਿਲੀ ਵਾਰੀ ਸੰਸਾਰ ਸਿਹਤ ਸੰਸਥਾ (ਵਰਲਡ ਹੈਲਥ ਆਰਗੇਨਾਈਜ਼ੇਸ਼ਨ) ਦੇ ਵੱਡੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਚੇਚਕ ਖ਼ਿਲਾਫ਼ ਯੁੱਧ ਲਈ ਰਲ ਕੇ ਕੰਮ ਕਰਨ ਲਈ ਲਲਕਾਰਾ ਮਾਰਿਆ। ਆਲਮੀ ਤਾਕਤਾਂ ਨੇ ਚੇਚਕ ਦਾ ਟੀਕਾ ਈਜਾਦ ਕਰਨ ਤੇ ਕੁਲ ਦੁਨੀਆ ਵਿੱਚ ਪਹੁੰਚਾਉਣ ਦਾ ਕੰਮ ਸਿਰੇ ਚੜ੍ਹਾਇਆ, ਸਾਬਤ ਕੀਤਾ ਕਿ ਇਨਕਲਾਬੀ ਮਿਲਵਰਤਣ ਨਾਲ ਧੁਰੋਂ ਲਿਖਿਆ ਬਦਲਿਆ ਜਾ ਸਕਦਾ ਹੈ। 1980 ਤਕ ਮਨੁੱਖਾਂ ਨੇ ਚੇਚਕ ਨੂੰ ਢਾਹ ਲਿਆ ਸੀ।

ਕੋਈ 9 ਮਹੀਨੇ ਪਹਿਲਾਂ ਫਿਨਲੈਂਡ ਦੇ ਵਿਗਿਆਨੀਆਂ ਨੇ ਕਰੋਨਾ-ਰੋਕੂ ਟੀਕਾ ਬਣਾ ਲਿਆ ਸੀ ਪਰ ਇਹ ਪੇਟੈਂਟ-ਫ੍ਰੀ ਸੀ, ਮੁਨਾਫ਼ਾਖੋਰੀ ਦੀ ਗੁੰਜਾਇਸ਼ ਨਹੀਂ ਸੀ। ਵੱਡੀਆਂ ਫਾਰਮਾ ਤਾਕਤਾਂ (Big Pharmaceuticals) ਨੇ ਇਹਦੇ ਵਸੀਹ ਤਜਰਬਿਆਂ ਲਈ ਪੈਸਾ ਅਤੇ ਬਾਕੀ ਵਸੀਲਿਆਂ ਤੋਂ ਇਨਕਾਰ ਕਰ ਦਿੱਤਾ। ਜੇ ਅੱਜ ਵੀ ਕਰੋਨਾ-ਰੋਕੂ ਟੀਕੇ ਨੂੰ ਪੇਟੈਂਟ-ਰਹਿਤ ਕਰ ਦਿੱਤਾ ਜਾਵੇ, ਇਸ ਤੋਂ ਲੱਖਾਂ ਕਰੋੜਾਂ ਦੀ ਕਮਾਈ ਦੇ ਕਮੀਨੇ ਸੁਪਨੇ ਤਿਆਗ ਦਿੱਤੇ ਜਾਣ ਤਾਂ ਦੁਨੀਆ ਹੁਸੀਨ ਹੋ ਸਕਦੀ ਹੈ।

1950ਵਿਆਂ ਵਿਚ ਪੋਲੀਓ ਦਾ ਟੀਕਾ ਈਜਾਦ ਕਰਨ ਵਾਲੇ ਜੋਨਸ ਸਾਲਕ (Jonas Salk) ਨੂੰ ਐੱਡ ਮਰੋਅ (Ed Murrow) ਨੇ ਪੁੱਛਿਆ, “ਟੀਕੇ ਦਾ ਪੇਟੈਂਟ ਕਿਸ ਕੋਲ ਹੈ?” ਉਸ ਆਖਿਆ, “ਲੋਕਾਂ ਕੋਲ।” ਜਿਹੜਾ ਡਾ. ਜੋਨਸ ਸਾਲਕ ਲੱਖਾਂ ਕਰੋੜਾਂ ਕਮਾ ਸਕਦਾ ਸੀ, ਉਸ ਜਵਾਬੀ ਸਵਾਲ ਪੁੱਛਿਆ, “ਤੁਸੀਂ ਸੂਰਜ ਦਾ ਪੇਟੈਂਟ ਕਰਵਾ ਸਕਦੇ ਹੋ?” ਜ਼ਾਹਿਰ ਹੈ ਕੁਝ ਸਦਾ ਸਭਨਾਂ ਲਈ ਹੋਣਾ ਚਾਹੀਦਾ ਹੈ - ਹਵਾ, ਪਾਣੀ, ਸਿੱਖਿਆ, ਸਿਹਤ, ਸੂਰਜ ਦੀ ਧੁੱਪ।

ਸ਼ੁਕਰ ਹੈ ਕਰੋਨਾ ਨੂੰ ਅਮੀਰ ਗਰੀਬ ਦੀ ਤਮੀਜ਼ ਨਹੀਂ, ਵਰਨਾ ਟੀਕੇ ਜੋਗੇ ਵਸੀਲੇ ਕਦੇ ਨਾ ਜੁੜਦੇ। ਗਰੀਬ ਦੇਸ਼ਾਂ ਵਿੱਚ ਅਜਿਹੀਆਂ ਦਰਜਨਾਂ ਬਿਮਾਰੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਅਮੀਰ ਦੇਸ਼ਾਂ ਵਿਚ ਖੋਜ ਕਾਰਜਾਂ ਲਈ ਪੈਸੇ ਮੁੱਕ ਜਾਂਦੇ ਹਨ। ਟੀਬੀ ਵੀ ਕਦੀ ਮਾਰੂ ਬਿਮਾਰੀ ਸੀ, ਅੱਜਕੱਲ੍ਹ ਇਹਦੀ ਯਾਰੀ ਸਿਰਫ਼ ਗ਼ਰੀਬਾਂ ਨਾਲ ਹੈ। ਅਮੀਰਾਂ ਘਰ ਨਹੀਂ ਵੜਦੀ। ਇਹ ਸਾਡੇ ਲਿਖੇ ਲੇਖ ਹਨ ਕਿ ਧੁਰੋਂ ਲਿਖਵਾਏ ਹਨ?

ਸੋਚਦੇ ਸਾਂ ਕਰੋਨਾ ਤੋਂ ਬਾਅਦ ਸਾਰਾ ਸਿਹਤ ਢਾਂਚਾ ਇਨਕਲਾਬੀ ਤਰੀਕੇ ਨਾਲ ਮੁੜ ਵਿਉਂਤਿਆ ਜਾਵੇਗਾ। ਹਾਲੇ ਕਰੋਨਾ ਕੋਟ-ਪੈਂਟ ਬਦਲ ਬਦਲ ਕੇ ਘੁੰਮਦਾ ਫਿਰਦਾ ਹੈ ਅਤੇ ਸਰਕਾਰਾਂ ਹੁਣੇ ਹੀ ਕਿਸੇ ਵੱਡੀ ਬਦਲਵੀਂ ਸੋਚ ਤੋਂ ਮੁਨਕਰ ਹਨ। ਸੋਚਦੇ ਸਾਂ ਹੁਣ ਇਨਸਾਨਾਂ ਦੀਆਂ ਮੁੱਢਲੀਆਂ ਜ਼ਰੂਰਤਾਂ, ਸਿਹਤ, ਸਿੱਖਿਆ ਢਾਂਚੇ ਬਾਰੇ ਵੱਡੀ ਬਹਿਸ ਸ਼ੁਰੂ ਹੋਵੇਗੀ। ਹਕੀਕਤ ਇਹ ਹੈ ਕਿ ਜਿੱਥੇ ਚੋਣਾਂ ਹੋ ਰਹੀਆਂ ਹਨ, ਘਮਸਾਣ ਦੀ ਬਹਿਸ ਜਾਰੀ ਹੈ, ਓਥੇ ਵੀ ਇਹ ਫਿਕਰ ਨਦਾਰਦ ਹੈ।

ਜਾਪਦਾ ਹੈ ਨਾਬਰਾਬਰੀ ਵਾਲੀਆਂ ਲਕੀਰਾਂ ਧੁਰੋਂ ਲਿਖਵਾਈ ਬੈਠੇ ਹਾਂ। ਏਸ਼ੀਆ ਅਤੇ ਮੱਧਪੂਰਬ ਤੋਂ ਪਾਣੀ ਵਾਲੇ ਵਿਸ਼ਾਲ-ਆਕਾਰ ਜਹਾਜ਼ਾਂ ਰਾਹੀਂ ਯੂਰੋਪ ਅਤੇ ਅਮਰੀਕਾ ਦੇ ਪੂਰਬੀ ਤੱਟ ਤਕ ਲੱਖਾਂ ਕਰੋੜਾਂ ਡਾਲਰਾਂ ਦਾ ਮਾਲ ਪੁਚਾਉਂਦੀ ਸੁਏਜ਼ ਨਹਿਰ ਵਿਚ ਲੰਘੇ ਹਫ਼ਤੇ ਇੱਕ ਜਹਾਜ਼ ਫਸ ਗਿਆ। ਕੁੱਲ ਦੁਨੀਆ ਨੇ ਇਹ ਮੰਜ਼ਰ ਵੇਖਿਆ। ਕੋਈ 5,000 ਦੀ ਆਬਾਦੀ ਵਾਲਾ ਪਿੰਡ ਮੈਨਸਿ਼ਆਤ ਰੁਗੋਲਾ (Manshiyet Rugola) ਵੀ ਛੱਤਾਂ ਤੇ ਚੜ੍ਹ ਰੋਜ਼ ਇਹ ਨਜ਼ਾਰਾ ਵੇਖਦਾ ਰਿਹਾ। ਜਹਾਜ਼ ਉਹਦੇ ਐਨ ਨਾਲ ਖੜ੍ਹਾ ਸੀ। ਪਿੰਡ ਦੇ ਲੋਕ ਕਿਆਸ ਲਾ ਰਹੇ ਸਨ ਕਿ ਫੁੱਟਬਾਲ ਦੀਆਂ ਚਾਰ ਗਰਾਊਂਡਾਂ ਜਿੱਡੇ ਲੰਮੇ ਜਹਾਜ਼ ਵਿਚ ਕੀ ਲੱਦਿਆ ਹੋਵੇਗਾ? ਕਾਰਾਂ, ਅਪ੍ਰੇਸ਼ਨ ਕਰਨ ਵਾਲੀਆਂ ਮਸ਼ੀਨਾਂ, ਫਰਿੱਜ? ਵੱਡੇ ਟੀਵੀ? ਕੱਪੜੇ ਧੋਣ ਵਾਲੀਆਂ ਮਸ਼ੀਨਾਂ? ਪੱਖੇ? ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਦੱਸਦੀ ਹੈ, ਪਿੰਡ ਵਿਚ ਕਿਸੇ ਵੀ ਘਰ ਵਿਚ ਇਸ ਸਭ ਕਾਸੇ ਵਿਚੋਂ ਕੁਝ ਵੀ ਨਹੀਂ ਅਤੇ ਛੋਟੇ ਬੱਚੇ ਆਪੋ ਵਿਚ ਗੱਲਾਂ ਕਰ ਰਹੇ ਹਨ ਕਿ ਜੇ ਜਹਾਜ਼ ਤੇ ਲੱਦੇ ਸੈਂਕੜੇ ਕੰਟੇਨਰਾਂ ਵਿਚੋਂ ਇੱਕ ਵੀ ਲਾਹ ਸਕਦੇ ਤਾਂ ਪਤਾ ਨਹੀਂ ਕਿੰਨੇ ਸਾਲ ਪਿੰਡ ਦਾ ਗੁਜ਼ਾਰਾ ਚੱਲ ਜਾਂਦਾ। ਓਥੇ ਹਾਲੇ ਖੋਤਾ-ਰੇੜ੍ਹੀ ਦਾ ਰਿਵਾਜ ਹੈ। ਸੰਸਾਰ ਦਾ ਵਪਾਰ ਕੋਲੋਂ ਹੀ ਪ੍ਰਵਾਹ ਕਰਦਾ ਹੈ ਪਰ ਪਿੰਡ ਗੁਰਬਤ ਦੀਆਂ ਸਭਨਾਂ ਅਲਾਮਤਾਂ ਨਾਲ ਲਬਰੇਜ਼ ਹੈ। ਪਿੰਡ ਉੱਤੇ ਫਸੇ ਹੋਏ ਵਿਸ਼ਾਲ ਜਹਾਜ਼ ਦਾ ਪਰਛਾਵਾਂ ਰਿਹਾ, ਜਿਵੇਂ ਕਿਸੇ ਨੇ ਸੂਰਜ ਦਾ ਪੇਟੈਂਟ ਕਰਵਾ ਲਿਆ ਹੋਵੇ। ਪਿੰਡ ਵਿਚ ਕਰੋਨਾ ਦਾ ਟੀਕਾ ਕਦੋਂ ਪਹੁੰਚੇਗਾ, ਪਤਾ ਨਹੀਂ ਪਰ ਕੋਲੋਂ ਲੰਘਦੇ ਵਪਾਰੀਆਂ ਦੇ ਸੰਸਾਰ ਨੂੰ ਅਕਲ ਦਾ ਟੀਕਾ ਦਰਕਾਰ ਹੈ।

ਨਾਬਰਾਬਰੀ ਵਾਲੇ ਸਮਾਜ ਵਿੱਚ ਵਕਤ ਬੇਵਕਤ ਤਰੱਕੀ ਦਾ ਤੁਹਾਡਾ ਜਹਾਜ਼ ਫਸਦਾ ਰਹੇਗਾ। ਝੁਰੜੀਆਂ ਵਾਲੇ ਚਿਹਰੇ ਅਤੇ ਮਿਹਨਤਾਂ ਮਾਰੇ ਸਰੀਰ ਕਿਸੇ ਛਪੰਜਾ ਇੰਚੀ ਦੇ ਰੱਥ ਨੂੰ ਕਿਸੇ ਬਾਰਡਰ ਤੇ ਰੋਕ ਲੈਣਗੇ। ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਹੱਕ ਮਾਲਕਾਨਾਂ ਦੇ ਪੇਟੈਂਟ ਕਰਵਾਉਣ ਵਾਲ਼ੀਆਂ ਗੋਂਦਾਂ ਗੁੰਦਣੋਂ ਨਹੀਂ ਰੁਕਣਾ ਤਾਂ ਫਿਰ ਸਿਸਟਮ ਦੇ ਹਲਕ ਵਿਚ ਉਹ ਉਦੋਂ ਤਕ ਫਾਨਾ ਦਿੰਦੇ ਰਹਿਣਗੇ ਜਦੋਂ ਤੱਕ ਉਹਨਾਂ ਦੇ ਵਿਹੜਿਆਂ ਵਿਚ ਸੂਰਜ ਮਘਦਾ ਰਹੇਗਾ। ਤੁਸੀਂ ਹੁਣ ਇੰਝ ਕਰੋ, ਇਹਦਾ ਵੀ ਪੇਟੈਂਟ ਕਰਵਾ ਲਵੋ, ਵਰਨਾ ਦੁਹਾਈ ਜੇ, ‘ਦਵਾਈ ਭੀ, ਕੜਾਈ ਭੀ’ ਦੋਵੇਂ ਛੱਡੋ, ਅਕਲ ਦਾ ਟੀਕਾ ਲਵਾ ਲਵੋ।

*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪਣੀ ਉਮਰ ਅਨੁਸਾਰ ਕਰੋਨਾ ਦੇ ਟੀਕੇ ਦੀ ਲਾਈਨ ਵਿਚ ਲੱਗਿਆ ਅਕਲ ਦੇ ਟੀਕੇ ਦਾ ਭਾਅ ਪੁੱਛਦਾ ਫਿਰਦਾ ਹੈ।

(ਹਰ ਸੋਮਵਾਰ ਪਰਵਾਜ਼ ਪੰਨੇ ’ਤੇ ਛਪਣ ਵਾਲਾ ਇਹ ਕਾਲਮ ਅੱਜ ਛਾਪਿਆ ਜਾ ਰਿਹਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਨੂੰ ਟੱਪੀ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਕੂਚ ਬਿਹਾਰ ਵਰਗੀਆਂ ਹੋਰ ਹੱਤਿਆਵਾਂ ਦੀ ਧਮਕੀ ਦੇਣ ਵਾਲਿਆਂ ’ਤੇ ਰੋਕ ਲੱਗ...

ਸ਼ਹਿਰ

View All