ਡਿਓਢੀ ਵਾਲਾ ਪੱਖਾ

ਡਿਓਢੀ ਵਾਲਾ ਪੱਖਾ

ਵਿਕਾਸ ਕਪਿਲਾ

ਵਿਕਾਸ ਕਪਿਲਾ

ਲੌਕਡਾਊਨ ਚੱਲ ਰਿਹਾ ਸੀ। ਘਰ ਬੈਠੇ ਹੱਡ ਜੁੜ ਗਏ ਸੀ। ਅੱਕ ਕੇ ਮੁਹੱਲੇ ਵਿਚ ਸੈਰ ਕਰਨ ਨਿਕਲ ਪਿਆ। ਵਾਪਸੀ ਤੇ ਮੁਹੱਲੇ ਦੀ ਸੱਥ ਵਿਚ ਦੋ ਕੁ ਬਜ਼ੁਰਗ ਘਰੋਂ ਬਾਹਰ ਆ ਕੇ ਗੱਲਾਂ ਮਾਰਨ ਬੈਠੇ ਸੀ। ਉਨ੍ਹਾਂ ਨੂੰ ਦੇਖ ਕੇ ਮੈਂ ਵੀ ਨਾਲ ਜਾ ਜੁੜਿਆ ਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਾ। ਬਜ਼ੁਰਗ ਆਪਣੇ ਖ਼ਾਸ ਅੰਦਾਜ਼ ਵਿਚ ਰਿਸ਼ਤਿਆਂ ਨੂੰ ਲੈ ਕੇ ਤਤਕਰਾ ਕਰਨ ਲੱਗੇ। ਇੱਕ ਬਜ਼ੁਰਗ ਕਹਿਣ ਲੱਗੇ ਕਿ ਅੱਜਕੱਲ੍ਹ ਨਾ ਤਾਂ ਕਿਸੇ ਸਮਾਨ ਵਿਚ ਕੋਈ ਜਾਨ ਹੈ ਤੇ ਨਾ ਕਿਸੇ ਰਿਸ਼ਤੇ ਵਿਚ, ਸਭ ਬੱਸ ਟੁੱਟਣ ਨੂੰ ਕਾਹਲੇ ਰਹਿੰਦੇ ਨੇ।

ਮੈਨੂੰ ਇਹ ਤੁਲਨਾ ਕੁਝ ਅਜੀਬ ਜਿਹੀ ਜਾਪੀ ਤੇ ਮੈਂ ਪੁੱਛ ਬੈਠਾ ਕਿ ਭਲਾ ਇਸ ਦਾ ਮਤਲਬ ਕੀ ਹੋਇਆ? ਬਜ਼ੁਰਗ ਕਹਿਣ ਲੱਗੇ, “ਜਦ ਅਸੀਂ ਨਿੱਕੇ ਹੁੰਦੇ ਸੀ ਤਾਂ ਰਿਸ਼ਤੇ ਬੜੇ ਟਿਕਾਊ ਹੁੰਦੇ ਸੀ ਅਤੇ ਕੋਈ ਵੀ ਸਮਾਨ ਲੈ ਲਓ, ਪੂਰੀ ਕੀਮਤ ਕੱਢ ਕੇ ਹੀ ਜਾਂਦਾ ਸੀ। ਅੱਜਕੱਲ੍ਹ ਦੋਹਾਂ ਵਿਚ ਹੀ ਬੇਈਮਾਨੀ ਆ ਗਈ ਹੈ। ਨਾ ਰਿਸ਼ਤਿਆਂ ਵਿਚ ਇਮਾਨਦਾਰੀ, ਨਾ ਕੋਈ ਸਮਾਨ ਹੀ ਚੱਜ ਦਾ ਬਣਾਉਂਦਾ। ਆਹ ਜੁੱਤੀ ਮੈਂ ਅਜੇ ਦੋ ਮਹੀਨੇ ਪਹਿਲਾਂ ਲਈ ਸੀ, ਦੇਖ ਅੱਜ ਜਵਾਬ ਦੇ ਗਈ। ਹੁਣ ਸਭ ਬੰਦ ਏ, ਮੋਚੀ ਵੀ ਨਹੀਂ ਮਿਲਣਾ ਕਿ ਬੰਦਾ ਗੰਢਾਅ ਹੀ ਲਵੇ।”

ਗੱਲ ਸੁਣ ਕੇ ਮੈਂ ਘਰ ਵੱਲ ਤੁਰ ਪਿਆ ਪਰ ਦਿਮਾਗ ਕਿਸੇ ਪੁਰਾਣੀ ਸੋਚ ਵੱਲ ਭੱਜੀ ਜਾਵੇ। ਗੱਲ 1984 ਦੀ ਹੋਣੀ ਹੈ। ਨਿੱਕੇ ਹੁੰਦਿਆਂ ਆਪਣੇ ਜੱਦੀ ਘਰ ਵਿਚ ਰਹਿੰਦੇ ਸੀ। ਘਰ ਦੀ ਬਣਤਰ ਪੁਰਾਣੀ ਸੀ। ਬਾਲਿਆਂ ਅਤੇ ਡਾਟਾਂ ਵਾਲੀਆਂ ਛੱਤਾਂ ਤੇ ਮਿੱਟੀ ਦੀ ਚਿਣਾਈ ਵਾਲੀ ਦਲਾਨ, ਓਟੇ ਪਿੱਛੇ ਚੁੱਲ੍ਹੇ ਵਿਚ ਲੱਕੜਾਂ ਦੇ ਸੇਕ ਤੇ ਬਣਦੀ ਰੋਟੀ। ਸਮਾਂ ਪੁਰਾਣਾ ਸੀ ਤੇ ਸ਼ਾਇਦ ਘਰ ਦਾ ਬਹੁਤਾ ਸਮਾਨ ਵੀ। ਸਾਡੀ ਡਿਓਢੀ ਵਿਚ ਛੱਤ ਵਾਲਾ ਪੱਖਾ ਸੀ। ਪੁਰਾਣਾ ਹੋਣ ਕਰ ਕੇ ਹਮੇਸ਼ਾ ਆਵਾਜ਼ ਕਰਦਾ। ਭਾਰੀ ਹੋਣ ਅਤੇ ਵੱਡੇ ਵੱਡੇ ਖੰਭਾਂ ਕਾਰਨ ਹੌਲੀ ਹੌਲੀ ਚਲਦਾ ਪਰ ਹਵਾ ਪੂਰੀ ਮਾਰਦਾ ਸੀ।

ਸਮਾਂ ਬੀਤਿਆ ਤਾਂ ਘਰ ਦੀਆਂ ਛੱਤਾਂ ਮੀਂਹ ਕਣੀ ਵਿਚ ਚੋਣ ਲੱਗ ਪਈਆਂ। ਘਰਦਿਆਂ ਨੇ ਮਿਸਤਰੀ ਬੁਲਾਇਆ, ਰਾਇ ਪੁੱਛੀ। ਮਿਸਤਰੀ ਕਹਿੰਦਾ, ਥੋੜ੍ਹੀ ਜਿਹੀ ਮੁਰੰਮਤ ਨਾਲ ਛੱਤ ਚੋਣ ਤੋਂ ਤਾਂ ਹੱਟ ਜੂ ਪਰ ਜਿਹੜਾ ਪੱਖਾ ਤੁਸੀਂ ਟੰਗਿਆ, ਇਸ ਦਾ ਭਾਰ ਜਿ਼ਆਦਾ ਜਿਸ ਕਰ ਕੇ ਸ਼ਤੀਰ ਕਮਜ਼ੋਰ ਹੋ ਰਹੇ ਨੇ। ਜੇ ਛੱਤ ਤੋਂ ਕੰਮ ਲੈਣਾ ਤਾਂ ਇਸ ਨੂੰ ਲੁਹਾ ਕੇ ਕੋਈ ਹਲਕਾ ਪੱਖਾ ਲੁਆ ਲਓ। ਘਰ ਦੇ ਵੱਡੇ ਕਹਿੰਦੇ, ਅਜੇ ਤਾਂ ਵਧੀਆ ਚੱਲਦਾ, ਇਵੇਂ ਕਿਵੇਂ ਲੁਹਾ ਦਈਏ। ਮਿਸਤਰੀ ਕਹਿੰਦਾ, ਮੇਰੇ ਕੋਲ ਇੱਕ ਗਾਹਕ ਹੈਗਾ, ਉਹ ਇਸ ਨੂੰ ਖਰੀਦ ਲਵੇਗਾ। ਜਿ਼ਆਦਾ ਤਾਂ ਨਹੀਂ 200 ਰੁਪਏ ਦੇ ਦੇਵੇਗਾ। ਮੇਰੇ ਪਿਤਾ ਜੀ ਕਹਿੰਦੇ, 200 ਤਾਂ ਘੱਟ ਹੈ ਪਰ ਦਾਦਾ ਜੀ ਨੂੰ ਪਤਾ ਨਹੀਂ ਕੀ ਸੁੱਝੀ, ਗੱਲ ਕੱਟ ਕੇ ਕਹਿੰਦੇ- ਵੇਚ ਦਿਓ। ਹੁਣ ਦਾਦਾ ਜੀ ਦੀ ਗੱਲ ਕੌਣ ਟਾਲਦਾ! ਸੌਦਾ ਹੋ ਗਿਆ ਤੇ ਪੱਖਾ ਘਰੋਂ ਰੁਖ਼ਸਤ ਹੋ ਗਿਆ।

ਮਿਸਤਰੀ ਦੇ ਜਾਣ ਬਾਅਦ ਦਾਦਾ ਜੀ ਪਿਤਾ ਜੀ ਦੇ ਮਨ ਦੀ ਉਲਝਣ ਸਮਝ ਗਏ ਤੇ ਕਹਿਣ ਲੱਗੇ, “ਚਿੰਤਾ ਨਾ ਕਰ, ਘਾਟੇ ਦਾ ਸੌਦਾ ਨਹੀਂ ਕੀਤਾ। ਪੱਖੇ ਨੂੰ ਆਪਣੇ ਘਰ ਆਏ 35 ਸਾਲ ਤੋਂ ਵੱਧ ਸਮਾਂ ਹੋ ਗਿਆ ਅਤੇ ਤੇਰੇ ਦਾਦਾ ਜੀ ਨੇ ਇਹ ਪੱਖਾ 150 ਰੁਪਏ ਨੂੰ ਖਰੀਦਿਆ ਸੀ। ਹੁਣ 35 ਸਾਲ ਚਲਾ ਕੇ ਵੀ 200 ਨੂੰ ਵਿਕ ਗਿਆ। ਹੋਰ ਦੱਸ ਕੀ ਚਾਹੀਦਾ ਸੀ? ਇਹ ਤਾਂ ਪੁਰਾਣੇ ਸਮੇਂ ਦਾ ਬਣਿਆ ਸੀ ਤਾਂ ਹੀ 35 ਸਾਲ ਲੰਘਾ ਗਿਆ, ਜਾਂਦਾ ਜਾਂਦਾ ਵੱਧ ਪੈਸੇ ਵੀ ਦਿਵਾ ਗਿਆ।”

ਅੱਜ ਸ਼ਾਇਦ ਮੈਨੂੰ ਉਸ ਪੱਖੇ ਦੀ ਕੀਮਤ ਦਾ ਅਹਿਸਾਸ ਹੋ ਰਿਹਾ ਸੀ ਅਤੇ ਬਜ਼ੁਰਗਾਂ ਦੀ ਗੱਲ ਦਾ ਅਰਥ ਵੀ ਸਮਝ ਆ ਰਿਹਾ ਸੀ।
ਸੰਪਰਕ: 98155-19519

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All