ਰਿਸ਼ਤਿਆਂ ਦਾ ਜਨਾਜ਼ਾ
ਮੈਂ ਅੰਦਾਜ਼ਨ ਪਿਛਲੇ ਵੀਹ ਵਰ੍ਹਿਆਂ ਤੋਂ ਬਿਰਧ ਆਸ਼ਰਮ ਦੇ ਸੰਚਾਲਕ ਵਜੋਂ ਸੇਵਾ ਨਿਭਾਅ ਰਿਹਾ ਹਾਂ। ਇਸ ਗੱਲ ਤੋਂ ਮੁਨਕਰ ਨਹੀਂ ਕਿ ਇਹ ਖੁੱਲ੍ਹੇ ਹੋਏ ਬਿਰਧ ਆਸ਼ਰਮ ਸਮਾਜ ’ਤੇ ਇੱਕ ਧੱਬਾ ਹਨ ਅਤੇ ਰਿਸ਼ਤਿਆਂ ਦਾ ਜਨਾਜ਼ਾ ਵੀ। ਪਰ ਦੂਜੇ ਪਾਸੇ ਜਿਹੜੇ...
ਮੈਂ ਅੰਦਾਜ਼ਨ ਪਿਛਲੇ ਵੀਹ ਵਰ੍ਹਿਆਂ ਤੋਂ ਬਿਰਧ ਆਸ਼ਰਮ ਦੇ ਸੰਚਾਲਕ ਵਜੋਂ ਸੇਵਾ ਨਿਭਾਅ ਰਿਹਾ ਹਾਂ। ਇਸ ਗੱਲ ਤੋਂ ਮੁਨਕਰ ਨਹੀਂ ਕਿ ਇਹ ਖੁੱਲ੍ਹੇ ਹੋਏ ਬਿਰਧ ਆਸ਼ਰਮ ਸਮਾਜ ’ਤੇ ਇੱਕ ਧੱਬਾ ਹਨ ਅਤੇ ਰਿਸ਼ਤਿਆਂ ਦਾ ਜਨਾਜ਼ਾ ਵੀ। ਪਰ ਦੂਜੇ ਪਾਸੇ ਜਿਹੜੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਬੱਚਿਆਂ ਨੇ ਹੀ ਘਰੋਂ ਕੱਢ ਦਿੱਤਾ ਹੋਵੇ, ਉਹ ਅਜਿਹੀ ਹਾਲਤ ਵਿੱਚ ਹੋਰ ਕਿੱਥੇ ਜਾਣ? ਬਿਰਧ ਆਸ਼ਰਮ ਅਜਿਹੇ ਬਜ਼ੁਰਗਾਂ ਲਈ ਢੋਈ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਸਿਰ ’ਤੇ ਛੱਤ, ਰੋਟੀ ਟੁੱਕ ਦਾ ਪ੍ਰਬੰਧ ਅਤੇ ਹੋਰ ਲੋੜਾਂ ਪੂਰੀਆਂ ਕਰਨ ਵਿੱਚ ਬਿਰਧ ਆਸ਼ਰਮ ਸਹਾਈ ਹੁੰਦੇ ਹਨ। ਭਾਵੇਂ ਘਰ ਵਰਗਾ ਮਾਹੌਲ ਤਾਂ ਨਹੀਂ ਸਿਰਜਿਆ ਜਾ ਸਕਦਾ, ਪਰ ਉਨ੍ਹਾਂ ਦੇ ਸਾਹਾਂ ਦੀ ਤੰਦ ਪੱਕੀ ਕਰਨ ਲਈ ਯਤਨ ਜ਼ਰੂਰ ਕੀਤਾ ਜਾਂਦਾ ਹੈ।
ਇਸ ਸੇਵਾ ਵਿੱਚ ਕਈ ਵਾਰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਵਾਰ ਤਾਂ ਨੂੰਹ-ਪੁੱਤ ਹੀ ਬਜ਼ੁਰਗ ਨੂੰ ਨਾਲ ਲੈ ਕੇ ਆਉਂਦੇ ਹਨ ਤੇ ਆਪਣੀ ਪਛਾਣ ਗੁਪਤ ਰੱਖਦਿਆਂ ਹਮਦਰਦੀ ਦਾ ਚੋਲਾ ਪਾ ਕੇ ਕਹਿੰਦੇ ਹਨ, ‘‘ਗਲੀਆਂ ’ਚ ਰੁਲਦਾ ਫਿਰਦਾ ਸੀ ਵਿਚਾਰਾ। ਸਾਡੇ ਕੋਲੋਂ ਇਹਦਾ ਦੁੱਖ ਵੇਖਿਆ ਨਹੀਂ ਗਿਆ। ਸੋਚਿਆ, ਥੋਡੇ ਕੋਲ ਛੱਡ ਆਈਏ।’’ ਕਈ ਦਿਨਾਂ ਬਾਅਦ ਭੇਦ ਖੁੱਲ੍ਹਦਾ ਹੈ ਕਿ ਛੱਡਣ ਵਾਲੇ ਉਸ ਰਿਸ਼ਤੇ ਦੀ ਡੋਰ ਤੋਂ ਹੀ ਮੁਨਕਰ ਹੋ ਗਏ, ਜਿਸ ਨੇ ਉਨ੍ਹਾਂ ਦਾ ਦੁਨੀਆ ਨਾਲ ਨਾਤਾ ਜੋੜਿਆ।
ਤਿੰਨ ਕੁ ਸਾਲ ਪਹਿਲਾਂ ਇੱਕ ਪਤੀ-ਪਤਨੀ ਬਿਰਧ ਔਰਤ ਨੂੰ ਨਾਲ ਲੈ ਕੇ ਆਸ਼ਰਮ ਆਏ। ਪਤਨੀ ਤਾਂ ਕੁਝ ਨਹੀਂ ਬੋਲੀ, ਪਰ ਪਤੀ ਨੇ ਬੜੀ ਹੀ ਨਿਮਰਤਾ ਨਾਲ ਕਿਹਾ, ‘‘ਸਾਡਾ ਇੱਕਲੌਤਾ ਪੁੱਤ ਵਿਦੇਸ਼ ਰਹਿੰਦਾ ਹੈ। ਉਸ ਨੂੰ ਅਸੀਂ ਮਿਲਣ ਜਾਣਾ ਹੈ। ਮਾਤਾ ਦੀ ਤਬੀਅਤ ਠੀਕ ਨਹੀਂ, ਇਸ ਕਰਕੇ ਇਸ ਨੂੰ ਅਜਿਹੀ ਸਥਿਤੀ ਵਿੱਚ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ। ਤੁਸੀਂ ਇੱਕ ਮਹੀਨੇ ਲਈ ਮਾਂ ਨੂੰ ਰੱਖ ਲਵੋ। ਜੋ ਖਰਚਾ ਹੋਵੇਗਾ, ਅਸੀਂ ਦੇਣ ਲਈ ਤਿਆਰ ਹਾਂ।’’ ਉਹ ਆਪਣਾ ਪਰਸ ਕੱਢਣ ਲੱਗਿਆ, ਪਰ ਮੈਂ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ, ‘‘ਮਾਵਾਂ ਨੂੰ ਰੱਖਣ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ।’’ ਉਸ ਨੇ ਵਿਦੇਸ਼ ਜਾਣ ਸਬੰਧੀ ਆਪਣੇ ਦਸਤਾਵੇਜ਼ ਵੀ ਵਿਖਾਏ। ਉਨ੍ਹਾਂ ਬਿਰਧ ਔਰਤ ਨੂੰ ਕਿਹਾ, ‘‘ਰਾਕੇਸ਼ ਨੂੰ ਮਿਲ ਕੇ ਅਸੀਂ ਦਸ ਕੁ ਦਿਨਾਂ ਤੱਕ ਤੁਹਾਨੂੰ ਲੈ ਜਾਵਾਂਗੇ।’’ ਉਨ੍ਹਾਂ ਕੁਝ ਕਾਗਜ਼ਾਤ ’ਤੇ ਮਾਤਾ ਦੇ ਹਸਤਾਖਰ ਕਰਵਾਏ ਤੇ ਚਲੇ ਗਏ।
ਦਸ ਕੁ ਦਿਨ ਤਾਂ ਬਜ਼ੁਰਗ ਮਾਂ ਨੇ ਔਖੇ ਸੌਖੇ ਆਸ਼ਰਮ ਵਿੱਚ ਕੱਟੇ, ਪਰ ਦਸ ਦਿਨਾਂ ਤੋਂ ਬਾਅਦ ਉਸ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ‘‘ਕਦੋਂ ਆਊਗਾ ਮੇਰਾ ਰਿੰਕੂ?’’ ਉਸ ਨੂੰ ਉਸ ਦੇ ਪੁੱਤਰ ਦੀ ਛੇਤੀ ਵਾਪਸੀ ਦਾ ਦਿਲਾਸਾ ਦਿੰਦਿਆਂ ਅਸੀਂ ਕੁਝ ਦਿਨ ਹੋਰ ਇੰਤਜ਼ਾਰ ਕਰਨ ਲਈ ਕਿਹਾ। 20-22 ਦਿਨ ਗੁਜ਼ਰ ਗਏ ਪੁੱਤ ਦਾ ਵਿਦੇਸ਼ ਤੋਂ ਆਪਣੀ ਮਾਂ ਨੂੰ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਉਸ ਸਾਡੇ ਕੋਲੋਂ ਆਪਣੀ ਮਾਂ ਦੀ ਖ਼ੈਰ ਸੁੱਖ ਪੁੱਛੀ। ਮਾਂ, ਪੁੱਤ ਦੀ ਉਡੀਕ ਵਿੱਚ ਮੰਜੇ ’ਤੇ ਪੈ ਗਈ। ਮੰਜੇ ’ਤੇ ਪਈ ਦੀ ਵੀ ਨਜ਼ਰ ਹਰ ਵੇਲੇ ਬੂਹੇ ’ਤੇ ਟਿਕੀ ਹੁੰਦੀ। ਪੁੱਤ ਦੀ ਉਡੀਕ ਵਿੱਚ ਉਹ ਨਿਢਾਲ ਹੋ ਗਈ ਸੀ। ਖਾਣਾ-ਪੀਣਾ ਵੀ ਘਟ ਗਿਆ। ਮਹੀਨੇ ਦੀ ਥਾਂ ਡੇਢ ਮਹੀਨਾ ਗੁਜ਼ਰ ਗਿਆ। ਰਿੰਕੂ ਦੇ ਮੋਬਾਈਲ ’ਤੇ ਸੰਪਰਕ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਮੋਬਾਈਲ ਬੰਦ ਆ ਰਿਹਾ ਸੀ। ਫਿਰ ਪਤਾ ਲੱਗਿਆ ਕਿ ਉਹ ਵਾਪਸ ਤਾਂ ਆ ਗਿਆ ਹੈ, ਪਰ ਮੋਬਾਈਲ ਨੰਬਰ ਬਦਲ ਲਿਆ ਹੈ। ਇਧਰ ਰਿੰਕੂ ਦੀ ਮਾਂ ਬੇਸੁੱਧ ਹੋਈ ਆਸ਼ਰਮ ਦੇ ਬੂਹੇ ਵੱਲ ਇੱਕ ਟੱਕ ਦੇਖਦੀ ਰਹਿੰਦੀ। ਆਖ਼ਰ ਪੁੱਤ ਦੇ ਵਿਯੋਗ ਵਿੱਚ ਉਸ ਨੇ ਦਮ ਤੋੜ ਦਿੱਤਾ। ਮੈਂ ਅਤੇ ਮੇਰੇ ਸਾਥੀ ਅੰਤਾਂ ਦੇ ਮਾਯੂਸ ਹੋ ਗਏ। ਮਰੀ ਪਈ ਮਾਂ ਦਾ ਮੂੰਹ ਹਾਲੇ ਵੀ ਦਰਵਾਜ਼ੇ ਵੱਲ ਹੀ ਝਾਕ ਰਿਹਾ ਸੀ।
ਮਰਨੇ ਕੇ ਬਾਅਦ ਭੀ ਮੇਰੀ ਆਖੇ ਖੁਲ੍ਹੀ ਰਹੀ,
ਆਦਤ ਪੜੀ ਹੁਈ ਥੀ ਇਨ੍ਹੇ ਇੰਤਜ਼ਾਰ ਕੀ।
ਬਜ਼ੁਰਗ ਮਾਂ ਦੀ ਮੌਤ ਸਬੰਧੀ ਪੁੱਤ ਨੂੰ ਸੂਚਨਾ ਦੇਣ ਲਈ ਹਰ ਸੰਭਵ ਯਤਨ ਕੀਤਾ ਗਿਆ। ਉਸ ਸ਼ਹਿਰ ਵਿੱਚ ਕਿਸੇ ਜਾਣ-ਪਛਾਣ ਵਾਲੇ ਨੂੰ ਥਹੁ ਪਤਾ ਦੱਸ ਕੇ ਰਿੰਕੂ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ। ਕਾਫੀ ਭੱਜ-ਦੌੜ ਮਗਰੋਂ ਉਸ ਵਿਅਕਤੀ ਨੇ ਰਿੰਕੂ ਨੂੰ ਲੱਭ ਲਿਆ ਤੇ ਆਪਣੇ ਮੋਬਾਈਲ ਤੋਂ ਕਾਲ ਕਰਕੇ ਰਿੰਕੂ ਨਾਲ ਸਾਡੀ ਗੱਲ ਕਰਵਾਈ। ਜਦੋਂ ਮੈਂ ਉਸ ਨੂੰ ਉਸ ਦੀ ਮਾਂ ਦੀ ਮੌਤ ਬਾਰੇ ਦੱਸਿਆ ਤਾਂ ਉਸ ਨੇ ਬਨਾਵਟੀ ਜਿਹੇ ਢੰਗ ਨਾਲ ਕਿਹਾ, ‘‘ਕਦੋਂ ਮਰੀ ਹੈ ਮਾਂ?’’ ਮਾਂ ਨਾਲ ਕੀਤੀ ਉਸ ਦੀ ਇਸ ਬੇਈਮਾਨੀ ’ਤੇ ਮੈਨੂੰ ਗੁੱਸਾ ਆਇਆ। ਮੈਂ ਕਿਹਾ, ‘‘ਤੇਰੀ ਮਾਂ ਤਾਂ ਉਸ ਦਿਨ ਹੀ ਮਰ ਗਈ ਸੀ ਜਿਸ ਦਿਨ ਤੂੰ ਉਸ ਨੂੰ ਇੱਥੇ ਛੱਡ ਕੇ ਗਿਆ ਸੀ। ਅੱਜ ਤਾਂ ਇਸ ਨੇ ਆਖ਼ਰੀ ਸਾਹ ਲਏ ਨੇ ਬਸ।’’ ਕੁਝ ਪਲ ਰੁਕ ਕੇ ਮੈਂ ਫਿਰ ਕਿਹਾ, “ਤੇਰੇ ਕੋਲ ਤਿੰਨ ਘੰਟੇ ਦਾ ਸਮਾਂ ਹੈ। ਆ ਕੇ ਆਪਣੀ ਮ੍ਰਿਤਕ ਮਾਂ ਨੂੰ ਲੈ ਜਾ। ਜੇ ਨਾ ਆਇਆ ਤਾਂ ਅਸੀਂ ਤੇਰੇ ਸ਼ਹਿਰ ਆ ਕੇ ਤੇਰੀ ਮਾਂ ਦਾ ਸਸਕਾਰ ਕਰਾਂਗੇ ਤੇ ਤੇਰੀ ਮਾਂ ਦੀ ਅਰਥੀ ਤੇਰੇ ਘਰ ਦੇ ਮੂਹਰੇ ਰੱਖ ਕੇ ਤੇਰਾ ਜਲੂਸ ਵੀ ਕੱਢਾਂਗੇ।’’
ਦੋ ਕੁ ਘੰਟੇ ਬਾਅਦ ਰਿੰਕੂ ਕਾਰ ਵਿੱਚ ਆਸ਼ਰਮ ਪਹੁੰਚ ਗਿਆ ਤੇ ਆਪਣੀ ਮਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਚਲਾ ਗਿਆ। ਉਸ ਦੇ ਚਿਹਰੇ ’ਤੇ ਮਾਂ ਦੇ ਮਰ ਜਾਣ ਦਾ ਕੋਈ ਦੁੱਖ ਨਜ਼ਰ ਨਹੀਂ ਸੀ ਆ ਰਿਹਾ।
ਸੰਪਰਕ: 94171-48866

