ਗਰਮੀ ਦੀਆਂ ਛੁੱਟੀਆਂ ਹੋਣ ਵਿਚ ਬਸ ਇੱਕ ਹਫਤਾ ਬਾਕੀ ਰਹਿ ਗਿਆ ਸੀ। ਸਕੂਲ ਬੰਦ ਹੋਣ ਤੋਂ ਬਾਅਦ ਪੁੱਤਰ ਹੁਣ ਘਰ ਵਿਚ ਈ ਰਿਹਾ ਕਰੂ, ਤੇ ਛੋਟੇ ਬੱਚੇ ਸਾਰਾ ਦਿਨ ਖਾਣ ਪੀਣ ਨੂੰ ਕੁਝ ਨਾ ਕੁਝ ਮੰਗਦੇ ਰਹਿੰਦੇ ਆ। ਗਰਮੀਆਂ ਦੇ ਦਿਨ ਵੀ ਬਹੁਤ ਵੱਡੇ ਹੁੰਦੇ ਆ … ਇਹ ਸਭ ਸੋਚ ਕੇ ਮੈਂ ਬਿਸਕੁੱਟ ਕਢਵਾਉਣ ਬਾਰੇ ਸੋਚਿਆ। ਉਦੋਂ ਮੇਰਾ ਪੁੱਤਰ ਪੰਜਵੀਂ ਕਲਾਸ ਵਿਚ ਪੜ੍ਹਦਾ ਸੀ। ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮਕਾਜ ਕੀਤਾ ਅਤੇ ਗਿਆਰਾਂ ਕੁ ਵਜੇ ਬਿਸਕੁਟਾ ਲਈ ਮੈਨੂੰ ਜੋ ਸਮਾਨ ਚਾਹੀਦਾ ਸੀ, ਮੈਂ ਉਹ ਲਿਆ ਤੇ ਪਤੀ ਨੂੰ ਕਿਹਾ ਕਿ ਮੈਨੂੰ ਬਿਸਕੁਟਾਂ ਵਾਲੇ ਭੱਠ ਤੇ ਛੱਡ ਆਵੇ। ਉਹ ਮੈਨੂੰ ਉੱਥੇ ਛੱਡ ਕੇ ਫਿਰ ਆਪਣੇ ਕੰਮ ਤੇ ਚਲੇ ਗਏ। ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਤਿੰਨ-ਚਾਰ ਔਰਤਾਂ ਹੋਰ ਬਿਸਕੁਟ ਕਢਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਸਨ। ਖੈਰ! ਵਕਤ ਤਾਂ ਲੱਗਣਾ ਹੀ ਸੀ, ਉਨ੍ਹਾਂ ਦੀ ਵਾਰੀ ਤੋਂ ਬਾਅਦ ਮੇਰੀ ਵਾਰੀ ਆਈ। ਬਿਸਕੁਟ ਬਣਾ ਕੇ ਉਨ੍ਹਾਂ ਨੇ ਪੈਕ ਕਰ ਕੇ ਗੱਤੇ ਤੇ ਡੱਬੇ ਵਿਚ ਪਾ ਦਿੱਤੇ। ਮੈਂ ਉਨ੍ਹਾਂ ਨੂੰ ਬਣਦੇ ਪੈਸੇ ਦਿੱਤੇ ਅਤੇ ਘਰ ਵਾਪਸ ਆਉਣ ਲਈ ਕੋਈ ਰਿਕਸ਼ਾ ਦੇਖਣ ਲੱਗੀ।
ਅੱਜ ਤੋਂ ਤਿੰਨ ਸਾਲ ਪਹਿਲਾਂ ਸ਼ਹਿਰ ਵਿਚ ਬੈਟਰੀ ਵਾਲੇ ਰਿਕਸ਼ੇ ਨਹੀਂ ਸੀ ਆਏ, ਅਗਰ ਕੋਈ ਆਏ ਵੀ ਸੀ ਤਾਂ ਬੱਸ ਦੋ-ਚਾਰ ਵਿਰਲੇ-ਟਾਂਵੇਂ ਹੀ ਦਿਸਦੇ ਸਨ। ਪੰਜ-ਸੱਤ ਮਿੰਟ ਤੋਂ ਬਾਅਦ ਇੱਕ ਰਿਕਸ਼ਾ ਮੇਰੇ ਨੇੜੇ ਤੋਂ ਲੰਘਿਆ, ਤੇ ਮੈਂ ਰਿਕਸ਼ਾ ਚਾਲਕ ਨੂੰ ਇਸ਼ਾਰਾ ਕਰ ਕੇ ਕੋਲ ਬੁਲਾ ਲਿਆ।
“ਹਾਂ ਜੀ ਭੈਣ ਜੀ, ਕਿੱਥੇ ਜਾਣਾ?” ਰਿਕਸ਼ੇ ਵਾਲਾ ਬੋਲਿਆ।
ਮੈਂ ਆਪਣੇ ਘਰ ਦਾ ਥਾਂ-ਪਤਾ ਦੱਸਿਆ ਤਾਂ ਉਸ ਨੇ ਮੇਰੇ ਕੋਲੋਂ ਚਾਲੀ ਰੁਪਏ ਮੰਗੇ। ਉਹਦੇ ਮੂੰਹੋਂ ਚਾਲੀ ਰੁਪਏ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਂ ਕਿਹਾ, “ਮੇਰਾ ਘਰ ਨੇੜੇ ਈ ਆ, ਜ਼ਿਆਦਾ ਦੂਰ ਨਹੀਂ। ਇੰਨੇ ਪੈਸੇ ਤਾਂ ਬਹੁਤ ਜ਼ਿਆਦਾ।”
“ਨਹੀਂ ਭੈਣ ਜੀ, ਬਿਲਕੁੱਲ ਜਾਇਜ਼ ਮੰਗੇ ਆ।” ਰਿਕਸ਼ੇ ਵਾਲਾ ਦੁਬਾਰਾ ਬੋਲਿਆ ਤੇ ਉਹਨੇ ਝੱਟ ਦੇਣੀ ਬਿਸਕੁਟਾਂ ਵਾਲਾ ਡੱਬਾ ਰਿਕਸ਼ੇ ਉੱਤੇ ਰੱਖ ਦਿੱਤਾ। ਨਾਲ ਹੀ ਉਹਨੇ ਚੱਲਣ ਦੇ ਇਸ਼ਾਰੇ ਨਾਲ ਕਿਹਾ- ‘ਚਲੋ ਬੈਠੋ ਭੈਣ ਜੀ’।
ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਮੈਂ ਕੋਈ ਬਹਿਸ ਨਹੀਂ ਕੀਤੀ ਅਤੇ ਰਿਕਸ਼ੇ ਤੇ ਬੈਠ ਗਈ। ਰਿਕਸ਼ੇ ਵਾਲੇ ਨੇ ਆਪਣੇ ਪਰਨੇ ਨਾਲ ਆਪਣੇ ਮੱਥੇ ਤੋਂ ਪਸੀਨਾ ਪੂੰਝਿਆ ਅਤੇ ਰਿਕਸ਼ਾ ਸੜਕ ਤੇ ਪਾ ਲਿਆ।
ਅਸੀਂ ਅਜੇ ਕੁਝ ਦੂਰ ਹੀ ਗਏ ਸੀ ਕਿ ਫਾਟਕ ਬੰਦ ਹੋ ਗਿਆ। ਡੇਢ ਵਾਲੀ ਗੱਡੀ ਦਾ ਵਕਤ ਹੋ ਚੁੱਕਾ ਸੀ। ਬੱਸ ਕੁਝ ਹੀ ਮਿੰਟਾਂ ਵਿਚ ਫਾਟਕ ਦੇ ਦੋਹੀਂ ਪਾਸੀਂ ਵਾਹਨ ਰੁਕਣ ਲੱਗ ਪਏ। ਦੇਖਦੇ ਹੀ ਦੇਖਦੇ ਵੱਡਾ ਜਾਮ ਲੱਗ ਗਿਆ। ਤਿੱਖੀ ਵਰ੍ਹਦੀ ਗਰਮੀ ਵਿਚ ਰਿਕਸ਼ੇ ਦੀ ਛਤਰੀ ਨੇ ਮੇਰੇ ਸਿਰ ਨੂੰ ਤਾਂ ਧੁੱਪ ਤੋਂ ਬਚਾਇਆ ਹੋਇਆ ਸੀ ਪਰ ਰਿਕਸ਼ੇ ਵਾਲਾ ਕਦੇ ਪਸੀਨਾ ਪੂੰਝਦਾ, ਕਦੇ ਰਿਕਸ਼ੇ ਤੇ ਬੈਠਦਾ, ਕਦੇ ਸੱਜੇ-ਖੱਬੇ ਦੇਖਦਾ। ਰੇਲ ਗੱਡੀ ਉਸ ਦਿਨ ਬਹੁਤ ਲੇਟ ਆਈ। ਮੈਂ ਟਾਈਮ ਦੇਖਿਆ ਤਾਂ ਦੋ ਵੱਜ ਚੁੱਕੇ ਸੀ। ਰੇਲ ਗੱਡੀ ਲੰਘਣ ਤੋਂ ਬਾਅਦ ਫਾਟਕ ਖੁੱਲ੍ਹਿਆ ਤਾਂ ਕਿਤੇ ਜਾ ਕੇ ਉੱਥੇ ਖੜ੍ਹੇ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਉਥੋਂ ਨਿਕਲਦਿਆਂ-ਕਰਦਿਆਂ ਵੀਹ-ਪੱਚੀ ਮਿੰਟ ਹੋਰ ਲੱਗ ਗਏ। ਰਿਕਸ਼ੇ ਵਾਲੇ ਨੇ ਉਸ ਸਿਖਰ ਦੁਪਿਹਰ ਵਿਚ ਕਾਹਲੀ ਨਾਲ ਪੈਡਲ ਮਾਰਨੇ ਸ਼ੁਰੂ ਕੀਤੇ। ਇੰਨੀ ਗਰਮੀ ਹੋਣ ਕਰ ਕੇ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ। ‘ਇਸ ਵਿਚਾਰੇ ਨੂੰ ਵੀ ਤਾਂ ਪਿਆਸ ਲੱਗੀ ਹੋਣੀ ਆ’, ਮੈਂ ਆਪਣੇ ਮਨ ਵਿਚ ਸੋਚ ਰਹੀ ਸੀ।
ਅਖ਼ੀਰ ਮੇਰਾ ਘਰ ਆ ਗਿਆ। ਗੇਟ ਤੋਂ ਬਾਹਰ ਉਸ ਨੇ ਰਿਕਸ਼ਾ ਰੋਕਿਆ। ਰਿਕਸ਼ੇ ਤੋਂ ਉੱਤਰ ਕੇ ਮੈਂ ਕਾਹਲੀ ਨਾਲ ਗੇਟ ਖੋਲ੍ਹਿਆ ਤੇ ਉਸ ਨੇ ਬਿਸਕੁਟਾਂ ਵਾਲਾ ਡੱਬਾ ਚੁੱਕ ਕੇ ਘਰ ਦੇ ਵਿਹੜੇ ਵਿਚ ਜਾਮਣ ਦੇ ਦਰੱਖਤ ਹੇਠਾਂ ਪਏ ਹੋਏ ਮੰਜੇ ਉੱਤੇ ਰੱਖ ਦਿੱਤਾ। ਇੰਨੇ ਸਮੇਂ ਵਿਚ ਮੈਂ ਉਸ ਲਈ ਠੰਢੇ ਪਾਣੀ ਵਿਚ ਸ਼ਰਬਤ ਮਿਲਾ ਲਿਆਈ। ਰਿਕਸ਼ੇ ਵਾਲੇ ਨੇ ਰੱਜ ਕੇ ਪਾਣੀ ਪੀਤਾ। ਮੈਂ ਉਸ ਨੂੰ ਚਾਲੀ ਰੁਪਏ ਫਵਾਏ, ਉਹਨੇ ਪੈਸੇ ਆਪਣੀ ਜੇਬ ਵਿਚ ਪਾਏ ਅਤੇ ਗੇਟ ਤੋਂ ਬਾਹਰ ਚਲਾ ਗਿਆ।
ਉਹਦੇ ਬਾਹਰ ਨਿਕਲਣ ਸਾਰ ਮੈਂ ਗੇਟ ਬੰਦ ਕਰਨ ਲਈ ਗੇਟ ਵੱਲ ਵਧੀ। ਮੈਂ ਦੇਖਿਆ ਕਿ ਰਿਕਸ਼ੇ ਵਾਲਾ ਮੇਰੇ ਘਰ ਤੋਂ ਥੋੜ੍ਹਾ ਦੂਰ ਜਾ ਚੁੱਕਾ ਸੀ। ਮੈਂ ਆਪਣੇ ਦਿਲ ਵਿਚ ਸੋਚਿਆ ਕਿ ਜੇ ਮੈਂ ਅੱਜ ਇਸ ਦੀ ਮਿਹਨਤ ਦੇ ਪੈਸਿਆਂ ਵਿਚੋਂ ਕਟੌਤੀ ਕਰਦੀ ਤਾਂ ਸ਼ਾਇਦ ਮੈਂ ਖੁਦ ਨੂੰ ਕਦੀ ਮੁਆਫ਼ ਨਾ ਕਰ ਸਕਦੀ। ਇਹ ਵੀ ਸੋਚਿਆ ਕਿ ਅਸੀਂ ਡਾਢੀ ਮਿਹਨਤ-ਮੁਸ਼ੱਕਤ ਕਰਦੇ ਅਜਿਹੇ ਕਿਰਤੀਆਂ ਦਾ ਮਿਹਨਤਾਨਾ ਘਟਾਉਣ ਲਈ ਤਾਂ ਪੱਬਾਂ ਭਾਰ ਹੋਏ ਰਹਿੰਦੇ ਹਾਂ, ਉਂਜ ਭਾਵੇਂ ਆਪਣੇ ਲਈ ਮਹਿੰਗੀ ਤੋਂ ਮਹਿੰਗੀ ਚੀਜ਼ ਖਰੀਦਣ ਲਈ ਭਾਅ ਵੀ ਨਾ ਕਰੀਏ! ਗਰਮੀ ਦੇ ਕਹਿਰ ਵਿਚ ਉਸ ਦੇ ਚਾਲੀ ਰੁਪਏ ਬਿਲਕੁੱਲ ਜਾਇਜ਼ ਸਨ!
ਸੰਪਰਕ: 89685-94379