ਜਾਅਲਸਾਜ਼ੀ
ਮੈਂ ਆਰਥਿਕ ਅਪਰਾਧ ਸ਼ਾਖਾ ਵਿੱਚ ਬਤੌਰ ਤਫ਼ਤੀਸ਼ੀ ਅਫਸਰ ਤਾਇਨਾਤ ਸਾਂ। ਇੱਕ ਵਿਅਕਤੀ ਨੇ ਦਰਖ਼ਾਸਤ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਕਿ ਕੁਝ ਵਿਅਕਤੀਆਂ ਨੇ ਮੈਨੇਜਰ ਦੀ ਮਿਲੀਭੁਗਤ ਨਾਲ ਪੰਜ ਲੱਖ ਦੀ ਐੱਫ ਡੀ ਉਸ ਦੇ ਜਾਅਲੀ ਦਸਤਖ਼ਤ ਕਰ ਕੇ ਕਢਾ...
ਮੈਂ ਆਰਥਿਕ ਅਪਰਾਧ ਸ਼ਾਖਾ ਵਿੱਚ ਬਤੌਰ ਤਫ਼ਤੀਸ਼ੀ ਅਫਸਰ ਤਾਇਨਾਤ ਸਾਂ। ਇੱਕ ਵਿਅਕਤੀ ਨੇ ਦਰਖ਼ਾਸਤ ਮਾਣਯੋਗ ਕਮਿਸ਼ਨਰ ਸਾਹਿਬ ਨੂੰ ਦਿੱਤੀ ਸੀ ਕਿ ਕੁਝ ਵਿਅਕਤੀਆਂ ਨੇ ਮੈਨੇਜਰ ਦੀ ਮਿਲੀਭੁਗਤ ਨਾਲ ਪੰਜ ਲੱਖ ਦੀ ਐੱਫ ਡੀ ਉਸ ਦੇ ਜਾਅਲੀ ਦਸਤਖ਼ਤ ਕਰ ਕੇ ਕਢਾ ਲਈ ਹੈ। ਮੈਂ ਦਰਖ਼ਾਸਤਕਰਤਾ ਦੇ ਦਸਤਖ਼ਤ ਦਾ ਨਮੂਨਾ ਲਿਆ ਤੇ ਮਿਲਾਨ ਲਈ ਐੱਫ ਐੱਸ ਐੱਲ ਮੁਹਾਲੀ ਭੇਜ ਦਿੱਤਾ। ਮਾਹਿਰ ਵੱਲੋਂ ਭੇਜੀ ਰਿਪੋਰਟ ਵਿੱਚ ਰਕਮ ਕਢਵਾਉਣ ਲਈ ਕੀਤੇ ਦਸਤਖ਼ਤ ਜਾਅਲੀ ਪਾਏ ਗਏ। ਪੈਸੇ ਕਢਵਾਉਣ ਵਾਲਿਆਂ ਦੀ ਕੋਈ ਉੱਘ-ਸੁੱਘ ਨਹੀਂ ਸੀ ਮਿਲ ਰਹੀ। ਇਸ ਲਈ ਮੈਂ ਬੈਂਕ ਮੈਨੇਜਰ ਨੂੰ ਬੁਲਾਇਆ। ਉਸ ਦੱਸਿਆ ਕਿ 35 ਸਾਲਾਂ ਦੀ ਨੌਕਰੀ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇ ਜਾਅਲੀ ਦਸਤਖ਼ਤ ਉਸ ਦੀਆਂ ਨਜ਼ਰਾਂ ਤੋਂ ਬਚ ਗਏ। ਦਰਅਸਲ, ਖਾਤਾਧਾਰਕ ਦੇ ਦਸਤਖ਼ਤ ਬਹੁਤ ਸਾਧਾਰਨ ਸਨ, ਜੋ ਕੋਈ ਵੀ ਥੋੜ੍ਹੀ ਪ੍ਰੈਕਟਿਸ ਕਰਕੇ ਕਰ ਸਕਦਾ ਸੀ। ਮੈਂ ਆਪਣੇ ਅਧਿਕਾਰੀਆਂ ਸਾਹਮਣੇ ਮੈਨੇਜਰ ਨੂੰ ਪੇਸ਼ ਕੀਤਾ ਤੇ ਸਾਰੀ ਸਥਿਤੀ ਸਪੱਸ਼ਟ ਕੀਤੀ। ਅਧਿਕਾਰੀਆਂ ਨੇ ਇੱਕ ਵਾਰ ਮੁੜ ਖਾਤਾਧਾਰਕ ਨੂੰ ਸੱਦਿਆ ਅਤੇ ਉਸ ਦੀ ਬੈਂਕ ਮੈਨੇਜਰ ਨਾਲ ਸਿੱਧੀ ਗੱਲ ਕਰਵਾ ਕੇ ਸਾਰੀ ਸਥਿਤੀ ਦੱਸੀ ਗਈ।
ਖਾਤਾਧਾਰਕ ਨੂੰ ਵੀ ਯਕੀਨ ਹੋ ਗਿਆ ਸੀ ਕਿ ਜਿਨ੍ਹਾਂ ਠੱਗੀ ਮਾਰੀ ਹੈ, ਉਨ੍ਹਾਂ ਸਿਰਫ਼ ਉਸ ਨੂੰ ਹੀ ਨਹੀਂ ਸਗੋਂ ਬੈਂਕ ਮੈਨੇਜਰ ਨੂੰ ਵੀ ਝਾਂਸੇ ਵਿੱਚ ਲਿਆ ਹੈ। ਉਸ ਆਖਿਆ ਕਿ ਉਹ ਕਿਸੇ ਬੇਕਸੂਰ ਨੂੰ ਐਸੇ ਗੁਨਾਹ ਦੀ ਸਜ਼ਾ ਨਹੀਂ ਦਿਵਾਉਣਾ ਚਾਹੁੰਦਾ, ਜੇਕਰ ਉਸ ਦੀ ਕਿਸਮਤ ਵਿੱਚ ਪੈਸੇ ਵਾਪਸ ਮਿਲਣੇ ਲਿਖੇ ਹੋਣਗੇ ਤਾਂ ਦੋਸ਼ੀ ਜ਼ਰੂਰ ਫੜੇ ਜਾਣਗੇ। ਇਸ ਸਾਰੀ ਗੱਲਬਾਤ ਮਗਰੋਂ ਦਰਖ਼ਾਸਤਕਰਤਾ ਦੀ ਸਹਿਮਤੀ ਨਾਲ ਮੈਨੇਜਰ ਨੂੰ ਇਸ ਮਾਮਲੇ ਵਿੱਚ ਬੇਗੁਨਾਹ ਦੱਸ ਕੇ ਅਸਲ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਤਫ਼ਤੀਸ਼ੀ ਅਫਸਰ ਨੂੰ ਸਹੀ ਤੱਥਾਂ ਦੇ ਆਧਾਰ ’ਤੇ ਹੀ ਤਫ਼ਤੀਸ਼ ਅਤੇ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਐਸਾ ਨਾ ਹੋਵੇ ਕੋਈ ਬੇਦੋਸ਼ਾ ਬੰਦਾ ਜੇਲ੍ਹ ਚਲਾ ਜਾਵੇ।
ਸੰਪਰਕ: 98786-00221

