ਸੁਪਨਿਆਂ ਦੀ ਉਡਾਣ
ਅੱਜਕੱਲ੍ਹ ਆਦਮਪੁਰ ਦਾ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’ ਸੁਰਖੀਆਂ ਵਿੱਚ ਹੈ। ਥੋੜ੍ਹੇ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਵੱਲੋਂ ਆਪਣੀ ਪੰਜਾਬ ਫੇਰੀ ਸਮੇਂ ਇਸ ਹਵਾਈ ਅੱਡੇ ਦਾ ਇਹ ਨਾਮਕਰਨ ਕੀਤਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ‘ਇੰਡੀਗੋ’ ਹਵਾਈ ਕੰਪਨੀ ਵੱਲੋਂ...
ਅੱਜਕੱਲ੍ਹ ਆਦਮਪੁਰ ਦਾ ‘ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ’ ਸੁਰਖੀਆਂ ਵਿੱਚ ਹੈ। ਥੋੜ੍ਹੇ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਵੱਲੋਂ ਆਪਣੀ ਪੰਜਾਬ ਫੇਰੀ ਸਮੇਂ ਇਸ ਹਵਾਈ ਅੱਡੇ ਦਾ ਇਹ ਨਾਮਕਰਨ ਕੀਤਾ ਗਿਆ ਹੈ। ਕੁੱਝ ਮਹੀਨੇ ਪਹਿਲਾਂ ‘ਇੰਡੀਗੋ’ ਹਵਾਈ ਕੰਪਨੀ ਵੱਲੋਂ ਮੁੰਬਈ ਤੋਂ ਆਦਮਪੁਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੇ ਨਾਲ ਦੁਆਬੇ ਦੇ ਇਸ ਸੁੰਨੇ ਪਏ ਹਵਾਈ ਅੱਡੇ ’ਤੇ ਵਾਹਵਾ ਚਹਿਲ-ਪਹਿਲ ਵਾਲਾ ਮਾਹੌਲ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਸਭ ਤੋਂ ਪਹਿਲੀ ਉਡਾਣ ਇੱਥੇ ਲੈ ਕੇ ਆਉਣ ਵਾਲਾ ਉੱਚਾ ਲੰਮਾ, ਗੋਰਾ ਨਿਛੋਹ ਗੱਭਰੂ ਸਾਡਾ ਆਪਣਾ ਪੰਜਾਬੀ ਮੁੰਡਾ ਸੀ- ਕੈਪਟਨ ਹਰਪ੍ਰੀਤ ਸਿੰਘ। ਉਸ ਨੇ ਕਾਕਪਿਟ ਤੋਂ ਬਾਹਰ ਆ ਕੇ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਨਿੱਘਾ ‘ਜੀ ਆਇਆਂ’ ਵੀ ਕਿਹਾ ਅਤੇ ਆਪਣੇ ਸ਼ਬਦਾਂ ਨਾਲ ਉਨ੍ਹਾਂ ਦੇ ਦਿਲ ਵੀ ਜਿੱਤ ਲਏ। ਕੈਪਟਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਉਡਾਣ ਦੋ ਨਿੱਜੀ ਕਾਰਨਾਂ ਕਰਕੇ ਵਿਲੱਖਣ ਸੀ। ਇੱਕ ਤਾਂ ਉਸ ਦੇ ਪਿਤਾ ਜੀ ਵੀ ਇਸ ਉਡਾਣ ਵਿੱਚ ਯਾਤਰਾ ਕਰ ਰਹੇ ਸਨ ਅਤੇ ਦੂਜਾ ਆਦਮਪੁਰ ਵਿੱਚ ਉਸ ਦੇ ਨਾਨਕੇ ਵੀ ਹਨ। ਕਿੰਨੇ ਖ਼ੁਸ਼ੀ ਅਤੇ ਮਾਣ ਵਾਲੇ ਪਲ ਹੋਣਗੇ ਉਹ !
ਯਾਦਾਂ ਦੀ ਕੜੀ ਮੈਨੂੰ ਇੱਕ ਦਹਾਕਾ ਪਿੱਛੇ ਲੈ ਗਈ। ਗੱਲ 2015 ਦੀ ਹੈ। ਮੈਂ ਲੁਧਿਆਣਾ ਨੇੜਲੇ ਇੱਕ ਪਿੰਡ ਵਿੱਚ ਬੈਂਕ ਮੈਨੇਜਰ ਵਜੋਂ ਤਾਇਨਾਤ ਸਾਂ। ਰੋਜ਼ ਵਾਂਗ ਦਫ਼ਤਰ ਵਿੱਚ ਗਾਹਕਾਂ ਦੀ ਕਾਫ਼ੀ ਭੀੜ ਸੀ। ਮੈਂ ਆਪਣੇ ਕੰਮ ਵਿੱਚ ਮਸਰੂਫ ਸਾਂ ਕਿ ਇੱਕ ਲੰਮ-ਸਲੰਮੀ, ਸੋਹਣੀ ਸੁਨੱਖੀ ਮੁਟਿਆਰ ਆਪਣੇ ਪਿਤਾ ਜੀ ਨਾਲ ਮੇਰੇ ਕੈਬਿਨ ਵਿੱਚ ਦਾਖਲ ਹੋਈ। ਉਨ੍ਹਾਂ ਨੂੰ ਬੈਠਣ ਲਈ ਕਹਿ, ਮੈਂ ਸਵਾਲੀਆ ਨਜ਼ਰਾਂ ਨਾਲ ਤੱਕਿਆ।
“ਸਰ, ਮੈਂ ਤੁਹਾਡੇ ਗੁਆਂਢੀ ਪਿੰਡ ਤੋਂ...ਇਹ ਮੇਰੀ ਬੇਟੀ ਹੈ ਹਰਪ੍ਰੀਤ...ਕਮਰਸ਼ੀਅਲ ਪਾਇਲਟ ਦੀ ਪੜ੍ਹਾਈ ਕਰ ਰਹੀ ਹੈ...ਕੁੱਝ ਕੁ ਘੰਟਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਬਾਕੀ ਹੈ...ਜੋ ਨਿਊਜ਼ੀਲੈਂਡ ਵਿੱਚ ਹੋਣੀ ਹੈ।” ਸਰਦਾਰ ਜੀ ਨੇ ਬੜੇ ਅਦਬ ਨਾਲ ਆਪਣੀ ਜਾਣ-ਪਛਾਣ ਕਰਵਾਈ।
“ਦੱਸੋ, ਮੈਂ ਕੀ ਸੇਵਾ ਕਰ ਸਕਦਾ ਹਾਂ?” ਮੈਨੂੰ ਪੇਂਡੂ ਧੀ ਦੇ ਉੱਚੇ ਆਸਮਾਨਾਂ ਵਿੱਚ ਉੱਡਣ ਦੇ ਇਰਾਦੇ ਨੇ ਕਾਇਲ ਕਰ ਦਿੱਤਾ ਸੀ।
“ਮੈਂ ਕੁੱਝ ਸਾਲ ਅਰਬ ਮੁਲਕਾਂ ਵਿੱਚ ਮਿਹਨਤ ਕਰਕੇ ਜੋ ਕਮਾਇਆ ਸੀ, ਸਭ ਇਸ ਦੀ ਪੜ੍ਹਾਈ ’ਤੇ ਲਗਾ ਚੁੱਕਾ ਹਾਂ। ਹੁਣ ਤੁਸੀਂ ਜੇ ਕਰਜ਼ੇ ਦੇ ਰੂਪ ਵਿੱਚ ਕੋਈ ਸਹਾਇਤਾ ਕਰ ਸਕੋ ਤਾਂ...।” ਉਸ ਦੀ ਆਵਾਜ਼ ਲਰਜ਼ ਰਹੀ ਸੀ ਜਿਵੇਂ ਇਸ ਅਖੀਰੀ ਪੜਾਅ ’ਤੇ ਵਿੱਤੀ ਸਾਧਨਾਂ ਖੁਣੋਂ ਧੀ ਦੇ ਸਿਰਜੇ ਸੁਪਨਿਆਂ ਵਿੱਚ ਕੋਈ ਅੜਚਨ ਨਾ ਪੈ ਜਾਵੇ।
“ਤੁਸੀਂ ਅੱਜਕੱਲ੍ਹ ਕੀ ਕਰ ਰਹੇ ਹੋ?” ਮੈਂ ਉਸ ਨੂੰ ਸਹਿਜ ਕਰਦਿਆਂ ਪੁੱਛਿਆ।
“ਜੀ ਮੈਂ ਤਾਂ ਘਰ ਵਿੱਚ ਹੀ ਛੋਟੀ ਜਿਹੀ ਦੁਕਾਨ ਬਣਾਈ ਹੋਈ ਹੈ।”
ਮੈਂ ਬੈਂਕ ਵੱਲੋਂ ਪ੍ਰਵਾਨਿਤ ਕਰਜ਼ੇ ਦੀਆਂ ਸਕੀਮਾਂ ਬਾਰੇ ਸੋਚਣ ਲੱਗਾ ਤਾਂ ਇੰਨੇ ਘੱਟ ਸਮੇਂ ਵਿੱਚ ਕੋਈ ਵੀ ਫਿੱਟ ਬੈਠਦੀ ਨਜ਼ਰ ਨਾ ਆਈ। ਫਿਰ ਵੀ ਮੈਂ ਕੋਈ ਰਾਹ ਕੱਢ ਕੇ ਹਰਪ੍ਰੀਤ ਦੀ ਰੀਝ ਨੂੰ ਪੂਰੀ ਹੋਈ ਦੇਖਣਾ ਚਾਹੁੰਦਾ ਸਾਂ।
“ਕਿੰਨੇ ਕੁ ਕਰਜ਼ੇ ਨਾਲ ਪੜ੍ਹਾਈ ਪੂਰੀ ਹੋ ਜਾਵੇਗੀ?”
“ਬੱਸ ਦੋ ਢਾਈ ਲੱਖ।” ਸ਼ਾਇਦ ਸਰਦਾਰ ਜੀ ਨੂੰ ਮੇਰੇ ਬੋਲਾਂ ਤੋਂ ਥੋੜ੍ਹੀ ਆਸ ਬੱਝ ਗਈ ਸੀ।
ਇਲਾਕੇ ਦਾ ਭੇਤੀ ਹੋਣ ਕਰ ਕੇ ਮੈਂ ਜਾਣੂ ਸੀ ਕਿ ਉਨ੍ਹਾਂ ਦਾ ਘਰ ਪਿੰਡ ਦੇ ਬਾਹਰਵਾਰ ਸੀ, ਵੱਡੇ ਗੁਰਦੁਆਰਾ ਸਾਹਿਬ ਦੇ ਨੇੜੇ।
“ਤੁਹਾਡਾ ਉਹੀ ਘਰ ਹੈ ਨਾ ਜਿਹੜਾ ਖੇਤ ਵਿੱਚ ਹੈ? ਜ਼ਮੀਨ ਕਿੰਨੀ ਹੈ?”
“ਹਾਂ ਜੀ, ਇੱਕ ਏਕੜ। ਸਬਜ਼ੀਆਂ ਵਗੈਰਾ ਬੀਜ ਲੈਂਦੇ ਹਾਂ।” ਸੁਣ ਕੇ ਮੈਨੂੰ ਕੁੱਝ ਸਕੂਨ ਮਿਲਿਆ।
“ਤੁਹਾਨੂੰ ਤਿੰਨ ਲੱਖ ਤੱਕ ਕਰਜ਼ਾ ਮਿਲ ਜਾਵੇਗਾ, ਉਹ ਵੀ ਘੱਟ ਵਿਆਜ ’ਤੇ।”
ਹਰਪ੍ਰੀਤ, ਜੋ ਹੁਣ ਤੱਕ ਚੁੱਪ ਬੈਠੀ ਸੀ, ਦੇ ਚਿਹਰੇ ’ਤੇ ਚਮਕ ਆ ਗਈ। ਉਸ ਦੇ ਹੱਥ ਆਪ ਮੁਹਾਰੇ ਜੁੜ ਗਏ ਅਤੇ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਤੈਰਨ ਲੱਗੇ।
ਮੈਂ ਉਸ ਦੇ ਸਿਰ ਉੱਤੇ ਹੱਥ ਰੱਖਿਆ, “ਧੀ ਰਾਣੀਏ ! ਹੁਣ ਸਾਰਾ ਆਸਮਾਨ ਤੇਰਾ ਹੈ।”
ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਉਸ ਨੂੰ ‘ਇੰਡੀਗੋ’ ਵਿੱਚ ਹੀ ਪਾਇਲਟ ਦੀ ਨੌਕਰੀ ਮਿਲ ਗਈ ਅਤੇ ਹੁਣ ਉਹ ‘ਕੈਪਟਨ ਹਰਪ੍ਰੀਤ ਕੌਰ’ ਹੈ। ਹਾਂ ਸੱਚ, ਮੈਂ ਦੱਸਣਾ ਭੁੱਲ ਨਾ ਜਾਵਾਂ ਕਿ ਮੁੰਬਈ ਤੋਂ ਆਦਮਪੁਰ ਪਹਿਲੀ ਫਲਾਈਟ ਲੈ ਕੇ ਆਉਣ ਵਾਲਾ ‘ਕੈਪਟਨ ਹਰਪ੍ਰੀਤ ਸਿੰਘ’ ਕੋਈ ਹੋਰ ਨਹੀਂ ‘ਕੈਪਟਨ ਹਰਪ੍ਰੀਤ ਕੌਰ’ ਦਾ ਜੀਵਨ ਸਾਥੀ ਹੈ!
ਸੰਪਰਕ: 89684-33500

