ਪਹਿਲੀ ਸਮਾਜ ਸੇਵਾ

ਪਹਿਲੀ ਸਮਾਜ ਸੇਵਾ

ਪਰਮਜੀਤ ਮਾਨ

ਆਜ਼ਾਦੀ ਤੋਂ ਬਾਅਦ ਭਾਰਤ ਵਿਚ ਹਿੰਦੀ-ਚੀਨੀ ਭਾਈ-ਭਾਈ ਦੀਆਂ ਗੱਲਾਂ ਬੜੇ ਜ਼ੋਰ-ਸ਼ੋਰ ਨਾਲ ਹੁੰਦੀਆਂ ਸਨ। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਚੀਨ ਨੂੰ ਆਪਣਾ ਨੇੜਲਾ ਮਿੱਤਰ ਸਮਝਦੇ ਸਨ, ਪਰ ਅਚਾਨਕ 20 ਅਕਤੂਬ, 1962 ਨੂੰ ਚੀਨ ਨੇ ਭਾਰਤ ’ਤੇ ਹਮਲਾ ਕਰ ਦਿੱਤਾ। ਸਰਕਾਰ, ਫੌਜ ਤੇ ਸਾਰਾ ਮੁਲਕ ਹੈਰਾਨ ਰਹਿ ਗਿਆ। ਕਿੱਥੇ ਹਿੰਦੀ-ਚੀਨੀ ਭਾਈ ਭਾਈ ਤੇ ਕਿੱਥੇ ਮੁਲਕ ’ਤੇ ਹਮਲਾ। ਉਸ ਵਕਤ ਨਾ ਦੇਸ਼ ਤੇ ਨਾ ਸਾਡੀ ਫੌਜ ਇਸ ਲੜਾਈ ਲਈ ਤਿਆਰ ਸੀ। ਇਹ ਲੜਾਈ 21 ਨਵੰਬਰ, 1962 ਤੱਕ ਚੱਲੀ। ਬਾਅਦ ਵਿਚ ਇਸ ਲੜਾਈ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਤੇ ਹੁਣ ਤੱਕ ਵੀ ਇਸ ਦੀ ਚਰਚਾ ਚੱਲਦੀ ਰਹਿੰਦੀ ਹੈ।

ਅੱਜ ਉਸ ਲੜਾਈ ਦੀ ਕਹਾਣੀ ਬਾਰੇ ਸਭ ਨੂੰ ਪਤਾ ਹੈ, ਪਰ ਉਸ ਵਕਤ ਕਿਉਂਕਿ ਅਸੀਂ ਬੱਚੇ ਸਾਂ, ਸਾਨੂੰ ਬਹੁਤਾ ਪਤਾ ਨਹੀਂ ਸੀ। ਉਨ੍ਹਾਂ ਦਿਨਾਂ ‘ਚ ਟੈਲੀਵਿਜ਼ਨ ਨਹੀਂ ਸੀ ਹੁੰਦਾ ਅਤੇ ਸਿਰਫ ਰੇਡੀਓ ਹੁੰਦਾ ਸੀ। ਅਸੀਂ ਰੇਡੀਓ ਉੱਪਰ ਤੇ ਆਮ ਲੋਕਾਂ ਤੋਂ ਗੱਲਾਂ ਸੁਣਦੇ ਕਿ ਚੀਨ ਨੇ ਭਾਰਤ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਸਰਕਾਰ ਵੱਲੋਂ ਵੀ ਅਪੀਲ ਹੋ ਰਹੀ ਸੀ ਤੇ ਆਮ ਲੋਕਾਂ ਦੀ ਵੀ ਇੱਕੋ ਸੋਚ ਸੀ ਕਿ ਹਰ ਭਾਰਤੀ ਨੂੰ ਇਸ ਮੌਕੇ ਫੌਜ ਅਤੇ ਦੇਸ਼ ਦੀ ਪੂਰੀ ਮੱਦਦ ਕਰਨੀ ਚਾਹੀਦੀ ਹੈ। ਛੋਟੇ ਤੋਂ ਵੱਡੇ ਤੱਕ ਆਮ ਲੋਕਾਂ ਵਿਚ ਚੀਨ ਪ੍ਰਤੀ ਭਾਰੀ ਗੁੱਸਾ ਸੀ, ਜਿਵੇਂ ਅੱਜ ਵੀ ਹੈ। ਚੀਨ ਨੇ ਹੁਣ ਫਿਰ ਭਾਰਤ ਨਾਲ ਧੋਖਾ ਕੀਤਾ ਹੈ ਤੇ ਸਾਡੇ ਭਾਰਤੀ ਜਵਾਨਾਂ ਨੂੰ ਸ਼ਹਾਦਤ ਦੇਣੀ ਪਈ। ਅੱਜ ਵੀ ਸਾਰਾ ਦੇਸ਼ ਸਾਡੇ ਬਹਾਦਰ ਸੈਨਿਕਾਂ ਦੀ ਇਸ ਸ਼ਹਾਦਤ ਨੂੰ ਸਲਾਮ ਕਰਦਾ ਹੈ ਅਤੇ ਫੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜ੍ਹਾ ਹੈ।

ਉਸ ਵਕਤ ਮੈਂ ਛੇਵੀਂ ਕਲਾਸ ਵਿਚ, ਸਰਕਾਰੀ ਹਾਇਰ ਸੈਕੰਡਰੀ ਸਕੂਲ, ਚਾਉਕੇ, ਜ਼ਿਲ੍ਹਾ ਬਠਿੰਡਾ ਵਿਚ ਪੜ੍ਹਦਾ ਸੀ। ਮੇਰੇ ਪਿੰਡ ਰੜ੍ਹ ਵਿਚ ਉਸ ਸਮੇਂ ਪ੍ਰਾਇਮਰੀ ਤੱਕ ਦਾ ਸਕੂਲ ਸੀ। ਸਾਡੇ ਚਾਉਕੇ ਸਕੂਲ ਵਿਚ ਹੈਡ ਮਾਸਟਰ ਸਾਹਿਬ ਵੱਲੋਂ ਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਚੀਨ ਨੇ ਸਾਡੇ ਦੇਸ਼ ’ਤੇ ਹਮਲਾ ਕਰ ਦਿੱਤਾ ਹੈ ਤੇ ਦੇਸ਼ ’ਤੇ ਭੀੜ ਪਈ ਹੋਈ ਹੈ। ਸਾਨੂੰ ਸਭ ਨੂੰ ਜਿਸ ਤਰ੍ਹਾਂ ਵੀ ਹੋ ਸਕੇ, ਫੌਜ ਦੀ ਮੱਦਦ ਕਰਨੀ ਚਾਹੀਦੀ ਹੈ। ਅਨਾਜ, ਕੱਪੜੇ, ਨਕਦ ਪੈਸੇ ਜਾਂ ਜਿਸ ਵੀ ਤਰੀਕੇ ਨਾਲ ਮੱਦਦ ਕਰ ਸਕਦੇ ਹੋ, ਤੁਸੀਂ ਵੀ ਇਸ ਮੱਦਦ ਵਿਚ ਹਿੱਸਾ ਪਾਓ ਅਤੇ ਕਲਾਸ ਇੰਚਾਰਜ ਕੋਲ ਜਮ੍ਹਾਂ ਕਰਵਾਓ।

ਅਧਿਆਪਕਾਂ ਦੀਆਂ ਗੱਲਾਂ ਸੁਣ ਸਾਡੇ ਮਨ ਵਿਚ ਵੀ ਦੇਸ਼ ਭਗਤੀ ਦਾ ਜਜ਼ਬਾ ਠਾਠਾਂ ਮਾਰਨ ਲੱਗਾ। ਸਾਡੇ ਕੋਲ ਨਾ ਪੈਸੇ ਸਨ ਤੇ ਨਾ ਹੀ ਕੱਪੜੇ ਸਨ, ਪਰ ਕੁਝ ਕਰਨਾ ਵੀ ਚਾਹੁੰਦੇ ਸਾਂ। ਅਸੀਂ ਛੇਵੀਂ ਕਲਾਸ ਵਾਲੇ ਰੜ੍ਹ ਦੇ 4-5 ਮੁੰਡਿਆਂ ਨੇ ਸਲਾਹ ਕੀਤੀ ਕਿ ਕਣਕ ਇਕੱਠੀ ਕਰੀਏ। ਅੱਜ-ਕੱਲ੍ਹ ਤਾਂ ਬਥੇਰੇ ਲੋਕ ਹਨ ਜੋ ਇਕ ਬੋਰੀ ਜਾਂ ਕਈ ਕਈ ਬੋਰੀਆਂ ਵੀ ਦਾਨ ਕਰ ਦਿੰਦੇ ਹਨ, ਪਰ 1962 ਵਿਚ ਸਾਡੇ ਪਿੰਡ ਰੜ੍ਹ ਵਿਚ ਇਹ ਸਥਿਤੀ ਨਹੀਂ ਸੀ। ਉਸ ਵਕਤ ਫਸਲ ਬਹੁਤ ਘੱਟ ਹੁੰਦੀ ਸੀ ਤੇ ਕਈਆਂ ਨੂੰ ਤਾਂ ਆਪਣੇ ਖਾਣ ਲਈ ਵੀ ਕਣਕ ਮੁੱਲ ਲੈਣੀ ਪੈਂਦੀ ਸੀ। ਨਾਲੇ ਫੇਰ ਸਾਨੂੰ ਜਵਾਕਾਂ ਨੂੰ ਬੋਰੀ ਦੇਣੀ ਵੀ ਕੀਹਨੇ ਸੀ। ਅਸੀਂ ਇਕ ਗੱਟਾ ਲਿਆ ਅਤੇ ਪਿੰਡ ਵਿਚ ਕਣਕ ਮੰਗਣ ਤੁਰ ਪਏ। ਹਰ ਘਰ ਦੇ ਦਰਵਾਜ਼ੇ ਮੂਹਰੇ ਗੱਟਾ ਫੜੀ ਖੜ੍ਹੇ ਹੋ ਕੇ, ਕਿਸੇ ਨੂੰ ਮਾਈ, ਚਾਚੀ, ਤਾਈ, ਦਾਦੀ, ਕਹਿ ਉਸ ਨੂੰ ਚੀਨ ਨਾਲ ਲੱਗੀ ਜੰਗ ਬਾਰੇ ਦੱਸਦੇ ਤੇ ਕਣਕ ਮੰਗਦੇ। ਕਿਸੇ ਨੇ ਬਾਟੀ, ਕਿਸੇ ਨੇ ਥਾਲ, ਕਿਸੇ ਨੇ ਛਿੱਕੂ ਭਰ ਕੇ ਗੱਟੇ ਵਿਚ ਪਾ ਦੇਣਾ। ਕਈ ਪਾਠਕ ਸੋਚਣਗੇ ਮੈਂ ਚਾਚਾ, ਤਾਇਆ ਆਦਿ ਕਿਉਂ ਨੀ ਲਿਖਿਆ। ਅਸੀਂ ਸਵੇਰੇ ਰੋਟੀ ਖਾ ਕੇ ਇਕੱਠੇ ਹੋਏ ਤੇ ਫੇਰ ਮੰਗਣ ਤੁਰ ਪਏ। ਉਸ ਵਕਤ ਘਰਾਂ ਵਿਚ ਜ਼ਨਾਨੀਆਂ ਹੀ ਹੁੰਦੀਆਂ ਤੇ ਆਦਮੀ ਖੇਤਾਂ ‘ਚ ਗਏ ਹੁੰਦੇ। ਜਿਹੜੇ ਆਦਮੀ ਵਿਹਲੇ ਹੁੰਦੇ ਉਹ ਸੱਥਾਂ ਵਿਚ ਜਾ ਬੈਠਦੇ ਸਨ।

ਸ਼ਾਮ ਹੋਣ ਤੱਕ ਅਸੀਂ ਦੋ ਗੱਟੇ ਵਾਹਵਾ ਕਰ ਲਏ। ਸ਼ਾਇਦ ਵੀਹ-ਵੀਹ ਕਿਲੋ ਤੋਂ ਵੱਧ ਹੀ ਹੋਣਗੇ। ਅਗਲੇ ਦਿਨ ਵਾਰੀ ਵਾਰੀ ਸਿਰਾਂ ’ਤੇ ਚੁੱਕਦੇ ਹੋਏ ਅਸੀਂ ਉਨ੍ਹਾਂ ਨੂੰ ਚਾਉਕੇ ਸਕੂਲ ਵਿਚ ਲੈ ਗਏ ਤੇ ਲਿਜਾ ਕੇ ਆਪਣੇ ਮਾਸਟਰ ਜੀ ਕੋਲ ਜਮ੍ਹਾਂ ਕਰਵਾ ਦਿੱਤੇ। ਇਹ ਦੇਸ਼ ਭਗਤੀ ਦਾ ਜਜ਼ਬਾ ਸੀ, ਸਮਾਜ-ਸੇਵਾ ਸੀ, ਮਾਸਟਰ ਜੀ ਦੀ ਅਪੀਲ ਦਾ ਅਸਰ ਸੀ, ਜਾਂ ਹੋਰ ਕੀ ਸੀ, ਮੈਨੂੰ ਕੁਝ ਨਹੀਂ ਪਤਾ। ਇਕ 11 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਨੂੰ ਇਨ੍ਹਾਂ ਗੱਲਾਂ ਬਾਰੇ ਪਤਾ ਹੀ ਕਿੰਨਾ ਕੁ ਹੋ ਸਕਦਾ ਹੈ। ਪਰ ਇਕ ਗੱਲ ਜ਼ਰੂਰੀ ਸੀ ਕਿ ਅਸੀਂ ਬਹੁਤ ਖੁਸ਼ ਸਾਂ ਕਿ ਅਸੀਂ ਵੀ ਕੁਝ ਕੀਤਾ। ਕਣਕ ਇਕੱਠੀ ਕਰਨ ਦਾ ਚਾਅ ਸੀ ਤੇ ਜਦੋਂ ਮਾਸਟਰ ਜੀ ਕੋਲ ਜਮ੍ਹਾਂ ਕਰਵਾਈ ਤਾਂ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋਈ ਸੀ। ਉਸ ਵਕਤ ਚਾਉਕੇ ਦੇ ਇਸ ਸਕੂਲ਼ ਵਿਚ ਪੀਰਕੋਟ, ਸੂਚ, ਬੱਲੋ, ਬਦਿਆਲਾ, ਜ਼ੈਦ, ਰੜ੍ਹ, ਖੋਖਰ ਆਦਿ ਪਿੰਡਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਸਨ ਤੇ ਇਹ ਇਲਾਕੇ ਦਾ ਪ੍ਰਮੁੱਖ ਸਕੂਲ ਸੀ। ਸਾਡੇ ਇਸ ਕਦਮ ਲਈ ਸਾਡੇ ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ ਦਿੱਤੀ ਸੀ। ਅੱਜ ਚੀਨ ਬਾਰਡਰ ਦੇ ਹਾਲਾਤ ਨੇ ਦੇਖ 1962 ਵਾਲੀ ਇਹ ਗੱਲ ਯਾਦ ਆ ਗਈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਮੇਰੀ ਪਹਿਲੀ ਸਮਾਜ ਸੇਵਾ ਸੀ।
ਸੰਪਰਕ: 79738-00262

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All