18 ਜਨਵਰੀ ਨੂੰ ਬਰਸੀ ’ਤੇ ਵਿਸ਼ੇਸ਼

ਬਹੁਪੱਖੀ ਪ੍ਰਤਿਭਾ ਦਾ ਮਾਲਕ ਫ਼ਿਦਾ ਬਟਾਲਵੀ

ਬਹੁਪੱਖੀ ਪ੍ਰਤਿਭਾ ਦਾ ਮਾਲਕ ਫ਼ਿਦਾ ਬਟਾਲਵੀ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਸ਼ਾਇਰਾਂ, ਅਦੀਬਾਂ ਤੇ ਫ਼ਨਕਾਰਾਂ ਦੇ ਸ਼ਹਿਰ ਬਟਾਲਾ ਨੂੰ ਆਪਣੀ ਕਰਮਭੂਮੀ ਬਣਾਉਣ ਵਾਲਾ ਕੇ. ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਇੱਕ ਨਾਮਵਰ ਪੱਤਰਕਾਰ; ਪੰਜਾਬੀ, ਹਿੰਦੀ ਤੇ ਊਰਦੂ ਦਾ ਮਾਰੂਫ਼ ਸ਼ਾਇਰ ਅਤੇ ਸੁਲਝਿਆ ਹੋਇਆ ਫ਼ਿਲਮ ਲੇਖਕ ਤੇ ਨਿਰਦੇਸ਼ਕ ਸੀ।

ਫ਼ਿਦਾ ਬਟਾਲਵੀ ਦਾ ਜਨਮ 17 ਅਗਸਤ 1946 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਤੇਰ੍ਹਾਂ ਕੁ ਮੀਲ ਦੀ ਦੂਰੀ ’ਤੇ ਪੈਂਦੇ ਛੋਟੇ ਜਿਹੇ ਪਿੰਡ ਡੁਲਟ ਵਿਖੇ ਵੱਸਦੇ ਸ. ਜਗਤ ਸਿੰਘ ਅਤੇ ਮਾਤਾ ਗਿਆਨ ਕੌਰ ਦੇ ਘਰ ਹੋਇਆ ਸੀ। ਗੁਰੂ ਨਾਨਕ ਸਕੂਲ ਬਟਾਲਾ ਤੋਂ ਮੁੱਢਲੀ ਵਿੱਦਿਆ ਹਾਸਿਲ ਕਰਨ ਤੋਂ ਬਾਅਦ ਉਸ ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਉਚੇਰੀ ਵਿੱਦਿਆ ਹਾਸਿਲ ਕੀਤੀ ਤੇ ਫਿਰ ਪੱਤਰਕਾਰੀ ਦਾ ਡਿਪਲੋਮਾ ਕਰਨ ਪਿੱਛੋਂ 1978 ਵਿੱਚ ਚੰਡੀਗੜ੍ਹ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਲਈ ਬਤੌਰ ਪੱਤਰਕਾਰ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਤੇ ਇਹ ਸੇਵਾ ਉਸ ਨੇ ਆਖ਼ਰੀ ਸਵਾਸਾਂ ਤੱਕ ਨਿਭਾਈ।

ਪੱਤਰਕਾਰੀ ਕਰਦਿਆਂ ਬਤੌਰ ਫ਼ਿਲਮ ਪੱਤਰਕਾਰ ਫ਼ਿਦਾ ਬਟਾਲਵੀ ਨੂੰ ਮੁੰਬਈ ਜਾਣ ਦਾ ਮੌਕਾ ਮਿਲਿਆ ਤੇ ਇਹੋ ਮੌਕਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਹੋ ਨਿੱਬੜਿਆ। ਮੁੰਬਈ ਰਹਿੰਦਿਆਂ ਉਸ ਨੂੰ ਨਾਮਵਰ ਗੀਤਕਾਰਾਂ ਸਾਹਿਰ ਲੁਧਿਆਣਵੀ, ਸ਼ਕੀਲ ਬਦਾਯੂੰਨੀ, ਸੰਗੀਤਕਾਰ ਹੰਸਰਾਜ ਬਹਿਲ, ਜੈਦੇਵ, ਗਾਇਕ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਫ਼ਿਲਮਸਾਜ਼ ਰਾਜਿੰਦਰ ਸਿੰਘ ਬੇਦੀ, ਰਾਮਾਨੰਦ ਸਾਗਰ ਤੇ ਹੋਰ ਕਲਾਕਾਰਾਂ, ਸੰਗੀਤਕਾਰਾਂ ਤੇ ਗਾਇਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤੇ ਉਸ ਨੇ ਵੀ ਬੌਲੀਵੁੱਡ ਲਈ ਕੁਝ ਕਰਨ ਦਾ ਮਨ ਬਣਾ ਲਿਆ। ਬਟਾਲਾ ਵਿਖੇ ਪਰਤ ਕੇ ਉਸ ਨੇ ਬਟਾਲਾ ਦੇ ਉਸਤਾਦ ਬਰਕਤ ਰਾਮ ਯੁਮਨ, ਮੇਲਾ ਰਾਮ ਤਾਇਰ ਤੇ ਹੋਰ ਸ਼ਾਇਰਾਂ ਤੋਂ ਸ਼ਾਇਰੀ ਦੇ ਗੁਰ ਸਿੱਖੇ ਤੇ ਫਿਰ ਗੀਤਾਂ, ਗ਼ਜ਼ਲਾਂ ਅਤੇ ਨਜ਼ਮਾਂ ਦੀ ਰਚਨਾ ਸ਼ੁਰੂ ਕਰ ਦਿੱਤੀ। ਛੇਤੀ ਹੀ ਉਸ ਦੀਆਂ ਰਚਨਾਵਾਂ ਨੂੰ ਨਾਮਵਰ ਗਾਇਕਾਂ ਦੀਆਂ ਆਵਾਜ਼ਾਂ ਹਾਸਿਲ ਹੋ ਗਈਆਂ ਤੇ ਉਹ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਲੱਗ ਪਿਆ। ਸ਼ਾਇਰੀ ਦੇ ਨਾਲ ਨਾਲ ਬੌਲੀਵੁੱਡ ਹਸਤੀਆਂ ਦੇ ਪ੍ਰਭਾਵ ਹੇਠ ਉਸ ਨੇ ਕਹਾਣੀ, ਪਟਕਥਾ ਤੇ ਸੰਵਾਦ ਵੀ ਲਿਖਣੇ ਸ਼ੁਰੂ ਕਰ ਦਿੱਤੇ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਦੀਆਂ ਲਿਖ਼ੀਆਂ ਫ਼ਿਲਮਾਂ ਵਿੱਚ ‘ਤੁਮ ਬਿਨ ਜਾਊਂ ਕਹਾ’, ‘ਚਲੋ ਬੁਲਾਵਾ ਆਇਆ ਹੈ’, ‘ਨਸ਼ੇ ਬਣੇ ਨਾਸੂਰ’, ‘ਹਿੱਟ ਲਿਸਟ’, ‘ਤੁਮ ਹੀ ਤੋ ਥੀ’ ਆਦਿ ਸ਼ਾਮਿਲ ਹਨ। ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਡਾ. ਜਤਿੰਦਰ ਜੈਨ ਦੀ ਪ੍ਰੇਰਨਾ ਸਦਕਾ ਉਸ ਨੇ ਨਸ਼ਿਆਂ ’ਤੇ ਆਧਾਰਿਤ ਦੋ ਟੈਲੀਫ਼ਿਲਮਾਂ ਦੇ ਲੇਖਨ ਤੇ ਨਿਰਦੇਸ਼ਨ ਦਾ ਕੰਮ ਵੀ ਕੀਤਾ ਸੀ।

ਫ਼ਿਦਾ ਬਟਾਲਵੀ ਨੇ ਆਪਣੇ ਸਮੁੱਚੇ ਕਰੀਅਰ ਦੌਰਾਨ ਅੱਧੀ ਦਰਜਨ ਤੋਂ ਵੱਧ ਸ਼ਾਇਰੀ ਦੀਆਂ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਦੇ ਨਾਂ ਸਨ- ਸਾਚੈ ਸੰਗ ਪ੍ਰੀਤ, ਗੁਰ ਬਿਨ ਘੋਰ ਅੰਧਾਰ, ਸ਼ਬ-ਏ-ਫ਼ਿਰਾਕ, ਰੁਖ਼ਸਤ, ਇਸ਼ਕ-ਇਬਾਦਤ, ਆਈਨਾ ਆਦਿ। ਉਸ ਨੇ ਪੰਜ ਸੌ ਤੋਂ ਵੱਧ ਗੀਤਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚੋਂ ਕਈ ਗੀਤਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਮਵਰ ਗਾਇਕਾਂ ਜਨਾਬ ਪਰਵੇਜ਼ ਮਹਿੰਦੀ, ਉਸਤਾਦ ਤਾਰੀ ਖ਼ਾਨ, ਰਾਹਤ ਫ਼ਤਿਹ ਅਲੀ ਖ਼ਾਨ, ਆਸ਼ਾ ਭੌਸਲੇ, ਪੰਕਜ ਉਧਾਸ, ਮਨਹਰ ਉਧਾਸ, ਸੁਰੇਸ਼ ਵਾਡੇਕਰ, ਸ਼੍ਰੇਆ ਘੋਸ਼ਾਲ, ਅਲਕਾ ਯਾਗਨਿਕ, ਦਿਲਰਾਜ ਕੌਰ, ਮੁਹੰਮਦ ਅਜ਼ੀਜ਼, ਵਿਨੋਦ ਸਹਿਗਲ, ਵਡਾਲੀ ਬ੍ਰਦਰਜ਼ ਅਤੇ ਲਖਵਿੰਦਰ ਵਡਾਲੀ ਤੋਂ ਇਲਾਵਾ ਹੋਰ ਕਈ ਗਾਇਕਾਂ ਨੇ ਵੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਪ੍ਰਦਾਨ ਕੀਤੀਆਂ ਸਨ। ਸੱਤ ਟੀ.ਵੀ.ਲੜੀਵਾਰਾਂ ‘ਜ਼ਮੀਰ ਦੀ ਅਵਾਜ਼’, ‘ਕਾਲੀ ਰੌਸ਼ਨੀ’, ‘ਪਹਿਰੇਦਾਰ’, ‘ਇੱਕ ਨੂਰ ਤੁਰਿਆ’, ‘ਪ੍ਰੇਰਨਾ’, ‘ਪਾਰੋ ਦੀ ਵਾਪਸੀ’, ‘ਪਹਿਚਾਣ’ ਆਦਿ ਦੀ ਕਹਾਣੀ, ਪਟਕਥਾ ਤੇ ਸੰਵਾਦ ਲਿਖਣ ਵਾਲੇ ਇਸ ਹਰਫ਼ਨਮੌਲਾ ਸਾਹਿਤਕਾਰ ਦੇ ਗੀਤਾਂ ਨਾਲ ਸਜੀਆਂ ਇੱਕ ਦਰਜਨ ਤੋਂ ਵੱਧ ਐਲਬਮਾਂ ਵੀ ਰਿਲੀਜ਼ ਹੋਈਆਂ ਸਨ। ਇਨ੍ਹਾਂ ਵਿੱਚ ਕਰੇਗਾ ਯਾਦ ਜ਼ਮਾਨਾ, ਦੁਨੀਆਂ ਕਹਿੰਦੀ ਏ, ਕੁਤਕੁਤਾੜੀਆਂ, ਝੂਮ ਜਵਾਨੀ, ਵਾਹਿਗੁਰੁੂ ਨਾਮ ਜਹਾਜ਼ ਹੈ, ਟੂਟਾ ਪਿੰਜਰਾ, ਸਾਂਈ ਭਜਨ, ਮੰਦਿਰ ਤੇਰਾ, ਕਮਲੀ ਆਦਿ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ ਜਿਨ੍ਹਾਂ ਨੂੰ ਟੀ.ਸੀਰੀਜ਼, ਸਪੀਡ ਰਿਕਾਰਡਜ਼, ਟਿਪਸ, ਵੀਨਸ, ਮਿਊਜ਼ਿਕ ਇੰਡੀਆ ਆਦਿ ਜਿਹੀਆਂ ਨਾਮਵਰ ਕੰਪਨੀਆਂ ਨੇ ਰਿਲੀਜ਼ ਕੀਤਾ ਸੀ।

ਆਪਣੀ ਉਮਰ ਦੇ ਪਿਛਲੇ ਵਰ੍ਹਿਆਂ ਵਿੱਚ ਫ਼ਿਦਾ ਬਟਾਲਵੀ ਨੇ ਸੂਫ਼ੀ ਸ਼ਾਇਰੀ ਵੱਲ ਧਿਆਨ ਕੇਂਦਰਿਤ ਕਰ ਦਿੱਤਾ। ਪਦਮ ਸ੍ਰੀ ਪੂਰਨ ਚੰਦ ਪਿਆਰੇ ਲਾਲ ਵਡਾਲੀ ਤੇ ਵਡਾਲੀ ਪਰਿਵਾਰ ਦੇ ਗਾਇਕ ਪੁੱਤਰ ਲਖਵਿੰਦਰ ਵਡਾਲੀ ਵੱਲੋਂ ਉਸ ਦਾ ਰਚਿਆ ਕਲਾਮ ਨਿਰੰਤਰ ਗਾਇਆ ਤੇ ਰਿਕਾਰਡ ਕਰਵਾਇਆ ਜਾ ਰਿਹਾ ਸੀ। ਇਸ਼ਕੇ ਦਾ ਜਾਮ, ਕਮਲੀ-ਰਮਲੀ, ਜੈਸੇ ਮੇਰੀ ਈਦ ਹੋ ਗਈ ਜਿਹੇ ਹਿੱਟ ਗੀਤ ਰਚਣ ਵਾਲੇ ਫ਼ਿਦਾ ਬਟਾਲਵੀ ਦਾ ਆਖ਼ਰੀ ਰਿਕਾਰਡ ਕੀਤਾ ਗੀਤ ਵੀ ਉਸਤਾਦ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਦੀਆਂ ਆਵਾਜ਼ਾਂ ਵਿੱਚ ਸੀ ਜੋ ਫ਼ਿਦਾ ਬਟਾਲਵੀ ਦੇ ਦੇਹਾਂਤ ਤੋਂ ਚਾਰ ਮਹੀਨੇ ਬਾਅਦ ‘ਨਜ਼ਾਰਾ’ ਟਾਈਟਲ ਹੇਠ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਸ ਮਿਲੀਅਨ ਤੋਂ ਵੀ ਵੱਧ ਸੰਗੀਤ ਪ੍ਰੇਮੀਆਂ ਵੱਲੋਂ ਪਸੰਦ ਕੀਤਾ ਗਿਆ ਸੀ।

ਨਿਰਸੰਦੇਹ, ਫ਼ਿਦਾ ਬਟਾਲਵੀ ਇੱਕ ਬਹੁਪੱਖੀ ਸ਼ਖ਼ਸੀਅਤ ਸੀ। ਬ੍ਰੇਨ ਟਿਊਮਰ ਜਿਹੇ ਨਾਮੁਰਾਦ ਰੋਗ ਦਾ ਸ਼ਿਕਾਰ ਹੋਣ ਪਿੱਛੋਂ 18 ਜਨਵਰੀ 2021 ਨੂੰ ਇਹ ਮਹਾਨ ਪੱਤਰਕਾਰ ਤੇ ਸਾਹਿਤਕਾਰ ਸਦੀਵੀ ਵਿਛੋੜਾ ਦੇ ਗਿਆ। ਉਸ ਦੇ ਦੇਹਾਂਤ ’ਤੇ ਉਸਤਾਦ ਪੂਰਨ ਚੰਦ ਵਡਾਲੀ ਨੇ ਠੀਕ ਹੀ ਕਿਹਾ ਸੀ: ‘‘ਫ਼ਿਦਾ ਦੇ ਤੁਰ ਜਾਣ ਨਾਲ ਪਾਏਦਾਰ ਪੱਤਰਕਾਰੀ ਅਤੇ ਪੰਜਾਬੀ ਗੀਤਕਾਰੀ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ।’’

ਫ਼ਿਦਾ ਬਟਾਲਵੀ ਦੇ ਕੁਝ ਗੀਤਾਂ ਦੇ ਮੁਖੜੇ ਇਸ ਪ੍ਰਕਾਰ ਹਨ:

* ਉਨਹੇਂ ਉਮਰ ਭਰ ਨਾ ਕੋਈ ਬੁਲਾਏ ਖ਼ੁਦਾ ਕਰੇ

ਮੇਰੀ ਤਰਹਾ ਹੀ ਉਨਕੋ ਜਲਾਏ ਖ਼ੁਦਾ ਕਰੇ।

* ਨਾਦਾਨ ਹੋ ਹਰ ਦਿਲ ਮੇਂ ਵਫ਼ਾ ਢੂੰਡ ਰਹੇ ਹੋ

ਖ਼ਜਰ ਮੇਂ ਜ਼ਖ਼ਮੋਂ ਕੀ ਸ਼ਫ਼ਾ ਢੂੰਡ ਰਹੇ ਹੋ।

* ਧੀ ਪਰਦੇਸਣ ਹੋਈ ਬਾਬਲਾ ਧੀ ਪਰਦੇਸਣ ਹੋਈ।

* ਤੁਝੇ ਤੱਕਿਆ ਤੋ ਲਗਾ ਮੁਝੇ ਐਸੇ

ਕਿ ਜੈਸੇ ਮੇਰੀ ਈਦ ਹੋ ਗਈ।

* ਜਬ ਦੇਖਾ ਮੈਨੇ ਯਾਰ ਕਾ ਨਜ਼ਾਰਾ

ਕਿ ਯਾਰ ਵਿੱਚੋਂ ਰੱਬ ਦਿਸਿਆ।

* ਮੈਂ ਤੇਰੀ ਕਮਲੀ-ਰਮਲੀ

ਮੈਂ ਤੇਰੀ ਜੋਗਣ ਮਾਹੀਆ।

* ਤੱਤੀ ਤਵੀ ਉੱਤੇ ਬੈਠੇ ਪਾਤਸ਼ਾਹ

ਸਤਿਨਾਮ ਮੁੱਖੋਂ ਬੋਲਦੇ।

* ਇਨ੍ਹਾਂ ਅੱਖੀਆਂ ਨੇ ਐਸਾ ਇੱਕ ਦੌਰ ਵੇਖਿਆ

ਦਿੱਲੀ ਤੜਫ਼ਦੀ ਤੇ ਵਿਲਕਦਾ ਲਾਹੌਰ ਵੇਖਿਆ।

* ਜਾਨ ਕੱਢ ਲਈ ਅੱਖਾਂ ’ਚ ਅੱਖਾਂ ਪਾ ਕੇ

ਤੇ ਪਿੱਛੇ ਖ਼ਾਲੀ ਬੁੱਤ ਰਹਿ ਗਿਆ।

* ਉਮਰ ਭਰ ਇੱਕ ਸ਼ਖ਼ਸ ਹਮਸੇ ਦਿਲਲਗੀ ਕਰਤਾ ਰਹਾ

ਦਿਲ ਹਮਾਰਾ ਫਿਰ ਭੀ ਉਸਕੀ ਬੰਦਗੀ ਕਰਤਾ ਰਹਾ।

ਸੰਪਰਕ: 97816-46008

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All