ਕਿਸਾਨਾਂ ਤੇ ਆੜ੍ਹਤੀਆਂ ਦੇ ਰਿਸ਼ਤਿਆਂ ਨੂੰ ਚਿਤਰਣ ਵਾਲਾ ਗਲਪਕਾਰ

ਕਿਸਾਨਾਂ ਤੇ ਆੜ੍ਹਤੀਆਂ ਦੇ ਰਿਸ਼ਤਿਆਂ ਨੂੰ ਚਿਤਰਣ ਵਾਲਾ ਗਲਪਕਾਰ

ਭੋਲਾ ਸਿੰਘ ਸੰਘੇੜਾ

ਪੰਜਾਬੀ ਸਾਹਿਤ ਦੀ ਧਾਰਾ ਨੂੰ ਪ੍ਰਫੁੱਲਤ ਕਰਨ ਵਿਚ ਬਰਨਾਲਾ ਖੇਤਰ ਦੇ ਲੇਖਕਾਂ ਦਾ ਅਹਿਮ ਯੋਗਦਾਨ ਹੈ। ਇਸ ਧਾਰਾ ਨੂੰ ਨਿਰੰਤਰਤਾ ਬਖ਼ਸ਼ਣ ਵਾਲਿਆਂ ਵਿਚ ਰਾਜ ਕੁਮਾਰ ਗਰਗ ਦਾ ਨਾਂ ਵੀ ਸ਼ਾਮਲ ਹੈ। ਉਸ ਦਾ ਜਨਮ 15 ਜੁਲਾਈ 1950 ਨੂੰ ਮਾਤਾ ਸ਼ਕੁੰਤਲਾ ਦੇਵੀ ਤੇ ਪਿਤਾ ਦੇਵੀ ਦਿਆਲ ਦੇ ਘਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਹੇੜੀਕੇ ਵਿਖੇ ਹੋਇਆ। ਦੋ ਭਰਾਵਾਂ ਤੇ ਪੰਜ ਭੈਣਾਂ ਦੇ ਪਰਿਵਾਰ ਵਿਚ ਰਾਜ ਕੁਮਾਰ ਸਭ ਤੋਂ ਵੱਡਾ ਸੀ। ਉਸ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚੋਂ ਪ੍ਰਾਪਤ ਕੀਤੀ। ਫਿਰ ਬਾਰਵੀਂ ਤੱਕ ਪਿੰਡ ਅਮਰਗੜ੍ਹ ਵਿਖੇ ਆਪਣੇ ਨਾਨਕੇ ਪੜ੍ਹਦਾ ਰਿਹਾ। ਖੇਤੀ ਕਿੱਤੇ ਵਿਚ ਦਿਲਚਸਪੀ ਹੋਣ ਕਾਰਨ ਉਸ ਨੇ ਬੀ.ਐੱਸਸੀ. ਐਗਰੀਕਲਚਰ ਕੀਤੀ।

ਬਰਨਾਲਾ ਵਿਚਲੇ ਪਿੰਡ ਹੇੜੀਕੇ ਦੇ ਮਹਾਜਨਾਂ ਦੀ ਆਰਥਿਕਤਾ ਬਾਰੇ ਕੌਣ ਭੁੱਲਿਆ ਹੈ। ਇਨ੍ਹਾਂ ਦੀ ਆਰਥਿਕਤਾ ਦਾ ਦਾਰੋਮਦਾਰ ਵਪਾਰ ’ਤੇ ਟਿਕਿਆ ਹੁੰਦਾ ਹੈ। ਰਾਜ ਕੁਮਾਰ ਗਰਗ ਨੇ ਵਪਾਰ ਦੇ ਨਾਲ ਨਾਲ ਸਾਹਿਤ ਦੇ ਪਿੜ ਵਿਚ ਪੈਰ ਰੱਖ ਕੇ ਆਪਣੇ ਭਾਈਚਾਰੇ ਦੇ ਪਰਿਵਾਰਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ।

ਰਾਜ ਕੁਮਾਰ ਗਰਗ ਨੇ ਆਪਣੇ ਪਹਿਲੇ ਨਾਵਲ ‘ਜੱਟ ਦੀ ਜੂਨ’ ਦੀ ਸਿਰਜਣਾ ਕਰਕੇ ਇਕ ਵੱਖਰੀ ਲੀਕ ਖਿੱਚੀ। ਉਸ ਨੇ ਸਿਰਜਣਾ ਦੇ ਧਰਾਤਲ ਨਾਲ ਜੁੜੀਆਂ ਪੂਰਵ-ਧਾਰਨਾਵਾਂ ਨੂੰ ਬਦਲਣ ਦਾ ਯਤਨ ਕੀਤਾ। ਸ਼ਾਇਦ ਇਸੇ ਕਾਰਨ ਗਰਗ ਦੇ ਇਸ ਨਾਵਲ ਪ੍ਰਤੀ ਪੰਜਾਬੀ ਪਾਠਕਾਂ ਤੇ ਆਲੋਚਕਾਂ ਨੇ ਵਧੇਰੇ ਉਤਸੁਕਤਾ ਦਿਖਾਈ। ਇਸ ਨਾਵਲ ਦੇ ਕਈ ਐਡੀਸ਼ਨ ਛਪੇ। ਪਾਠਕਾਂ ਅੱਗੇ ਵੱਡਾ ਸਵਾਲ ਇਹ ਵੀ ਸੀ ਕਿ ਖੇਤੀ ਨਾਲ ਸਿੱਧੇ ਤੌਰ ’ਤੇ ਸਬੰਧ ਨਾ ਰੱਖਣ ਵਾਲਾ ਬੰਦਾ, ਕੀ ਖੇਤੀ ਦੀਆਂ ਸਮੱਸਿਆਵਾਂ ਬਾਰੇ ਇਨਸਾਫ਼ ਕਰ ਸਕਦਾ ਹੈ?

ਇਸ ਸਵਾਲ ਦੇ ਜਵਾਬ ਵਿਚ ਰਾਜ ਕੁਮਾਰ ਗਰਗ ਆਖਦਾ ਹੁੰਦਾ, ‘‘ਭਾਵੇਂ ਮੈਂ ਕਿਸਾਨ ਨਹੀਂ ਪਰ ਆੜ੍ਹਤੀਆ ਤਾਂ ਹਾਂ... ਕਿਸਾਨਾਂ ਦੀ ਆਰਥਿਕਤਾ ਬਾਰੇ ਜਿੰਨਾ ਆੜ੍ਹਤੀਏ ਨੂੰ ਇਲਮ ਹੁੰਦਾ ਹੈ ਹੋਰ ਕਿਸੇ ਨੂੰ ਨਹੀਂ... ਆੜ੍ਹਤੀਆ ਕਿਸਾਨ ਦੇ ਪਰਦੇ ਕੱਜਣ ਵਾਲੀ ਦੂਜੀ ਮਾਂ ਹੁੰਦੀ ਹੈ।’’

ਉਹ ਠੀਕ ਆਖਦਾ ਸੀ।

ਸਾਹਿਤ ਸਿਰਜਣਾ ਦੇ ਸੰਦਰਭ ਵਿਚ ਰਾਜ ਕੁਮਾਰ ਗਰਗ ਦੇ ਪਿਤਾ ਪੁਰਖੀ ਕਿੱਤੇ ਅਤੇ ਜ਼ਿੰਦਗੀ ਦੇ ਸਬੰਧਾਂ ਵੱਲ ਝਾਤੀ ਮਾਰਿਆਂ ਅਜੀਬ ਇਤਫ਼ਾਕ ਸਾਹਮਣੇ ਆਉਂਦੇ ਹਨ। ਪਹਿਲੀ ਹੈਰਾਨੀ ਇਹ ਹੁੰਦੀ ਹੈ ਕਿ ਬੀ.ਐੱਸਸੀ. ਐਗਰੀਕਲਚਰ ਦੀ ਪੜ੍ਹਾਈ ਵੱਲ ਉਸ ਦੀ ਰੁਚੀ ਕਿਉਂ ਹੋਈ ਜਦੋਂਕਿ ਇਸ ਪਾਸੇ ਆਮ ਕਰਕੇ ਕਿਸਾਨੀ ਪਰਿਵਾਰ ਦੇ ਬੱਚੇ ਜਾਂਦੇ ਹਨ।

ਸ਼ਾਇਦ ਖੇਤੀ ਦੇ ਕਿੱਤੇ ਨਾਲ ਉਸ ਦਾ ਲਗਾਓ ਮੁੱਢੋਂ-ਸੁੱਢੋਂ ਸੀ। ਇਸ ਪਿੱਛੇ ਉਸ ਦੇ ਪਿਛੋਕੜ ਦਾ ਪਿੰਡ ਨਾਲ ਸਬੰਧਿਤ ਹੋਣਾ ਵੀ ਹੋ ਸਕਦਾ ਹੈ। ਉਸ ਨੇ ਕੁਝ ਸਮਾਂ ਬਤੌਰ ਖੇਤੀਬਾੜੀ ਅਧਿਆਪਕ ਸਕੂਲਾਂ ਵਿਚ ਪੜ੍ਹਾਇਆ। ਪਰਿਵਾਰ ਵਿਚ ਵੱਡਾ ਹੋਣ ਕਰਕੇ ਕਬੀਲਦਾਰੀ ਨੂੰ ਥਾਂ ਸਿਰ ਰੱਖਣ ਦੀ ਜ਼ਿੰਮੇਵਾਰੀ ਉਸ ਦੀ ਸੀ। ਇਸੇ ਕਰਕੇ ਉਸ ਨੂੰ ਅਧਿਆਪਨ ਕਿੱਤੇ ਨਾਲੋਂ ਵਪਾਰ ਕਰਨਾ ਵਧੇਰੇ ਉਚਿਤ ਜਾਪਿਆ।

ਸ਼ਹਿਰ ਬਰਨਾਲਾ ਆ ਕੇ ਉਸ ਨੇ ਰਾਮ ਸਰੂਪ ਅਣਖੀ ਦੀਆਂ ਰਚਨਾਵਾਂ ਪੜ੍ਹੀਆਂ ਤਾਂ ਉਸ ਨੂੰ ਲੱਗਿਆ ਕਿ ਇਨ੍ਹਾਂ ਰਚਨਾਵਾਂ ਦੇ ਪਾਤਰਾਂ ਨਾਲ ਤਾਂ ਉਸ ਦਾ ਹਰ ਰੋਜ਼ ਦਾ ਹੀ ਵਾਹ-ਵਾਸਤਾ ਹੈ ਤੇ ਉਸ ਕੋਲ ਵੀ ਉਨ੍ਹਾਂ ਬਾਰੇ ਕਹਿਣ ਲਈ ਬਹੁਤ ਕੁਝ ਹੈ। ਉਸ ਸਮੇਂ ਬਰਨਾਲਾ ਦੇ ਸਾਹਿਤਕਾਰਾਂ ਵਿਚ ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖ਼ਾਮੋਸ਼ ਦਾ ਨਾਂ ਵੀ ਬੋਲਦਾ ਸੀ ਜੋ ਉਸ ਦੇ ਪਿੰਡ ਹੇੜੀਕੇ ਦਾ ਹੀ ਰਹਿਣ ਵਾਲਾ ਸੀ। ਦੋਵੇਂ ਲੇਖਕ ਉਸ ਲਈ ਪ੍ਰੇਰਨਾ ਸਰੋਤ ਬਣੇ।

ਉਹ ਕਹਾਣੀਆਂ ਲਿਖਣ ਲੱਗਿਆ। ਮੈਨੂੰ ਯਾਦ ਹੈ ਕਿ 1986 ਵਿਚ ਇਕ ਦਿਨ ਮੈਂ ਜੱਗਬਾਣੀ ਅਖ਼ਬਾਰ ਵਿਚ ਉਸ ਦੀ ਕਹਾਣੀ ‘ਗੜਿਆਂ ਦੀ ਟਰਾਲੀ’ ਪੜ੍ਹੀ। ਓਦੋਂ ਮਾਰਚ ਦਾ ਮਹੀਨਾ ਸੀ ਤੇ ਗੜਿਆਂ ਨੇ ਕਣਕਾਂ ਦਾ ਬਹੁਤ ਨੁਕਸਾਨ ਕੀਤਾ ਸੀ। ਕਿਸਾਨ ਗੜਿਆਂ ਦੀਆਂ ਟਰਾਲੀਆਂ ਭਰਕੇ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਲਿਆਏ ਸਨ। ਇਸ ਨੂੰ ਆਧਾਰ ਬਣਾਕੇ ਉਸ ਨੇ ਕਹਾਣੀ ਦੀ ਸਿਰਜਣਾ ਕੀਤੀ ਸੀ। ਇਉਂ ਉਹ ਆਪਣੀਆਂ ਰਚਨਾਵਾਂ ਵਿਚ ਕਿਸਾਨੀ ਜੀਵਨ ਧਾਰਾ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਨ ਲੱਗਿਆ।

ਰਾਜ ਕੁਮਾਰ ਗਰਗ ਨੇ ਜ਼ਿੰਦਗੀ ਦੇ ਕਈ ਰੰਗ ਦੇਖੇ। ਕਦੇ ਉਹ ਧਰ ਧਰ ਵੀ ਭੁੱਲਦਾ ਰਿਹਾ ਤੇ ਕਦੇ ਦੇਣਦਾਰੀਆਂ ਤੋਂ ਮੂੰਹ ਵੀ ਛੁਪਾਉਦਾ ਰਿਹਾ। ਉਸ ਨੇ ਸਮੇਂ ਨੂੰ ਜਿਵੇਂ ਹੈ ਓਸੇ ਤਰ੍ਹਾਂ ਕਬੂਲ ਕੀਤਾ, ਪਰ ਚੰਗੇ ਦਿਨਾਂ ਦੀ ਆਸ ਨੂੰ ਵੀ ਮਨੋਂ ਨਾ ਵਿਸਾਰਿਆ। ਮਾੜੇ ਦਿਨਾਂ ਦਾ ਬਿਰਤਾਂਤ ਉਸ ਨੇ ਆਪਣੇ ਨਾਵਲ ‘ਆਪੇ ਅਰਜਨ ਆਪੇ ਸਾਰਥੀ’ ਵਿਚ ਪੇਸ਼ ਕੀਤਾ ਹੈ।

ਰਾਜ ਕੁਮਾਰ ਗਰਗ ਸਾਹਿਤ ਅਤੇ ਵਪਾਰ ਦੇ ਖੇਤਰਾਂ ਤੱਕ ਹੀ ਮਹਿਦੂਦ ਨਹੀਂ ਸੀ। ਉਹ ਇਕੋ ਸਮੇਂ ਸਿੱਖਿਆ, ਸਾਹਿਤ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਨ ਦੇ ਨਾਲ ਨਾਲ ਰਾਜਨੀਤੀ ਵਿਚ ਵੀ ਦਿਲਚਸਪੀ ਰੱਖਦਾ ਸੀ। ਉਹ ਸਾਹਿਤ ਅਕਾਦਮੀ ਲੁਧਿਆਣਾ ਦਾ ਸਰਪ੍ਰਸਤ ਮੈਂਬਰ ਹੋਣ ਦੇ ਨਾਲ ਨਾਲ ਇਸ ਦੀ ਕਾਰਜਕਾਰਨੀ ਦਾ ਮੈਂਬਰ ਵੀ ਰਿਹਾ। ਉਸ ਨੇ ਅਕਾਦਮੀ ਦੀ ਤਰਫ਼ੋਂ ਆਪਣੀ ਮਾਤਾ ਦੇ ਨਾਂ ’ਤੇ ‘ਮਾਤਾ ਸ਼ਕੁੰਤਲਾ ਦੇਵੀ ਨਾਵਲ ਪੁਰਸਕਾਰ’ ਵੀ ਆਰੰਭ ਕੀਤਾ ਸੀ।

ਮਨੁੱਖ ਦੀ ਜ਼ਿੰਦਗੀ ਵਿਚ ਸਾਹਿਤ ਦੀ ਅਹਿਮੀਅਤ ਰਾਜ ਕੁਮਾਰ ਗਰਗ ਦੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵਾਲੇ ਦਿਨਾਂ ਵੱਲ ਝਾਤੀ ਮਾਰਦਿਆਂ ਸਮਝ ਆਉਂਦੀ ਹੈ। ਦਰਅਸਲ, ਜਦੋਂ ਉਸ ਦੇ ਕਦਮ ਲੜਖੜਾ ਰਹੇ ਸਨ ਤਾਂ ਸਾਹਿਤ ਨੇ ਹੀ ਉਸ ਨੂੰ ਸੰਭਾਲਿਆ ਸੀ। ਇਹ ਗੱਲ ਉਹ ਆਪ ਵੀ ਸਵੀਕਾਰ ਕਰਦਾ ਸੀ।

ਉਸ ਨੇ ਨੌਂ ਨਾਵਲ ‘ਟਿੱਬਿਆਂ ਵਿਚ ਵਗਦਾ ਦਰਿਆ’, ‘ਸੂਰਜ ਕਦੇ ਮਰਦਾ ਨਹੀਂ’, ‘ਜਿਗਰਾ ਧਰਤੀ ਦਾ’, ‘ਤੱਤੀ ਰੇਤ’, ‘ਆਪੇ ਅਰਜਨ ਆਪੇ ਸਾਰਥੀ’, ‘ਪੌੜੀਆਂ’, ‘ਫਿਕਰ ਆਪੋ ਆਪਣਾ’, ‘ਜੱਟ ਦੀ ਜੂਨ’ ਅਤੇ ‘ਚਾਨਣ ਦੀ ਉਡੀਕ’ ਪੰਜਾਬੀ ਪਾਠਕਾਂ ਨੂੰ ਦਿੱਤੇ। ਇਸ ਤੋਂ ਬਿਨਾ ਚਾਰ ਕਹਾਣੀ ਸੰਗ੍ਰਹਿਆਂ ‘ਭਲਾਮਾਣਸ ਕੌਣ’, ‘ਨੀਲਕੰਠ ਦੀ ਉਡੀਕ’, ‘ਪਾਰੋ’ ਅਤੇ ‘ਰਾਤ ਦਾ ਚਿਹਰਾ’ ਦੀ ਸਿਰਜਣਾ ਕੀਤੀ ਅਤੇ ਜੈਵਿਕ ਖੇਤੀ ਨਾਲ ਸਬੰਧਿਤ ਪੁਸਤਕਾਂ ਵੀ ਲਿਖੀਆਂ। ਜਦੋਂ ਵੀ ਕਿਸਾਨੀ ਜੀਵਨ ਨਾਲ ਸਬੰਧਿਤ ਸਾਹਿਤ ਦਾ ਮੁਲਾਂਕਣ ਕੀਤਾ ਜਾਵੇਗਾ ਤਾਂ ਰਾਜ ਕੁਮਾਰ ਗਰਗ ਨੂੰ ਚੇਤੇ ਕੀਤਾ ਜਾਵੇਗਾ।

ਸੰਪਰਕ: 98147-87506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All